CAA ਵਰਗੇ ਭਖਦੇ ਮੁੱਦਿਆਂ ਸਮੇਤ ਉਹ ਮੌਕੇ ਜਦੋਂ ਰਾਹੁਲ ਗਾਂਧੀ ਵਿਦੇਸ਼ ਉਡਾਰੀ ਮਾਰ ਗਏ

  • ਟੀਮ ਬੀਬੀਸੀ ਹਿੰਦੀ
  • ਦਿੱਲੀ
ਸ਼ਰਦ ਪਵਾਰ ਨੇ ਪਹਿਲਾਂ ਵੀ ਰਾਹੁਲ ਗਾਂਧੀ ਦੀ ਅਗਵਾਈ ’ਤੇ ਸਵਾਲ ਚੁੱਕੇ ਹਨ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ,

ਸ਼ਰਦ ਪਵਾਰ ਨੇ ਪਹਿਲਾਂ ਵੀ ਰਾਹੁਲ ਗਾਂਧੀ ਦੀ ਅਗਵਾਈ ’ਤੇ ਸਵਾਲ ਚੁੱਕੇ ਹਨ

ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਦੇਸ ਪੱਧਰੀ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੇ ਸਾਹਮਣੇ 'ਇੱਕ ਅਜਿਹੇ ਬਦਲ ਦੀ ਲੋੜ ਹੈ ਜੋ ਦੇਸ ਵਿੱਚ ਟਿਕ ਸਕੇ।'

ਸ਼ਰਦ ਪਵਾਰ ਆਪਣੇ ਇਸ ਬਿਆਨ ਵਿੱਚ 'ਦੇਸ ਵਿੱਚ ਟਿਕਣ' ਦੀ ਗੱਲ ਕਹਿ ਕੇ ਕਿਸ ਦਾ ਜ਼ਿਕਰ ਕਰ ਰਹੇ ਸੀ, ਇਹ ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਹੈ ਪਰ ਸਿਆਸੀ ਗਲਿਆਰਿਆਂ ਵਿੱਚ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਇਸ਼ਾਰਾ ਰਾਹੁਲ ਗਾਂਧੀ ਵੱਲ ਸੀ।

ਦਰਅਸਲ ਜਦੋਂ ਇੱਕ ਪਾਸੇ ਦੇਸ ਵਿੱਚ ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਦੇਸ ਪੱਧਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਰਾਹੁਲ ਗਾਂਧੀ ਦੱਖਣੀ ਕੋਰੀਆ ਚਲੇ ਗਏ।

ਉੱਥੇ ਉਨ੍ਹਾਂ ਨੇ ਮੰਗਲਵਾਰ ਨੂੰ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਲੀ ਨਾ-ਯੋਨ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ:

ਕਦੋਂ-ਕਦੋਂ ਰਾਹੁਲ ਦੇ ਵਿਦੇਸ਼ ਜਾਣ 'ਤੇ ਬਵਾਲ ਮੱਚਿਆ ਸੀ?

ਅਜਿਹੇ ਕਈ ਮੌਕੇ ਆਏ, ਜਦੋਂ ਰਾਹੁਲ ਗਾਂਧੀ ਦੇ ਬੇਵਕਤ ਵਿਦੇਸ਼ ਜਾਣ 'ਤੇ ਤੰਜ ਕੱਸਿਆ ਜਾਂਦਾ ਰਿਹਾ ਹੈ। ਦਸੰਬਰ 2012 ਨੂੰ ਜਦੋਂ ਨਿਰਭਿਆ ਰੇਪ ਅਤੇ ਕਤਲ ਮਾਮਲੇ ਵਿੱਚ ਪੂਰੇ ਦੇਸ ਵਿੱਚ ਅੰਦੋਲਨ ਚੱਲ ਰਿਹਾ ਸੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸੀ, ਉਸ ਵੇਲੇ ਵੀ ਰਾਹੁਲ ਵਿਦੇਸ਼ ਚਲੇ ਗਏ ਸੀ।

ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ 2015 ਵਿੱਚ ਜਦੋਂ ਭੂਮੀ ਗ੍ਰਹਿਣ ਬਿੱਲ 'ਤੇ ਵਿਰੋਧੀ ਧਿਰ ਇੱਕਜੁਟ ਹੋ ਰਿਹਾ ਸੀ, ਉਸ ਵੇਲੇ ਵੀ ਰਾਹੁਲ ਸੰਸਦ ਵਿੱਚ ਨਹੀਂ ਸਨ।

ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਛੁੱਟੀ ਮੰਗੀ ਸੀ ਅਤੇ ਤਕਰੀਬਨ ਦੋ ਮਹੀਨੇ ਵਿਦੇਸ਼ ਵਿੱਚ ਰਹੇ ਸੀ।

ਉਸ ਸਾਲ ਜਦੋਂ ਬਿਹਾਰ ਵਿਧਾਨ ਸਭਾ ਵਿੱਚ ਪ੍ਰਚਾਰ ਜ਼ੋਰਾਂ 'ਤੇ ਸੀ ਤਾਂ ਸਤੰਬਰ ਮਹੀਨੇ ਵਿੱਚ ਰਾਹੁਲ ਵਿਦੇਸ਼ ਚਲੇ ਗਏ ਜਿਸ ਦਾ ਉਸ ਵੇਲੇ ਖੂਬ ਮਜ਼ਾਕ ਵੀ ਉਡਾਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਹੁਲ ਗਾਂਧੀ ਕਈ ਵਾਰ ਅਹਿਮ ਮੁੱਦਿਆਂ ਵੇਲੇ ਵਿਦੇਸ਼ ਗਏ ਹੁੰਦੇ ਹਨ

ਨਵੰਬਰ 2016 ਵਿੱਚ ਨੋਟਬੰਦੀ ਤੋਂ ਬਾਅਦ ਵਿਰੋਧ ਕਰਦੇ ਹੋਏ ਰਾਹੁਲ ਗਾਂਧੀ ਬੈਂਕ ਦੀ ਕਤਾਰ ਵਿੱਚ ਲੱਗੇ ਪਰ ਇਸ ਤੋਂ ਬਾਅਦ ਹੀ ਉਹ ਵਿਦੇਸ਼ ਚਲੇ ਗਏ।

ਹਾਲ ਵਿੱਚ ਜਦੋਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਉਸ ਤੋਂ ਬਾਅਦ ਵੀ ਰਾਹੁਲ 21 ਅਕਤੂਬਰ ਨੂੰ ਕੰਬੋਡੀਆ ਚਲੇ ਗਏ ਸੀ।

ਹੁਣ ਇੱਕ ਵਾਰ ਫਿਰ ਅਜਿਹਾ ਹੀ ਹੋਇਆ। ਸੱਤਾਧਾਰੀ ਪਾਰਟੀ ਭਾਜਪਾ ਨੇ ਵੀ ਇਸ 'ਤੇ ਤਲਖ਼ ਟਿੱਪਣੀ ਕੀਤੀ, ਤਾਂ ਮਹਾਰਾਸ਼ਟਰ ਦੀ ਸੱਤਾ ਵਿੱਚ ਸਹਿਯੋਗੀ ਪਾਰਟੀ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸਿੱਧੇ ਤੌਰ 'ਤੇ ਤਾਂ ਨਹੀਂ ਬਲਕਿ ਇਸ਼ਾਰਿਆਂ ਵਿੱਚ ਉਨ੍ਹਾਂ 'ਤੇ ਇਹ ਟਿੱਪਣੀ ਕੀਤੀ।

ਕੀ ਪਵਾਰ ਦਾ ਇਸ਼ਾਰਾ ਰਾਹੁਲ ਵੱਲ ਸੀ?

ਬੀਬੀਸੀ ਮਰਾਠੀ ਦੇ ਸੰਪਾਦਕ ਆਸ਼ੀਸ਼ ਦੀਕਸ਼ਿਤ ਕਹਿੰਦੇ ਹਨ ਕਿ ਬਿਲਕੁਲ ਇਹ ਇਸ਼ਾਰਾ ਰਾਹੁਲ ਵੱਲ ਹੀ ਸੀ। ਜਦੋਂ ਪਵਾਰ ਨੂੰ ਇਹ ਪੁੱਛਿਆ ਗਿਆ ਕਿ ਦੇਸ ਵਿੱਚ ਨਰਿੰਦਰ ਮੋਦੀ ਦੀ ਥਾਂ ਕੋਈ ਬਦਲ ਨਜ਼ਰ ਆਉਂਦਾ ਹੈ।

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਬਦਲ ਤਾਂ ਹੋ ਸਕਦਾ ਹੈ ਪਰ ਉਹ ਉਸ ਵੇਲੇ ਦੇਸ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਂ ਤਾਂ ਨਹੀਂ ਲਿਆ ਪਰ ਉਨ੍ਹਾਂ 'ਤੇ ਨਿਸ਼ਾਨਾ ਲਗਾਉਂਦੇ ਹੋਏ ਇਹ ਸਖ਼ਤ ਟਿੱਪਣੀ ਕੀਤੀ ਹੈ।

