ਨਾਗਰਿਕਤਾ ਸੋਧ ਕਾਨੂੰਨ: ਮੁਜ਼ੱਫਰਨਗਰ 'ਚ ਅਨਵਰ ਇਲਾਹੀ ਦੇ ਘਰ ਦੀ ਤਬਾਹੀ ਦਾ ਜ਼ਿੰਮੇਵਾਰ ਕੌਣ?

  • ਜ਼ੁਬੈਰ ਅਹਿਮਦ
  • ਬੀਬੀਸੀ ਪੱਤਰਕਾਰ, ਮੁਜ਼ੱਫਰਨਗਰ
ਹਾਜੀ ਅਨਵਰ ਇਲਾਹੀ

ਹਾਜੀ ਅਨਵਰ ਇਲਾਹੀ ਕੰਬਲ 'ਚ ਬੈਠੇ ਆਪਣੇ ਘਰ ਹੋਈ ਜਬਾਹੀ ਦਾ ਮਾਤਮ ਮਨਾ ਰਹੇ ਸਨ। ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਔਰਤਾਂ ਸਹਿਮੀਆਂ ਹੋਈਆਂ ਕੋਲ ਇੱਕ ਮੰਜੀ ਉੱਤੇ ਬੈਠੀਆਂ ਆਪਸ 'ਚ ਗੱਲਾਂ ਕਰ ਰਹੀਆਂ ਸਨ।

ਮੁਜ਼ੱਫਰਨਗਰ 'ਚ ਥੋਕ ਦੀਆਂ ਜੁੱਤੀਆਂ ਦਾ ਕਾਰੋਬਾਰ ਕਰਨ ਵਾਲੇ 73 ਸਾਲਾਂ ਇਲਾਹੀ ਸ਼ੁੱਕਰਵਾਰ ਦੀ ਭਿਆਨਕ ਰਾਤ ਨੂੰ ਯਾਦ ਹੋਏ ਕਹਿੰਦੇ ਹਨ, "ਟੋਪੀ ਵਾਲੇ ਵੀ ਸਨ ਅਤੇ ਕੁਝ ਸਾਦੀ ਵਰਦੀ ਵਿੱਚ ਸਨ। ਉਹ ਅੰਦਰ ਆ ਕੇ ਭੰਨਤੋੜ ਕਰਨ ਲੱਗੇ।"

ਹਾਜੀ ਇਲਾਹੀ ਅਪਾਹਜ ਹਨ। ਉਹ ਕਹਿਣ ਲੱਗੇ, "ਇੱਕ ਨੇ ਸਾਨੂੰ ਡੰਡੇ ਨਾ ਮਾਰਿਆ। ਮੈਂ ਜ਼ਮੀਨ 'ਤੇ ਡਿੱਗ ਗਿਆ। ਦੂਜੇ ਨੇ ਕਿਹਾ ਇਸ ਨੂੰ ਨਾ ਮਾਰੋ।"

ਮੁਜ਼ੱਫਰਨਗਰ ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਮੀਨਾਕਸ਼ੀ ਚੌਕ ਆਉਂਦਾ ਹੈ, ਜਿਸ ਦੀਆਂ ਨੇੜਲੀਆਂ ਗਲੀਆਂ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਆਬਾਦ ਹਨ।

ਹਾਜੀ ਅਨਵਰ ਅਲੀ ਦਾ ਘਰ ਵੀ ਇੱਥੇ ਹੀ ਹੈ।

ਇਹ ਵੀ ਪੜ੍ਹੋ-

ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼

ਸ਼ੁੱਕਰਵਾਰ ਨੂੰ ਮੁਜ਼ੱਫਰਨਗਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਇੱਕ ਵੱਡਾ ਮੁਜ਼ਾਹਰਾ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਰੋਧ ਹਿੰਸਕ ਮੁਜ਼ਾਹਰੇ ਵਿੱਚ ਬਦਲ ਗਿਆ ਸੀ।

