ਸੁਖਦੇਵ ਸਿੰਘ ਢੀਂਡਸਾ: ਪਾਰਟੀ ’ਚੋਂ ਕੱਢਦੇ ਹਨ ਤਾਂ ਕੱਢਣ ਦਿਓ, ਸੁਖਬੀਰ ਦੀ ਅਗਵਾਈ ’ਚ ਹੋਈਆਂ ਗ਼ਲਤੀਆਂ

ਸੁਖਦੇਵ ਸਿੰਘ ਢੀਂਡਸਾ Image copyright BBC/sukhcharan preet
ਫੋਟੋ ਕੈਪਸ਼ਨ ਸੰਗਰੂਰ ਵਿਖੇ ਆਪਣੇ ਘਰ ਗੱਲਬਾਤ ਦੌਰਾਨ ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਵਿਖੇ ਆਪਣੇ ਨਿਵਾਸ ਸਥਾਨ 'ਤੇ ਇੱਕ ਜਨਤਕ ਮੀਟਿੰਗ ਕੀਤੀ।

ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਪਹਿਲਾਂ ਹੀ ਦੇ ਚੁੱਕੇ ਹਨ ਤੇ ਢੀਂਡਸਾ ਦੀ ਇਸ ਫੇਰੀ ਮੌਕੇ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਹਾਜ਼ਰ ਸਨ।

ਇਸ ਦੌਰਾਨ ਅਕਾਲੀ ਦਲ ਦਾ ਕੋਈ ਵੱਡਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ।

Image copyright BBC/ sukhcharan preet

ਇਸ ਤੋਂ ਪਹਿਲਾਂ ਢੀਂਡਸਾ ਅਕਾਲੀ ਲੀਡਰਸ਼ਿਪ ਨਾਲ ਆਪਣੀ ਨਰਾਜ਼ਗੀ ਖੁੱਲ੍ਹ ਕੇ ਜ਼ਾਹਰ ਕਰਨ ਤੋਂ ਗੁਰੇਜ਼ ਕਰਦੇ ਰਹੇ ਹਨ ਪਰ 18 ਦਸੰਬਰ ਦੇ ਇਕੱਠ ਵਿੱਚ ਉਨ੍ਹਾਂ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ।

ਇਕੱਠ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨਿਘਾਰ ਵੱਲ ਗਿਆ ਹੈ ਜਿਸ ਦਾ ਖ਼ਮਿਆਜ਼ਾ ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਤ ਬਹੁਤ ਥਾਵਾਂ ਉੱਤੇ ਭੁਗਤਣਾ ਪਿਆ ਹੈ।

ਇਸ ਮੌਕੇ ਵਰਕਰਾਂ ਦਾ ਧੰਨਵਾਦ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਹ ਕੋਈ ਰਸਮੀ ਰੈਲੀ ਜਾਂ ਮੀਟਿੰਗ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ:

ਵਰਕਰਾਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ, "ਅਕਾਲੀ ਦਲ ਵਿੱਚ ਰਹਿ ਕੇ ਹੀ ਕੰਮ ਕਰਨਾ ਹੈ। ਮੈਂ ਤਾਂ ਹੁਣ ਕੋਈ ਚੋਣ ਨਹੀਂ ਲੜਨੀ। ਅਸੀਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਹਰ ਜ਼ਿਲ੍ਹੇ ਵਿੱਚ ਰੈਲੀਆਂ ਮੀਟਿੰਗਾਂ ਕਰਾਂਗੇ।"

"ਅਸਤੀਫ਼ੇ ਦੇਣ ਦੀ ਜ਼ਰੂਰਤ ਨਹੀਂ ਹੈ ਪਰ ਜੇ ਉਹ ਆਪ ਕੱਢਦੇ ਨੇ ਤਾਂ ਕੱਢ ਲੈਣ ਦਿਓ। ਆਪਾਂ ਘਰਾਂ ਵਿੱਚ ਨਿਰਾਸ਼ ਬੈਠੇ ਟਕਸਾਲੀ ਅਕਾਲੀਆਂ ਅਤੇ ਹੋਰ ਪਾਰਟੀਆਂ ਵਿੱਚ ਚਲੇ ਗਏ ਰੁੱਸੇ ਹੋਏ ਵਰਕਰਾਂ ਤੱਕ ਵੀ ਪਹੁੰਚ ਕਰਨੀ ਹੈ ਅਤੇ ਪੁਰਾਣੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ।"

