ਭਾਰਤੀ ਨਾਗਰਿਕਤਾ ਕਿਸ ਨੂੰ ਦਿੱਤੀ ਤੇ ਕਿਸ ਤੋਂ ਖੋਹੀ ਜਾ ਸਕਦੀ

  • ਟੀਮ ਬੀਬੀਸੀ
  • ਨਵੀਂ ਦਿੱਲੀ
ਨਾਗਰਿਕਤਾ ਸੋਧ ਕਾਨੂੰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸ ਕਾਨੂੰਨ ਵਿੱਚ ਸਾਲ 2019 ਤੋਂ ਪਹਿਲਾਂ ਪੰਜ ਵਾਰ ਸੋਧ ਹੋਇਆ ਹੈ

ਕੀ ਨਾਗਰਿਕਤਾ ਕਾਨੂੰਨ ਬਣਨ ਤੋਂ ਬਾਅਦ ਹੀ ਪੂਰੇ ਦੇਸ ਵਿੱਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ ਅਤੇ ਇਹ ਮੰਗ ਉੱਠ ਰਹੀ ਹੈ ਕਿ 'ਸਰਕਾਰ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਵਾਲੇ ਇਸ ਨਵੇਂ ਕਾਨੂੰਨ ਨੂੰ ਵਾਪਿਸ ਲਵੇ ਕਿਉਂਕਿ ਇਹ ਸੰਵਿਧਾਨਕ ਭਾਵਨਾ ਦੇ ਉਲਟ ਹੈ ਅਤੇ ਭੇਦਭਾਵ ਵਾਲਾ ਹੈ।'

ਇਸ ਨੂੰ ਲੈ ਕੇ ਦੇਸ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੋਈਆਂ ਹਿੰਸਕ ਘਟਨਾਵਾਂ ਵਿੱਚ ਕਈ ਲੋਕ ਮਾਰੇ ਗਏ ਹਨ।

ਸੋਸ਼ਲ ਮੀਡੀਆ 'ਤੇ ਵੀ ਨਵੇਂ ਨਾਗਰਿਕਤਾ ਕਾਨੂੰਨ ਦੀ ਚਰਚਾ ਹੈ ਅਤੇ ਗੂਗਲ 'ਤੇ ਲੋਕ 'ਭਾਰਤੀ ਨਾਗਰਿਕਤਾ ਕਾਨੂੰਨ' ਬਾਰੇ ਲਗਾਤਾਰ ਸਰਚ ਕਰ ਰਹੇ ਹਨ।

ਕੀ ਹੈ ਨਾਗਰਿਕਤਾ ਕਾਨੂੰਨ?

ਨਾਗਰਿਕਤਾ ਕਾਨੂੰਨ, 1955 ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤੀ ਨਾਗਿਰਕਤਾ ਹਾਸਲ ਕਰਨਾ, ਨਾਗਰਿਕਤਾ ਮਿਲਣਾ ਤੈਅ ਕਰਨਾ ਅਤੇ ਖਾਰਜ ਕਰਨ ਦੇ ਸਬੰਧ ਵਿੱਚ ਇੱਕ ਕਾਨੂੰਨ ਹੈ।

ਇਹ ਕਾਨੂੰਨ ਭਾਰਤ ਵਿੱਚ ਇੱਕੋ ਨਾਗਰਿਕਤਾ ਦਾ ਪ੍ਰਬੰਧ ਕਰਦਾ ਹੈ।

ਇਸ ਕਾਨੂੰਨ ਵਿੱਚ ਸਾਲ 2019 ਤੋਂ ਪਹਿਲਾਂ ਪੰਜ ਵਾਰ ਸੋਧ (ਸਾਲ 1986, 1992, 2003, 2005 ਅਤੇ 2015 ਵਿੱਚ) ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਦੇਸ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ

ਨਵੇਂ ਸੋਧ ਤੋਂ ਬਾਅਦ ਇਸ ਕਾਨੂੰਨ ਵਿੱਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਛੇ ਘੱਟਗਿਣਤੀ ਭਾਈਚਾਰੇ (ਹਿੰਦੂ, ਬੋਧ, ਜੈਨ, ਪਾਰਸੀ, ਇਸਾਈ ਅਤੇ ਸਿੱਖ) ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਗਈ ਹੈ।