ਇਸ ਹਿੰਸਾ ਵਿੱਚ ਕਈ ਮੁਜ਼ਾਹਰਾਕਾਰੀ ਜਖ਼ਮੀ ਹੋ ਗਏ ਅਤੇ ਕਈ ਪੁਲਿਸ ਵਾਲੇ ਵੀ। ਸ਼ਹਿਰ ਦੇ ਐੱਸਪੀ ਸਤਪਾਲ ਅੰਤੀਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਗੋਲੀ ਵੱਜੀ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਤੱਕ 48 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਚਸ਼ਮਦੀਦਾਂ ਮੁਤਾਬਕ ਸ਼ੁੱਕਰਵਾਰ ਨੂੰ ਰਾਤ ਦੇ 12 ਵਜੇ ਇੱਕ ਭੀੜ ਇਲਾਹੀ ਅਤੇ ਉਨ੍ਹਾਂ ਦੇ ਗੁਆਂਢੀਆਂ ਘਰਾਂ 'ਚ ਵੜ ਕੇ ਭੰਨਤੋੜ ਕਰਨ ਲੱਗੀ ਸੀ।

ਇਲਾਹੀ ਨੂੰ ਉਨ੍ਹਾਂ ਦੇ ਹਮਲਾ ਕਰਨ ਵਾਲੇ ਫੜ੍ਹ ਕੇ ਆਪਣੇ ਨਾਲ ਲੈ ਗਏ। ਅਸੀਂ ਪੁੱਛਿਆ ਤੁਹਾਨੂੰ ਚੁੱਕ ਕੇ ਕੌਣ ਲੈ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ, "ਪੁਲਿਸ ਵਾਲੇ ਸਨ, ਟੋਪ ਵਾਲੇ।"

ਉਹ ਬੋਲੇ, "ਸਾਨੂੰ ਪੁਲਿਸ ਲਾਈਨ ਲੈ ਕੇ, ਜਿੱਥੇ ਪਹਿਲਾਂ ਤੋਂ ਹੀ ਕਈ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਸੀ। ਉਨ੍ਹਾਂ ਦੀ ਕੁੱਟਮਾਰ ਹੋ ਰਹੀ ਸੀ ਅਤੇ ਲੋਕਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ।"

ਹਾਜੀ ਅਵਰ ਇਲਾਹੀ ਦੇ ਘਰ

ਅਗਲੇ ਦਿਨ ਸ਼ਾਮੀਂ ਉਨ੍ਹਾਂ ਦਾ ਇੱਕ ਹੋਰ ਰਿਸ਼ਤੇਦਾਰ ਆਇਆ ਅਤੇ ਉਨ੍ਹਾਂ ਨੂੰ ਛੁਡਾ ਕੇ ਘਰ ਲੈ ਗਿਆ, "ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਾਥੋਂ ਇੱਕ ਹਿੰਦੀ ਵਿੱਚ ਲਿਖੇ ਬਿਆਨ 'ਤੇ ਦਸਤਖ਼ਤ ਕਰਵਾਏ।"

ਸੋਮਵਾਰ ਨੂੰ ਅਸੀਂ ਜਦੋਂ ਇਲਾਹੀ ਦੇ ਘਰ ਗਏ ਤਾਂ ਅਸੀਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਅਤੇ ਅੰਦਰ ਸਾਮਾਨ ਟੁੱਟਿਆ ਹੋਇਆ ਸੀ।

ਤਿੰਨ ਮੰਜ਼ਲਾ ਇਮਾਰਤ ਦੇ ਹਰੇਕ ਕਮਰੇ ਵਿੱਚ ਫਰਸ਼ 'ਤੇ ਕੱਚ ਦੇ ਟੁਕੜੇ ਖਿਲਰੇ ਪਏ ਸਨ। ਰਸੋਈ ਵਿੱਚ ਭਾਂਡੇ ਅਤੇ ਫਰਿਜ਼ ਜ਼ਮੀਨ 'ਤੇ ਡਿੱਗੀ ਪਈ ਸੀ।

