CAA ਦਾ ਵਿਰੋਧ ਕਰਨ ਵਾਲੇ ਕੈਪਟਨ ਤੇ ਮਮਤਾ ਬੈਨਰਜੀ ਵਰਗੇ ਮੁੱਖ ਮੰਤਰੀਆਂ ਨੂੰ ਮੋਦੀ ਦੀ ਨਸੀਹਤ, ਪੰਜ ਅਹਿਮ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੈਪਟਨ ਤੇ ਮਮਤਾ ਬੈਨਰਜੀ ਵਰਗੇ ਮੁੱਖ ਮੰਤਰੀਆਂ ਨੂੰ ਪੀਐਮ ਮੋਦੀ ਦੀ ਨਸੀਹਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਸਖ਼ਤ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੁਝ ਮੁੱਖ ਮੰਤਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਰਾਜਾਂ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ ਲਾਗੂ ਨਹੀਂ ਕਰਨਗੇ।

ਉਹਨਾਂ ਕਿਹਾ, "ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਹਿਣ ਅਤੇ ਜਨਤਕ ਤੌਰ 'ਤੇ ਸ਼ਰਮਿੰਦਾ ਹੋਣ ਤੋਂ ਪਹਿਲਾਂ ਐਡਵੋਕੇਟ ਜਨਰਲ ਨਾਲ ਸਲਾਹ ਲੈਣੀ ਚਾਹੀਦੀ ਸੀ।"

ਮਮਤਾ ਬੈਨਰਜੀ ਨੇ ਵੀ ਪੀਐਮ ਮੋਦੀ ਨੂੰ ਇਸਦਾ ਜਵਾਬ ਦਿੰਦਿਆ ਕਿਹਾ ਕਿ ਪੀਐਮ ਮੋਦੀ ਜੋ ਕਹਿ ਰਹੇ ਹਨ ਉਹ ਅਮਿਤ ਸ਼ਾਹ ਦੀਆਂ ਗੱਲਾਂ ਤੋਂ ਬਿਲਕੁਲ ਉਲਟ ਹੈ।

ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਧੰਨਵਾਦ ਰੈਲੀ' ਕੀਤੀ। ਇਸ ਰੈਲੀ ਨੂੰ ਅਸਲ ਵਿੱਚ ਭਾਜਪਾ ਦਾ ਦਿੱਲੀ ਵਿੱਚ ਚੋਣਾਂ ਲਈ ਆਗਾਜ਼ ਮੰਨਿਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਮੋਦੀ ਦੀ ਇਸ ਵੱਡੀ ਰੈਲੀ 'ਤੇ ਟਿਕੀਆਂ ਹੋਈਆਂ ਸਨ । ਲੋਕ ਜਾਣਨਾ ਚਾਹੁੰਦੇ ਸਨ ਕਿ ਰਾਜਧਾਨੀ ਦਿੱਲੀ ਤੋਂ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਕੀ ਸਪੱਸ਼ਟੀਕਰਨ ਦੇਣਗੇ।

ਇਹ ਵੀ ਪੜ੍ਹੋ

ਉਨ੍ਹਾਂ ਮੰਚ ਤੇ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾ ਹੀ ਕਿਹਾ, ''ਅਨੇਕਤਾ 'ਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।''

ਉਨ੍ਹਾਂ ਦੇਸ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਕਿਹਾ, ''ਤੁਹਾਡਾ ਜਿੰਨਾ ਗੁੱਸਾ ਹੈ ਉਹ ਮੋਦੀ 'ਤੇ ਕੱਢੋ। ਪੁਤਲਾ ਸਾੜਨਾ ਹੈ ਤਾਂ ਮੋਦੀ ਦਾ ਸਾੜੋ, ਕਿਸੇ ਗਰੀਬ ਦੀ ਝੋਂਪੜੀ ਨਾ ਸਾੜੋ।''

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਪੁਤਲਾ ਸਾੜਨਾ ਹੈ ਤਾਂ ਮੋਦੀ ਦਾ ਸਾੜੋ, ਕਿਸੇ ਗਰੀਬ ਦੀ ਝੋਂਪੜੀ ਨਾ ਸਾੜੋ - ਮੋਦੀ

ਅਸਾਮ ਡਿਟੇਂਸ਼ਨ ਕੈਂਪ: ਮੋਦੀ ਦੇ ਦਾਅਵੇ ਕਿੰਨ੍ਹੇ ਸਹੀ?

