ਗਾਂਧੀ ਦੇ ਜਿਸ ਬਿਆਨ ਨੂੰ ਮੋਦੀ CAA ਦੇ ਹੱਕ ’ਚ ਭੁਗਤਾ ਰਹੇ ਨੇ, ਉਹ ਆਖ਼ਰ ਹੈ ਕੀ?

  • ਕੀਰਤੀ ਦੁਬੇ
  • ਫੈਕਟ ਚੈੱਕ
ਨਰਿੰਦਰ ਮੋਦੀ

ਤਸਵੀਰ ਸਰੋਤ, Reuters

ਦਿੱਲੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਆਪਣੀ ਰੈਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਬਾਰੇ ਪੂਰੇ ਦੇਸ ਵਿੱਚ ਚਲ ਰਹੇ ਮੁਜ਼ਾਹਰਿਆਂ ਦੀ ਬਹੁਤ ਨਿੰਦਿਆ ਕੀਤੀ।

ਲਗਭਗ ਡੇਢ ਘੰਟੇ ਲੰਮੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਬਿਆਨ ਦਾ ਜ਼ਿਕਰ ਕੀਤਾ, ਜਿਸ ਦੀ ਹੁਣ ਕਾਫ਼ੀ ਚਰਚਾ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ,"ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਰਾਵਾਂ ਨੂੰ ਜਦੋਂ ਲੱਗੇ ਕਿ ਉਨ੍ਹਾਂ ਨੂੰ ਭਾਰਤ ਆਉਣਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਇਹ ਮੈਂ ਨਹੀਂ ਕਹਿ ਰਿਹਾ, ਸਤਿਕਾਰਯੋਗ ਮਹਾਤਮਾ ਗਾਂਧੀ ਜੀ ਕਹਿ ਰਹੇ ਹਨ। ਇਹ ਕਾਨੂੰਨ ਉਸ ਵੇਲੇ ਦੀ ਸਰਕਾਰ ਦੇ ਵਾਅਦੇ ਮੁਤਾਬਕ ਹੈ।"

ਨਾਗਰਿਕਤਾ ਸੋਧ ਕਾਨੂੰਨ ਵਿੱਚ ਵਿਸ਼ੇਸ਼ ਤੌਰ 'ਤੇ ਇੱਕ ਧਰਮ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਸਰਕਾਰ 'ਤੇ ਲਾਇਆ ਜਾ ਰਿਹਾ ਹੈ ਤੇ ਇਸ ਦੀ ਪੂਰੇ ਦੇਸ ਵਿੱਚ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਕਾਨੂੰਨ ਦੇ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਏ ਗ਼ੈਰ-ਮੁਸਲਮਾਨ ਭਾਈਚਾਰੇ ਦੇ ਪਰਵਾਸੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਸਹੂਲਤ ਹੈ।

ਇਹ ਵੀ ਪੜ੍ਹੋ-

ਪੀਐਮ ਮੋਦੀ, ਗਾਂਧੀ ਦੇ ਇਸ ਬਿਆਨ ਦਾ ਜ਼ਿਕਰ ਕਰਦੇ ਹੋਏ ਵਿਰੋਧੀ ਧਿਰਾਂ ਤੇ ਦੇਸ ਨੂੰ ਇਹ ਕਹਿ ਰਹੇ ਸੀ ਕਿ ਅਜਿਹਾ ਮਹਾਤਮਾ ਗਾਂਧੀ ਆਜ਼ਾਦੀ ਵੇਲੇ ਤੋਂ ਹੀ ਚਾਹੁੰਦੇ ਸਨ।

ਬੀਬੀਸੀ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਗਾਂਧੀ ਦੇ ਲੇਖਾਂ, ਭਾਸ਼ਣਾਂ, ਚਿੱਠੀਆਂ ਨੂੰ ਫਰੋਲਣਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਕੁਲੈਕਟਿਡ ਵਰਕ ਆਫ਼ ਮਹਾਤਮਾ ਗਾਂਧੀ ਦੇ ਵੌਲਿਅਮ 89 ਵਿੱਚ ਇਸ ਬਿਆਨ ਦਾ ਜ਼ਿਕਰ ਮਿਲਿਆ।