ਇਲਾਹੀ ਤੋਂ ਇਲਾਵਾ ਘਰ 'ਚ ਉਸ ਵੇਲੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਔਰਤਾਂ ਵੀ ਮੌਜੂਦ ਸਨ।

ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਕਿਹਾ ਕਿ ਕਿਉਂ ਤਬਾਹੀ ਮਚਾ ਰਹੇ ਹੋ ਤਾਂ ਉਨ੍ਹਾਂ ਵਿਚੋਂ ਇੱਕ ਨੇ ਕਿਹਾ ਕਿ ਤੁਸੀਂ ਆਪਣੇ ਕਮਰੇ ਵਿੱਚ ਰਹੋ। ਸਾਡੇ ਘਰ ਵਿਆਹ ਸੀ। ਇਹ ਤਿੰਨ ਲੱਖ ਰੁਪਏ ਦੇ ਗਹਿਣੇ ਆਪਣੇ ਨਾਲ ਲੈ ਗਏ।"

ਸੀਸੀਟੀਵੀ ਕੈਮਰੇ ਦੇ ਵੀਡੀਓ

ਇਸ ਮੁਹੱਲੇ ਦੇ ਕਈ ਘਰਾਂ ਦਾ ਇਹੀ ਹਾਲ ਸੀ। ਇੱਕ ਘਰ ਦੇ ਹਰੇਕ ਕਮਰੇ ਵਿੱਚ ਸਾਮਾਨ ਤੋੜ ਦਿੱਤਾ ਗਿਆ ਸੀ।

ਸੰਘਣੀ ਆਬਾਦੀ ਵਾਲੇ ਇਸ ਮੁਹੱਲੇ ਦੀ ਇੱਕ ਮਸਜਿਦ ਦੇ ਗੇਟ 'ਤੇ ਲੱਗੇ ਸ਼ੀਸ਼ੇ ਟੁੱਟੇ ਹੋਏ ਸਨ। ਮੁਹੱਲੇ ਦੇ ਬਾਹਰ ਖੜੀਆਂ ਗੱਡੀਆਂ ਦਾ ਵੀ ਇਹੀ ਹਾਲ ਸੀ।

ਇੱਕ ਦੁਕਾਨ ਵਾਲੇ ਨੇ ਸਾਨੂੰ ਸੀਸੀਟੀਵੀ ਕੈਮਰੇ ਦੇ ਵੀਡੀਓ ਦਿਖਾਏ ਜਿਸ ਵਿੱਚ ਵਰਦੀ ਪਹਿਨੇ ਕੁਝ ਲੋਕ ਡੰਡਿਆਂ ਨਾਲ ਗੱਡੀਆਂ ਨੂੰ ਤੋੜਦੇ ਨਜ਼ਰ ਆ ਰਹੇ ਸਨ।

ਵੀਡੀਓ ਰਿਕਾਰਡਿੰਗ ਠੀਕ ਉਸ ਵੇਲੇ ਬੰਦ ਹੋ ਜਾਂਦੀ ਹੈ ਜਦੋਂ ਸੀਸੀਟੀਵੀ ਕੈਮਰਿਆਂ ਨੂੰ ਤੋੜ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-

ਇੱਥੇ ਲੋਕਾਂ ਵਿੱਚ ਦਹਿਸ਼ਤ ਹੈ, ਡਰ ਦਾ ਮਾਹੌਲ ਹੈ। ਇੱਕ ਘਰ ਦੀਆਂ ਔਰਤਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਇੱਕ ਵੱਡੀ ਭੀੜ ਜਮਾ ਸੀ...

