ਮਾਂ ਅਤੇ ਬੱਚੇ ਨੂੰ ਜੋੜਨ ਵਾਲੀ ਗਰਭਨਾੜ ਕਦੋਂ ਕੱਟੀ ਜਾਣੀ ਚਾਹੀਦੀ ਹੈ

ਬੱਚਾ Image copyright Getty Images
ਫੋਟੋ ਕੈਪਸ਼ਨ ਪਲੈਸੈਂਟਾ ਯਾਨਿ ਕਿ ਭਰੂਣ ਦੀ ਪੋਸ਼ਕ ਥੈਲੀ ਜਿਸ ਦੇ ਇੱਕ ਸਿਰੇ ਨਾਲ ਗਰਭਨਾੜ ਜੁੜੀ ਹੁੰਦੀ ਹੈ ਅਤੇ ਦੂਜੇ ਸਿਰੇ ਨਾਲ ਬੱਚੇ ਦੀ ਨਾਭੀ

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਸੇ ਸਾਲ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਐਡਵਾਇਜ਼ਰੀ ਜਾਰੀ ਕੀਤੀ ਸੀ।

ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਰਾਸ਼ਟਰੀ ਸਿਹਤ ਮਿਸ਼ਨ) ਮਨੋਜ ਝਾਲਾਨੀ ਦੁਆਰਾ ਜਾਰੀ ਕੀਤੀ ਗਈ ਇਸ ਐਡਵਾਇਜ਼ਰੀ ਵਿੱਚ ਗਰਭਨਾੜ ਨੂੰ ਬੰਨ੍ਹਣ ਅਤੇ ਕੱਟਣ (ਕਲੈਂਪਿੰਗ) ਸਬੰਧੀ ਸਲਾਹ ਦਿੱਤੀ ਗਈ ਹੈ।

ਇਹ ਐਡਵਾਇਜ਼ਰੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਗਈ ਹੈ। ਇਸ ਐਡਵਾਇਜ਼ਰੀ ਵਿੱਚ ਡਿਲਵਰੀ ਤੋਂ ਬਾਅਦ ਪਲੈਸੈਂਟਾ (ਇਸ ਨੂੰ ਭਰੂਣ ਦੀ ਪੋਸ਼ਕ ਥੈਲੀ ਵੀ ਕਹਿੰਦੇ ਹਨ ਜਿਸ ਦੇ ਇੱਕ ਸਿਰੇ ਨਾਲ ਗਰਭਨਾੜ ਜੁੜੀ ਹੁੰਦੀ ਹੈ ਅਤੇ ਦੂਜੇ ਸਿਰੇ ਨਾਲ ਬੱਚੇ ਦੀ ਨਾਭੀ) ਦੇ ਖੁਦ ਬਾਹਰ ਆਉਣ, ਉਸ ਤੋਂ ਬਾਅਦ ਕਲੈਂਪਿੰਗ ਅਤੇ ਉਸ ਨਾਲ ਜੁੜੇ ਫਾਇਦਿਆਂ ਬਾਰੇ ਸਲਾਹ ਦਿੱਤੀ ਗਈ ਹੈ।

ਕੀ ਹੈ ਵਿਸ਼ਵ ਸਿਹਤ ਸੰਗਠਨ ਦੀ ਸਲਾਹ?

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ 'ਤੇ ਕੌਰਡ (ਗਰਭਨਾੜ) ਕਲੈਂਪਿੰਗ ਨੂੰ ਲੈ ਕੇ ਅਜਿਹੀ ਕੋਈ ਸਲਾਹ ਨਹੀਂ ਦਿੱਤੀ ਗਈ ਹੈ ਪਰ ਡਬਲੂਐਚਓ ਵੀ ਇਹ ਮੰਨਦਾ ਹੈ ਕਿ ਕੌਰਡ ਕਲੈਂਪਿੰਗ ਘੱਟੋ-ਘੱਟ ਇੱਕ ਮਿੰਟ ਬਾਅਦ ਹੀ ਕੀਤੀ ਜਾਣੀ ਚੀਹੀਦੀ ਹੈ।