ਤਸਵੀਰ ਸਰੋਤ, Getty Images

26 ਸਤੰਬਰ, 1947, ਆਜ਼ਾਦੀ ਦੇ ਲਗਭਗ ਇੱਕ ਮਹੀਨੇ ਬਾਅਦ, ਇੱਕ ਪ੍ਰਾਰਥਨਾ ਸਭਾ ਵਿੱਚ ਮਹਾਤਮਾ ਗਾਂਧੀ ਨੇ ਇਹ ਗੱਲ ਕਹੀ ਸੀ ਪਰ ਇਤਿਹਾਸ ਦੇ ਵਿਦਵਾਨ ਤੇ ਗਾਂਧੀ ਫਲਸਫੇ ਨੂੰ ਸਮਝਣ ਵਾਲੇ ਇਸ ਬਿਆਨ ਦੇ ਸੰਦਰਭ ਅਤੇ ਵਰਤਮਾਨ ਸਮੇਂ ਵਿੱਚ ਇਸ ਦੇ ਉਚਿਤ ਹੋਣ 'ਤੇ ਸਵਾਲ ਚੁੱਕ ਰਹੇ ਹਨ।

ਅਸਲ ਵਿੱਚ ਲਾਹੌਰ ਵਿੱਚ ਰਹਿਣ ਵਾਲੇ ਪੰਡਿਤ ਗੁਰੂਦੱਤ ਨਾਮ ਦੇ ਇੱਕ ਵਿਅਕਤੀ ਨੇ ਮਹਾਤਮਾ ਗਾਂਧੀ ਨੂੰ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਜ਼ਬਰਦਸਤੀ ਲਾਹੌਰ ਛੱਡਣ 'ਤੇ ਮਜ਼ਬੂਰ ਕੀਤਾ ਗਿਆ।

ਉਹ ਗਾਂਧੀ ਜੀ ਦੀ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਸੀ ਕਿ ਹਰ ਮਨੁੱਖ ਨੂੰ ਅੰਤ ਤੱਕ ਆਪਣੇ ਜਨਮ ਸਥਾਨ 'ਤੇ ਰਹਿਣਾ ਚਾਹੀਦਾ ਹੈ। ਪਰ ਉਹ ਚਾਹੁੰਦੇ ਹੋਏ ਵੀ ਇਹ ਨਹੀਂ ਕਰ ਸਕਦੇ ਸੀ।

ਇਸ 'ਤੇ 26 ਸਤੰਬਰ,1947 ਨੂੰ ਮਹਾਤਮਾ ਗਾਂਧੀ ਨੇ ਆਪਣੀ ਪ੍ਰਾਰਥਨਾ ਸਭਾ ਦੇ ਭਾਸ਼ਣ ਵਿੱਚ ਕਿਹਾ ਸੀ, "ਅੱਜ ਗੁਰੂਦੱਤ ਮੇਰੇ ਕੋਲ ਹਨ। ਉਹ ਇੱਕ ਵੱਡੇ ਵੈਦ ਹਨ। ਅੱਜ ਉਹ ਆਪਣੀ ਗੱਲ ਕਹਿੰਦੇ ਹੋਏ ਰੋ ਪਏ। ਉਹ ਮੇਰਾ ਆਦਰ ਕਰਦੇ ਹਨ ਤੇ ਮੇਰੀਆਂ ਕਹੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਯਤਨ ਵੀ ਕਰਦੇ ਹਨ। ਪਰ ਕਦੇ-ਕਦੇ ਅਸਲ ਵਿੱਚ ਮੇਰੀਆਂ ਗੱਲਾਂ ਮੰਨਣਾ ਬਹੁਤ ਔਖਾ ਹੁੰਦਾ ਹੈ।"

