ਕੌਣ ਹਨ ਆਈਪੀਐੱਸ ਅਫ਼ਸਰ ਦਾਰਾਪੁਰੀ, ਜਿਸ ਨੂੰ ਯੂਪੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ

ਸੇਵਾਮੁਕਤ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ

ਤਸਵੀਰ ਸਰੋਤ, S R DARAPURI_FACEBOOK

ਤਸਵੀਰ ਕੈਪਸ਼ਨ,

ਸੇਵਾਮੁਕਤ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ ਨੂੰ ਪੁਲਿਸ ਨੇ ਭੇਜਿਆ ਹਿਰਾਸਤ ’ਚ

ਉੱਤਰ ਪ੍ਰਦੇਸ਼ ਪੁਲਿਸ ਨੇ 19 ਦਸੰਬਰ ਨੂੰ ਲਖਨਉ ਵਿੱਚ ਹੋਏ ਹਿੰਸਕ ਮੁਜ਼ਾਹਰਿਆਂ ਦੇ ਸਬੰਧ ਵਿੱਚ ਸੇਵਾਮੁਕਤ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

19 ਦਸੰਬਰ ਨੂੰ ਹੋਈ ਹਿੰਸਾ ਵਿੱਚ ਹੁਣ ਤੱਕ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜਿਆ ਗਿਆ ਹੈ। ਜਦੋਂ ਕਿ ਕਈਆਂ ਦੀ ਭਾਲ ਅਜੇ ਜਾਰੀ ਹੈ।

ਹਜ਼ਰਤਗੰਜ ਦੇ ਪੁਲਿਸ ਅਧਿਕਾਰੀ ਅਭੈ ਕੁਮਾਰ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ, "ਐਸਆਰ ਦਾਰਾਪੁਰੀ ਨੂੰ ਧਾਰਾ 120 ਬੀ ਦੇ ਤਹਿਤ ਹਿੰਸਾ ਭੜਕਾਉਣ ਅਤੇ ਸਾਜਿਸ਼ ਰਚਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਫਿਰ ਸ਼ਨੀਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਕੇਸ ਵਿੱਚ ਗ੍ਰਿਫਤਾਰੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ

19 ਦਸੰਬਰ ਨੂੰ ਕਈ ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਨਾਗਰਿਕਤਾ ਸੋਧ ਐਕਟ ਵਿਰੁੱਧ ਮੁਜ਼ਾਹਰਾ ਕੀਤਾ ਸੀ। ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਮੁਜ਼ਾਹਰਿਆਂ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਈ ਸੀ। ਕਈ ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲਖਨਉ ਦੇ ਪਰਿਵਰਤਨ ਚੌਂਕ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਆਸ ਪਾਸ ਦੇ ਇਲਾਕਿਆਂ ਵਿੱਚ ਹੋਈ ਹਿੰਸਾ ਦੀ ਤਸਵੀਰ

ਲਖਨਉ ਦੇ ਪਰਿਵਰਤਨ ਚੌਂਕ ਵਿਖੇ ਹੋਏ ਰੋਸ ਮੁਜ਼ਾਹਰੇ ਦੌਰਾਨ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਹਿੰਸਾ ਹੋਈ ਸੀ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ।

ਰੋਸ ਮੁਜ਼ਾਹਰੇ ਤੋਂ ਇਲਾਵਾ ਜ਼ਖਮੀਆਂ ਵਿੱਚ ਕਈ ਪੁਲਿਸ ਅਧਿਕਾਰੀ ਅਤੇ ਮੀਡੀਆ ਕਰਮੀ ਵੀ ਸ਼ਾਮਲ ਸਨ।

'ਪ੍ਰਦਰਸ਼ਨ ਤੋਂ ਪਹਿਲਾਂ ਕੀਤਾ ਸੀ ਨਜ਼ਰਬੰਦ'

ਜਿਵੇਂ ਹੀ ਰੋਸ ਮੁਜ਼ਾਹਰੇ ਹਿੰਸਕ ਹੋਏ, ਪੁਲਿਸ ਨੇ ਲੋਕਾਂ ਦੀ ਫੜੋ-ਫੜੀ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਵੀਡੀਓ ਫੁਟੇਜ ਦੇ ਅਧਾਰ 'ਤੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।

ਪਰ ਪੁਲਿਸ ਅਨੁਸਾਰ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਸਾਬਤ ਨਹੀਂ ਹੋ ਸਕੀ, ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਐਸ ਆਰ ਦਾਰਾਪੁਰੀ ਦੇ ਰਿਸ਼ਤੇਦਾਰਾਂ ਮੁਤਾਬਕ, ਮੁਜ਼ਾਹਰੇ ਤੋਂ ਪਹਿਲਾਂ ਹੀ ਪੁਲਿਸ ਨੋ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ।

ਇਨ੍ਹਾਂ ਲੋਕਾਂ ਦੇ ਅਨੁਸਾਰ ਐਸ ਆਰ ਦਾਰਾਪੁਰੀ ਨੂੰ ਇਸ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ ਕਿਉਂਕਿ ਉਹ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੇ ਸਨ।

