ਹੈਦਰਾਬਾਦ 'ਚ ਡਾਕਟਰ ਦੇ ਰੇਪ ਤੇ ਕਤਲ ਦੇ ਮਾਮਲੇ 'ਚ ਮੁਲਜ਼ਮ ਦੇ ਪਿਤਾ ਨੇ ਕਿਹਾ, 'ਜੇ ਮੇਰੇ ਪੁੱਤਰ ਨੇ ਅਜਿਹਾ ਕੀਤਾ ਤਾਂ ਉਸਨੂੰ ਫਾਂਸੀ ਹੋਵੇ'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹੈਦਰਾਬਾਦ: 'ਮੇਰੇ ਪੁੱਤਰ ਨੂੰ ਦੂਜੇ ਮੁਲਜ਼ਮਾਂ ਨੇ ਧੋਖਾ ਦਿੱਤਾ'

ਹੈਦਰਾਬਾਦ ਡਾਕਟਰ ਕਤਲ ਕੇਸ ਵਿੱਚ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਮੁਲਜ਼ਮ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਪਿੰਡ ਰਾਜਧਾਨੀ ਹੈਦਰਾਬਾਦ ਤੋਂ ਕਰੀਬ 160 ਕਿਲੋਮੀਟਰ ਦੂਰ ਹੈ।

ਚੌਥਾ ਮੁਲਜ਼ਮ ਉਨ੍ਹਾਂ ਦੇ ਗੁਆਂਢੀ ਪਿੰਡ ਨਾਲ ਸਬੰਧਤ ਹੈ।

ਹਾਲਾਂਕਿ ਇਨ੍ਹਾਂ ਪਰਿਵਾਰਾਂ ਦੀ ਪਛਾਣ ਅਸੀਂ ਅਜੇ ਜ਼ਾਹਿਰ ਨਹੀਂ ਕਰ ਸਕਦੇ ਕਿਉਂਕਿ ਮੁਲਜ਼ਮਾਂ ਦਾ ਮਾਮਲਾ ਅਦਾਲਤ ਵਿੱਚ ਹੈ ਅਤੇ ਉਹਨਾਂ ਨੂੰ ਅਜੇ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

ਪਿਛਲੇ ਕੁਝ ਦਿਨਾਂ ਤੋਂ ਇਸ ਘਟਨਾ ਦੇ ਸੁਰਖ਼ੀਆਂ 'ਚ ਆਉਣ ਤੋਂ ਬਾਅਦ ਮੁਲਜ਼ਮਾਂ ਨੂੰ ਉਹਨਾਂ ਦੇ ਪਿੰਡਾਂ ਤੋਂ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਤੋਂ ਮੀਡਿਆ ਨਾਲ ਜੁੜੇ ਲੋਕ ਇੱਥੇ ਆ ਰਹੇ ਹਨ।

ਫੋਟੋ ਕੈਪਸ਼ਨ ਹੈਦਰਾਬਾਦ ਡਾਕਟਰ ਦੇ ਕਤਲ ਮਾਮਲੇ ਦੇ ਇੱਕ ਮੁਲਜ਼ਮ ਦੀ ਪਤਨੀ

ਜਦੋਂ ਮੈਂ ਇਸ ਪਿੰਡ ਪਹੁੰਚੀ ਜਿਥੋਂ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਤਾਂ ਪਿੰਡ ਵਾਲਿਆਂ ਨੇ ਹੀ ਮੈਨੂੰ ਉਨ੍ਹਾਂ ਦੇ ਘਰ ਦਾ ਰਾਹ ਵਿਖਾਇਆ।

ਪਰ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ ਇਸ ਤਰ੍ਹਾਂ ਦਾ ਅਪਰਾਧ ਕਰ ਸਕਦਾ ਹੈ।

ਪਿੰਡ ਦੇ ਇੱਕ ਵਿਅਕਤੀ ਨੇ ਕਿਹਾ, "ਅਸੀਂ ਖੇਤੀਬਾੜੀ ਮਜ਼ਦੂਰ ਹਾਂ। ਗੁਜ਼ਾਰਾ ਕਰਨ ਲਈ ਸਾਨੂੰ ਹਰ ਕਿਸਮ ਦੀ ਮਜ਼ਦੂਰੀ ਕਰਨੀ ਪੈਂਦੀ ਹੈ।"