ਇਹ ਵੀ ਪੜ੍ਹੋ:

WHO ਮੁਤਾਬਕ ਜਨਮ ਵੇਲੇ ਬੱਚਾ ਗਰਭਨਾੜ (ਅੰਬੀਕਲ ਕੌਰਡ) ਦੁਆਰਾ ਮਾਂ ਨਾਲ ਜੁੜਿਆ ਰਹਿੰਦਾ ਹੈ ਜੋ ਕਿ ਪਲੈਸੈਂਟਾ ਦਾ ਇੱਕ ਹਿੱਸਾ ਹੈ।

ਆਮ ਤੌਰ 'ਤੇ ਬੱਚੇ ਨੂੰ ਪਲੈਸੈਂਟਾ ਤੋਂ ਵੱਖ ਕਰਨ ਲਈ ਅੰਬੀਕਲ ਕੌਰਡ ਨੂੰ ਬੰਨ੍ਹ ਕੇ ਕੱਟ ਦਿੱਤਾ ਜਾਂਦਾ ਹੈ।

Image copyright National Health Mission/BBC

ਵਿਸ਼ਵ ਸਿਹਤ ਸੰਗਠਨ ਮੁਤਾਬਕ ਆਮ ਤੌਰ 'ਤੇ ਕੌਰਡ ਕਲੈਂਪਿੰਗ (ਗਰਭਨਾੜ ਨੂੰ ਬੰਨ੍ਹਣਾ ਤੇ ਕੱਟਣਾ) ਲਈ 60 ਸਕਿੰਟ ਦਾ ਸਮਾਂ ਲਿਆ ਜਾਂਦਾ ਹੈ। ਇਸ ਨੂੰ ਅਰਲੀ ਕੌਰਡ ਕਲੈਂਪਿੰਗ ਕਹਿੰਦੇ ਹਨ।

ਪਰ ਕਈ ਵਾਰੀ ਇਸ ਲਈ 60 ਸਕਿੰਟ ਯਾਨਿ ਕਿ ਇੱਕ ਮਿੰਟ ਤੋਂ ਵੱਧ ਦਾ ਸਮਾਂ ਵੀ ਲਿਆ ਜਾਂਦਾ ਹੈ ਜਿਸ ਨੂੰ 'ਡਿਲੇਡ ਕੌਰਡ ਕਲੈਂਪਿੰਗ' ਕਹਿੰਦੇ ਹਨ।

ਨਾੜ ਨੂੰ ਜਦੋਂ ਦੇਰ ਨਾਲ ਕੱਟਦੇ ਹਨ ਤਾਂ ਨਵਜੰਮੇ ਬੱਚੇ ਅਤੇ ਪਲੈਸੈਂਟਾ ਵਿਚਾਲੇ ਖੂਨ ਦਾ ਦੌਰਾ ਬਣਿਆ ਰਹਿੰਦਾ ਹੈ।

ਇਸ ਤਰ੍ਹਾਂ ਬੱਚੇ ਵਿਚ 'ਆਇਰਨ' ਦਾ ਪੱਧਰ ਵੱਧਦਾ ਹੈ ਅਤੇ ਇਸ ਦਾ ਅਸਰ ਬੱਚੇ ਨੂੰ ਜਨਮ ਦੇ ਛੇ ਮਹੀਨੇ ਤੱਕ ਬਣਿਆ ਰਹਿੰਦਾ ਹੈ।