ਇਸ ਤਰ੍ਹਾਂ ਪਿਛਲੇ ਸੋਧਾਂ ਵਿੱਚ ਵੀ ਨਾਗਰਿਕਤਾ ਦਿੱਤੇ ਜਾਣ ਦੀਆਂ ਸ਼ਰਤਾਂ ਵਿੱਚ ਕੁਝ ਮਾਮੂਲੀ ਬਦਲਾਅ ਕੀਤੇ ਜਾਂਦੇ ਰਹੇ ਹਨ।

ਭਾਰਤੀ ਨਾਗਰਿਕਤਾ ਕਾਨੂੰਨ, 1955 ਮੁਤਾਬਕ ਕੁਝ ਤਜਵੀਜ਼ਾਂ ਦੇ ਅਧੀਨ ਭਾਰਤ ਦੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ।

ਪਹਿਲੀ ਤਜਵੀਜ਼?

ਪਹਿਲੀ ਤਜਵੀਜ਼ ਜਨਮ ਤੋਂ ਨਾਗਰਿਕਤਾ ਦੀ ਹੈ। ਭਾਰਤ ਦਾ ਸੰਵਿਧਾਨ ਲਾਗੂ ਹੋਣ ਯਾਨਿ ਕਿ 26 ਜਨਵਰੀ, 1950 ਤੋਂ ਬਾਅਦ ਭਾਰਤ ਵਿੱਚ ਜੰਮਿਆ ਕੋਈ ਵੀ ਸ਼ਖ਼ਸ 'ਜਨਮ ਤੋਂ ਭਾਰਤ ਦਾ ਨਾਗਰਿਕ' ਹੈ। ਇਸ ਪ੍ਰੋਵੀਜ਼ਨ ਦੇ ਅਧੀਨ 1 ਜੁਲਾਈ 1987 ਤੋਂ ਬਾਅਦ ਭਾਰਤ ਵਿੱਚ ਜੰਮਿਆ ਕੋਈ ਵੀ ਸ਼ਖ਼ਸ ਭਾਰਤ ਦਾ ਨਾਗਰਿਕ ਹੈ, ਜੇਕਰ ਉਸਦੇ ਜਨਮ ਵੇਲੇ ਉਸਦੇ ਪਿਤਾ ਜਾਂ ਮਾਤਾ ਭਾਰਤ ਦੇ ਨਾਗਰਿਕ ਸਨ।

ਦੂਜੀ ਤਜਵੀਜ਼

ਦੂਜੀ ਤਜਵੀਜ਼ ਖ਼ੂਨ ਦਾ ਰਿਸਤਾ ਹੈ। ਇਸ ਦੇ ਆਧਾਰ 'ਤੇ ਨਾਗਰਿਕਤਾ ਮਿਲਦੀ ਹੈ। ਇਸ ਤਹਿਤ ਇੱਕ ਸ਼ਰਤ ਇਹ ਹੈ ਕਿ ਵਿਅਕਤੀ ਦਾ ਜਨਮ ਜੇਕਰ ਭਾਰਤ ਤੋਂ ਬਾਹਰ ਹੋਇਆ ਹੈ ਤਾਂ ਉਸਦੇ ਜਨਮ ਦੇ ਸਮੇਂ ਉਸਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਇੱਕ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।

ਦੂਜੀ ਸ਼ਰਤ ਇਹ ਹੈ ਕਿ ਵਿਦੇਸ਼ ਵਿੱਚ ਜੰਮੇ ਉਸ ਬੱਚੇ ਦਾ ਰਜਿਸਟਰੇਸ਼ਨ ਭਾਰਤੀ ਅੰਬੈਸੀ ਵਿੱਚ ਇੱਕ ਸਾਲ ਦੇ ਅੰਦਰ ਕਰਨਾ ਲਾਜ਼ਮੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਸ ਪਰਿਵਾਰ ਨੂੰ ਅਲੱਗ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ।