ਅਸੀਂ ਘਰ ਦੇ ਕਿਸੇ ਮਰਦ ਮੈਂਬਰ ਨਾਲ ਮਿਲਣਾ ਚਾਹੁੰਦੇ ਸੀ ਜਿਸ ਬਾਰੇ ਸਾਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪੁਲਿਸ ਨੇ ਕੁੱਟਮਾਰ ਕੀਤੀ ਹੈ।

ਇੱਕ ਹੋਰ ਘਰ ਵਿੱਚ ਵੀ ਮਰਦ ਮੌਜੂਦ ਸਨ ਪਰ ਉਹ ਬਾਹਰ ਆਉਣ ਤੋਂ ਡਰ ਰਹੇ ਸਨ।

ਇੱਕ ਨੌਜਵਾਨ ਵਕੀਲ ਅਦਨਾਨ ਅਲੀ ਸਾਨੂੰ ਇਸ ਸ਼ਰਤ 'ਤੇ ਵੀਡੀਓ ਇੰਟਰਵਿਊ ਦੇਣ ਨੂੰ ਤਿਆਰ ਹੋਏ ਕਿ ਉਨ੍ਹਾਂ ਦੇ ਚਿਹਰੇ ਨੂੰ ਅਸੀਂ ਸਾਫ਼ ਨਾ ਦਿਖਾਈਏ।

ਉਨ੍ਹਾਂ ਨੇ ਇਸ ਰਾਤ ਦਾ ਮਾਹੌਲ ਕੁਝ ਇਸ ਤਰ੍ਹਾਂ ਬਿਆਨ ਕੀਤਾ, "ਬਾਹਰ ਵੱਡੀ ਭੀੜ ਜਮਾਂ ਸੀ। ਘਰਾਂ 'ਚੋਂ ਔਰਤਾਂ ਦੇ ਚੀਕਣ ਦੀ ਆਵਾਜ਼ ਆ ਰਹੀ ਸੀ। ਉਹ ਸਾਡੇ ਘਰੋਂ ਹੋ ਕੇ ਲੰਘੇ।"

ਉਹ ਅੱਗੇ ਬੋਲੇ, "ਉਹ ਲੋਕ ਵਰਦੀ ਵਿੱਚ ਸਨ ਪਰ ਇਹ ਨਹੀਂ ਪਤਾ ਕਿ ਉਹ ਪੁਲਿਸ ਵਾਲੇ ਸਨ। ਉਹ ਤੰਜ ਕੱਸ ਰਹੇ ਸਨ ਕਿ ਤੁਹਾਨੂੰ ਆਜ਼ਾਦੀ ਚਾਹੀਦੀ ਹੈ, ਲਓ ਆਜ਼ਾਦੀ।"

ਸਵਾਲ ਇਹ ਹੈ ਕਿ ਹਮਲੇ ਕਰਨ ਵਾਲੇ ਕੌਣ ਸਨ? ਮੁਹੱਲੇ ਵਾਲਿਆਂ ਨੂੰ ਸ਼ੱਕ ਹੈ ਕਿ ਜ਼ਿਆਦਾਤਰ ਬਾਹਰ ਵਾਲੇ ਸਨ ਪਰ ਉਨ੍ਹਾਂ ਦੇ ਨਾਲ ਕੁਝ ਪੁਲਿਸ ਵਾਲੇ ਵੀ ਸਨ।

ਭੰਨਤੋੜ 'ਚ ਕੌਣ ਸੀ?

ਸ਼ਹਿਰ ਦੇ ਐੱਸਪੀ ਸਤਪਾਲ ਅੰਤੀਲ ਮੁਤਾਬਕ ਭੰਨਤੋੜ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਅਜੇ ਨਹੀਂ ਮਿਲੀਆਂ ਹਨ।

ਉਨ੍ਹਾਂ ਦਾ ਕਹਿਣਾ ਸੀ, "ਜੇਕਰ ਸਾਨੂੰ ਸ਼ਿਕਾਇਤਾਂ ਮਿਲਣਗੀਆਂ ਤਾਂ ਅਸੀਂ ਜਾਂਚ ਕਰਾਂਗੇ ਅਤੇ ਕਾਰਵਾਈ ਕਰਾਂਗੇ।"

