CAA ਦੇ ਸਮਰਥਨ ਵਿੱਚ ਸਾਹਮਣੇ ਆਏ 1,100 ਤੋਂ ਵੱਧ ਬੁੱਧੀਜੀਵੀ - 5 ਅਹਿਮ ਖ਼ਬਰਾਂ

ਨਾਗਰਿਕਤਾ ਸੋਧ ਐਕਟ
ਫੋਟੋ ਕੈਪਸ਼ਨ ਕਾਨੂੰਨ ਦੇ ਹੱਕ ਵਿੱਚ ਚੰਡੀਗੜ੍ਹ ਵਿੱਚ ਮਾਰਚ ਕਰਦੇ ਹੋਏ ਲੋਕ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਹਨ ਅਤੇ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆ ਹਨ, ਇਸੇ ਵਿਚਾਲੇ ਕਾਨੂੰਨ ਦੇ ਸਮਰਥਨ ਵਿੱਚ ਇਕ ਧੜਾ ਸਾਹਮਣੇ ਆਇਆ ਹੈ।

ਦੇਸ ਦੇ ਤਕਰੀਬਨ 1,100 ਬੁੱਧੀਜੀਵੀਆਂ, ਅਕਾਦਮਿਕਾਂ ਅਤੇ ਖੋਜ ਵਿਦਵਾਨਾਂ ਨੇ ਇੱਕ ਸਾਂਝੇ ਬਿਆਨ 'ਤੇ ਇਸ ਦੇ ਸਮਰਥਨ ਦੇ ਵਿੱਚ ਦਸਤਖ਼ਤ ਕੀਤੇ ਹਨ।

ਇਸ ਸਾਂਝੇ ਬਿਆਨ ਵਿੱਚ ਲਿਖਿਆ ਹੈ, "ਇਹ ਕਾਨੂੰਨ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਅਤਿਆਚਾਰਾਂ ਦਾ ਸਾਹਮਣਾ ਕਰ ਰਹੀਆਂ ਘੱਟ ਗਿਣਤੀਆਂ ਨੂੰ ਪਨਾਹ ਦੇਣ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਦਾ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਚੰਡੀਗੜ੍ਹ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਮਾਰਚ ਦਾ ਵੀਡੀਓ

ਇਸ ਵਿਚ ਅੱਗੇ ਲਿਖਿਆ ਹੈ, "ਅਸੀਂ ਭਾਰਤੀ ਸੰਸਦ ਅਤੇ ਸਰਕਾਰ ਨੂੰ ਇਨ੍ਹਾਂ ਭੁੱਲੀਆਂ ਘੱਟ ਗਿਣਤੀਆਂ ਲਈ ਖੜੇ ਹੋਣ ਅਤੇ ਉਨ੍ਹਾਂ ਲੋਕਾਂ ਨੂੰ ਪਨਾਹ ਦੇਣ ਲਈ ਵਧਾਈ ਦਿੰਦੇ ਹਾਂ ਜਿਹੜੇ ਧਾਰਮਿਕ ਅਤਿਆਚਾਰਾਂ ਕਾਰਨ ਪਰਵਾਸ ਕਰ ਚੁੱਕੇ ਹਨ। ਅਸੀਂ ਇਸ ਗੱਲ 'ਤੇ ਵੀ ਸੰਤੁਸ਼ਟੀ ਜ਼ਾਹਰ ਕਰਦੇ ਹਾਂ ਕਿ ਉੱਤਰ-ਪੂਰਬੀ ਰਾਜਾਂ ਦੀਆਂ ਚਿੰਤਾਵਾਂ ਸੁਣੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ।"

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ CAA ਦੇ ਖ਼ਿਲਾਫ਼ ਦੇਸ਼ ਭਰ ਵਿੱਚ ਹੋ ਰਹੇ ਪ੍ਰਦਰਸ਼ਨ ਹਿੰਸਕ ਹੋ ਗਏ ਹਨ

15 ਮਾਰੇ ਗਏ, 263 ਪੁਲਿਸ ਵਾਲੇ ਜ਼ਖਮੀ, 705 ਗ੍ਰਿਫ਼ਤਾਰ: ਆਈਜੀ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਿਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਤੇ ਹਿੰਸਕ ਪ੍ਰਦਰਸ਼ਨ ਵੀ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ।