ਆਸ਼ੀਸ਼ ਕਹਿੰਦੇ ਹਨ, "ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਵਾਰ ਨੇ ਰਾਹੁਲ ਨੂੰ ਲੈ ਕੇ ਕੁਝ ਕਿਹਾ ਹੋਵੇ। ਉਨ੍ਹਾਂ ਨੇ ਪਹਿਲਾਂ ਵੀ ਰਾਹੁਲ ਗਾਂਧੀ ਦੀ ਅਗਵਾਈ ਨੂੰ ਲੈ ਕੇ ਵੀ ਸਵਾਲ ਚੁੱਕੇ ਸੀ। ਜਦੋਂ ਰਾਹੁਲ ਗਾਂਧੀ ਨੇ ਬਿਲ ਦੀ ਕਾਪੀ ਫਾੜ ਦਿੱਤੀ ਸੀ ਉਸ ਵੇਲੇ ਪਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਤਰੀਕਾ ਸਹੀ ਨਜ਼ਰ ਨਹੀਂ ਆਉਂਦਾ ਹੈ।"

ਇਹ ਵੀ ਪੜ੍ਹੋ:

ਯੂਪੀਏ ਸਰਕਾਰ ਦੌਰਾਨ ਜਦੋਂ ਇੱਕ ਵਾਰ ਸ਼ਰਦ ਪਵਾਰ ਨੇ ਅਸਤੀਫਾ ਦਿੱਤਾ ਸੀ ਉਦੋਂ ਵੀ ਉਨ੍ਹਾਂ ਨੇ ਰਾਹੁਲ ਦੀ ਅਗਵਾਈ ਨੂੰ ਲੈ ਕੇ ਸਵਾਲ ਪੈਦਾ ਕੀਤੇ ਸਨ।

ਉਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ।

ਆਸ਼ੀਸ਼ ਕਹਿੰਦੇ ਹਨ, "ਜਦੋਂ ਵੀ ਇਹ ਗੱਲ ਚੱਲਦੀ ਸੀ ਕਿ ਜੇ ਮਨਮੋਹਨ ਸਿੰਘ ਦੀ ਥਾਂ ਰਾਹੁਲ ਗਾਂਧੀ ਅਗਵਾਈ ਸਾਂਭਣਗੇ ਤਾਂ ਇਸ ਸਵਾਲ ਉੱਠਦਾ ਸੀ ਕਿ, ਕੀ ਸ਼ਰਦ ਪਵਾਰ ਇਸ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਤਹਿਤ ਕੰਮ ਕਰਨਾ ਪਸੰਦ ਕਰਨਗੇ।"

"ਐੱਨਸੀਪੀ ਦੇ ਕਈ ਨੇਤਾ ਇਹ ਕਹਿੰਦੇ ਸੀ ਕਿ ਸੋਨੀਆ ਦੀ ਅਗਵਾਈ ਵਿੱਚ ਪਵਾਰ ਕੰਮ ਕਰ ਸਕਦੇ ਹਨ ਪਰ ਰਾਹੁਲ ਦੀ ਅਗਵਾਈ ਵਿੱਚ ਕੰਮ ਕਰਨਾ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੋਨੀਆ ਗਾਂਧੀ ਨੇ ਸ਼ਰਦ ਪਵਾਰ ਨੇ ਯੂਪੀਏ ਵਿੱਚ ਰਹਿ ਕੇ 10 ਸਾਲ ਕੰਮ ਕੀਤਾ ਹੈ

"ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਕਾਂਗਰਸ ਦੀ ਰਾਮਲੀਲਾ ਮੈਦਾਨ ਵਿੱਚ ਹੋਈ ਰੈਲੀ ਵਿੱਚ ਆਪਣੇ ਭਾਸ਼ਣ ਤੋਂ ਰਾਹੁਲ ਨੇ ਇੱਕ ਤਰੀਕੇ ਦਾ ਕੰਮਬੈਕ ਕੀਤਾ ਹੈ। ਉਸ ਤੋਂ ਬਾਅਦ ਇਹ ਚਰਚਾ ਵੀ ਸ਼ੁਰੂ ਹੋਈ ਹੈ ਕਿ, ਕੀ ਰਾਹੁਲ ਗਾਂਧੀ ਮੁੜ ਕਾਂਗਰਸ ਦੇ ਪ੍ਰਧਾਨ ਬਣਨ ਵਾਲੇ ਹਨ।"