ਜਨਤਕ ਇਕੱਠ ਤੋਂ ਬਾਅਦ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਬਾਦਲ ਨਾਲ ਨਰਾਜ਼ਗੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਬਹੁਤ ਅਮੀਰ ਹੈ ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਹੁਤ ਗ਼ਲਤੀਆਂ ਹੋਈਆਂ ਹਨ।"

"ਬੇਅਦਬੀ ਦੇ ਮਾਮਲੇ 'ਤੇ ਠੋਸ ਕਾਰਵਾਈ ਨਹੀਂ ਹੋ ਸਕੀ। ਸੁਖਬੀਰ ਵੱਲੋਂ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਕੋਈ ਰਾਬਤਾ ਨਹੀਂ ਰੱਖਿਆ ਗਿਆ। ਮੈਂ ਇਸ ਸਬੰਧੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਆਪਣਾ ਰੋਸ ਜ਼ਾਹਰ ਕੀਤਾ ਸੀ ਪਰ ਉਸ ਤੋਂ ਬਾਅਦ ਵੀ ਮੇਰੀ ਸੁਣੀ ਨਹੀਂ ਗਈ।''

''ਜਿਸ ਵੀ ਸੀਨੀਅਰ ਲੀਡਰ ਨੇ ਗ਼ਲਤੀਆਂ ਵੱਲ ਧਿਆਨ ਦਵਾਇਆ ਉਸ ਨੂੰ ਅਣਗੌਲਿਆ ਕੀਤਾ ਗਿਆ। ਇਨ੍ਹਾਂ ਗ਼ਲਤੀਆਂ ਕਰਕੇ ਹੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਹਾਰ ਗਈ ਸੀ। ਅਕਾਲੀ ਦਲ ਦੇ ਅਧਾਰ ਨੂੰ ਵੀ ਖੋਰਾ ਲੱਗਿਆ ਹੈ।"

Image copyright BBC/sukhcharan preet

ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, "ਜਦੋਂ ਵੀ ਕੋਈ ਪਾਰਟੀ ਇਸ ਤਰਾਂ ਚੋਣ ਹਾਰਦੀ ਹੈ ਤਾਂ ਪਾਰਟੀ ਪ੍ਰਧਾਨ ਆਪਣੀ ਗ਼ਲਤੀਆਂ ਕਬੂਲਦਿਆਂ ਹੋਇਆ ਅਸਤੀਫ਼ਾ ਦਿੰਦਾ ਹੈ।"

"ਸੁਖਬੀਰ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਹਾਰਨ ਬਾਅਦ ਅਸਤੀਫ਼ਾ ਨਹੀਂ ਦਿੱਤਾ ਗਿਆ ਸਗੋਂ ਫਿਰ ਤੋਂ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਸੁਖਬੀਰ ਨੂੰ ਦੁਬਾਰਾ ਪਾਰਟੀ ਪ੍ਰਧਾਨ ਚੁਣਨ ਦਾ ਤਰੀਕਾ ਵੀ ਸਹੀ ਨਹੀਂ ਅਪਣਾਇਆ ਗਿਆ।"

ਪੁੱਤਰ ਪਰਮਿੰਦਰ ਦੇ ਸਟੈਂਡ 'ਤੇ ਕੀ ਕਹਿੰਦੇ ਢੀਂਡਸਾ?

ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸਪੱਸ਼ਟ ਸਟੈਂਡ ਨਾ ਲੈਣ ਅਤੇ ਅਕਾਲੀ ਲੀਡਰਸ਼ਿਪ ਵੱਲੋਂ ਉਨ੍ਹਾਂ ਦੇ ਪਾਰਟੀ ਲੀਡਰਸ਼ਿਪ ਦੇ ਨਾਲ ਹੋਣ ਦੇ ਦਾਅਵਿਆਂ ਸਬੰਧੀ ਉਨ੍ਹਾਂ ਕਿਹਾ, "ਪਰਮਿੰਦਰ ਮੇਰਾ ਹੀ ਸਾਥ ਦੇਵੇਗਾ।"