"ਜੇ ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਤੁਹਾਡੇ ਨਾਲ ਇਨਸਾਫ਼ ਨਹੀਂ ਹੋ ਰਿਹਾ ਤੇ ਪਾਕਿਸਤਾਨ ਆਪਣੀ ਗ਼ਲਤੀ ਨਹੀਂ ਮੰਨ ਰਿਹਾ ਤਾਂ ਸਾਡੇ ਕੋਲ ਆਪਣੀ ਕੈਬਨਿਟ ਹੈ ਜਿਸ ਵਿੱਚ ਜਵਾਹਰ ਲਾਲ ਨਹਿਰੂ ਅਤੇ ਪਟੇਲ ਵਰਗੇ ਵਧੀਆ ਲੋਕ ਹਨ। ਦੋਵੇਂ ਦੇਸਾਂ ਨੂੰ ਆਪਸੀ ਸਮਝੌਤਾ ਕਰਨਾ ਹੋਵੇਗਾ।"

ਤਸਵੀਰ ਸਰੋਤ, ਕਲੈਕਟਿਡ ਵਰਕ ਆਫ਼ ਮਹਾਤਮਾ ਗਾਂਧੀ ਦੇ ਵਾਲਿਊਮ 89

"ਆਖ਼ਰ ਇਹ ਕਿਉਂ ਨਹੀਂ ਹੋ ਸਕਦਾ। ਅਸੀਂ ਹਿੰਦੂ-ਮੁਸਲਮਾਨ ਕੱਲ ਤੱਕ ਦੋਸਤ ਸੀ। ਕੀ ਅਸੀਂ ਇੰਨੇ ਦੁਸ਼ਮਣ ਬਣ ਗਏ ਹਾਂ ਕਿ ਇੱਕ ਦੂਸਰੇ 'ਤੇ ਯਕੀਨ ਨਹੀਂ ਕਰ ਸਕਦੇ। ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਉਨ੍ਹਾਂ 'ਤੇ ਯਕੀਨ ਨਹੀਂ ਕਰਦੇ ਤਾਂ ਦੋਵੇਂ ਧਿਰਾਂ ਹਮੇਸ਼ਾ ਲੜਦੀਆਂ ਰਹਿਣਗੀਆਂ। ਜੇ ਦੋਵਾਂ ਧਿਰਾਂ ਵਿੱਚ ਕੋਈ ਸਮਝੌਤਾ ਨਹੀਂ ਹੋਇਆ ਤਾਂ ਕੋਈ ਚਾਰਾ ਨਹੀਂ ਬਚੇਗਾ। ਸਾਨੂੰ ਨਿਆਂ ਦਾ ਰਸਤਾ ਚੁਣਨਾ ਚਾਹੀਦਾ ਹੈ।"

"ਜੇ ਨਿਆਂ ਦੇ ਰਸਤੇ 'ਤੇ ਚਲਦੇ ਹੋਏ ਸਾਰੇ ਹਿੰਦੂ-ਮੁਸਲਮਾਨ ਮਰ ਵੀ ਜਾਣ ਤਾਂ ਮੈਨੂੰ ਪਰੇਸ਼ਾਨੀ ਨਹੀਂ ਹੋਵੇਗੀ। ਜੇ ਇਹ ਸਾਬਿਤ ਹੋ ਜਾਵੇ ਕਿ ਭਾਰਤ ਵਿੱਚ ਰਹਿਣ ਵਾਲੇ ਸਾਢੇ ਚਾਰ ਕਰੋੜ ਮੁਸਲਮਾਨ ਲੁੱਕ ਕੇ ਦੇਸ ਦੇ ਖ਼ਿਲਾਫ਼ ਕੰਮ ਕਰਦੇ ਹਨ ਤਾਂ ਮੈਨੂੰ ਇਹ ਕਹਿਣ ਵਿੱਚ ਬਿਲਕੁਲ ਵੀ ਝਿਜਕ ਨਹੀਂ ਹੈ ਕਿ ਉਨ੍ਹਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਠੀਕ ਇਸੇ ਤਰ੍ਹਾਂ ਜੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਤੇ ਹਿੰਦੂ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੇ ਨਾਲ ਵੀ ਇਹ ਹੀ ਹੋਣਾ ਚਾਹੀਦਾ ਹੈ। ਅਸੀਂ ਕਿਸੇ ਦਾ ਪੱਖ ਨਹੀਂ ਲੈਂਦੇ।"

