1971 ਜੰਗ: ‘ਮੈਂ ਆਪਣੇ ਪਰਿਵਾਰ ਨੂੰ ਸੁਪਨਿਆਂ ਵਿੱਚ ਮਿਲਦਾ ਹਾਂ... ਭਾਰਤ-ਪਾਕਿਸਤਾਨ ਰੋਕ ਲੈਣ!’

  • ਆਮਿਰ ਪੀਰਜ਼ਾਦਾ ਅਤੇ ਫ਼ਰਹਤ ਜਾਵੇਦ
  • ਬੀਬੀਸੀ ਪੱਤਰਕਾਰ
ਗੁਲਾਮ ਕਾਦਿਰ
ਤਸਵੀਰ ਕੈਪਸ਼ਨ,

ਗੁਲਾਮ ਕਾਦਿਰ ਫੌਜ ਤੋਂ ਰਿਟਾਇਰ ਹੋ ਚੁੱਕੇ ਹਨ

ਭਾਰਤ-ਪਾਕਿਸਤਾਨ ਵਿਚਾਲੇ ਹੋਈ 1971 ਦੀ ਜੰਗ ਨੂੰ 48 ਸਾਲ ਹੋ ਗਏ ਪਰ ਜ਼ਖ਼ਮ ਅਜੇ ਵੀ ਅੱਲ੍ਹੇ ਹਨ।

ਨਿਊਕਲੀਅਰ ਹਥਿਆਰਾਂ ਵਾਲੇ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਇਹ ਲੜਾਈ ਕਰੀਬ 13 ਦਿਨ ਚੱਲੀ ਸੀ। ਇਸ ਉਪ ਮਹਾਂਦੀਪ ਨੂੰ ਉਸ ਜੰਗ ਦੀ ਵੱਡੀ ਕੀਮਤ ਚੁਕਾਉਣੀ ਪਈ ਅਤੇ ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਜੋ ਯੁੱਧ ਦੇ ਕਾਰਨ ਵਿਛੜ ਗਏ।

ਇਹ ਕਹਾਣੀ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਜੰਗ ਦੌਰਾਨ ਵਿਛੜ ਗਏ ਅਤੇ ਮੁੜ ਕਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਮਿਲੀ।

ਭਾਰਤ ਸ਼ਾਸਿਤ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਚਾਰ ਪਿੰਡ ਤੁਰਤੁਕ, ਤਿਆਕਸ਼ੀ, ਚਾਲੁੰਕਾ ਅਤੇ ਥਾਂਗ 1971 ਦੀ ਜੰਗ ਦੌਰਾਨ ਭਾਰਤ ਵਿੱਚ ਆ ਗਏ।

ਇਨ੍ਹਾਂ ਦੇ ਇੱਕ ਪਾਸੇ ਸ਼ਿਓਕ ਨਦੀ ਵਹਿੰਦੀ ਹੈ ਤੇ ਦੂਜੇ ਪਾਸੇ ਕਰਾਕੋਰਮ ਪਹਾੜ ਹਨ।

ਲੱਦਾਖ ਵਿੱਚ ਜ਼ਿਆਦਾਤਰ ਬੁੱਧ ਧਰਮ ਦੇ ਲੋਕ ਰਹਿੰਦੇ ਹਨ ਜਿੱਥੇ ਸਿਰਫ਼ ਇਨ੍ਹਾਂ ਪਿੰਡਾਂ ਦੇ ਲੋਕ ਹੀ ਬਲਤੀ ਬੋਲਣ ਵਾਲੇ ਮੁਸਲਮਾਨ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਕਹਾਣੀ ਵੀਡੀਓ ਰਾਹੀਂ ਵੀ ਜ਼ਰੂਰ ਦੇਖੋ

1971 ਤੱਕ ਇਹ ਚਾਰੇ ਪਿੰਡ ਪਾਕਿਸਤਾਨ ਦਾ ਹਿੱਸਾ ਸਨ ਪਰ ਭਾਰਤ-ਪਾਕਿਸਤਾਨ ਦੀ ਇਸ ਜੰਗ ਨੇ ਇਨ੍ਹਾਂ ਦੀ ਪਛਾਣ ਬਦਲ ਕੇ ਰੱਖ ਦਿੱਤੀ।

2010 ਤੱਕ ਇਨ੍ਹਾਂ ਪਿੰਡਾਂ ਵਿੱਚ ਬਾਹਰ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਤੁਰਤੁਕ ਪਿੰਡ ਅਜਿਹਾ ਸੀ ਜਿੱਥੇ ਕੁਝ ਬਾਹਰੀ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ।

ਜੰਗ ਦੌਰਾਨ ਕੁੱਲ ਕਿੰਨੇ ਲੋਕ ਵਿਛੜ ਗਏ ਇਸਦਾ ਕੋਈ ਪੁਖਤਾ ਅੰਕੜਾ ਨਹੀਂ ਹੈ। ਪਿੰਡ ਵਾਲਿਆਂ ਮੁਤਾਬਕ 250 ਤੋਂ ਵੱਧ ਪਰਿਵਾਰ ਵਿਛੜੇ ਸਨ।

ਤਸਵੀਰ ਸਰੋਤ, Avani Rai

ਦੋਵਾਂ ਦੇਸਾਂ ਦੇ ਲੋਕਾਂ ਨੇ ਕਈ ਵਾਰ ਵੀਜ਼ਾ ਲਈ ਅਰਜ਼ੀ ਦਾਖ਼ਲ ਕੀਤੀ ਪਰ ਹਰ ਵਾਰ ਉਹ ਖਾਰਜ ਹੀ ਹੋਈ। ਹੁਣ ਤੱਕ ਸਿਰਫ਼ 23 ਲੋਕਾਂ ਨੂੰ ਹੀ ਆਪਣੇ ਵਿਛੜੇ ਹੋਏ ਪਰਿਵਾਰਕ ਮੈਂਬਰਾਂ ਨਾਲ ਮਿਲਣ ਲਈ ਵੀਜ਼ਾ ਮਿਲਿਆ ਹੈ।

ਇੱਥੋਂ ਤੱਕ ਕਿ ਜੇਕਰ ਭਾਰਤ ਦੇ ਲੋਕਾਂ ਨੂੰ ਪਾਕਿਸਤਾਨ ਜਾਣ ਦਾ ਵੀਜ਼ਾ ਮਿਲ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਲਈ ਪੰਜਾਬ ਜਾਣਾ ਪੈਂਦਾ ਹੈ।

ਇਸ ਤੋਂ ਬਾਅਦ ਜਦੋਂ ਉਹ ਪਾਕਿਸਤਾਨ ਵਿੱਚ ਦਾਖ਼ਲ ਹੁੰਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਇੱਕ ਦੂਜਾ ਪਰਮਿਟ ਲੈਣਾ ਪੈਂਦਾ ਹੈ। ਤਾਂ ਜੋ ਉਹ ਪਾਕਿਸਤਾਨ ਦੇ ਬਲਤਿਸਤਾਨ ਖੇਤਰ ਵਿੱਚ ਜਾ ਸਕਣ।

ਇਹ ਸਭ ਕਰਨ ਵਿੱਚ ਜਿੰਨਾ ਖਰਚਾ ਆਉਂਦਾ ਹੈ ਉਹ ਜ਼ਿਆਦਾਤਰ ਪਿੰਡ ਵਾਲਿਆਂ ਦੀ ਹੈਸੀਅਤ ਤੋਂ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਖੇਤਰ ਵਿੱਚ ਰਹਿਣ ਵਾਲੇ ਬੇਹੱਦ ਮਾਮੂਲੀ ਪਰਿਵਾਰ ਹਨ।