ਡਬਲੂਐਚਓ ਮੁਤਾਬਕ ਇਹ ਉਨ੍ਹਾਂ ਨਵਜੰਮੇ ਬੱਚਿਆਂ ਲਈ ਜ਼ਿਆਦਾ ਅਸਰਦਾਰ ਸਾਬਿਤ ਹੋਵੇਗਾ ਜਿਨ੍ਹਾਂ ਨੂੰ ਜਨਮ ਤੋਂ ਬਾਅਦ ਚੰਗਾ ਖਾਣ-ਪਾਣ ਮਿਲਣਾ ਮੁਸ਼ਕਿਲ ਹੋਵੇ।

ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਗਰਭਨਾੜ ਨੂੰ ਇੱਕ ਮਿੰਟ ਬਾਅਦ ਕੱਟਣ ਨਾਲ ਬੱਚੇ ਅਤੇ ਉਸ ਦੇ ਨਾਲ ਹੀ ਮਾਂ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ।

ਸਾਲ 2012 ਵਿੱਚ ਹੀ ਵਿਸ਼ਵ ਸਿਹਤ ਸੰਗਠਨ ਨੇ ਬੱਚੇ ਦੇ ਜਨਮ ਨੂੰ ਲੈ ਕੇ ਕੁਝ ਸਲਾਹ ਜਾਰੀ ਕੀਤੀ ਸੀ।

ਇਸ ਮੁਤਾਬਕ ਜੇ ਬੱਚੇ ਨੂੰ ਜਨਮ ਤੋਂ ਬਾਅਦ ਵੈਂਟੀਲੇਸ਼ਨ ਦੀ ਲੋੜ ਨਹੀਂ ਹੈ ਤਾਂ ਨਾੜ ਨੂੰ ਇੱਕ ਮਿੰਟ ਤੋਂ ਪਹਿਲਾਂ ਨਹੀਂ ਕੱਟਿਆ ਜਾਣਾ ਚਾਹੀਦਾ।

ਜੇ ਬੱਚੇ ਨੂੰ ਜਨਮ ਤੋਂ ਬਾਅਦ ਵੈਂਟੀਲੇਸ਼ਨ ਦੀ ਲੋੜ ਹੈ ਤਾਂ ਨਾੜ ਨੂੰ ਤੁਰੰਤ ਕੱਟਿਆ ਜਾਣਾ ਚਾਹੀਦਾ ਹੈ ਅਤੇ ਬੱਚੇ ਨੂੰ ਜ਼ਰੂਰੀ ਵੈਂਟੀਲੇਸ਼ਨ ਦਿੱਤਾ ਜਾਣਾ ਚਾਹੀਦਾ ਹੈ। ਇਸ ਵਿੱਚ ਦੇਰ ਕਰਨ ਦੀ ਸਲਾਹ ਡਬਲੂਐਚਓ ਬਿਲਕੁਲ ਨਹੀਂ ਦਿੰਦਾ।

ਕੌਮੀ ਬਾਲ ਸਿਹਤ ਪ੍ਰੋਗਰਾਮ ਦੇ ਕੌਮੀ ਸਲਾਹਕਾਰ ਪ੍ਰੋਫੈਸਰ ਅਰੁਣ ਕੁਮਾਰ ਸਿੰਘ ਨੇ ਕੌਰਡ ਕਲੈਂਪਿੰਗ 'ਤੇ ਰਿਸਰਚ ਕੀਤੀ ਹੈ।

ਉਹ ਇਹ ਤਾਂ ਮੰਨਦੇ ਹਨ ਕਿ ਡਿਲੇਡ ਕਲੈਂਪਿੰਗ ਲਾਹੇਵੰਦ ਹੈ ਪਰ ਉਹ ਪਲੈਸੈਂਟਾ ਦੇ ਸੈਲਫ਼ ਡਿਸਚਾਰਜ (ਕੁਦਰਤੀ ਤਰੀਕੇ ਨਾਲ ਬਾਹਰ ਆਉਣਾ) ਦੀ ਵੀ ਵਕਾਲਤ ਕਰਦੇ ਹਨ।

ਡਿਲੇਡ ਕਲੈਂਪਿੰਗ ਨੂੰ ਕਿਉਂ ਮੰਨਿਆ ਜਾਂਦਾ ਹੈ ਬਿਹਤਰ?