ਸ਼ਨੀਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੇਂਸ਼ਨ ਕੇਂਦਰ ਨਹੀਂ ਹੈ, ਉਨ੍ਹਾਂ ਇਸ ਨੂੰ ਇੱਕ ਅਫ਼ਵਾਹ ਦੱਸਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਿਰਫ਼ ਕਾਂਗਰਸ ਅਤੇ ਸ਼ਹਿਰੀ ਨਕਸਲਵਾਦੀਆਂ ਵਲੋਂ ਉਡਾਈ ਗਈ ਡਿਟੇਂਸ਼ਨ ਕੇਂਦਰਾਂ ਦੀਆਂ ਅਫਵਾਹਾਂ ਝੂਠੀਆਂ, ਬਦ-ਇਰਾਦੇ ਵਾਲੀਆਂ, ਦੇਸ਼ ਨੂੰ ਬਰਬਾਦ ਕਰਨ ਦੇ ਨਾਪਾਕ ਇਰਾਦਿਆਂ ਨਾਲ ਭਰੀਆਂ ਹਨ - ਇਹ ਝੂਠ ਹੈ, ਝੂਠ ਹੈ, ਝੂਠ ਹੈ।"

ਉਹਨਾਂ ਕਿਹਾ, "ਅਫ਼ਵਾਹ ਹੈ ਕਿ ਦੇਸ਼ ਦੇ ਮੁਸਲਮਾਨਾਂ ਨੂੰ ਡਿਟੇਂਸ਼ਨ ਕੇਂਦਰ ਵਿੱਚ ਭੇਜਿਆ ਜਾ ਰਿਹਾ ਹੈ, ਜਦਕਿ ਭਾਰਤ ਵਿੱਚ ਕੋਈ ਡਿਟੇਂਸ਼ਨ ਕੇਂਦਰ ਨਹੀਂ ਹੈ। ਇਹ ਸਰਾਸਰ ਇੱਕ ਝੂਠ ਹੈ, ਇਹ ਇੱਕ ਮਾੜੀ ਸੋਚ ਵਾਲੀ ਖੇਡ ਹੈ, ਇਹ ਇੱਕ ਨਾਪਾਕ ਖੇਡ ਹੈ। ਮੈਂ ਹੈਰਾਨ ਹਾਂ ਕਿ ਝੂਠ ਬੋਲਣ ਵਾਲੇ ਕਿਸ ਹੱਦ ਤੱਕ ਜਾ ਸਕਦੇ ਹਨ। "

ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਦੇ ਉਲਟ, ਸਾਲ 2018 ਵਿੱਚ ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਇੱਕ ਰਿਪੋਰਟ ਵਿੱਚ ਨਜ਼ਰਬੰਦੀ ਕੇਂਦਰ ਤੋਂ ਬਾਹਰ ਆਉਣ ਵਾਲੇ ਲੋਕਾਂ ਦੀ ਕਹਾਣੀ ਦੱਸੀ ਗਈ ਹੈ।

ਤਸਵੀਰ ਕੈਪਸ਼ਨ,

ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਡਿਟੇਂਸ਼ਨ ਕੈਂਪ 'ਤੇ ਰਿਪੋਰਟ

ਇਸੇ ਤਰ੍ਹਾਂ ਬੀਬੀਸੀ ਦੀ ਪੱਤਰਕਾਰ ਪ੍ਰਿਯੰਕਾ ਦੂਬੇ ਨੇ ਅਸਾਮ ਦੇ ਨਜ਼ਰਬੰਦੀ ਕੇਂਦਰਾਂ ਨਾਲ ਸਬੰਧਤ ਰਿਪੋਰਟਾਂ ਵੀ ਦਿੱਤੀਆਂ ਹਨ।