"ਜੇ ਅਸੀਂ ਆਪਣੇ ਮੁਸਲਮਾਨਾਂ ਨੂੰ ਆਪਣਾ ਨਹੀਂ ਸਮਝਾਂਗੇ ਤਾਂ ਕੀ ਪਾਕਿਸਤਾਨ ਹਿੰਦੂ ਤੇ ਸਿੱਖ ਲੋਕਾਂ ਨੂੰ ਆਪਣਾ ਮੰਨੇਗਾ? ਇਹ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂ-ਸਿੱਖ ਜੇ ਉਸ ਦੇਸ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਵਾਪਸ ਆ ਸਕਦੇ ਹਨ।"

"ਇਸ ਹਾਲਾਤ ਵਿੱਚ ਭਾਰਤ ਸਰਕਾਰ ਦਾ ਪਹਿਲਾ ਫ਼ਰਜ਼ ਹੋਵੇਗਾ ਕਿ ਉਨ੍ਹਾਂ ਨੂੰ ਰੁਜ਼ਗਾਰ ਦੇਵੇ ਤੇ ਉਨ੍ਹਾਂ ਦਾ ਜੀਵਨ ਸੁਖਾਲਾ ਹੋਵੇ। ਪਰ ਇਹ ਨਹੀਂ ਹੋ ਸਕਦਾ ਕਿ ਉਹ ਭਾਰਤ ਵਿੱਚ ਰਹਿੰਦੇ ਹੋਏ ਭਾਰਤ ਦੀ ਜਾਸੂਸੀ ਕਰਨ ਤੇ ਸਾਡੇ ਲਈ ਕੰਮ ਕਰਨ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਅਤੇ ਮੈਂ ਇਹ ਕਰਨ ਦੇ ਸਖ਼ਤ ਖ਼ਿਲਾਫ਼ ਹਾਂ।"

ਇਹ ਵੀ ਪੜ੍ਹੋ-

ਪਰ ਇਸ ਤੋਂ ਪਹਿਲਾਂ 8 ਅਗਸਤ 1947 ਨੂੰ ਮਹਾਤਮਾ ਗਾਂਧੀ ਨੇ 'ਭਾਰਤ ਤੇ ਭਾਰਤੀ ਹੋਣ' 'ਤੇ ਜੋ ਕਿਹਾ ਉਹ ਸਭ ਤੋਂ ਵੱਧ ਜ਼ਿਕਰਯੋਗ ਹੈ-'ਆਜ਼ਾਦ ਭਾਰਤ ਹਿੰਦੂਰਾਜ ਨਹੀਂ, ਭਾਰਤੀ ਰਾਜ ਹੋਵੇਗਾ ਜੋ ਕਿਸੇ ਧਰਮ, ਭਾਈਚਾਰੇ ਜਾਂ ਜਾਤ ਦੇ ਬਹੁ-ਗਿਣਤੀ ਹੋਣ 'ਤੇ ਨਿਰਭਰ ਨਹੀਂ ਹੋਵੇਗਾ।'

ਦਿੱਲੀ ਪੀਸੀਸੀ ਦੇ ਅਧਿਕਾਰੀ ਆਸਿਫ਼ ਅਲੀ ਸਾਹੇਬ ਨੇ ਰਾਸ਼ਟਰੀ ਸਵੈ-ਸੇਵਕ ਸੰਘ (ਆਰਐਸਐਸ) ਨੂੰ ਲੈ ਕੇ ਮਹਾਤਮਾ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ।

ਉਰਦੂ ਵਿੱਚ ਲਿਖੀ ਇਸ ਚਿੱਠੀ ਵਿੱਚ ਉਨ੍ਹਾਂ ਨੇ ਗਾਂਧੀ ਨੂੰ ਦੱਸਿਆ ਸੀ ਕਿ ਲਗਭਗ 3000 ਆਰਐਸਐਸ ਨਾਮ ਦੇ ਸੰਘ ਨਾਲ ਜੁੜੇ ਲੋਕ ਲਾਠੀ ਡ੍ਰਿਲ ਕਰਦੇ ਹੋਏ ਨਾਅਰੇ ਲਾਉਂਦੇ ਹਨ, "ਹਿੰਦੁਸਤਾਨ ਹਿੰਦੂ ਦਾ, ਨਹੀਂ ਕਿਸੇ ਹੋਰ ਦਾ..."