"ਉਹ ਹੁਣ ਬਾਹਰ ਹੈ ਪਰ ਜਦੋਂ ਹੀ ਉਹ ਸੰਗਰੂਰ ਆਵੇਗਾ ਤਾਂ ਆਪਣੇ ਸਟੈਂਡ ਬਾਰੇ ਉਹ ਆਪ ਤੁਹਾਨੂੰ ਦੱਸੇਗਾ। ਜਿੱਥੋਂ ਤੱਕ ਪਟਿਆਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਪਰਮਿੰਦਰ ਦੇ ਸ਼ਾਮਲ ਹੋਣ ਦਾ ਸੁਖਬੀਰ ਪੱਖੀ ਆਗੂਆਂ ਦਾ ਦਾਅਵਾ ਹੈ, ਇਹ ਪਰਸੋਂ ਦੀ ਰੈਲੀ ਵਿੱਚ ਸਭ ਨੂੰ ਸਾਫ਼ ਹੋ ਜਾਵੇਗਾ।"

ਭਵਿੱਖ ਦੀ ਕੀ ਰਹੇਗੀ ਯੋਜਨਾ?

ਮੀਡੀਆ ਨਾਲ ਗੱਲਬਾਤ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਭਵਿੱਖ ਦੀ ਯੋਜਨਾ ਬਾਰੇ ਕਿਹਾ, "ਮੈਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕੈਪਟਨ ਰਵੀ ਇੰਦਰ ਸਿੰਘ ਮਿਲ ਕੇ ਵਿਚਾਰ ਕਰਾਂਗੇ। ਲੋਕਾਂ ਨੂੰ ਮੁੜ ਤੋਂ ਅਕਾਲੀ ਦਲ ਨਾਲ ਜੋੜਾਂਗੇ।"

"ਸਾਡੀ ਇਹ ਵੀ ਸਮਝ ਹੈ ਕਿ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹੋਂਦ ਬਹਾਲ ਹੋਣੀ ਚਾਹੀਦੀ ਹੈ। ਸਿਆਸੀ ਚੋਣ ਲੜਨ ਵਾਲੇ ਅਕਾਲੀ ਆਗੂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜਨੀ ਚਾਹੀਦੀ। ਅਸੀਂ ਸਾਰੇ ਪੰਜਾਬ ਵਿੱਚ ਅਕਾਲੀ ਵਰਕਰਾਂ, ਨਾਰਾਜ਼ ਆਗੂਆਂ ਅਤੇ ਹੋਰਨਾਂ ਪਾਰਟੀਆਂ ਵਿੱਚ ਜਾ ਚੁੱਕੇ ਅਕਾਲੀਆਂ ਨਾਲ ਸੰਪਰਕ ਕਰਾਂਗੇ।''

''ਸੰਨ 1920 ਵਿੱਚ ਜਿਸ ਤਰ੍ਹਾਂ ਦਾ ਅਕਾਲੀ ਦਲ ਸਥਾਪਿਤ ਕੀਤਾ ਗਿਆ ਸੀ ਉਸ ਤਰ੍ਹਾਂ ਦਾ ਅਕਾਲੀ ਦਲ ਦੁਬਾਰਾ ਖੜ੍ਹਾ ਕਰਾਂਗੇ। ਬਾਕੀ ਠੋਸ ਯੋਜਨਾ ਇਨ੍ਹਾਂ ਸਾਰੇ ਆਗੂਆਂ ਨਾਲ ਮਿਲ ਕੇ ਹੀ ਤੈਅ ਕੀਤੀ ਜਾਵੇਗੀ।"

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ

ਉਧਰ ਸ਼੍ਰੋਮਣੀ ਅਕਾਲੀ ਨੇ ਇੱਕ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਚਾਅ ਕੀਤਾ।

ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ 'ਚ ਵਿਸ਼ਵਾਸ ਜਤਾਇਆ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ।

ਜਾਰੀ ਬਿਆਨ ਵਿੱਚ ਜਿਨ੍ਹਾਂ ਆਗੂਆਂ ਵੱਲੋਂ ਢੀਂਡਸਾ ਨੂੰ ਅਪੀਲ ਕੀਤੀ ਗਈ ਹੈ ਉਨ੍ਹਾਂ ਵਿੱਚ ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਮ ਸ਼ਾਮਿਲ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)