“ਅਸੀਂ ਖੁੱਲੀਆਂ ਹੋਈਆਂ ਨਾਲੀਆਂ ਵਾਲੀ ਗਲੀ ਰਾਹੀਂ ਇੱਕ ਮੁਲਜ਼ਮ ਦੇ ਘਰ ਪਹੁੰਚੇ। ਮੁਲਜ਼ਮ ਦੀ ਮਾਂ ਪਰਾਲੀ ਦੀ ਛੱਤ ਨਾਲ ਬਣੀ ਦੋ ਕਮਰਿਆਂ ਵਾਲੀ ਝੌਂਪੜੀ ਦੇ ਇੱਕ ਕਮਰੇ ਵਿੱਚ ਅਰਾਮ ਕਰ ਰਹੀ ਸੀ।”

ਇਹ ਵੀ ਪੜ੍ਹੋ:

ਉਹ ਖੁਦ ਨੂੰ ਬੈਠ ਸਕਣ ਵਿੱਚ ਬੇਵੱਸ ਦੱਸਦੀ ਹੋਈ ਆਪਣੇ ਪਤੀ ਵੱਲ ਇਸ਼ਾਰਾ ਕਰਦੀ ਹੈ। ਮੁਲਜ਼ਮ ਦਾ ਪਿਤਾ ਦਿਹਾੜੀ ਮਜ਼ਦੂਰ ਹੈ, ਉਹ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਕੀ ਹੋਇਆ।

ਉਸਨੇ ਆਪਣੇ ਹੱਥ ਜੋੜਦਿਆਂ ਕਿਹਾ, "ਮੇਰੇ ਦੋ ਪੁੱਤਰ ਅਤੇ ਇੱਕ ਧੀ ਹੈ। ਜੇ ਕੱਲ੍ਹ ਮੇਰੀ ਧੀ ਨਾਲ ਅਜਿਹਾ ਹੁੰਦਾ ਹੈ, ਤਾਂ ਮੈਂ ਚੁੱਪ ਨਹੀਂ ਬੈਠਾਂਗਾ। ਇਸੇ ਲਈ ਮੈਂ ਚਾਹੁੰਦਾ ਹਾਂ ਕਿ ਜੇਕਰ ਮੇਰਾ ਪੁੱਤਰ ਨੇ ਅਜਿਹਾ ਕੀਤਾ ਹੈ ਜਿਵੇਂ ਦੱਸਿਆ ਜਾ ਰਿਹਾ ਹੈ ਤਾਂ ਉਸਨੂੰ ਫਾਂਸੀ ਦਿੱਤੀ ਜਾਵੇ।"

ਉਸ ਨੇ ਸਾਨੂੰ ਦੱਸਿਆ ਕਿ ਆਖ਼ਰੀ ਵਾਰ ਆਪਣੇ ਪੁੱਤਰ ਨਾਲ ਉਹਨਾਂ ਦੀ ਗੱਲ 28 ਨਵੰਬਰ ਦੀ ਰਾਤ ਨੂੰ ਹੋਈ ਸੀ, ਜਦੋਂ ਉਹ ਕੰਮ ਤੋਂ ਘਰ ਪਰਤਿਆ ਸੀ।

ਫੋਟੋ ਕੈਪਸ਼ਨ ਇੱਕ ਮੁਲਜ਼ਮ ਦੇ ਮਾਪੇ

ਉਹ ਕਹਿੰਦੇ ਹਨ, "ਮੇਰਾ ਬੇਟਾ ਮੈਨੂੰ ਸਭ ਕੁਝ ਨਹੀਂ ਦੱਸਦਾ। ਉਹ ਸੌਂ ਰਿਹਾ ਸੀ। ਪੁਲਿਸ ਆਈ ਅਤੇ ਅੱਧੀ ਰਾਤ ਨੂੰ ਮੇਰੇ ਪੁੱਤਰ ਨੂੰ ਲੈ ਗਈ। ਉਦੋਂ ਵੀ ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਹੋਇਆ ਹੈ।"