ਉੱਤਰ ਪ੍ਰਦੇਸ਼ ਦੇ ਆਈਜੀ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਨੇ ਕਿਹਾ, "ਨਾਗਰਿਕਤਾ ਸੋਧ ਐਕਟ ਵਿਰੁੱਧ 10 ਦਸੰਬਰ ਤੋਂ ਸੂਬੇ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ 705 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਗਭਗ 4,500 ਲੋਕਾਂ ਨੂੰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰਿਹਾ ਕੀਤਾ ਗਿਆ ਹੈ। 15 ਲੋਕਾਂ ਦੀ ਮੌਤ ਹੋ ਗਈ ਹੈ। 263 ਪੁਲਿਸ ਮੁਲਾਜ਼ਮ ਜ਼ਖਮੀ ਹੋਏ ।"

ਕਾਨਪੁਰ ਵਿੱਚ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਤੋਂ ਬਾਅਦ ਹੋਈ ਹਿੰਸਾ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜ਼ਖਮੀਆਂ ਦਾ ਮੈਡੀਕਲ ਕਾਲਜ ਦੇ ਹਲਟ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਦੇਸ਼ ਦੇ ਬਾਕੀ ਕਈ ਹਿੱਸਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਰਿਹਾ ਹੈ।

Image copyright Getty Images
ਫੋਟੋ ਕੈਪਸ਼ਨ ਇਮਰਾਨ ਖਾਨ: ਭਾਰਤ ਸਾਡੇ 'ਤੇ ਆਪ੍ਰੇਸ਼ਨ ਦੀ ਤਿਆਰੀ ਕਰ ਰਿਹਾ ਹੈ

ਇਮਰਾਨ ਖਾਨ: ਭਾਰਤ ਸਾਡੇ 'ਤੇ ਆਪ੍ਰੇਸ਼ਨ ਦੀ ਤਿਆਰੀ ਕਰ ਰਿਹਾ ਹੈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਭਾਰਤ ਉਸ ਦੇ ਘਰ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਪਾਕਿਸਤਾਨ ਵਿਰੁੱਧ ਮੁਹਿੰਮ ਚਲਾ ਸਕਦਾ ਹੈ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਜਿਹੇ ਹਿੰਦੂ ਰਾਸ਼ਟਰਵਾਦ ਨੂੰ ਲਾਮਬੰਦ ਕਰਨ ਲਈ ਜੰਗੀ ਜਨੂੰਨ ਭੜਕਾਉਣਾ ਚਾਹੁੰਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਕੋਲ ਢੁੱਕਵਾਂ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, "ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਅਜੇ ਵੀ ਸਾਰਿਆਂ ਨੂੰ ਕੈਦ ਰੱਖਿਆ ਹੋਇਆ ਹੈ। ਜੇ ਇਥੋਂ ਪਾਬੰਦੀਆਂ ਹਟਾ ਦਿੱਤੀਆਂ ਜਾਂਦੀਆਂ ਹਨ ਤਾਂ ਕਤਲ ਹੋਣ ਦੀ ਸੰਭਾਵਨਾ ਹੈ। ਜੇ ਭਾਰਤ ਵਿਚ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਧਦੇ ਹਨ ਤਾਂ ਪਾਕਿਸਤਾਨ ਉੱਤੇ ਭਾਰਤ ਦਾ ਜੋਖਮ ਹੋਰ ਵੱਧ ਜਾਵੇਗਾ। ਭਾਰਤੀ ਫੌਜ ਦੇ ਮੁਖੀ ਦਾ ਬਿਆਨ ਸਾਡੀ ਚਿੰਤਾਵਾਂ ਨੂੰ ਹੋਰ ਵਧਾਉਂਦਾ ਹੈ।''

Image copyright ASAD JAMAL
ਫੋਟੋ ਕੈਪਸ਼ਨ ਪਾਕਿਸਤਾਨ ਦੀ ਯੂਨੀਵਰਸਿਟੀ ਦੇ ਲੈਕਚਰਾਰ ਜੁਨੈਦ ਹਫੀਜ਼ ਨੂੰ ਅਦਾਲਤ ਨੇ ਕੁਫ਼ਰ ਦੇ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ

ਜੁਨੈਦ ਹਫੀਜ਼: ਲੈਕਚਰਾਰ ਨੂੰ ਪਾਕਿਸਤਾਨ ਵਿੱਚ ਮੌਤ ਦੀ ਸਜ਼ਾ

ਪਾਕਿਸਤਾਨ ਦੇ ਦੱਖਣੀ ਸ਼ਹਿਰ ਮੁਲਤਾਨ ਦੀ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ ਦੇ ਲੈਕਚਰਾਰ ਜੁਨੈਦ ਹਫੀਜ਼ ਨੂੰ ਅਦਾਲਤ ਨੇ ਕੁਫ਼ਰ ਦੇ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ।

33 ਸਾਲਾ ਜੁਨੈਦ ਹਫੀਜ਼ ਨੂੰ ਮਾਰਚ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਸੋਸ਼ਲ ਮੀਡੀਆ ਉੱਤੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀਆਂ ਪੋਸਟ ਕਰਨ ਦੇ ਇਲਜ਼ਾਮ ਲੱਗੇ ਸਨ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜੁਨੈਦ ਹਫੀਜ਼ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।

ਪਾਕਿਸਤਾਨ ਵਿੱਚ ਕੁਫ਼ਰ ਦੇ ਇਲਜ਼ਾਮਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ, ਅਤੇ ਇੱਥੋਂ ਤੱਕ ਕਿ ਇਲਜ਼ਾਮ ਵੀ ਅਕਸਰ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਾਫ਼ੀ ਹੁੰਦੇ ਹਨ।

Image copyright Getty Images
ਫੋਟੋ ਕੈਪਸ਼ਨ ਹੈਦਰਾਬਾਦ ਗੈਂਗਰੇਪ ਦੇ ਚਾਰਾਂ ਮੁਲਜ਼ਮਾਂ ਦੀਆਂ ਲਾਸ਼ਾਂ ਦਾ ਮੁੜ੍ਹ ਹੋਵੇਗਾ ਪੋਸਟਮਾਰਟਮ

ਹੈਦਰਾਬਾਦ ਐਨਕਾਉਂਟਰ: ਮੁਲਜ਼ਮਾਂ ਦੀਆਂ ਲਾਸ਼ਾਂ ਦਾ ਦੋਬਾਰਾ ਹੋਵੇਗਾ ਪੋਸਟ ਮਾਰਟਮ

ਸ਼ਨੀਵਾਰ ਨੂੰ ਤੇਲੰਗਾਨਾ ਹਾਈ ਕੋਰਟ ਨੇ ਹੈਦਰਾਬਾਦ ਗੈਂਗਰੇਪ ਦੇ ਚਾਰਾਂ ਮੁਲਜ਼ਮਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਨੂੰ ਲੈਕੇ ਸੁਣਵਾਈ ਕੀਤੀ। ਅਦਾਲਤ ਨੇ 23 ਦਸੰਬਰ ਨੂੰ ਮੁੜ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਦਾ ਆਦੇਸ਼ ਦਿੱਤਾ।

27 ਨਵੰਬਰ ਨੂੰ, ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਮਹਿਲਾ ਡਾਕਟਰ ਦੀ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਕਥਿਤ ਮੁਲਜ਼ਮਾਂ ਨੂੰ 6 ਦਸੰਬਰ ਦੀ ਸਵੇਰ ਨੂੰ ਪੁਲਿਸ ਏਨਕਾਉਂਟਰ ਵਿੱਚ ਮਾਰ ਦਿੱਤਾ ਗਿਆ ਸੀ।

ਇਨ੍ਹਾਂ ਚਾਰਾਂ ਮੁਲਜ਼ਮਾਂ ਦੀਆਂ ਲਾਸ਼ਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਹੈਦਰਾਬਾਦ ਦੇ ਗਾਂਧੀ ਮੈਡੀਕਲ ਕਾਲਜ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ। ਹੁਣ ਮੁੜ੍ਹ ਤੋਂ ਇਹਨਾਂ ਦਾ ਪੋਸਟਮਾਰਟਮ ਹੋਵੇਗਾ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)