ਇਹ ਵੀ ਪੜ੍ਹੋ

'ਅਸਫ਼ਲਤਾ ਨੂੰ ਲੁਕਾਉਣ ਲਈ ਬੁੱਧੀਜੀਵੀਆਂ ਨੂੰ ਨਿਸ਼ਾਨਾ ਬਣਾਉਣਾ'

ਐਸਆਰ ਦਾਰਾਪੁਰੀ ਆਈਪੀਐਸ ਰਹਿ ਚੁੱਕੇ ਹਨ ਅਤੇ ਉੱਤਰ ਪ੍ਰਦੇਸ਼ ਪੁਲਿਸ ਵਿੱਚ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸਮਾਜਿਕ ਮਾਮਲਿਆਂ ਅਤੇ ਅੰਦੋਲਨਾਂ ਵਿੱਚ ਉਹਨਾਂ ਦੀ ਅਕਸਰ ਭਾਗੀਦਾਰੀ ਰਹੀ ਹੈ।

ਲਖਨਉ 'ਚ ਰਹਿਣ ਵਾਲੇ ਮੈਗਸੇਸੇ ਐਵਾਰਡ ਜੇਤੂ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਸੰਦੀਪ ਪਾਂਡੇ ਦਾ ਕਹਿਣਾ ਹੈ ਕਿ 19 ਦਸੰਬਰ ਨੂੰ ਹੋਏ ਰੋਸ ਮੁਜ਼ਾਹਰੇ ਤੋਂ ਪਹਿਲਾਂ ਪੁਲਿਸ ਨੇ ਕਈ ਬੁੱਧੀਜੀਵੀਆਂ ਨੂੰ ਘਰ ਵਿਚ ਨਜ਼ਰਬੰਦ ਰੱਖਿਆ ਸੀ। ਤਾਂ ਜੋ ਇਹ ਲੋਕ ਨਾ ਤਾਂ ਖੁਦ ਮੁਜ਼ਾਹਰੇ ਵਿੱਚ ਪਹੁੰਚ ਸਕਣ ਅਤੇ ਨਾ ਹੀ ਦੂਜਿਆਂ ਨੂੰ ਉਥੇ ਪਹੁੰਚਣ ਦੀ ਅਪੀਲ ਕਰਨ।

ਸੰਦੀਪ ਪਾਂਡੇ ਦੇ ਅਨੁਸਾਰ, "ਅਸੀਂ ਲੋਕ ਵਿਰੋਧ ਜ਼ਾਹਿਰ ਕਰਨ ਲਈ ਸ਼ਾਂਤਮਈ ਤਰੀਕਿਆਂ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਅਤੇ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੀ ਨਿੰਦਾ ਕਰਦੇ ਹਾਂ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਾਗਰਿਕਤਾ ਸੋਧ ਐਕਟ ਦੇ ਖਿਲਾਫ਼ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ

ਉਨ੍ਹਾਂ ਨੇ ਕਿਹਾ, "ਇਹ ਹਿੰਸਾ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਸੀ, ਜਿਸ ਨੂੰ ਰੋਕਣ ਵਿੱਚ ਪੁਲਿਸ ਅਸਫਲ ਰਹੀ। ਆਪਣੀ ਅਸਫਲਤਾ ਨੂੰ ਲੁਕਾਉਣ ਲਈ, ਉਹ ਬੁੱਧੀਜੀਵੀਆਂ ਅਤੇ ਸ਼ਾਂਤੀ ਪਸੰਦ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।"

19 ਦਸੰਬਰ ਤੋਂ ਬਾਅਦ ਰਾਜ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹਿੰਸਕ ਪ੍ਰਦਰਸ਼ਨ ਹੋਏ ਹਨ, ਜਿਸ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਦੇ ਡੀਜੀਪੀ ਓਪੀ ਸਿੰਘ ਅਨੁਸਾਰ ਹੁਣ ਤੱਕ ਰਾਜ ਵਿੱਚ ਹਿੰਸਾ ਵਿੱਚ ਸ਼ਾਮਲ 879 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਓਪੀ ਸਿੰਘ ਦਾ ਕਹਿਣਾ ਹੈ ਕਿ ਮੁਜ਼ਾਹਰਿਆਂ ਦੌਰਾਨ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਲਈ ਜ਼ੁਰਮਾਨੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੇ ਮੁਜ਼ਾਹਰਾਕਾਰੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਜਾਂ ਤਾਂ ਜੇਲ੍ਹ ਜਾਣਾ ਪਏਗਾ ਜਾਂ ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ।

ਮੀਰਾ ਨਾਇਰ ਨੇ ਕੀਤੀ ਰਿਹਾਈ ਦੀ ਮੰਗ

ਮਸ਼ਹੂਰ ਫ਼ਿਲਮ ਮੇਕਰ ਮੀਰਾ ਨਾਇਰ ਨੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਪੁਲਿਸ ਹਿਰਾਸਤ 'ਚ ਮੌਜੂਦ ਸਾਬਕਾ ਟੀਚਰ ਦੀ ਰਿਹਾਈ ਦੀ ਮੰਗ ਵੀ ਕੀਤੀ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)