"ਜਦੋਂ ਪੁਲਿਸ ਨੇ ਮੈਨੂੰ ਥਾਣੇ ਬੁਲਾਇਆ ਤਾਂ ਮੈਨੂੰ ਕੇਸ ਬਾਰੇ ਸਭ ਕੁਝ ਪਤਾ ਲਗਿਆ। ਮੇਰੇ ਕੋਲ ਆਪਣੇ ਪੁੱਤਰ ਲਈ ਵਕੀਲ ਕਰਨ ਦੀ ਵੀ ਸਮਰੱਥਾ ਨਹੀਂ ਹੈ। ਮੈਂ ਇਹ ਕਰਨਾ ਵੀ ਨਹੀਂ ਚਾਹੁੰਦਾ। ਜੇਕਰ ਮੇਰੇ ਬੇਟੇ ਨੇ ਅਜਿਹਾ ਕੁਝ ਕੀਤਾ ਹੈ ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੇ ਪੈਸੇ ਅਤੇ ਊਰਜਾ ਨਹੀਂ ਲਗਾਉਣਾ ਚਾਹੁੰਦਾ।"

'ਮੇਰੇ ਬੇਟੇ ਨੂੰ ਫ਼ਸਾਇਆ ਗਿਆ'

ਉਸੇ ਗਲੀ 'ਚ ਅੱਗੇ ਜਾ ਕੇ ਇੱਕ ਹੋਰ ਮੁਲਜ਼ਮ ਦਾ ਘਰ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੱਕੀ ਛੱਤ ਵਾਲਾ ਇਹ ਘਰ ਤਿੰਨ ਕਮਰਿਆਂ ਦਾ ਹੈ। ਮੁਲਜ਼ਮ ਦੀ ਮਾਂ ਅਤੇ ਉਸ ਦੀ ਪਤਨੀ ਘਰ ਦੇ ਸਾਹਮਣੇ ਬਾਹਰ ਹੀ ਬੈਠੀਆਂ ਹੋਈਆਂ ਸਨ।

ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਉਹ 7 ਮਹੀਨੇ ਦੀ ਗਰਭਵਤੀ ਹੈ। ਉਸਨੇ ਕਿਹਾ, "ਸਾਡਾ ਪ੍ਰੇਮ ਵਿਆਹ ਹੋਇਆ ਸੀ। ਮੈਂ ਉਸ ਨੂੰ ਡੇਢ ਸਾਲ ਤੋਂ ਜਾਣਦੀ ਸੀ। ਅੱਠ ਮਹੀਨੇ ਪਹਿਲਾਂ ਸਾਡਾ ਵਿਆਹ ਹੋਇਆ। ਪਹਿਲਾਂ ਤਾਂ ਉਸ ਦੇ ਮਾਪੇ ਇਸ ਵਿਆਹ ਲਈ ਤਿਆਰ ਨਹੀਂ ਸਨ ਪਰ ਬਾਅਦ ਵਿੱਚ ਉਹ ਤਿਆਰ ਹੋ ਗਏ ਸਨ।"

ਮੁਲਜ਼ਮ ਦੀ ਮਾਂ ਨੇ ਨਾਲ ਹੀ ਕਿਹਾ ਕਿ ਉਸ ਦੇ ਬੇਟੇ ਨੂੰ ਕਿਡਨੀ ਦੀ ਬਿਮਾਰੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ।

ਫੋਟੋ ਕੈਪਸ਼ਨ ਲਾਲ ਲਾਈਨ ਪੀੜਤਾ ਦੇ ਆਉਣ ਅਤੇ ਸਕੂਟੀ ਪਾਰਕ ਕਰਨ ਨੂੰ ਦਿਖਾ ਰਹੀ ਹੈ ਜਦੋਂਕਿ ਨੀਲੀ ਲਾਈਨ ਮੁਲਜ਼ਮਾਂ ਦੀ ਹਲਚਲ ਨੂੰ