ਤਸਵੀਰ ਕੈਪਸ਼ਨ,

ਹਬੀਬਾ ਬੇਗਮ ਕਹਿੰਦੀ ਹੈ ਉਹ ਆਪਣੇ ਭਰਾ ਨੂੰ ਵੇਖੇ ਬਿਨਾਂ ਮਰਨਾ ਨਹੀਂ ਚਾਹੁੰਦੀ

ਪਿੰਡ ਦੇ ਕੁਝ ਲੋਕ 5 ਮੀਲ ਦੀ ਦੂਰੀ 'ਤੇ ਸਥਿਤ ਇੱਕ ਪਹਾੜੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਸਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਹਨ। ਪਰ ਵਿੱਚੋਂ ਲੰਘਣ ਵਾਲਾ ਭਾਰਤ-ਪਾਕ ਬਾਰਡਰ ਆਪਣਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ।

ਇਹ ਲੋਕ ਫ਼ੋਨ ਦੇ ਜ਼ਰੀਏ ਵੀ ਪਾਕਿਸਤਾਨ ਵਿੱਚ ਰਹਿ ਰਹੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਨਹੀਂ ਕਰ ਸਕਦੇ, ਕਿਉਂਕਿ ਭਾਰਤ ਸ਼ਾਸਿਤ ਕਸ਼ਮੀਰ ਤੋਂ ਪਾਕਿਸਤਾਨ ਨੂੰ ਕੀਤੇ ਜਾਣ ਵਾਲੇ ਸਾਰੇ ਫ਼ੋਨ ਬਲੌਕ ਕਰ ਦਿੱਤੇ ਗਏ ਹਨ।

ਇਨ੍ਹਾਂ ਪਿੰਡਾਂ ਵਿੱਚ ਇੰਟਰਨੈੱਟ ਦੀ ਸਹੂਲਤ ਅਜੇ ਤੱਕ ਕਿਸੇ ਸੁਪਨੇ ਵਾਂਗ ਹੀ ਹੈ। ਇੱਥੇ ਕੁਝ ਲੋਕ ਹਨ ਜੋ ਨੇੜੇ ਦੇ ਕਿਸੇ ਕਸਬੇ ਤੱਕ ਜਾਂਦੇ ਹਨ ਅਤੇ ਉੱਥੋਂ ਵਟਸਐਪ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਵੀ ਸਾਰੇ ਕਰ ਸਕਣ, ਅਜਿਹਾ ਨਹੀਂ ਹੈ।

ਜਦੋਂ ਪਿੰਡ ਵਿੱਚ ਵੜੀ ਭਾਰਤੀ ਫੌਜ

ਹਬੀਬਾ ਬੇਗਮ ਦਾ ਕਹਿਣਾ ਹੈ, ''48 ਸਾਲ ਬੀਤ ਗਏ ਪਰ ਮੈਂ ਆਪਣੇ ਭਰਾ ਨੂੰ ਮਿਲ ਨਹੀਂ ਸਕੀ। ਮੈਂ ਉਸ ਨੂੰ ਵੇਖੇ ਬਗੈਰ ਮਰਨਾ ਨਹੀਂ ਚਾਹੁੰਦੀ।''

ਹਬੀਬਾ ਦੀ ਉਮਰ ਕਰੀਬ 60 ਸਾਲ ਹੈ। ਉਸਦਾ ਭਰਾ ਕਾਦਿਰ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਸਕਰਦੂ ਪਿੰਡ ਵਿੱਚ ਰਹਿੰਦਾ ਹੈ। ਜਦਕਿ ਹਬੀਬਾ ਤਿਆਕਸ਼ੀ ਪਿੰਡ ਵਿੱਚ ਰਹਿੰਦੀ ਹੈ ਜੋ ਕਿ ਹੁਣ ਭਾਰਤ ਸ਼ਾਸਿਤ ਕਸ਼ਮੀਰ ਦਾ ਹਿੱਸਾ ਹੈ।

ਤਸਵੀਰ ਸਰੋਤ, Avani rai

ਤਸਵੀਰ ਕੈਪਸ਼ਨ,

ਹਬੀਬਾ ਬੇਗਮ

ਗੁਲਾਮ ਕਾਦਿਰ ਆਪਣੇ ਪਰਿਵਾਰ ਤੋਂ ਉਦੋਂ ਵਿਛੜੇ ਜਦੋਂ ਉਨ੍ਹਾਂ ਦਾ ਪਿੰਡ ਤਿਆਕਸ਼ੀ ਪਾਕਿਸਤਾਨ ਦਾ ਹਿੱਸਾ ਸੀ। 16 ਦਸੰਬਰ 1971 ਨੂੰ ਇਹ ਭਾਰਤ ਦੇ ਕਬਜ਼ੇ ਵਿੱਚ ਆ ਗਿਆ।

ਹਬੀਬਾ ਦਾ ਕਹਿਣਾ ਹੈ,''ਜਦੋਂ ਇਹ ਜੰਗ ਸ਼ੁਰੂ ਹੋਈ ਤਾਂ ਮੇਰੀ ਭਰਾ ਪਾਕਿਸਤਾਨੀ ਫੌਜ ਵਿੱਚ ਸੈਨਿਕ ਸੀ ਅਤੇ ਡਿਊਟੀ 'ਤੇ ਤਾਇਨਾਤ ਸੀ।''

ਉਹ ਦੱਸਦੀ ਹੈ ਕਿ ਤਿਆਕਸ਼ੀ ਪਿੰਡ ਨੂੰ ਜੰਗ ਸ਼ੁਰੂ ਹੋਣ ਦੇ ਕੁਝ ਦਿਨ ਬਾਅਦ ਹੀ ਭਾਰਤੀ ਫੌਜ ਨੇ ਕਬਜ਼ੇ ਵਿੱਚ ਲੈ ਲਿਆ ਸੀ। ਉਹ ਯਾਦ ਕਰਦੀ ਹੈ, "ਜਿਸ ਰਾਤ ਭਾਰਤੀ ਫੌਜ ਪਿੰਡ ਵਿੱਚ ਵੜੀ, ਅਸੀਂ ਬਹੁਤ ਡਰੇ ਹੋਏ ਸੀ। ਸਾਨੂੰ ਨਹੀਂ ਪਤਾ ਸੀ ਕਿ ਉਹ ਕੀ ਕਰਨਗੇ। ਇਸ ਡਰ ਕਾਰਨ ਅਸੀਂ ਕਈ ਦਿਨਾਂ ਤੱਕ ਆਪਣੇ ਘਰਾਂ ਵਿੱਚੋਂ ਬਾਹਰ ਹੀ ਨਹੀਂ ਨਿਕਲੇ।"

ਸ਼ਿਓਕ ਨਦੀ ਵੱਲ ਦੇਖਦੇ ਹੋਏ ਹਬੀਬਾ ਸਾਨੂੰ ਇਹ ਸਭ ਦੱਸਦੀ ਰਹੀ ਅਤੇ ਇਸ ਦੌਰਾਨ ਕੁਝ ਸਮੇਂ ਲਈ ਵੀ ਉਨ੍ਹਾਂ ਦੇ ਹੰਝੂ ਨਹੀਂ ਰੁਕੇ।