ਇਸ ਵਿੱਚ ਮਾਂ ਦੀ ਨਾਗਰਿਕਤਾ ਦੇ ਆਧਾਰ 'ਤੇ ਵਿਦੇਸ਼ ਵਿੱਚ ਜਨਮ ਲੈਣ ਵਾਲੇ ਵਿਅਕਤੀ ਨੂੰ ਨਾਗਰਿਕਤਾ ਦੇਣ ਦਾ ਪ੍ਰੋਵੀਜ਼ਨ ਨਾਗਰਿਕਤਾ ਸੋਧ ਕਾਨੂੰਨ 1992 ਰਾਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਪ੍ਰਦਰਸ਼ਨ ਦੌਰਾਨ ਸਭ ਤੋਂ ਵੱਧ ਹਿੰਸਾ ਯੂਪੀ ਵਿੱਚ ਦੇਖੀ ਗਈ ਹੈ

ਤੀਜੀ ਤਜਵੀਜ਼

ਰਜਿਸਟਰੇਸ਼ਨ ਰਾਹੀਂ ਨਾਗਰਿਕਤਾ ਦੇਣਾ ਵੀ ਸ਼ਾਮਿਲ ਹੈ। ਇੱਕ ਗ਼ੈਰਕਾਨੂੰਨੀ ਪਰਵਾਸੀ ਨੂੰ ਛੱਡ ਕੇ ਜੇਕਰ ਕੋਈ ਹੋਰ ਸ਼ਖ਼ਸ ਭਾਰਤ ਸਰਕਾਰ ਨੂੰ ਬੇਨਤੀ ਕਰਕੇ ਭਾਰਤੀ ਨਾਗਰਿਕਤਾ ਮੰਗਦਾ ਹੈ, ਤਾਂ ਇਹ ਕੁਝ ਤਰੀਕੇ ਹਨ ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਹੈ।

1. ਭਾਰਤੀ ਮੂਲ ਦਾ ਉਹ ਸ਼ਖ਼ਸ ਜੋ ਦੇਸ ਵਿੱਚ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਸੱਤ ਸਾਲ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ।

2. ਭਾਰਤੀ ਮੂਲ ਦਾ ਉਹ ਸ਼ਖ਼ਸ ਜੋ ਵੰਡ ਤੋਂ ਪਹਿਲਾਂ ਭਾਰਤ ਦੇ ਬਾਹਰ ਕਿਸੇ ਦੇਸ ਦਾ ਨਾਗਰਿਕ ਹੋਵੇ।

3. ਉਹ ਸ਼ਖ਼ਸ ਜਿਸਦਾ ਵਿਆਹ ਕਿਸੇ ਭਾਰਤੀ ਨਾਗਰਿਕ ਨਾਲ ਹੋਇਆ ਹੋਵੇ ਅਤੇ ਉਹ ਨਾਗਰਿਕਤਾ ਦੀ ਅਰਜ਼ੀ ਦੇਣ ਦੇ 7 ਸਾਲ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ।

4. ਉਹ ਨਾਬਾਲਿਗ ਬੱਚੇ ਜਿਨ੍ਹਾਂ ਦੇ ਮਾਤਾ ਜਾਂ ਪਿਤਾ ਭਾਰਤੀ ਹੋਣ।

5. ਰਾਸ਼ਟਰਮੰਡਲ ਦੇਸਾਂ ਦੇ ਨਾਗਰਿਕ ਜੋ ਭਾਰਤ ਵਿੱਚ ਰਹਿੰਦੇ ਹੋਣ ਜਾਂ ਭਾਰਤ ਸਰਕਾਰ ਦੀ ਨੌਕਰੀ ਕਰ ਰਹੇ ਹੋਣ, ਅਰਜ਼ੀ ਦੇ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੇ ਹਨ।

ਚੌਥੀ ਤਜਵੀਜ਼

ਚੌਥੀ ਤਜਵੀਜ਼ ਭੂਮੀ-ਵਿਸਤਾਰ ਰਾਹੀਂ ਨਾਗਰਿਕਤਾ ਦੇਣ ਦਾ ਹੈ। ਜੇਕਰ ਕਿਸੇ ਨਵੇਂ ਜ਼ਮੀਨ ਦੇ ਹਿੱਸੇ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਉਸ ਖੇਤਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਭਾਰਤ ਦੀ ਨਾਗਿਰਕਤਾ ਹਾਸਲ ਹੋਵੇਗੀ।