ਉਹਨਾਂ ਦੱਸਿਆ, "ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੇਰਾ ਪੁੱਤਰ ਅਜਿਹਾ ਕਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਕਿਸੇ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਆਈ ਅਤੇ ਫਿਰ ਉਸਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ।"

ਹਾਲਾਂਕਿ ਮੁਲਜ਼ਮ ਦੀ ਪਤਨੀ ਨੇ ਕਿਹਾ ਕਿ ਜਦੋਂ ਉਸਨੇ ਇਹ ਖ਼ਬਰ ਵੇਖੀ ਤਾਂ ਉਹ ਬਹੁਤ ਦੁਖੀ ਹੋਈ।

ਉਸਨੇ ਕਿਹਾ, "ਪੀੜਤਾ ਵੀ ਮੇਰੇ ਵਰਗੀ ਔਰਤ ਸੀ। ਮੈਨੂੰ ਬਹੁਤ ਦੁਖ ਹੈ। ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਕਿ ਮੇਰੇ ਪਤੀ ਨੇ ਅਜਿਹਾ ਕੀਤਾ ਜਾਂ ਨਹੀਂ। ਪਰ ਜੋ ਹੋਇਆ ਉਹ ਸਹੀ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ।"

ਉਸੇ ਪਿੰਡ ਵਿੱਚ ਤੀਜੇ ਮੁਲਜ਼ਮ ਦਾ ਘਰ ਵੀ ਹੈ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਘਰ ਵਿੱਚ ਕੋਈ ਨਹੀਂ ਸੀ।

ਮਾਪਿਆਂ ਨੇ ਕਿਹਾ, ਉਹ ਇਸ ਘਟਨਾ ਤੋਂ ਜਾਣੂ ਨਹੀਂ ਹਨ

ਚੌਥੇ ਮੁਲਜ਼ਮ ਦਾ ਪਿੰਡ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਥੇ ਪਹੁੰਚ ਕੇ ਅਸੀਂ ਉਨ੍ਹਾਂ ਦੇ ਘਰ ਵੱਲ ਚਲੇ ਗਏ।

ਮੁਲਜ਼ਮ ਦੇ ਮਾਪੇ ਇੱਕ ਕਮਰੇ ਵਾਲੇ ਘਰ ਦੇ ਬਾਹਰ ਬੈਠੇ ਹੋਏ ਸਨ। ਦੋਵੇਂ ਕਾਫ਼ੀ ਕਮਜ਼ੋਰ ਲੱਗ ਰਹੇ ਸਨ। ਨਾ ਹੀ ਉਸ ਦੇ ਪਿਤਾ ਕੁਝ ਬੋਲਣ ਲਈ ਰਾਜ਼ੀ ਹੋਏ ਅਤੇ ਨਾ ਹੀ ਉਸ ਦੀ ਮਾਂ। ਉਹ ਇਹ ਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਪੁੱਤਰ ਦੇ ਜੁਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮੁਲਜ਼ਮ ਦੀ ਮਾਂ ਨੇ ਕਿਹਾ, "ਉਹ ਆਮ ਤੌਰ 'ਤੇ ਘਰ ਨਹੀਂ ਰਹਿੰਦਾ ਸੀ। ਉਹ ਬਾਹਰੋਂ ਆ ਕੇ ਨਹਾਉਂਦਾ ਅਤੇ ਫਿਰ ਤੁਰ ਪੈਂਦਾ ਸੀ। ਅਸੀਂ ਉਸ ਤੋਂ ਹੋਰ ਕੁਝ ਜ਼ਿਆਦਾ ਨਹੀਂ ਪੁੱਛਦੇ ਸੀ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਉਹ ਹੀ ਸੀ।"

ਘਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਮਾਪਿਆਂ ਨੂੰ ਆਪਣੇ ਪੁੱਤਰ ਦੇ ਕੰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਮੁਲਜ਼ਮ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 28 ਤਰੀਕ ਦੀ ਸ਼ਾਮ ਨੂੰ ਘਰ ਆਇਆ ਸੀ।