"ਸੋਨੀਆ ਗਾਂਧੀ ਉਂਝ ਵੀ ਕੁਝ ਹੀ ਵਕਤ ਲਈ ਕਾਂਗਰਸ ਦੀ ਪ੍ਰਧਾਨ ਬਣੇ ਹਨ ਅਤੇ ਮਹਾਰਾਸ਼ਟਰ ਦੇ ਨਾਲ-ਨਾਲ ਪੂਰੇ ਦੇਸ ਵਿੱਚ ਕਾਂਗਰਸੀ ਨੇਤਾ ਇਹੀ ਮੰਗ ਕਰਦੇ ਰਹੇ ਹਨ।"

"ਪਰ ਅਜਿਹੇ ਵਕਤ ਵਿੱਚ ਸ਼ਰਦ ਪਵਾਰ ਦਾ ਇਹ ਬਿਆਨ ਦੱਸਦਾ ਹੈ ਕਿ ਪੂਰਾ ਵਿਰੋਧੀ ਧਿਰ ਰਾਹੁਲ ਗਾਂਧੀ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਦਾ ਹੈ।"

ਸ਼ਰਦ ਪਵਾਰ ਦੇ ਰਾਹੁਲ ਗਾਂਧੀ ਦੀ ਅਗਵਾਈ ਨੂੰ ਲੈ ਕੇ ਬਹੁਤ ਸਵਾਲ ਹਨ, ਲਿਹਾਜ਼ਾ ਉਹ ਇਸ ਗੱਲ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਵੇਲੇ ਸ਼ਰਦ ਪਵਾਰ ਨੇ ਅਹਿਮ ਭੂਮਿਕਾ ਨਿਭਾਈ ਸੀ

ਹਾਲਾਂਕਿ ਮਹਾਰਾਸ਼ਟਰ ਵਿੱਚ ਸੇਨਾ-ਐੱਨਸੀਪੀ-ਕਾਂਗਰਸ ਦੇ ਗਠਜੋੜ ਨੂੰ ਲੈ ਕੇ ਉਹ ਸ਼ਰਦ ਪਵਾਰ ਹੀ ਸਨ ਜਿਨ੍ਹਾਂ ਨੇ ਪੂਰੇ ਮਸਲੇ 'ਤੇ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ ਸੀ।

ਹਾਲ ਦੇ ਪੂਰੇ ਘਟਨਾਕ੍ਰਮ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਦੀ ਅਗਵਾਈ ਤੋਂ ਪਰਹੇਜ਼ ਨਹੀਂ ਹੈ। ਅਜਿਹਾ ਨਜ਼ਰ ਆਉਂਦਾ ਹੈ ਕਿ 10 ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੇ ਸੋਨੀਆ ਗਾਂਧੀ ਨਾਲ ਸਬੰਧ ਚੰਗੇ ਹਨ।

ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਸੋਨੀਆ ਗਾਂਧੀ ਨੂੰ ਲੈ ਕੇ ਹੀ ਉਨ੍ਹਾਂ ਨੇ ਕਾਂਗਰਸ ਛੱਡੀ ਸੀ।

ਕਾਂਗਰਸ ਦੇ ਨੇਤਾ ਇਸ ਪੂਰੇ ਮੁੱਦੇ 'ਤੇ ਕੁਝ ਬਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਦ ਪਵਾਰ ਨੇ ਇਹ ਬਿਆਨ ਕੈਮਰੇ 'ਤੇ ਨਹੀਂ ਦਿੱਤਾ ਅਤੇ ਜੇ ਕਿਹਾ ਵੀ ਹੈ ਤਾਂ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਹੈ।

ਉਨ੍ਹਾਂ ਕਿਹਾ ਕਿ ਨਾ ਹੀ ਉਹ ਮੰਨਦੇ ਹਨ ਕਿ ਗਠਜੋੜ ਦਾ ਕੋਈ ਸਹਿਯੋਗੀ ਅਜਿਹਾ ਬਿਆਨ ਦੇ ਸਕਦਾ ਹੈ।

ਕੀ ਸ਼ਰਦ ਪਵਾਰ ਨੇ ਰਾਹੁਲ ਗਾਂਧੀ ਨੂੰ ਭਵਿੱਖ ਦੇ ਨੇਤਾ ਵਜੋਂ ਵੇਖਦੇ ਹੋਏ ਅਜਿਹਾ ਕਿਹਾ?