ਉਨ੍ਹਾਂ ਮੁਤਾਬਕ ਪੁਰਾਤਨ ਮਿਸਰ ਦੇ ਅਜਿਹੇ ਬਹੁਤ ਉਦਾਹਰਨ ਮਿਲਦੇ ਹਨ ਜਿਸ ਵਿਚ ਪਲੈਸੈਂਟਾ ਦਾ ਕੁਦਰਤੀ ਤਰੀਕੇ ਨਾਲ ਬਾਹਰ ਆਉਣ ਤੋਂ ਬਾਅਦ ਅੰਬੀਕਲ ਕੌਰਡ ਕੱਟਣ ਦੀ ਪੁਸ਼ਟੀ ਹੁੰਦੀ ਹੈ। ਹਾਲਾਂਕਿ ਇਹ ਬਿਲਕੁਲ ਵੀ ਸਪਸ਼ਟ ਨਹੀਂ ਹੈ ਕਿ ਕਦੋਂ ਅਤੇ ਕਿਵੇਂ ਇਹ ਤਰੀਕਾ ਬਦਲ ਗਿਆ।

Image copyright Getty Images
ਫੋਟੋ ਕੈਪਸ਼ਨ WHO ਮੁਤਾਬਕ ਜਨਮ ਵੇਲੇ ਬੱਚਾ ਗਰਭਨਾੜ (ਅੰਬੀਕਲ ਕੌਰਡ) ਦੁਆਰਾ ਮਾਂ ਨਾਲ ਜੁੜਿਆ ਰਹਿੰਦਾ ਹੈ ਜੋ ਕਿ ਪਲੈਸੈਂਟਾ ਦਾ ਇੱਕ ਹਿੱਸਾ ਹੈ

ਉਨ੍ਹਾਂ ਦਾ ਮੰਨਣਾ ਹੈ ਕਿ ਬੀਤੇ ਕੁਝ ਦਹਾਕੇ ਤੋਂ ਅਰਲੀ ਕੌਰਡ ਕਲੈਂਪਿੰਗ ਦਾ ਕਾਫ਼ੀ ਚਲਨ ਰਿਹਾ ਹੈ ਅਤੇ ਹੁਣ ਇਹੀ ਸਟੈਂਡਰਡ ਵੀ ਬਣ ਚੁੱਕਿਆ ਹੈ।

ਪਰ ਫੋਰਟਿਸ ਹਸਪਤਾਲ ਦੀ ਐਸੋਸੀਏਟ ਡਾਇਰੈਕਟਰ ਮਧੂ ਗੋਇਲ ਇਸ ਗੱਲ ਤੋਂ ਇਨਕਾਰ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਅਜਿਹਾ ਨਹੀਂ ਹੈ ਕਿ ਅਰਲੀ ਕੌਰਡ ਕਲੈਂਪਿੰਗ ਹੀ ਕੀਤੀ ਜਾ ਰਹੀ ਹੈ। ਆਮ ਤੌਰ 'ਤੇ ਡਾਕਟਰ ਡਿਲੇਡ ਕੌਰਡ ਕਲੈਂਪਿੰਗ ਹੀ ਕਰਦੇ ਹਨ ਪਰ ਜੇ ਗਰਭਵਤੀ ਔਰਤ ਦੀ ਹਾਲਤ ਆਮ ਨਾ ਹੋਵੇ ਜਾਂ ਫਿਰ ਬੱਚੇ ਨੂੰ ਸਿਹਤ ਨਾਲ ਜੁੜੀ ਕੋਈ ਮੁਸ਼ਕਿਲ ਹੋਵੇ ਤਾਂ ਅਰਲੀ ਕੌਰਡ ਕਲੈਂਪਿੰਗ ਕੀਤੀ ਜਾਂਦੀ ਹੈ।"