ਉਨ੍ਹਾਂ ਕਿਹਾ, ''ਜਦੋਂ ਅਸੀਂ ਭਾਰਤ ਦੇ ਕਬਜ਼ੇ ਵਿੱਚ ਆਏ ਤਾਂ ਇਹ ਉਮੀਦ ਸੀ ਕਿ ਇੱਕ ਦਿਨ ਭਰਾ ਵੀ ਘਰ ਪਰਤ ਆਵੇਗਾ ਪਰ 48 ਸਾਲ ਹੋ ਗਏ। ਸਾਡੀਆਂ ਨਜ਼ਰਾਂ ਉਸਦੀ ਉਡੀਕ ਵਿੱਚ ਥੱਕ ਗਈਆਂ ਪਰ ਉਹ ਨਹੀਂ ਆਇਆ।''

ਤਸਵੀਰ ਸਰੋਤ, Avani rai

ਤਸਵੀਰ ਕੈਪਸ਼ਨ,

ਹਬੀਬਾ ਬੇਗਮ ਕਹਿੰਦੀ ਹੈ ਉਸਦੀ ਮਾਂ ਉਸਦੇ ਭਰਾ ਦੀ ਉਡੀਕ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਈ

ਕਾਦਿਰ ਦੇ ਪਿੱਛੇ ਉਨ੍ਹਾਂ ਦੀ ਭੈਣ, ਪਤਨੀ, ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਤਿਆਕਸ਼ੀ ਪਿੰਡ ਵਿੱਚ ਹੀ ਰਹਿ ਗਏ ਸਨ। ਹਬੀਬਾ ਕਹਿੰਦੀ ਹੈ, "ਮੇਰੀ ਮਾਂ ਆਪਣੇ ਮੁੰਡੇ ਨੂੰ ਵੇਖਣ ਦੀ ਉਡੀਕ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਈ। ਪਰ ਅਸੀਂ ਉਨ੍ਹਾਂ ਨੂੰ ਮਿਲਵਾ ਨਹੀਂ ਸਕੇ।''

ਹਬੀਬਾ ਨੇੜੇ ਦੀ ਇੱਕ ਪਹਾੜੀ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ, "ਇੱਕ ਦਿਨ ਕਾਦਿਰ ਸਫ਼ੇਦ ਝੰਡਾ ਲੈ ਕੇ ਉੱਥੇ ਆਇਆ ਸੀ। ਉਦੋਂ ਉਨ੍ਹਾਂ ਦੀ ਮੁਲਾਕਾਤ ਆਪਣੀ ਪਤਨੀ ਬਾਨੋ ਨਾਲ ਹੋਈ ਸੀ। ਉਸ ਨੇ ਬਾਨੋ ਨੂੰ ਆਪਣੇ ਨਾਲ ਪਾਕਿਸਤਾਨ ਚੱਲਣ ਲਈ ਕਾਫ਼ੀ ਮਨਾਇਆ। ਪਰ ਬਾਨੋ ਡਰ ਗਈ ਅਤੇ ਉਸ ਨੇ ਕਹਿ ਦਿੱਤਾ ਕਿ ਜੇਕਰ ਉਹ ਪਾਕਿਸਤਾਨ ਗਈ ਤਾਂ ਭਾਰਤੀ ਫੌਜ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੈ ਜਾਵੇਗੀ, ਪੁੱਛਗਿੱਛ ਕਰੇਗੀ ਅਤੇ ਤੰਗ-ਪ੍ਰੇਸ਼ਾਨ ਕਰੇਗੀ।''

ਇਹ ਵੀ ਪੜ੍ਹੋ:

ਦੋਵਾਂ ਦੀ ਕਿਸਮਤ ਵਿੱਚ ਕੁਝ ਹੋਰ ਸੀ

ਗੁਲਾਮ ਕਾਦਿਰ ਦੇ ਛੋਟੇ ਭਰਾ ਸ਼ਮਸ਼ੇਰ ਅਲੀ ਨੇ ਆਪਣੀ ਭਾਬੀ ਬਾਨੋ ਨੂੰ ਵੱਡੇ ਭਰਾ ਕੋਲ ਭੇਜਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਦੀ ਕਿਸਮਤ ਵਿੱਚ ਕੁਝ ਹੋਰ ਹੀ ਸੀ।

ਹਬੀਬਾ ਦੱਸਦੀ ਹੈ, "ਅਸੀਂ ਬਾਨੋ ਨੂੰ ਸ਼੍ਰੀਨਗਰ ਲੈ ਕੇ ਗਏ ਸੀ ਤਾਂ ਜੋ ਉਸਦਾ ਪਾਸਪੋਰਟ ਬਣ ਸਕੇ। ਫਿਰ ਦਿੱਲੀ ਵੀ ਗਏ। ਪਰ ਪਾਸਪੋਰਟ ਦੇਣ ਤੋਂ ਸਰਕਾਰ ਨੇ ਇਨਕਾਰ ਕਰ ਦਿੱਤਾ।"

ਗੁਲਾਮ ਕਾਦਿਰ ਅਤੇ ਬਾਨੋ, ਕਰੀਬ 12 ਸਾਲ ਤੱਕ ਇੱਕ-ਦੂਜੇ ਤੋਂ ਵੱਖ ਰਹੇ ਅਤੇ 1983 ਵਿੱਚ ਹੋਈ ਇੱਕ ਘਟਨਾ ਨੇ ਸਭ ਕੁਝ ਬਦਲ ਦਿੱਤਾ।

ਹਬੀਬਾ ਦੱਸਦੀ ਹੈ, "24 ਅਗਸਤ 1983 ਦੇ ਦਿਨ ਬਾਨੋ ਸ਼ਿਓਕ ਨਦੀ ਵਿੱਚ ਵਹਿ ਗਈ। ਅਸੀਂ ਕਈ ਦਿਨਾਂ ਤੱਕ ਉਸ ਨੂੰ ਲੱਭਦੇ ਰਹੇ ਪਰ ਕੁਝ ਹਾਸਲ ਨਾ ਹੋਇਆ। ਫਿਰ ਪਾਕਿਸਤਾਨੀ ਆਰਮੀ ਪੋਸਟ ਜ਼ਰੀਏ ਭਾਰਤੀ ਫੌਜ ਨੇ ਇੱਕ ਸੰਦੇਸ਼ ਭੇਜਿਆ ਕਿ ਇੱਕ ਔਰਤ ਨਦੀ ਵਿੱਚ ਵਹਿ ਗਈ ਹੈ ਜੇਕਰ ਉਸਦੀ ਲਾਸ਼ ਮਿਲੇ ਤਾਂ ਉਸ ਨੂੰ ਦਫਨਾ ਦਿੱਤਾ ਜਾਵੇ।''

ਕਰੀਬ 10 ਦਿਨ ਬਾਅਦ ਪਾਕਿਸਤਾਨ ਵਿੱਚ ਗੁਲਾਮ ਕਾਦਿਰ ਨੂੰ ਆਪਣੀ ਪਤਨੀ ਦੀ ਲਾਸ਼ ਸ਼ਿਓਕ ਨਦੀ ਦੀ ਘਾਟ 'ਤੇ ਮਿਲਿਆ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਜ਼ਮੀਨ ਵਿੱਚ ਦਫਨਾਇਆ ਗਿਆ।

ਤਸਵੀਰ ਸਰੋਤ, Avani Rai

ਤਸਵੀਰ ਕੈਪਸ਼ਨ,

ਗੁਲਾਮ ਕਾਦਿਰ ਦਾ ਭਰਾ ਸ਼ਮਸ਼ੇਰ ਅਲੀ

ਸ਼ਮਸ਼ੇਰ ਅਲੀ ਕਹਿੰਦੇ ਹਨ, "ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਦੋਵੇਂ ਪਤੀ-ਪਤਨੀ ਜਿਉਂਦੇ ਕਦੇ ਨਹੀਂ ਮਿਲ ਸਕੇ ਅਤੇ ਜਦੋਂ ਮੁਲਾਕਾਤ ਹੋਈ ਵੀ ਤਾ ਇੱਕ ਦੀ ਮੌਤ ਤੋਂ ਬਾਅਦ।''