ਉਹ ਦੱਸਦੇ ਹਨ, "ਉਸਨੇ ਸਾਨੂੰ ਦੱਸਿਆ ਕਿ ਜਿਹੜਾ ਟਰੱਕ ਉਹ ਚਲਾ ਰਿਹਾ ਸੀ ਉਸਦਾ ਐਕਸੀਡੈਂਟ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸਦੇ ਟਰੱਕ ਨੇ ਸਕੂਟਰ ਚਲਾ ਰਹੀ ਇੱਕ ਔਰਤ ਨੂੰ ਧੱਕਾ ਦਿੱਤਾ ਅਤੇ ਉਸ ਔਰਤ ਦੀ ਮੌਤ ਹੋ ਗਈ।"

"ਮੈਂ ਉਸ ਨੂੰ ਡਾਂਟਿਆ ਵੀ ਸੀ ਕਿ ਸਾਨੂੰ ਜ਼ਿੰਮੇਵਾਰੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ। ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਸਾਨੂੰ ਆਪਣੇ ਬਾਰੇ ਕੁਝ ਦੱਸਿਆ ਸੀ। ਉਸੇ ਰਾਤ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਆਈ ਤਾਂ ਸਾਨੂੰ ਪਤਾ ਲੱਗਾ ਕਿ ਉਸ ਨੇ ਕੀ ਕੀਤਾ ਸੀ।"

ਫੋਟੋ ਕੈਪਸ਼ਨ ਹੈਦਰਾਬਾਦ ਰੇਪ ਤੇ ਕਤਲ ਮਾਮਲੇ ਖਿਲਾਫ਼ ਪੁਲਿਸ ਸਟੇਸ਼ਨ ਬਾਹਰ ਮੁਜ਼ਾਹਰਾ ਕਰਦੇ ਲੋਕ

ਹਾਲਾਂਕਿ ਗੁਆਂਢੀਆ ਦਾ ਕਹਿਣਾ ਹੈ ਕਿ ਇਹ ਘਟਨਾ ਉਨ੍ਹਾਂ ਲਈ ਸਦਮੇ ਵਾਂਗ ਹੈ। ਇੱਕ ਗੁਆਂਢੀ ਨੇ ਕਿਹਾ, "ਮੈਨੂੰ ਹੈਰਾਨੀ ਨਹੀਂ ਹੈ ਕਿ ਮੇਰੇ ਗੁਆਂਢੀ ਨੇ ਅਜਿਹਾ ਕੀਤਾ ਕਿਉਂਕਿ ਉਹ ਸ਼ਰਾਬ ਦਾ ਆਦੀ ਸੀ। ਮੈਂ ਉਸ ਨੂੰ ਵਧੀਆ ਢੰਗ ਨਾਲ ਰਹਿਣ ਦੀ ਸਲਾਹ ਦਿੰਦਾ ਸੀ। ਮੈਂ ਉਸ ਨੂੰ ਦਸ ਸਾਲਾਂ ਤੋਂ ਜਾਣਦਾ ਸੀ। ਪਰ ਉਹ ਕਦੇ ਘਰ ਨਹੀਂ ਰਹਿੰਦਾ ਸੀ।"

ਮੁਲਜ਼ਮਾਂ ਨੂੰ ਫਿਲਹਾਲ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਲਈ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਮੁਲਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਕੁਝ ਨਹੀਂ ਕਹਿ ਰਹੀ।

ਇਹ ਵੀ ਪੜ੍ਹੋ:

ਪੁਲਿਸ ਨੇ ਜੋ ਰਿਪੋਰਟ ਦਰਜ ਕੀਤੀ ਹੈ ਉਸ ਮੁਤਾਬਕ, "ਚਾਰੇ ਮੁਲਜ਼ਮਾਂ ਨੂੰ ਅਗਵਾ ਕਰਨ, ਡਾਕਾ ਮਾਰਨ, ਸਮੂਹਕ ਬਲਾਤਕਾਰ ਕਰਨ ਅਤੇ ਤਸੀਹੇ ਦੇ ਕੇ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।"

ਇਸ ਵਿਚਾਲੇ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਈ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਕਰਨ ਅਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)