ਡਾਕਟਰ ਮਧੂ ਕਹਿੰਦੇ ਹਨ, "ਪ੍ਰੈਗਨੈਂਸੀ ਦੇ ਹਰ ਕੇਸ ਨੂੰ ਇੱਕ ਹੀ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਹਰ ਕੇਸ ਦੀ ਆਪਣੀ ਕਾਂਪਲੀਕੇਸ਼ਨ ਹੁੰਦੀ ਹੈ ਅਤੇ ਕਈ ਵਾਰੀ ਡਿਲੀਵਰੀ ਦੌਰਾਨ ਹਾਲਾਤ ਬਦਲ ਜਾਂਦੇ ਹਨ। ਅਜਿਹੇ ਵਿੱਚ ਇੱਕ ਤੈਅ ਨਿਯਮ ਦੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ।"

ਹਾਲਾਂਕਿ ਉਹ ਇਹ ਮੰਨਦੇ ਹਨ ਕਿ ਡਿਲੇਡ ਕਲੈਂਪਿੰਗ ਬੱਚੇ ਲਈ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਬੱਚੇ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਬੱਚੇ ਦੇ ਐਨਿਮਿਕ ਹੋਣ (ਖੂਨ ਦੀ ਕਮੀ ਹੋਣ) ਦਾ ਖ਼ਤਰਾ ਘੱਟ ਰਹਿੰਦਾ ਹੈ।

ਜਦੋਂ ਅਸੀਂ ਉਨ੍ਹਾਂ ਨੂੰ ਇਸ ਐਡਵਾਇਜ਼ਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਮੰਨਿਆ ਕਿ ਇਸ ਬਾਰੇ ਸੁਣਿਆ ਜ਼ਰੂਰ ਹੈ ਪਰ ਇਹ ਡਿਲੀਵਰੀ ਦਾ ਪ੍ਰਚਲਿਤ ਤਰੀਕਾ ਨਹੀਂ ਹੈ।

ਦੂਜੇ ਪਾਸੇ ਅਮਰੀਕਨ ਜਰਨਲ ਆਫ਼ ਪੇਰੈਂਟਨੋਲੋਜੀ ਵਿੱਚ ਛਪੇ ਇੱਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਡਾ. ਅਰੁਣ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਗਰਭ ਵਿੱਚ ਪਲ ਰਹੇ ਬੱਚੇ ਦਾ ਬਾਹਰੀ ਦੁਨੀਆਂ ਵਿੱਚ ਆਉਣਾ ਬਹੁਤ ਮੁਸ਼ਕਲ ਪ੍ਰਕਿਰਿਆ ਹੈ। ਅਜਿਹੀ ਹਾਲਤ ਵਿੱਚ ਹਰ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਮੁਤਾਬਕ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਡਿਲੀਵਰੀ (ਲਗਭਗ 70%) ਸੀ-ਸੈਕਸ਼ਨ ਤੋਂ ਹੋ ਕੀਤੀ ਜਾਂਦੀ ਹੈ।

ਉਨ੍ਹਾਂ ਅਨੁਸਾਰ, ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੋਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਖ਼ਾਸ ਤੌਰ 'ਤੇ ਮਾਨਸਿਕ ਸਿਹਤ ਲਈ ਕਿਉਂਕਿ ਮਨੁੱਖੀ ਦਿਮਾਗ ਦਾ ਪਹਿਲੇ ਹਜ਼ਾਰ ਦਿਨਾਂ ਵਿੱਚ (ਗਰਭ ਦੇ ਨੌਂ ਮਹੀਨਿਆਂ ਅਤੇ ਉਸ ਤੋਂ ਲਗਭਗ ਦੋ ਸਾਲ ਬਾਅਦ) ਤਕਰਬੀਨ 90 ਫੀਸਦ ਦਾ ਵਿਕਾਸ ਹੁੰਦਾ ਹੈ।