ਸ਼ਮਸ਼ੇਰ ਕਹਿੰਦੇ ਹਨ ਕਿ ਉਹ ਵੀ ਪਾਕਿਸਤਾਨੀ ਵੀਜ਼ਾ ਲਈ ਅਰਜ਼ੀ ਦੇ ਚੁੱਕੇ ਹਨ ਪਰ ਉਨ੍ਹਾਂ ਨੂੰ ਦਿੱਤਾ ਨਹੀਂ ਗਿਆ। ਪਰ 18 ਸਾਲ ਬਾਅਦ ਉਨ੍ਹਾਂ ਨੂੰ ਆਪਣੇ ਭਰਾ ਨਾਲ ਮਿਲਣ ਦਾ ਰਸਤਾ ਮਿਲਿਆ।

ਅਲੀ ਕਹਿੰਦੇ ਹਨ, "ਇੱਕ ਦਿਨ ਮੈਨੂੰ ਆਪਣੇ ਭਰਾ ਕਾਦਿਰ ਦੀ ਚਿੱਠੀ ਮਿਲੀ ਕਿ ਉਹ ਹੱਜ ਲਈ ਜਾ ਰਿਹਾ ਹੈ। ਤਾਂ ਮੈਂ ਵੀ ਪੈਸੇ ਇਕੱਠੇ ਕੀਤੇ ਅਤੇ 1989 ਵਿੱਚ ਮੱਕਾ ਸ਼ਹਿਰ 'ਚ ਸਾਡੀ ਮੁਲਾਕਾਤ ਹੋ ਸਕੀ।''

ਤਸਵੀਰ ਸਰੋਤ, Avani rai

ਤਸਵੀਰ ਕੈਪਸ਼ਨ,

ਸ਼ਮਸ਼ੇਰ ਅਲੀ ਆਪਣੇ ਪਿੰਡ ਦੇ ਸਾਥੀ ਨਾਲ ਬੈਠੇ ਹੋਏ ਹਨ

ਸ਼ਮਸ਼ੇਰ ਕਹਿੰਦੇ ਹਨ, "ਮੈਂ ਬੁੱਢਾ ਹੋ ਚੁੱਕਿਆ ਹਾਂ। ਮੇਰੀ ਉਮਰ ਦੇ ਕੁਝ ਆਪਣੇ ਲੋਕ ਜੋ ਸਰਹੱਦ ਦੇ ਪਾਰ ਹਨ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ। ਮੈਂ ਬਸ ਆਪਣੇ ਭਰਾ ਕਾਦਿਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੇਖਣਾ ਚਾਹੁੰਦਾ ਹਾਂ। ਉਨ੍ਹਾਂ ਦੇ ਨਾਲ ਬੈਠ ਕੇ ਗੱਲਾਂ ਕਰਨਾ ਚਾਹੁੰਦਾ ਹਾਂ।''

ਕਾਦਿਰ ਕਿਸ ਹਾਲ ਵਿੱਚ ਹਨ?

ਗੁਲਾਮ ਕਾਦਿਰ ਹੁਣ ਰਿਟਾਇਰ ਹੋ ਚੁੱਕੇ ਹਨ। ਉਹ ਪਾਕਿਸਤਾਨੀ ਫੌਜ ਦੇ ਸੂਬੇਦਾਰ ਅਹੁਦੇ 'ਤੇ ਸਨ।

ਉਹ ਕਹਿੰਦੇ ਹਨ, "ਮੈਂ ਅਤੇ ਬਾਨੋ ਕਰੀਬ 12 ਸਾਲ ਤੱਕ ਇਹ ਸੁਪਨਾ ਦੇਖਦੇ ਰਹੇ ਕਿ ਅਸੀਂ ਇੱਕ ਦਿਨ ਜ਼ਰੂਰ ਮਿਲਾਂਗੇ ਅਤੇ ਇੱਕ ਦਿਨ ਇਹ ਸ਼ਿਓਕ ਨਦੀ ਮੈਨੂੰ ਉਸਦੀ ਲਾਸ਼ ਤੱਕ ਲੈ ਕੇ ਆਈ।''

ਤਸਵੀਰ ਸਰੋਤ, Avani Rai

ਤਸਵੀਰ ਕੈਪਸ਼ਨ,

ਤਿਆਕਸ਼ੀ ਪਿੰਡ ਦੇ ਦੂਜੇ ਪਾਸੇ ਨਜ਼ਰ ਆਉਂਦੇ ਕਰਾਕੋਰਮ ਪਰਬਤ

1971 ਦੀ ਜੰਗ ਦੌਰਾਨ ਗੁਲਾਮ ਕਾਦਿਰ ਸਿਆਚਿਨ ਗਲੇਸ਼ੀਅਰ ਦੇ ਦੂਰ-ਦੁਰਾਡੇ ਇਲਾਕੇ ਵਿੱਚ ਤਾਇਨਾਤ ਸਨ। ਉਹ ਦੱਸਦੇ ਹਨ, "ਮੈਂ ਫਰੰਟ ਲਾਈਨ 'ਤੇ ਮੋਰਚਾ ਸੰਭਾਲਿਆ ਹੋਇਆ ਸੀ। ਉਦੋਂ ਮੇਰੇ ਇੱਕ ਸਾਥੀ ਨੇ ਮੈਨੂੰ ਦੱਸਿਆ ਕਿ ਮੇਰੇ ਇਲਾਕੇ ਦੇ ਕੁਝ ਪਿੰਡਾਂ 'ਤੇ ਭਾਰਤੀ ਫੌਜ ਨੇ ਕਬਜ਼ਾ ਕਰ ਲਿਆ ਹੈ।''

ਸ਼ੁਰੂਆਤ ਵਿੱਚ ਕਾਦਿਰ ਨੂੰ ਲੱਗਿਆ ਸੀ ਕਿ ਜੰਗ ਰੁਕਣ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ ਅਤੇ ਉਹ ਆਪਣੇ ਘਰ ਪਰਤ ਸਕਣਗੇ, ਉਹ ਪਰਿਵਾਰ ਨੂੰ ਮਿਲ ਸਕਣਗੇ ਜਾਂ ਘੱਟੋ-ਘੱਟ ਕੁਝ ਕਿੱਲੋਮੀਟਰ ਦੀ ਦੂਰੀ 'ਤੇ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਪਾਕਿਸਤਾਨ ਵਿੱਚ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

ਦੋਵਾਂ ਦੇਸਾਂ ਵਿਚਾਲੇ ਜੰਗ ਤਾਂ ਕੁਝ ਦਿਨ ਬਾਅਦ ਰੁੱਕ ਗਈ ਪਰ ਕਾਦਿਰ ਦੀ ਤਰ੍ਹਾਂ ਹੋਰਨਾਂ ਪਰਿਵਾਰਾਂ ਲਈ ਇਹ ਜੰਗ ਜ਼ਿੰਦਗੀ ਭਰ ਦੇ ਜ਼ਖ਼ਮ ਦੇ ਗਿਆ।