ਜਿਵੇਂ 1961 ਵਿੱਚ ਗੋਆ ਨੂੰ, 1962 ਵਿੱਚ ਪੁਡੂਚੇਰੀ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਤਾਂ ਉੱਥੇ ਦੀ ਜਨਤਾ ਨੂੰ ਭਾਰਤੀ ਨਾਗਰਿਕਤਾ ਹਾਸਲ ਹੋ ਗਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਰਕਾਰ ਦੇ ਪੱਖ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ 11,00 ਬੁੱਧੀਜੀਵੀ ਵੀ ਸਾਹਮਣੇ ਆਏ ਹਨ

ਪੰਜਵੀਂ ਤਜਵੀਜ਼

ਪੰਜਵੀ ਤਜਵੀਜ਼ ਦੇਸ਼ੀਕਰਣ ਰਾਹੀਂ ਨਾਗਰਿਕਤਾ ਦੇਣ ਦਾ ਹੈ। ਯਾਨਿ ਦੇਸ ਵਿੱਚ ਰਹਿਣ ਦੇ ਆਧਾਰ 'ਤੇ ਵੀ ਕੋਈ ਵਿਅਕਤੀ ਭਾਰਤ ਵਿੱਚ ਨਾਗਰਿਕਤਾ ਹਾਸਲ ਕਰ ਸਕਦਾ ਹੈ।

ਸ਼ਰਤ ਇਹ ਹੈ ਕਿ ਉਹ ਨਾਗਰਿਕਤਾ ਕਾਨੂੰਨ ਦੀ ਤੀਜੀ ਅਨੁਸੂਚੀ ਦੀਆਂ ਸਾਰੀਆਂ ਯੋਗਤਾਵਾਂ 'ਤੇ ਖਰਾ ਉਤਰਦਾ ਹੋਵੇ।

ਇਹ ਵੀ ਪੜ੍ਹੋ:

ਨਾਗਰਿਕਤਾ ਦੀ ਬਰਖ਼ਾਸਤਗੀ?

ਨਾਗਰਿਕਤਾ ਕਾਨੂੰਨ, 1955 ਦੀ ਧਾਰਾ-9 ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਖ਼ਤਮ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਤਿੰਨ ਤਰੀਕੇ ਹਨ ਜਿਨ੍ਹਾਂ ਜ਼ਰੀਏ ਕਿਸੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਖ਼ਤਮ ਹੋ ਸਕਦੀ ਹੈ।

ਜੇਕਰ ਕੋਈ ਭਾਰਤੀ ਨਾਗਰਿਕ ਆਪਣੀ ਇੱਛਾ ਨਾਲ ਕਿਸੇ ਹੋਰ ਦੇਸ ਦੀ ਨਾਗਰਿਕਤਾ ਹਾਸਲ ਕਰ ਲਵੇ ਤਾਂ ਉਸਦੀ ਭਾਰਤੀ ਨਾਗਰਿਕਤਾ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ।

ਭਾਰਤ ਸਰਕਾਰ ਨੂੰ ਵੀ ਕੁਝ ਸ਼ਰਤਾਂ ਦੇ ਆਧਾਰ 'ਤੇ ਆਪਣੇ ਨਾਗਰਿਕਾਂ ਦੀ ਨਾਗਰਿਕਤਾ ਖ਼ਤਮ ਕਰਨ ਦਾ ਹੱਕ ਹੈ।

  • ਨਾਗਰਿਕ 7 ਸਾਲਾਂ ਤੋਂ ਲਗਾਤਾਰ ਭਾਰਤ ਤੋਂ ਬਾਹਰ ਰਹਿ ਰਿਹਾ ਹੋਵੇ
  • ਜੇਕਰ ਇਹ ਸਾਬਿਤ ਹੋ ਜਾਵੇ ਕਿ ਵਿਅਕਤੀ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤੀ ਨਾਗਰਿਕਤਾ ਹਾਸਲ ਕੀਤੀ ਹੈ
  • ਜੇਕਰ ਕੋਈ ਵਿਅਕਤੀ ਦੇਸ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਵੇ
  • ਜੇਕਰ ਵਿਅਕਤੀ ਭਾਰਤੀ ਸੰਵਿਧਾਨ ਦੀ ਬੇਇੱਜ਼ਤੀ ਕਰੇ

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)