Image copyright Getty Images
ਫੋਟੋ ਕੈਪਸ਼ਨ WHO ਦੀ ਸਲਾਹ ਹੈ ਕਿ ਗਰਭਨਾੜ ਨੂੰ ਇੱਕ ਮਿੰਟ ਤੋਂ ਪਹਿਲਾਂ ਕੱਟਣ ਨਾਲ ਬੱਚੇ ਤੇ ਉਸ ਦੇ ਨਾਲ ਹੀ ਮਾਂ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ

ਉਹ ਕਹਿੰਦੇ ਹਨ ਕਿ ਅਜਿਹੀ ਹਾਲਤ ਵਿੱਚ ਇਹ ਅਹਿਮ ਹੈ ਕਿ ਬੱਚਾ ਗਰਭ ਵਿੱਚ ਹੈ ਅਤੇ ਜਦੋਂ ਗਰਭ ਤੋਂ ਬਾਹਰ ਆਉਂਦਾ ਹੈ ਤਾਂ ਉਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਉਸ ਦੇ ਦਿਮਾਗ 'ਤੇ ਮਾੜਾ ਅਸਰ ਨਾ ਪਵੇ।

ਡਾ. ਅਰੁਣ ਕੁਮਾਰ ਸਿੰਘ ਮੁਤਾਬਕ, "ਹੁਣ ਡਿਲੀਵਰੀ ਨੂੰ ਲੈ ਕੇ ਇੱਕ ਅਜੀਬ ਜਿਹੀ ਹੜਬੜੀ ਨਜ਼ਰ ਆਉਂਦੀ ਹੈ ਜਿਸ ਵਿੱਚ ਮਾਂ ਨੂੰ ਸ਼ੁਰੂ ਵਿੱਚ ਹੀ ਆਕਸੀਤੋਸਿਨ ਹਾਰਮੋਨ ਦਾ ਇੰਜੈਕਸ਼ਨ ਦੇ ਦਿੱਤਾ ਜਾਂਦਾ ਹੈ ਜਦੋਂਕਿ ਇਹ ਸਭ ਕੁਦਰਤੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਇਸ ਨੂੰ ਇੰਡੈਕਸ ਗਯੁਮੇਂਟੇਸ਼ਨ ਕਹਿੰਦੇ ਹਨ।"

ਆਕਸੀਟੋਸਿਨ ਇੱਕ ਨੌਚੁਰਲ ਹਾਰਮੋਨ ਹੈ ਜੋ ਬੱਚੇ ਦੇ ਜਨਮ ਵੇਲੇ ਮਦਦਗਾਰ ਹੁੰਦਾ ਹੈ ਪਰ ਨੈਚੁਰਲ ਤਰੀਕੇ ਨਾਲ ਸ਼ਰੀਰ ਵਿੱਚ ਇਸ ਦਾ ਰਿਸਾਵ ਉਦੋਂ ਹੁੰਦਾ ਹੈ ਜਦੋਂ ਮਾਂ ਨੂੰ ਅਨੁਕੂਲ ਹਾਲਾਤ ਮਿਲੇ।

ਡਾਕਟਰ ਸਿੰਘ ਮੁਤਾਬਕ, ਬੱਚੇ ਦੇ ਜਨਮ ਦੇ ਲਗਭਗ ਪੰਜ ਮਿੰਟ ਤੋਂ ਬਾਅਦ ਪਲੈਸੈਂਟਾ ਖੁਦ ਬਾਹਰ ਆ ਜਾਂਦਾ ਹੈ। ਇੱਥੋਂ ਹੀ ਬੱਚਾ ਪੋਸ਼ਕ ਤੱਤ ਦੇ ਨਾਲ-ਨਾਲ ਆਕਸੀਜ਼ਨ ਵੀ ਲੈਂਦਾ ਹੈ।"