ਤਸਵੀਰ ਕੈਪਸ਼ਨ,

ਬਾਨੋ ਦੀ ਮੌਤ ਤੋਂ ਬਾਅਦ ਕਾਦਿਰ ਨੇ ਸਕਰਦੂ ਪਿੰਡ ਵਿੱਚ ਦੂਜਾ ਵਿਆਹ ਕਰਵਾ ਲਿਆ

ਚਿੱਠੀਆਂ ਜ਼ਰੀਏ ਪਰਿਵਾਰਾਂ ਵਿੱਚ ਗੱਲਬਾਤ ਹੁੰਦੀ ਰਹੀ, ਪਰ ਕਾਦਿਰ ਆਪਣੀ ਮਾਂ ਨੂੰ ਮੁੜ ਵੇਖ ਨਹੀਂ ਸਕੇ। ਬਾਨੋ ਦੀ ਮੌਤ ਤੋਂ ਬਾਅਦ ਕਾਦਿਰ ਨੇ ਸਕਰਦੂ ਪਿੰਡ ਵਿੱਚ ਦੂਜਾ ਵਿਆਹ ਕਰਵਾ ਲਿਆ।

ਉਨ੍ਹਾਂ ਦੇ ਛੋਟੇ ਜਿਹੇ ਕਮਰੇ ਵਿੱਚ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ ਟੰਗੀਆਂ ਹਨ ਜੋ ਉਨ੍ਹਾਂ ਦੀ ਮਾਂ ਨੇ ਚਿੱਠੀਆਂ ਨਾਲ ਉਨ੍ਹਾਂ ਨੂੰ ਭੇਜੀਆਂ ਸਨ। ਕਾਦਿਰ ਦੇ ਕੋਲ ਆਪਣੇ ਪਰਿਵਾਰ ਦੀ ਅਮਾਨਤ ਦੇ ਤੌਰ 'ਤੇ ਬਸ ਕੁਝ ਤਸਵੀਰਾਂ ਵੀ ਬਚੀਆਂ ਹਨ।

'ਫ਼ੋਨ 'ਤੇ ਸੁਣੀ ਮਾਂ ਦੀ ਆਵਾਜ਼ ਤੇ ਬਸ ਰੋਂਦਾ ਹੀ ਰਿਹਾ'

ਉਹ ਦੋ ਦਹਾਕੇ ਪਹਿਲਾਂ ਆਪਣੀ ਮਾਂ ਨਾਲ ਫ਼ੋਨ 'ਤੇ ਹੋਈ ਗੱਲਬਾਤ ਨੂੰ ਯਾਦ ਕਰਦੇ ਹਨ, "ਮੈਨੂੰ ਇੱਕ ਫ਼ੋਨ ਆਇਆ ਤਾਂ ਦੂਜੇ ਪਾਸਿਓਂ ਜਿਹੜੀ ਆਵਾਜ਼ ਸੁਣਾਈ ਦਿੱਤੀ ਉਹ ਮੇਰੀ ਮਾਂ ਦੀ ਆਵਾਜ਼ ਸੀ। ਦੋਵੇਂ ਇੱਕ-ਦੂਜੇ ਦੀ ਆਵਾਜ਼ ਸੁਣ ਕੇ ਰੋਂਦੇ ਰਹੇ ਤੇ ਫੋਨ ਕੱਟ ਗਿਆ। ਮੈਂ ਉਨ੍ਹਾਂ ਨੂੰ ਵਾਪਿਸ ਫ਼ੋਨ ਨਹੀਂ ਕਰ ਸਕਿਆ ਕਿਉਂਕਿ ਇੱਥੋਂ ਭਾਰਤ ਫੋਨ ਮਿਲਾਉਣ 'ਤੇ ਬੈਨ ਹੈ।''

ਆਪਣੇ ਕੰਬਦੇ ਹੋਏ ਹੱਥਾਂ ਨਾਲ ਗੁਲਾਮ ਕਾਦਿਰ ਇੱਕ ਤਸਵੀਰ ਚੁੱਕਦੇ ਹਨ। ਉਹ ਉਨ੍ਹਾਂ ਨੂੰ ਚੁੰਮਦੇ ਹਨ ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲਗਦੇ ਹਨ।

ਤਸਵੀਰ ਕੈਪਸ਼ਨ,

ਕਾਦਿਰ ਕੋਲ ਯਾਦ ਦੇ ਤੌਰ 'ਤੇ ਆਪਣੇ ਪਰਿਵਾਰ ਦੀਆਂ ਕੁਝ ਤਸਵੀਰਾਂ ਹੀ ਬਚੀਆਂ ਹਨ

ਉਹ ਕਹਿੰਦੇ ਹਨ, "ਮੇਰੇ ਮਨ ਦਾ ਇਹ ਮਲਾਲ ਹੁਣ ਮੇਰੇ ਨਾਲ ਹੀ ਜਾਵੇਗਾ ਕਿ ਆਪਣੀ ਮਾਂ ਦੇ ਜਿਉਂਦੇ ਜੀਅ ਮੈਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਿ। ਪਰ ਉਨ੍ਹਾਂ ਦੀ ਇਹ ਤਸਵੀਰ ਮੈਂ ਆਪਣੇ ਨਾਲ ਰੱਖਦਾ ਹਾਂ। ਮੈਂ ਅੱਜ ਤੱਕ ਅਜਿਹੀ ਕੋਈ ਦੁਆ ਨਹੀਂ ਕੀਤੀ ਜਿਸ ਵਿੱਚ ਮੈਂ ਉਸ ਨੂੰ ਯਾਦ ਨਾ ਕੀਤਾ ਹੋਵੇ। ਪਰ ਉਨ੍ਹਾਂ ਦੀ ਤਸਵੀਰ ਨੂੰ ਦੇਖਦੇ-ਦੇਖਦੇ ਜ਼ਿੰਦਗੀ ਖ਼ਤਮ ਹੋ ਜਾਵੇਗੀ, ਇਸ ਦੁਖ਼ ਨੂੰ ਮੈਂ ਕਿਸੇ ਕੋਲ ਬਿਆਨ ਨਹੀਂ ਕਰ ਸਕਦਾ।''

ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਕਾਦਿਰ ਨੇ ਵੀ ਕਈ ਹੋਰ ਪਰਿਵਾਰਾਂ ਦੀ ਤਰ੍ਹਾਂ ਸ਼ਹਿਰਾਂ ਵਿੱਚ ਹੋਣ ਵਾਲੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਹੈ।

ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਚਾਰ ਪਿੰਡਾਂ ਨੂੰ ਪਾਕਿਸਤਾਨ ਨਾਲ ਜੋੜਨ ਵਾਲੀ ਸੜਕ ਖੋਲ੍ਹ ਦੇਵੇ।

ਕਾਦਿਰ ਦਾਅਵਾ ਕਰਦੇ ਹਨ ਕਿ ਉਹ ਇਸ ਮੰਗ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਨੂੰ ਵੀ ਮਿਲ ਚੁੱਕੇ ਹਨ।

ਤਸਵੀਰ ਕੈਪਸ਼ਨ,

ਕਾਦਿਰ ਦੇ ਪਰਿਵਾਰ ਦੀ ਤਸਵੀਰ

ਉਨ੍ਹਾਂ ਦੱਸਿਆ, "ਭੁੱਟੋ ਨੇ ਸਾਨੂੰ ਕਿਹਾ ਸੀ ਕਿ ਇਨ੍ਹਾਂ ਪਿੰਡਾਂ ਨੂੰ ਵਾਪਿਸ ਲਿਆਉਣ ਲਈ ਪਾਕਿਸਤਾਨ ਨੂੰ ਜਾਂ ਤਾਂ ਦੂਜੀ ਜੰਗ ਲੜਨੀ ਪਵੇਗੀ ਜਾਂ ਫਿਰ ਦੋਵਾਂ ਮੁਲਕਾਂ ਵਿਚਾਲੇ ਸੌਦੇਬਾਜ਼ੀ ਹੋਵੇਗੀ ਜੋ ਕਾਫ਼ੀ ਲੰਬੀ ਚੱਲ ਸਕਦੀ ਹੈ। ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਮੈਂ ਸਰਕਾਰ ਅਤੇ ਲੀਡਰਾਂ ਨੂੰ ਚਿੱਠੀਆਂ ਲਿਖਦੇ-ਲਿਖਦੇ ਥੱਕ ਚੁੱਕਾ ਹਾਂ।''