ਤਸਵੀਰ ਕੈਪਸ਼ਨ,

ਬੀਬੀਸੀ ਦੀ ਪੱਤਰਕਾਰ ਪ੍ਰਿਯੰਕਾ ਦੂਬੇ ਦੀ ਅਸਾਮ ਦੇ ਡਿਟੇਂਸ਼ਨ ਕੇਂਦਰਾਂ ਨਾਲ ਸਬੰਧਤ ਰਿਪੋਰਟ

ਹਿੰਸਾ ਭੜਕਾਉਣ ਦੇ ਇਲਜ਼ਾਮਾਂ 'ਚ ਸਾਬਕਾ ਆਈਪੀਐਸ ਨੂੰ ਭੇਜਿਆ ਜੇਲ੍ਹ

ਉੱਤਰ ਪ੍ਰਦੇਸ਼ ਪੁਲਿਸ ਨੇ 19 ਦਸੰਬਰ ਨੂੰ ਲਖਨਉ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਸੇਵਾਮੁਕਤ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ ਸਰੋਤ, S R DARAPURI_FACEBOOK

ਤਸਵੀਰ ਕੈਪਸ਼ਨ,

ਲਖਨਉ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਸੇਵਾਮੁਕਤ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ ਗ੍ਰਿਫ਼ਤਾਰ

19 ਦਸੰਬਰ ਨੂੰ ਹੋਈ ਹਿੰਸਾ ਵਿੱਚ ਹੁਣ ਤੱਕ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜਿਆ ਗਿਆ ਹੈ। ਜਦੋਂ ਕਿ ਕਈਆਂ ਦੀ ਭਾਲ ਅਜੇ ਜਾਰੀ ਹੈ।

ਹਜ਼ਰਤਗੰਜ ਦੇ ਪੁਲਿਸ ਅਧਿਕਾਰੀ ਅਭੈ ਕੁਮਾਰ ਮਿਸ਼ਰਾ ਨੇ ਇਸ ਸਬੰਧ ਵਿੱਚ ਬੀਬੀਸੀ ਨੂੰ ਦੱਸਿਆ, "ਐਸਆਰ ਦਾਰਾਪੁਰੀ ਨੂੰ ਧਾਰਾ 120 ਬੀ ਦੇ ਤਹਿਤ ਹਿੰਸਾ ਭੜਕਾਉਣ ਅਤੇ ਸਾਜਿਸ਼ ਰਚਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਫਿਰ ਸ਼ਨੀਵਾਰ ਨੂੰ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਕੇਸ ਵਿੱਚ ਗ੍ਰਿਫਤਾਰੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੌਮਾਂਤਰੀ ਪ੍ਰੈੱਸ ਵੀ ਨਾਗਰਿਕਤਾ ਕਾਨੂੰਨ ਦੇ ਮੁੱਦੇ ’ਤੇ ਮੋਦੀ ਉੱਤੇ ਖੜ੍ਹੇ ਕਰ ਰਹੀ ਹੈ ਸਵਾਲ

ਮੋਦੀ ਦੇਸ਼ ਵਿੱਚ ਹਿੰਦੂ ਏਜੰਡਾ ਥੋਪਣ ਦੀ ਕੋਸ਼ਿਸ਼ ਕਰ ਰਹੇ - ਕੌਮਾਂਤਰੀ ਮੀਡੀਆ

ਨਾਗਰਿਕਤਾ ਸੋਧ ਕਾਨੂੰਨ 'ਤੇ ਭਾਰਤੀ ਸੰਸਦ ਦੀ ਮੋਹਰ ਲੱਗਣ ਤੋਂ ਬਾਅਦ ਹੀ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ।

ਪਿਛਲੇ ਦੋ ਤਿੰਨ ਦਿਨਾਂ ਤੋਂ ਕੌਮਾਂਤਰੀ ਪ੍ਰੈੱਸ ਦਾ ਵੀ ਇਸ ਵਿਸ਼ੇ ਵੱਲ ਧਿਆਨ ਗਿਆ ਹੈ ਅਤੇ ਇਸ ਬਾਰੇ ਕਾਫ਼ੀ ਕੁਝ ਲਿਖਿਆ ਜਾ ਰਿਹਾ ਹੈ।