"ਪਰ ਜਦੋਂ ਬੱਚਾ ਗਰਭ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਹਵਾ ਤੋਂ ਆਕਸੀਜ਼ਨ ਲੈਣੀ ਹੁੰਦੀ ਹੈ ਅਤੇ ਉਸ ਦੇ ਫ਼ੇਫੜਿਆਂ ਨੂੰ ਸਰਗਰਮ ਹੋਣ ਵਿਚ ਘੱਟੋ-ਘੱਟ ਇੱਕ ਮਿੰਟ ਦਾ ਸਮਾਂ ਲਗਦਾ ਹੈ।"

ਨੈਚੁਰਲ ਤਰੀਕੇ ਨੂੰ ਬਿਹਤਰ ਮੰਨਣ ਦੇ ਕਾਰਨ

ਡਾ. ਅਰੁਣ ਕਹਿੰਦੇ ਹਨ ਕਿ ਇੱਕ ਵਾਰੀ ਜਦੋਂ ਬੱਚਾ ਇਸ ਬਦਲਾਅ ਦੇ ਮੁਤਾਬਕ ਢਲ ਜਾਂਦਾ ਹੈ ਤਾਂ ਪਲੈਸੈਂਟਾ ਵੀ ਬਾਹਰ ਨਿਕਲ ਆਉਂਦਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਡਿਲੀਵਰੀ ਤੋਂ ਬਾਅਦ ਪਲੈਸੈਂਟਾ ਦੇ ਬਾਹਰ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਕੌਰਡ ਕਲੈਂਪਿੰਗ ਕਰਨੀ ਚਾਹੀਦੀ ਹੈ।

Image copyright Getty Images
ਫੋਟੋ ਕੈਪਸ਼ਨ ਡਾ. ਅਰੁਣ ਮੁਤਾਬਕ ਜੇ ਬੱਚੇ ਦੇ ਪੈਦਾ ਹੋਣ 'ਤੇ ਹੀ ਕੌਰਡ ਕਲੈਂਪਿੰਗ ਕੀਤੀ ਜਾਵੇ ਤਾਂ ਬੱਚੇ ਦੀ ਦਿਲ ਦੀ ਧੜਕਨ ਵੱਧ ਜਾਂਦੀ ਹੈ

ਉਨ੍ਹਾਂ ਦਾ ਦਾਅਵਾ ਹੈ ਕਿ ਬੱਚੇ ਦੇ ਪੈਦਾ ਹੋਣ ਦੇ ਨਾਲ ਹੀ ਜੇ ਕੌਰਡ ਕਲੈਂਪਿੰਗ ਕੀਤੀ ਜਾਵੇ ਤਾਂ ਬੱਚੇ ਦੀ ਦਿਲ ਦੀ ਧੜਕਨ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਉਹ ਇਹ ਜ਼ਰੂਰ ਕਹਿੰਦੇ ਹਨ ਕਿ ਇਹ ਫਾਰਮੂਲਾ ਹਰ ਬੱਚੇ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਹਰ ਬੱਚੇ ਦੀ ਬਰਥ-ਕਨਡੀਸ਼ਨ ਵੱਖਰੀ ਹੁੰਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਜੇ ਡਿਲੀਵਰੀ ਬਿਲਕੁਲ ਨਾਰਮਲ ਹੋਣੀ ਹੈ ਅਤੇ ਕਿਸੀ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ ਤਾਂ ਇਹ ਤਰੀਕਾ ਅਪਣਾਇਆ ਜਾ ਸਕਦਾ ਹੈ। ਪਰ ਜੇ ਕਿਸੇ ਵੀ ਤਰ੍ਹਾਂ ਦੀ ਕਾਂਪਲੀਕੇਸ਼ਨ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਅੱਗੇ ਵੱਧਣਾ ਚਾਹੀਦਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)