ਅਖ਼ੀਰ ਵਿੱਚ ਉਹ ਕਹਿੰਦ ਹਨ, "ਮੈਂ ਆਪਣੇ ਪਰਿਵਾਰ ਨੂੰ ਸੁਪਨਿਆਂ ਵਿੱਚ ਮਿਲਦਾ ਹਾਂ। ਮੈਂ ਸੁਪਨਿਆਂ ਵਿੱਚ ਉਨ੍ਹਾਂ ਨਾਲ ਗੱਲਾਂ ਕਰਦਾ ਹਾਂ। ਕਿਉਂਕਿ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਦੀ ਸਰਕਾਰ ਮੈਨੂੰ ਅਜਿਹਾ ਕਰਨ ਤੋਂ ਰੋਕ ਸਕਦੀ ਹੈ। ਹੈ ਮਜਾਲ ਤਾਂ ਰੋਕ ਲੈਣ?"

ਚੁਲੂੰਗਖਾ ਪਿੰਡ ਜਿੱਥੇ 1971 ਵਿੱਚ ਗੋਲੇ ਬਰਸੇ ਸਨ

ਦਸੰਬਰ 1971 ਤੱਕ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਦੇ ਬਾਲਤਿਸਤਾਨ ਸੂਬੇ ਦਾ ਪਿੰਡ ਚਾਲੁੰਕਾ ਪਿੰਡ ਪਾਕਿਸਤਾਨ ਕੋਲ ਸੀ। ਪਰ 15 ਦਸੰਬਰ 1971 ਦੀ ਰਾਤ ਪਾਕਿਸਤਾਨ ਦੇ ਚਾਰ ਪਿੰਡਾਂ (ਤੁਰਤੁਕ, ਤਯਕਸ਼ੀ, ਚਾਲੁੰਕਾ ਤੇ ਥਾਂਗ) ਤੇ ਭਾਰਤੀ ਫੌਜ ਨੇ ਕਬਜ਼ਾ ਕੀਤਾ।

ਇਸ ਪਿੰਡ ਵਿੱਚ ਰਹਿਣ ਵਾਲੇ 60 ਸਾਲਾ ਅਬਾਸ ਅਲੀ ਕਹਿੰਦੇ ਹਨ,"1971 ਦੀ ਲੜਾਈ ਦੌਰਾਨ ਚੁਲੂੰਗਖਾ ਪਿੰਡ ਵਿੱਚ ਭਾਰਤ ਤੇ ਪਾਕਿਸਤਾਨ, ਦੋਵਾਂ ਪਾਸਿਓਂ ਕਈ ਬੰਬ ਡਿੱਗੇ ਸਨ। ਇੱਕ ਘਰ ਤੇ ਤਾਂ ਇੱਕੋ ਸਮੇਂ ਤਿੰਨ ਬੰਬ ਡਿੱਗੇ ਸਨ। ਪੂਰੇ ਪਿੰਡ ਨੂੰ ਲੱਗਿਆ ਕਿ ਸਭ ਕੁਝ ਤਬਾਹ ਹੋ ਜਾਵੇਗਾ।"

ਉਸ ਸਮੇਂ ਅਬਾਸ 12 ਸਾਲਾਂ ਦੇ ਸਨ ਪਰ ਲੜਾਈ ਦੀਆਂ ਯਾਦਾਂ ਹਾਲੇ ਤੱਕ ਤਾਜ਼ਾ ਹਨ।

ਤਸਵੀਰ ਸਰੋਤ, Avani rai

ਤਸਵੀਰ ਕੈਪਸ਼ਨ,

ਅਬਾਸ ਅਲੀ

ਆਪਣੇ ਪਿੰਡ ਵਿੱਚ ਉਹ ਗੋਬਾ ਦੇ ਨਾਂ ਨਾਲ ਜਾਣੇ ਜਾਂਦੇ ਹਨ। ਬਾਲਤੀ ਭਾਸ਼ਾ ਵਿੱਚ ਇਸ ਦਾ ਅਰਥ ਹੁੰਦਾ ਹੈ, ਆਗੂ ਅਤੇ ਉਹ ਪਿੰਡ ਦੇ ਮੁਖੀਆ ਹਨ।

ਪਿੰਡ ਵਿੱਚ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਲਈ ਅਬਾਸ ਹੀ ਜ਼ਿੰਮੇਵਾਰ ਹਨ।

ਉਹ ਕਹਿੰਦੇ ਹਨ, "ਜਦੋਂ ਲੜਾਈ ਲੱਗੀ ਤਾਂ ਪਿੰਡ ਵਾਲੇ ਘਰ ਛੱਡ ਕੇ ਜਾਣ ਲੱਗੇ। ਪਾਕਿਸਤਾਨੀ ਫ਼ੌਜ ਵੀ ਇਹੀ ਚਾਹੁੰਦੀ ਸੀ ਕਿ ਜਦੋਂ ਤੱਕ ਲੜਾਈ ਨਹੀਂ ਮੁਕਦੀ, ਲੋਕ ਸੁਰੱਖਿਅਤ ਥਾਵਾਂ ਤੇ ਚਲੇ ਜਾਣ। ਇਸ ਲਈ ਜ਼ਿਆਦਾਤਰ ਲੋਕ ਨਜ਼ਦੀਕੀ ਪਿੰਡ ਫਰਾਨੋ ਚਲੇ ਗਏ। ਜਦਕਿ ਮੇਰੇ ਪਰਿਵਾਰ ਤੇ ਕੁਝ ਹੋਰ ਪਰਿਵਾਰਾਂ ਨੇ ਇੱਕ ਹੋਰ ਪਿੰਡ ਤਯਾਕਸ਼ੀ ਵਿੱਚ ਪਨਾਹ ਲਈ।"

ਕਿਵੇਂ ਉਹ ਪਿੰਡ ਵਿੱਚ ਇਕੱਲੇ ਰਹਿ ਗਏ ਸਨ ਤੇ ਪਿੰਡ ਦੇ ਹਾਲਤਾ ਕਿਹੋ-ਜਿਹੇ ਸਨ। ਇਹ ਦੱਸਦਿਆਂ ਅਬਾਸ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ, "ਜਦੋਂ ਹਾਲਾਤ ਠੀਕ ਹੋਏ ਤਾਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਰਹਿਣ ਵਾਲੇ ਸਿਰਫ਼ ਦੋ ਪਰਿਵਾਰ ਸਨ ਜੋ ਭਾਰਤ ਵਿੱਚ ਰਹਿ ਗਏ ਸਨ। ਜਦਕਿ ਬਾਕੀ 74 ਪਰਿਵਾਰ ਪਾਕਿਸਤਾਨ ਦੇ ਫ਼ਰਾਨੋ ਪਿੰਡ ਪਹੁੰਚ ਗਏ ਸਨ।"