ਅਮਰੀਕੀ ਅਖ਼ਬਾਰ 'ਦਿ ਵਾਲ ਸਟਰੀਟ ਜਰਨਲ' ਨੇ ਲਿਖਿਆ ਹੈ ਕਿ ਭਾਰਤ ਵਿੱਚ ਹੋ ਰਹੇ ਇਨ੍ਹਾਂ ਮੁਜ਼ਾਹਰਿਆਂ ਰਾਹੀਂ ਭਾਰਤੀ ਮੁਸਲਮਾਨ ਮੋਦੀ ਸਰਕਾਰ ਨੂੰ ਪਿੱਛੇ ਧੱਕਣ ਦੇ ਯਤਨ ਕਰ ਰਹੇ ਹਨ।

'ਨਿਊ ਯਾਰਕ ਟਾਈਮਜ਼' ਨੇ ਲਿੱਖਿਆ ਹੈ, 'ਮੋਦੀ ਦੇਸ਼ ਵਿੱਚ ਹਿੰਦੂ ਏਜੰਡਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਧਰਮ ਨਿਰਪੇਖ ਭਾਰਤ ਉਸ ਦਾ ਜਵਾਬ ਦੇਣ ਲਈ ਉੱਠ ਖੜ੍ਹਾ ਹੋਇਆ ਹੈ।'

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਅੱਗ ਨੇ ਇੱਕ ਆਸਟਰੇਲੀਆਈ ਕਮਿਉਨਿਟੀ ਨੂੰ ਲਗਭਗ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ

ਆਸਟਰੇਲੀਆ: ਜੰਗਲ ਦੀ ਅੱਗ ਕਾਰਨ ਤਬਾਹੀ ਦਾ ਮੰਜ਼ਰ ਅਜੇ ਵੀ ਜਾਰੀ

ਨਿਉ ਸਾਉਥ ਵੇਲਜ਼ ਦੇ ਨੇਤਾ, ਗਲੇਡਿਸ ਬੇਰੇਜਿਕਲੀਅਨ ਦਾ ਕਹਿਣਾ ਹੈ ਕਿ "ਤਬਾਹੀ" ਅੱਗ ਦੀਆਂ ਸਥਿਤੀਆਂ ਨੇ ਇੱਕ ਆਸਟਰੇਲੀਆਈ ਕਮਿਉਨਿਟੀ ਨੂੰ ਲਗਭਗ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

ਸਿਡਨੀ ਦੇ ਦੱਖਣ-ਪੱਛਮ ਵਿੱਚ ਬਾਲਮਰਾਲ ਕਸਬੇ ਦਾ "ਬਹੁਤਾ ਕੁਝ ਨਹੀਂ ਬਚਿਆ" ਹੈ, ਜਿਥੇ ਤਕਰੀਬਨ 400 ਲੋਕ ਰਹਿੰਦੇ ਹਨ।

ਅੱਗ ਬੁਝਾਅ ਕਰਮਚਾਰੀ ਕਈ ਸੂਬਿਆਂ ਵਿੱਚ ਖੁਸ਼ਕ ਅਤੇ ਗਰਮ ਹਾਲਤਾਂ 'ਚ ਝੁਲਸ ਰਹੀ ਅੱਗ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।

ਸਤੰਬਰ ਤੋਂ, ਆਸਟਰੇਲੀਆ ਦੀ ਬੁਸ਼ਫਾਇਰ ਐਮਰਜੈਂਸੀ ਵਿੱਚ ਘੱਟੋ ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਹੈ, ਸੈਂਕੜੇ ਘਰ ਤਬਾਹ ਹੋ ਗਏ ਹਨ ਅਤੇ ਲੱਖਾਂ ਹੈਕਟੇਅਰ ਜ਼ਮੀਨ ਝੁਲਸ ਗਈ ਹੈ।

ਇਹ ਵੀ ਦੇਖੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)