ਪੁਲਿਸ ਵਾਲੇ ਵੀ ਭੰਨਤੋੜ ਵਿੱਚ ਸ਼ਾਮਿਲ ਸਨ ਇਸ ਦਾ ਜਵਾਬ ਵਿੱਚ ਉਨ੍ਹਾਂ ਨਹੀਂ ਦਿੱਤਾ। ਅਲਬੱਤਾ ਉਨ੍ਹਾਂ ਨੇ ਇਸ਼ਾਰਿਆਂ ਵਿੱਚ ਜ਼ਰੂਰ ਦੱਸਿਆ ਕਿ ਭੰਨਤੋੜ 'ਚ ਕੌਣ ਸੀ।

ਉਨ੍ਹਾਂ ਮੁਤਾਬਕ ਹਰ ਪਾਸਿਓਂ ਲੋਕ ਮਿਨਾਕਸ਼ੀ ਚੌਕ 'ਤੇ ਆ ਗਏ ਸਨ ਅਤੇ ਉਨ੍ਹਾਂ ਨੂੰ "ਜਦੋਂ ਖਦੇੜਿਆ ਗਿਆ ਤਾਂ ਉਹ ਅੰਦਰ ਗਲੀਆਂ ਵੱਲ ਭੱਜੇ। ਦੇਰ ਰਾਤ ਤੱਕ ਇਹ ਚਲਦਾ ਰਿਹਾ।"

ਮੁਜ਼ਾਹਰੇ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਿਲ ਸਨ। ਪੁਲਿਸ ਅਧਿਕਾਰੀ ਨੇ ਕਿਹਾ, "ਮਿਨਾਕਸ਼ੀ ਚੌਕ ਮੁਜ਼ਾਹਰੇ ਦਾ ਗੜ੍ਹ ਸੀ।"

ਹਾਲਾਤ ਕਾਬੂ ਵਿੱਚ ਹਨ

ਇਨ੍ਹਾਂ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਮੇਨ ਰੋਡ 'ਤੇ ਦੁਕਾਨਾਂ ਹਨ। ਉਨ੍ਹਾਂ ਦੀਆਂ 50 ਤੋਂ ਵੱਧ ਦੁਕਾਨਾਂ 'ਤੇ ਤਾਲੇ ਲੱਗੇ ਹੋਏ ਸਨ ਜੋ ਸੀਲ ਕਰ ਦਿੱਤੇ ਸਨ। ਪ੍ਰਸ਼ਾਸਨ ਨੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਾਇਆ ਹੈ।

ਤਸਵੀਰ ਕੈਪਸ਼ਨ,

ਮੁਜ਼ੱਫਰਨਗਰ ਦੇ ਐੱਸਪੀ ਸਤਪਾਲ ਅੰਤੀਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਗੋਲੀ ਵੱਜੀ ਹੈ।

ਪ੍ਰਸ਼ਾਸਨ ਨੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਵਾਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਪਰ ਸਥਾਨਕ ਲੋਕਾਂ ਮੁਤਾਬਕ ਪ੍ਰਸ਼ਾਸਨ ਇਨ੍ਹਾਂ ਨੂੰ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਸਜ਼ਾ ਦੇ ਰਿਹਾ ਹੈ।

ਸ਼ੁੱਕਰਵਾਰ ਨੂੰ ਪੂਰੇ ਸੂਬੇ ਵਿੱਚ ਅਤੇ ਖ਼ਾਸ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਲੱਖਾਂ ਲੋਕਾਂ ਦੇ ਮੁਜ਼ਾਹਰਾ ਕੀਤਾ।

ਕਈ ਥਾਵਾਂ 'ਤੇ ਹਿੰਸਾ ਹੋਈ। ਹੁਣ ਤੱਕ 18 ਲੋਕਾਂ ਦੀ ਮੌਤ ਹੋਈ ਹੈ ਅਤੇ ਸੈਂਕੜੇ ਲੋਕ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਖੇਤਰ 'ਚ ਹਾਲਾਤ ਕਾਬੂ ਵਿੱਚ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)