ਤਸਵੀਰ ਸਰੋਤ, Avani rai

ਹੁਣ ਫ਼ਰਾਨੋ ਅਤੇ ਸਾਡੇ ਪਿੰਡ ਦਰਮਿਆਨ ਸਰਹੱਦ ਹੈ ਤੇ ਕਿਸੇ ਵੀ ਪਿੰਡ ਵਾਸੀ ਨੂੰ ਵਾਪਸ ਪਰਤਣ ਦੀ ਆਗਿਆ ਨਹੀਂ ਮਿਲੀ। ਉਹ ਕਹਿੰਦੇ ਹਨ, "ਮੇਰੇ ਪਿਤਾ ਆਪਣੇ ਪਿੰਡ ਦੇ ਲੋਕਾਂ ਦੇ ਬਾਰੇ ਗੱਲਾਂ ਕਰਦਿਆਂ ਗੁਜ਼ਰ ਗਏ। ਉਹ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਕਰਦੇ ਸਨ। ਦੋਵਾਂ ਪਾਸੇ ਕਈ ਸਾਲਾਂ ਤੱਕ ਲੋਕ ਮਿਲਣ ਦੀ ਉਡੀਕ ਕਰਦੇ ਰਹੇ ਪਰ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਦੋਹਾਂ ਮੁਲਕਾਂ ਵਿੱਚ ਹਾਲਾਤ ਠੀਕ ਨਹੀਂ ਹੋਣੇ ਤੇ ਉਮੀਦਾਂ ਟੁੱਟ ਚੁੱਕੀਆਂ ਹਨ।"

ਚਾਲੁੰਕਾ ਪਿੰਡ ਵਿੱਚ ਕਰਾਕੋਰਮ ਦੇ ਪੱਥਰਾਂ ਦੇ ਬਣੇ ਘਰਾਂ ਦੇ ਖੰਡਰ ਹਨ ਜੋਂ ਸਾਲਾਂ ਤੋਂ ਖਾਲੀ ਪਏ ਹਨ। ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਇੱਥੇ ਵਾਪਸ ਨਹੀਂ ਆ ਸਕੇ।

ਇਨ੍ਹਾਂ ਵਿੱਚੋਂ ਕੁਝ ਘਰਾਂ ਨੂੰ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਮਜ਼ਦੂਰਾਂ ਲਈ ਖੋਲ੍ਹਿਆ ਗਿਆ ਹੈ। ਕੁਝ ਘਰਾਂ ਵਿੱਚ ਹੋਰ ਪਿੰਡਾਂ ਦੇ ਸ਼ਰਨਾਰਥੀ ਰਹਿਣ ਲੱਗੇ ਹਨ। ਜਦਕਿ ਮਕਾਨਾਂ ਦੇ ਮਾਲਕ ਸਰਹੱਦ ਦੇ ਪਰਲੇ ਪਾਸੇ ਆਪਣਿਆਂ ਨੂੰ ਮਿਲਣ ਲਈ ਅੱਜ ਵੀ ਬੇਸਬਰੇ ਹਨ।

ਇਹ ਵੀ ਪੜ੍ਹੋ:

ਚੁਲੂੰਗਖਾ ਦੇ ਲੋਕ, ਵਾਪਸ ਨਹੀਂ ਮੁੜੇ

1971 ਵਿੱਚ ਜਿਹੜੇ ਜਵਾਨ ਸਨ। ਉਹ ਦਸਦੇ ਹਨ ਕਿ ਪਾਕਿਸਤਾਨੀ ਫ਼ੌਜੀਆਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਰਹੱਦ ਤੋਂ ਦੂਰ ਕਿਸੇ ਹੋਰ ਪਿੰਡ ਵਿੱਚ ਚਲੇ ਜਾਣ।

ਚੋ ਦਾ ਕਹਿਣਾ ਹੈ ਕਿ, "ਅਸੀਂ ਤਿੰਨ ਦਿਨ ਤੱਕ ਆਪਣੇ ਘਰ ਵਿੱਚ ਰਹੇ। ਫਿਰ ਸਾਡੇ ਤੇ ਸ਼ੈਲਿੰਗ ਹੋਣ ਲੱਗੀ। ਭਾਰਤੀ ਫੌਜ ਸਾਡੇ ਘਰਾਂ ਤੇ ਬੰਬ ਬਰਸਾਉਣ ਲੱਗੀ। ਫਿਰ ਅਸੀਂ ਘਰ ਛੱਡ ਕੇ ਤੁਰਤੁਕ ਲਈ ਨਿਕਲ ਤੁਰੇ ਜੋ ਲਗਭਗ ਛੇ ਮੀਲ ਸੀ।"

ਉਨ੍ਹਾਂ ਮੁਤਾਬਕ, " ਉਸ ਸਮੇਂ ਠੰਢ ਸੀ ਤੇ ਲਗਾਤਾਰ ਮੀਂਹ ਪੈ ਰਿਹਾ ਸੀ। ਅਸੀਂ ਕਈ ਦਿਨਾਂ ਤੱਕ ਤੁਰਦੇ ਰਹੇ। ਜਦੋਂ ਮੀਂਹ ਪੈਂਦਾ ਤਾਂ ਅਸੀਂ ਵੱਡੀਆਂ ਚੱਟਾਨਾਂ ਥੱਲੇ ਲੁਕ ਜਾਂਦੇ। ਅਸੀਂ ਤਿੰਨ ਹੋਰ ਪਿੰਡਾਂ ਨੂੰ ਪਾਰ ਕੀਤਾ, ਇਸ ਤੋਂ ਬਾਅਦ ਫ਼ਰਾਨੋ ਪਿੰਡ ਪੜਾਅ ਕੀਤਾ। ਸਾਨੂੰ ਇੱਥੇ ਕਿਹਾ ਗਿਆ ਕਿ ਹੁਣ ਅਸੀਂ ਆਪਣੇ ਪਿੰਡ ਨਹੀਂ ਜਾ ਸਕਦੇ ਕਿਉਂਕਿ ਹੁਣ ਨਵਾਂ ਬਾਰਡਰ ਬਣ ਚੁੱਕਿਆ ਹੈ।

ਫ਼ਰਾਨੋ ਹੁਣ ਪਾਕਿਸਤਾਨ ਦਾ ਆਖ਼ਰੀ ਸਰਹੱਦੀ ਪਿੰਡ ਹੈ। ਜਿੱਥੇ ਮੀਡੀਆ ਨੂੰ ਜਾਣ ਦੀ ਆਗਿਆ ਨਹੀਂ ਹੈ। ਚੋ ਅਤੇ ਉਨ੍ਹਾਂ ਦੇ ਸਾਥੀ ਪਿੰਡ ਵਾਲੇ ਸੱਤ ਸਾਲ ਤੱਕ ਇੱਥੇ ਇੱਕ ਟੈਂਟ ਲਾ ਕੇ ਰਹੇ ਸਨ।

ਉਹ ਨਵੀਂ ਸਰਹੱਦ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ ਤਾਂ ਕਿ ਉਹ ਵਾਪਸ ਆਪਣੇ ਪਿੰਡ ਜਾ ਸਕਣ।

ਤਸਵੀਰ ਸਰੋਤ, Emily Garthwaite

ਪਰ ਉਨ੍ਹਾਂ ਦੀ ਉਮੀਦ ਕਦੇ ਪੂਰੀ ਨਹੀਂ ਹੋਈ। ਅਖ਼ੀਰੀ ਉਨ੍ਹਾਂ ਨੇ ਇੱਕ ਬਿਹਤਰ ਥਾਂ ਜਾਣ ਦਾ ਫ਼ੈਸਲਾ ਕੀਤਾ ਤੇ ਉੱਥੇ ਜਾ ਕੇ ਇੱਕ ਆਰਜੀ ਘਰ ਬਣਾਇਆ। ਲੇਕਿਨ ਸਰਹੱਦ ਖੁੱਲ੍ਹਣ ਦੀ ਉਡੀਕ ਉਨ੍ਹਾਂ ਨੂੰ ਉੱਥੇ ਵੀ ਲੱਗੀ ਰਹੀ।