ਇਸ ਦੇ ਜਵਾਬ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ, "ਹਿੰਦੁਸਤਾਨ ਹਰ ਵਿਅਕਤੀ ਦਾ ਹੈ ਜੋ ਇੱਥੇ ਜੰਮਿਆ ਤੇ ਪਲਿਆ ਹੈ। ਜਿਸ ਕੋਲ ਕੋਈ ਦੇਸ ਨਹੀਂ, ਜੋ ਕਿਸੇ ਦੇਸ ਨੂੰ ਆਪਣਾ ਨਹੀਂ ਕਹਿ ਸਕਦਾ ਉਸਦਾ ਵੀ।

ਇਸ ਕਰਕੇ ਭਾਰਤ ਪਾਰਸੀ, ਇਸਰਾਇਲੀ, ਭਾਰਤੀ ਇਸਾਈ ਸਭ ਦਾ ਹੈ। ਆਜ਼ਾਦ ਭਾਰਤ ਹਿੰਦੂਰਾਜ ਨਹੀਂ, ਭਾਰਤੀ ਰਾਜ ਹੋਵੇਗਾ ਜੋ ਕਿਸੇ ਧਰਮ, ਭਾਈਚਾਰੇ ਜਾਂ ਜਾਤ ਦੇ ਬਹੁ-ਗਿਣਤੀ ਵਿੱਚ ਹੋਣ 'ਤੇ ਨਿਰਭਰ ਨਹੀਂ ਕਰੇਗਾ। ਸਗੋਂ ਕਿਸੇ ਵੀ ਧਾਰਮਿਕ ਵਿਤਕਰੇ ਬਿਨਾਂ ਸਾਰੇ ਲੋਕਾਂ ਦੇ ਪ੍ਰਤੀਨਿਧੀਆਂ 'ਤੇ ਅਧਾਰਿਤ ਹੋਵੇਗਾ।"

ਤਸਵੀਰ ਸਰੋਤ, ਕਲੈਕਟਿਡ ਵਰਕ ਆਫ਼ ਮਹਾਤਮਾ ਗਾਂਧੀ

ਅਜਿਹੇ ਵਿੱਚ ਗਾਂਧੀ ਦੇ ਇਨ੍ਹਾਂ ਦੋਵੇਂ ਬਿਆਨਾਂ ਨੂੰ ਵੱਖਰਾ ਕਰਕੇ ਦੇਖਣਾ ਠੀਕ ਨਹੀਂ ਹੈ।

'ਮੁਸਲਮਾਨ ਤੇ ਸਿੱਖ' ਨੂੰ ਲੈ ਕੇ ਮਹਾਤਮਾ ਗਾਂਧੀ ਦੇ ਇਸ ਬਿਆਨ ਦੇ ਜ਼ਿਕਰ ਵਿੱਚ ਗਾਂਧੀ ਤੇ ਦਰਸ਼ਨ ਦੇ ਜਾਣਕਾਰ ਉਰਵਿਸ਼ ਕੋਠਾਰੀ ਕਹਿੰਦੇ ਹਨ, "ਜਦੋਂ ਗਾਂਧੀ ਜੀ ਨੇ ਇਹ ਕਿਹਾ ਸੀ ਤਾਂ ਦੇਸ ਨੂੰ ਆਜ਼ਾਦ ਹੋਏ ਇੱਕ ਮਹੀਨਾ ਹੀ ਹੋਇਆ ਸੀ। ਕਈ ਲੋਕ ਅਜੇ ਤਰਕੀਬ ਬਣਾ ਹੀ ਰਹੇ ਸਨ ਪਰ ਆਜ਼ਾਦੀ ਦੇ 72 ਸਾਲ ਬਾਅਦ ਇਸ ਬਿਆਨ ਨੂੰ ਨਰਿੰਦਰ ਮੋਦੀ ਕਿਉਂ ਪੂਰਾ ਕਰਨਾ ਚਾਹੁੰਦੇ ਹਨ, ਮੈਨੂੰ ਨਹੀਂ ਪਤਾ।"