ਪੂਰੇ ਦੇਸ ਵਿੱਚ ਚੱਲ ਰਹੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਵੱਖ-ਵੱਖ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਵਿਦਿਆਰਥੀ ਇਸ ਨਾਲ ਜੁੜ ਗਏ ਹਨ।

ਬੀਤੇ ਪੰਜ ਸਾਲਾਂ ਦੌਰਾਨ ਇਸ ਤਰੀਕੇ ਦਾ ਕੋਈ ਦੇਸ ਪੱਧਰੀ ਅੰਦੋਲਨ ਖੜ੍ਹਾ ਨਹੀਂ ਹੋਇਆ ਹੈ। ਅਜਿਹੇ ਵਿੱਚ ਪਵਾਰ ਇਸ ਅੰਦੋਲਨ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਿਰੋਧ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਰ ਰਹੇ ਸੀ।

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਇਸ ਅੰਦੋਲਨ ਨੂੰ ਗੰਭੀਰਤ ਨਾਲ ਲੈਣ ਨੂੰ ਕਿਹਾ ਸੀ।

ਪਵਾਰ ਨੇ ਕਿਹਾ ਕਿ ਭਾਜਪਾ ਦੀ ਇਸ ਉਮੀਦ ਦੇ ਉਲਟ ਕਿ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਜਾਵੇਗਾ, ਖੁਦ ਉਨ੍ਹਾਂ ਦੇ ਸ਼ਾਸਨ ਵਾਲੇ ਅਸਾਮ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ।

ਤਸਵੀਰ ਸਰੋਤ, Getty Images

ਆਸ਼ੀਸ਼ ਦਿਕਸ਼ਿਤ ਕਹਿੰਦੇ ਹਨ, "ਮੌਜੂਦਾ ਵੇਲੇ ਚੱਲ ਰਹੇ ਇਸ ਅੰਦੋਲਨ ਦਾ ਸਵਰੂਪ ਲਗਾਤਾਰ ਵਧ ਰਿਹਾ ਹੈ, ਜੋ ਹੁਣ ਤੱਕ ਵਿਰੋਧੀ ਧਿਰ ਨਹੀਂ ਕਰ ਸਕਿਆ, ਉਹ ਹੁਣ ਵਿਦਿਆਰਥੀ ਕਰ ਰਹੇ ਹਨ।"

ਪਵਾਰ ਨੇ ਕਿਹਾ ਕਿ ਕੁਝ ਕਾਮਨ ਮੁੱਦਿਆਂ 'ਤੇ ਕਈ ਗ਼ੈਰ-ਭਾਜਪਾ ਪਾਰਟੀਆਂ ਇੱਕਜੁੱਟ ਹੋ ਰਹੇ ਹਨ ਪਰ ਸਰਕਾਰ ਦਾ ਮੁਕਾਬਲਾ ਕਰਨ ਦੇ ਲਈ ਇੱਕ ਸੰਗਠਿਤ ਢਾਂਚਾ ਬਣਾਉਣ ਲਈ ਗ਼ੈਰ-ਭਾਜਪਾ ਪਾਰਟੀਆਂ ਨੂੰ ਥੋੜ੍ਹਾ ਹੋਰ ਵਕਤ ਚਾਹੀਦਾ ਹੈ।

ਆਸ਼ਿਸ਼ ਦਿਕਸ਼ਿਤ ਕਹਿੰਦੇ ਹਨ, "ਅਜਿਹੇ ਵਿੱਚ ਸ਼ਰਦ ਪਵਾਰ ਅਗਵਾਈ ਨੂੰ ਲੈ ਕੇ ਬਦਲ ਦੀ ਤਲਾਸ਼ ਕਰਦੇ ਵਿਖੇ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਭਾਜਪਾ ਦਾ ਬਦਲ ਕਾਂਗਰਸ ਹੀ ਹੋ ਸਕਦੀ ਹੈ ਪਰ ਰਾਹੁਲ ਗਾਂਧੀ ਅਗਵਾਈ ਨਾ ਕਰਨ, ਇਹ ਦੱਸਣ ਦੀ ਕੋਸ਼ਿਸ਼ ਸ਼ਰਦ ਪਵਾਰ ਨੇ ਕੀਤੀ ਹੈ।"

"ਕੁੱਲ ਮਿਲਾ ਕੇ ਸ਼ਰਦ ਪਵਾਰ ਨੇ ਇੱਕ ਵਾਰ ਫ਼ਿਰ ਰਾਹੁਲ ਗਾਂਧੀ ਦੀ ਅਗਵਾਈ ਨੂੰ ਲੈ ਕੇ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।"

ਇਹ ਵੀਡੀਓ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)