ਚੋ ਕਹਿੰਦੇ ਹਨ, "ਮਗਰੋਂ ਸਾਡੇ ਵਿੱਚੋਂ ਅੱਧੇ ਜਣੇ ਕੰਮ ਦੀ ਭਾਲ ਵਿੱਚ ਪਾਕਿਸਤਾਨ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਚਲੇ ਗਏ ਤੇ ਬਾਕੀ ਬਚੇ ਆਪਣੇ ਘਰ ਬਣਾਉਣ ਵਿੱਚ ਲੱਗ ਗਏ।"

ਕੁਝ ਹੋਰ ਸਾਲ ਇੱਥੇ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਲੱਗਿਆ ਕਿ ਸਰਹੱਦ ਹੁਣ ਕਦੇ ਨਹੀਂ ਖੁੱਲ੍ਹੇਗੀ, ਇਸ ਤੋਂ ਬਾਅਦ ਉਹ ਦੂਜੇ ਸ਼ਹਿਰਾਂ ਵੱਲ ਤੁਰ ਪਏ।

ਚਲੁੰਕਾ, 16 ਦਸੰਬਰ 1971 ਤੱਕ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਦਾ ਆਖ਼ਰੀ ਪਿੰਡ ਸੀ।

370 ਹਟਣ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਲਈ ਕਈ ਬਦਲਿਆ

5 ਅਗਸਤ 2019 ਨੂੰ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾ ਦਿੱਤਾ ਜੋ ਸਾਬਕਾ ਸੂਬੇ ਨੂੰ ਖ਼ਾਸ ਦਰਜਾ ਤੇ ਕਈ ਮਾਮਲਿਆਂ ਵਿੱਚ ਖ਼ੁਦਮੁਖ਼ਤਾਰੀ ਦਿੰਦੀ ਸੀ।

ਧਾਰਾ 370 ਹਟਾਏ ਜਾਣ ਦੇ ਇੱਕ ਪਾਸੜ ਫ਼ੈਸਲੇ ਤੋਂ ਬਾਅਦ ਭਾਰਤ ਸਰਕਾਰ ਨੇ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਇਸ ਨੂੰ ਘੱਟ ਸ਼ਕਤੀ ਵਾਲੇ ਕੇਂਦਰ ਸ਼ਾਸ਼ਿਤ ਪ੍ਰਦੇਸ਼— 'ਜੰਮੂ ਅਤੇ ਕਸ਼ਮੀਰ' ਤੇ ਲਦਾਖ਼ ਬਣਾ ਦਿੱਤੇ।

ਵਿਛੜੋ ਹੋਏ ਪਰਿਵਾਰਾਂ ਦੇ ਚਾਰ ਪਿੰਡ ਹੁਣ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲਦਾਖ਼ ਦਾ ਹਿੱਸਾ ਹਨ ਜੋ ਕਿ ਇੱਕ ਬੋਧ ਵਸੋਂ ਵਾਲਾ ਇਲਾਕ ਹੈ।

ਤਯਾਕਸ਼ੀ ਪਿੰਡ ਦੇ ਗ਼ੁਲਾਮ ਹੁਸੈਨ ਇੱਕ ਸਮਾਜਿਕ ਕਾਰਕੁੰਨ ਹਨ। ਉਹ 1997 ਤੋਂ ਬਾਲਟੀ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕੁਝ ਤੇ ਕੁਝ ਹੋਰ ਜਣਿਆਂ ਨੇ ਮਿਲ ਕੇ ਵਿਛੜਿਆਂ ਪਰਿਵਾਰਾਂ ਨੂੰ ਆਡੀਓ ਤੇ ਵੀਡੀਓ ਸੁਨੇਹਿਆਂ ਰਾਹੀਂ ਪਾਕਿਸਤਾਨ ਵਿੱਚ ਉਨ੍ਹਾਂ ਦੇ ਸਾਕ-ਸੰਬਧੀਆਂ ਨਾਲ ਜੋੜਨ ਦਾ ਕੰਮ ਕੀਤਾ ਹੈ।

ਤਸਵੀਰ ਸਰੋਤ, Emily Garthwaite

ਤਸਵੀਰ ਕੈਪਸ਼ਨ,

ਚਾਲੁੰਕਾ ਪਿੰਡ

ਉਨ੍ਹਾਂ ਨੇ ਇਹ ਸਭ ਇੰਟਰਨੈਟ ਤੇ ਟੇਪਾਂ ਰਾਹੀਂ ਕੀਤਾ ਹੈ।

ਉਹ ਕਹਿੰਦੇ ਹਨ, "ਮੈਂ ਆਪਣਿਆਂ ਤੋਂ ਵਿਛੜਨ ਦਾ ਦਰਦ ਸਮਝਦਾ ਹਾਂ। ਮੇਰੇ ਆਪਣੇ ਰਿਸ਼ਤੇਦਾਰ ਸਰਹੱਦ ਦੇ ਪਾਰ ਰਹਿੰਦੇ ਹਨ। ਇਸ ਲਈ ਮੈਂ ਘੱਟੋ-ਘੱਟ ਵੀਡੀਓ ਜਾਂ ਆਡੀਓ ਸੁਨੇਹਿਆਂ ਰਾਹੀਂ ਤਾਂ ਉਨ੍ਹਾਂ ਪਰਿਵਾਰਾਂ ਨੂੰ ਮਿਲਵਾਉਣਾ ਚਾਹੁੰਦਾ ਸੀ।"

ਹੁਣ ਪਿੰਡ ਵਾਲਿਆਂ ਦੇ ਦਿਲਾਂ ਵਿੱਚ ਡਰ ਬੈਠ ਗਿਆ ਹੈ। ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਉਮੀਦ ਬਿਲਕੁਲ ਟੁੱਟ ਗਈ ਹੈ।

ਹੁਸੈਨ ਕਹਿੰਦੇ ਹਨ, " ਇਸ ਤੋਂ ਪਹਿਲਾਂ ਕਸ਼ਮੀਰ ਦੇ ਨੇਤਾ ਭਾਰਤ ਤੇ ਪਾਕਿਸਤਾਨ ਵਿਚਲੇ ਰਾਹ ਖੁੱਲ੍ਹਣ ਦੀ ਗੱਲ ਕਰਦੇ ਸਨ। ਦੋਵਾਂ ਖੇਤਰਾਂ ਵਿੱਚ ਕਾਰੋਬਾਰ ਸ਼ੁਰੂ ਹੋਣ ਦੀ ਗੱਲ ਕਰਦੇ ਸਨ। ਲੇਕਿਨ ਹੁਣ ਅਜਿਹਾ ਨਹੀਂ ਹੋ ਰਿਹਾ।"

"ਅਸੀਂ ਭਾਰਤ ਤੇ ਪਾਕਿਸਤਾਨ ਦੀ ਸਿਆਸਤ ਦੇ ਪੁੜਾਂ ਵਿਚਕਾਰ ਪਿਸ ਰਹੇ ਹਾਂ। ਜਦੋਂ ਵੀ ਹਾਲਾਤ ਸੁਧਰਣ ਦੀ ਉਮੀਦ ਜਾਗਦੀ ਹੈ, ਉਸੇ ਸਮੇਂ ਅਚਾਨਕ ਦੋਵਾਂ ਮੁਲਕਾਂ ਦਰਮਿਆਨ ਕੁਝ ਹੋ ਜਾਂਦਾ ਹੈ ਤੇ ਸਾਡੀ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਉਮੀਦ ਧੁੰਦਲੀ ਪੈ ਜਾਂਦੀ ਹੈ।"

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)