"ਹੁਣ ਦੋਵੇਂ ਦੇਸਾਂ ਦੇ ਲੋਕ ਇੱਕਠੇ ਹੋ ਗਏ ਹਨ। ਜੇ ਇਨ੍ਹਾਂ ਨੂੰ ਗਾਂਧੀ ਦੇ ਦੱਸੇ ਰਸਤੇ 'ਤੇ ਚਲਣਾ ਹੀ ਸੀ ਤਾਂ ਗਾਂਧੀ ਕਦੇ ਮੁਸਲਮਾਨਾਂ ਨੂੰ ਵੱਖ ਨਹੀਂ ਕਰਦੇ।

ਉਨ੍ਹਾਂ ਨੇ ਕਿਹਾ ਸੀ 'ਭਾਰਤ ਉਨ੍ਹਾਂ ਦਾ ਵੀ ਹੈ ਜਿਸ ਦਾ ਕੋਈ ਦੇਸ ਨਹੀਂ' ਉਹ ਬਾਹਰੋਂ ਆਏ ਮੁਸਲਮਾਨਾਂ ਨੂੰ ਵੀ ਸ਼ਰਨ ਦੇਣ ਦੀ ਗੱਲ ਕਹਿੰਦੇ ਸਨ। ਇਸ ਤਰ੍ਹਾਂ ਆਪਣੀ ਸੁਵਿਧਾ ਤੇ ਰਾਜਨੀਤੀ ਮੁਤਾਬਕ ਗਾਂਧੀ ਜੀ ਦੀ ਕਹੀ ਗੱਲ ਨੂੰ ਤੋੜ-ਮਰੋੜ ਕੇ ਕਹਿਣਾ ਗਾਂਧੀ ਜੀ ਦਾ ਨਿਰਾਦਰ ਹੈ।"

ਦਿੱਲੀ ਯੂਨਿਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਤੇ ਦੱਖਣਪੰਥੀ ਰਾਜਨੀਤੀ ਵੱਲ ਝੁਕਾਅ ਰੱਖਣ ਵਾਲੇ ਸੰਗੀਤ ਰਾਗੀ ਕਹਿੰਦੇ ਹਨ, "ਜੋ ਲੋਕ ਗਾਂਧੀ ਦੇ ਇਸ ਬਿਆਨ ਨੂੰ ਵਰਤਮਾਨ ਸਮੇਂ ਵਿੱਚ ਢੁਕਵਾਂ ਨਹੀਂ ਮਨ ਰਹੇ ਹਨ ਉਹ ਰਾਜਨੀਤਿਕ ਰੂਪ ਵਿੱਚ ਉਤਸ਼ਾਹਿਤ ਲੋਕ ਹਨ। ਗਾਂਧੀ ਦਾ ਇਹ ਬਿਆਨ ਵਰਤਮਾਨ ਸਮੇਂ ਲਈ ਬਿਲਕੁਲ ਢੁਕਵਾਂ ਹੈ। ਪਾਕਿਸਤਾਨੀ ਮੁਸਲਮਾਨ ਤੇ ਤਿੰਨਾਂ ਦੇਸਾਂ ਦੇ ਮੁਸਲਮਾਨ ਭਾਰਤ ਲਈ ਖ਼ਤਰਾ ਸਾਬਤ ਹੋਣਗੇ।"

ਇਤਿਹਾਸ ਦੇ ਜਾਣਕਾਰ ਅਵਯਕਤ ਦਾ ਕਹਿਣਾ ਹੈ, "ਹਿੰਦੂ ਜਾਂ ਸਿੱਖ ਸ਼ਰਨਾਰਥੀਆਂ ਦੇ ਵਿਸ਼ੇ ਵਿੱਚ ਗਾਂਧੀ ਜੀ ਦੇ ਬਿਆਨ ਨੂੰ ਵਰਤਮਾਨ ਸੰਦਰਭਾਂ ਤੋਂ ਵੱਖਰਾ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਜੋ ਲੋਕ ਇਹ ਕਰ ਰਹੇ ਹਨ, ਉਹ ਭਾਰਤ ਵਲੋਂ ਵੀ ਦੋ-ਰਾਸ਼ਟਰ ਸਿਧਾਂਤ ਨੂੰ ਅਧਿਕਾਰਤ ਤੌਰ 'ਤੇ ਮੁਹਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

"ਉਹ ਹਮੇਸ਼ਾ ਤੋਂ ਇਹ ਕਰਨਾ ਚਾਹੁੰਦੇ ਸਨ ਤੇ ਇਸ ਵਿੱਚ ਉਹ ਗਾਂਧੀ ਜੀ ਦੇ ਨਾਮ ਦੀ ਦੁਰਵਰਤੋਂ ਕਰਨ ਦੀ ਬੇਕਾਰ ਕੋਸ਼ਿਸ਼ਾਂ ਕਰ ਰਹੇ ਹਨ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗਾਂਧੀ ਜੀ ਪਾਕਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਭਾਰਤ ਵਿੱਚ ਵਸਾਉਣ ਨਾਲ ਸਹਿਮਤ ਸਨ।"

ਤਸਵੀਰ ਸਰੋਤ, Getty Images

"ਧਿਆਨ ਦਿਓ ਕਿ 26 ਸਤੰਬਰ, 1947 ਨੂੰ ਦਿੱਤੇ ਗਾਂਧੀ ਜੀ ਦੇ ਬਿਆਨ ਨੂੰ ਜੇਕਰ ਅਸੀਂ ਪੂਰਾ ਪੜ੍ਹਦੇ ਹਾਂ, ਤਾਂ ਉਹ ਕਹਿ ਰਹੇ ਹਨ ਕਿ ਪਾਕਿਸਤਾਨ ਦੇ ਜੋ ਹਿੰਦੂ ਜਾਂ ਸਿੱਖ, ਪਾਕਿਸਤਾਨ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ, ਉਨ੍ਹਾਂ ਨੂੰ ਉੱਥੇ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।"

"ਮਹਾਤਮਾ ਗਾਂਧੀ ਅੰਤ ਤੱਕ ਬਟਵਾਰੇ ਨੂੰ ਉਸ ਤਰ੍ਹਾਂ ਸਵੀਕਾਰ ਨਹੀਂ ਕਰਦੇ ਹਨ। ਇਸ ਲਈ, 25 ਨਵੰਬਰ, 1947 ਦੇ ਪ੍ਰਾਰਥਨਾ ਭਾਸ਼ਣ ਵਿੱਚ, ਗਾਂਧੀ ਜੀ ਨੇ 'ਰਫਿਉਜੀ' ਜਾਂ 'ਸ਼ਰਨਾਰਥੀ' ਸ਼ਬਦ ਨੂੰ ਵੀ ਰੱਦ ਕਰ ਦਿੱਤਾ ਸੀ।"

"ਇਸ ਦੀ ਬਜਾਇ, ਉਹ 'ਨਿਰਆਸ਼ਰਿਤ' ਅਤੇ 'ਪੀੜਤ' ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਤੇ ਉਹ ਅਜਿਹਾ ਦੋਵਾਂ ਪਾਸਿਆਂ ਦੀਆਂ ਘੱਟ ਗਿਣਤੀਆਂ ਲਈ ਕਰਦੇ ਹਨ।''

ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਮਹਾਤਮਾ ਗਾਂਧੀ ਨੇ ਇਹ ਕਿਹਾ ਸੀ ਕਿ "ਪਾਕਿਸਤਾਨ ਵਿੱਚ ਰਹਿੰਦੇ ਹਿੰਦੂ ਅਤੇ ਸਿੱਖ ਸਾਥੀਆਂ ਨੂੰ ਜਦੋਂ ਲੱਗੇ ਕਿ ਉਨ੍ਹਾਂ ਨੂੰ ਭਾਰਤ ਆਉਣਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।"

ਪਰ ਵਰਤਮਾਨ ਸਮੇਂ ਵਿੱਚ ਇਸ ਬਿਆਨ ਦੇ ਪ੍ਰਸੰਗ ਅਤੇ ਇਸ ਦੀ ਸਾਰਥਕਤਾ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)