Solar eclipse: ਸੂਰਜ ਗ੍ਰਹਿਣ ਨੂੰ ਇਸ ਵਾਰ ਕਿਉਂ ਦੱਸਿਆ ਜਾ ਰਿਹਾ ਹੈ ਖ਼ਾਸ

'ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

'ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ' 26 ਦਸੰਬਰ ਨੂੰ ਹੈ

2019 ਦਾ ਆਖ਼ਰੀ ਸੂਰਜ ਗ੍ਰਹਿਣ ਵੀਰਵਾਰ ਯਾਨੀ 26 ਦਸੰਬਰ ਨੂੰ ਲੱਗਿਆ।

ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 8.17 ਵਜੇ ਤੋਂ ਸ਼ੁਰੂ ਹੋ ਕੇ ਤੋਂ 10.57 ਵਜੇ ਤੱਕ ਲੱਗਿਆ।

ਪਲੇਨੇਟਰੀ ਸੁਸਾਇਟੀ ਆਫ਼ ਇੰਡੀਆ ਦੇ ਡਾਇਰੈਕਟਰ ਰਘੁਨੰਦਨ ਦੇ ਅਨੁਸਾਰ, ਅਗਲੇ ਦਹਾਕੇ ਵਿੱਚ ਆਉਣ ਵਾਲੇ 4-5 ਸੂਰਜ ਗ੍ਰਹਿਣ ਦੇ ਮੁਕਾਬਲੇ, ਇਹ ਸੂਰਜ ਗ੍ਰਹਿਣ ਸਭ ਤੋਂ ਵੱਧ ਦਿਖਾਈ ਦਿੱਤਾ।

ਇਸ ਦੇ ਆਧਾਰ 'ਤੇ ਇਸ ਸੂਰਜ ਗ੍ਰਹਿਣ ਨੂੰ 'ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ' ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ

ਕੀ ਹੈ ਇਸ ਸੂਰਜ ਗ੍ਰਹਿਣ 'ਚ ਖ਼ਾਸ?

ਵੈਸੇ ਤਾਂ, ਹਰ ਸਾਲ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਹੁੰਦੇ ਹਨ ਅਤੇ ਲੋਕ ਉਨ੍ਹਾਂ ਨੂੰ ਧਰਤੀ ਦੇ ਵੱਖ ਵੱਖ ਹਿੱਸਿਆਂ 'ਚ ਵੇਖ ਪਾਉਂਦੇ ਹਨ। ਪਰ, ਇਹ ਸੂਰਜ ਗ੍ਰਹਿਣ ਧਰਤੀ ਦੇ ਇੱਕ ਵਿਸ਼ਾਲ ਖੇਤਰ ਵਿੱਚ ਵੇਖਿਆ ਜਾ ਸਕਦਾ ਹੈ।

ਰਘੁਨੰਦਨ ਦੇ ਅਨੁਸਾਰ, ਇਸ ਖਗੋਲਿਕ ਘਟਨਾ ਦਾ ਪ੍ਰਭਾਵ ਭਾਰਤ ਸਣੇ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ, ਚੀਨ, ਆਸਟ੍ਰੇਲੀਆ ਆਦਿ ਵਿੱਚ ਦਿਖਾਈ ਦੇਵੇਗਾ।

ਇਹ 2019 ਦਾ ਆਖ਼ਰੀ ਅਤੇ ਤੀਜਾ ਸੂਰਜ ਗ੍ਰਹਿਣ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਅਤੇ ਦੂਜਾ ਗ੍ਰਹਿਣ 2 ਜੁਲਾਈ ਨੂੰ ਹੋਇਆ ਸੀ। ਇਹ ਦੋਵੇਂ ਅੰਸ਼ਿਕ ਸੂਰਜ ਗ੍ਰਹਿਣ ਸਨ ਜੋ ਕਿ ਭਾਰਤ ਵਿੱਚ ਨਹੀਂ ਦਿਖਾਈ ਦਿੱਤੇ ਸਨ।

ਭਾਰਤ 'ਚ ਕਿੱਥੇ ਸਭ ਤੋਂ ਸਾਫ਼ ਨਜ਼ਰ ਆਵੇਗਾ ਸੂਰਜ ਗ੍ਰਹਿਣ?

ਇਹ ਸੂਰਜ ਗ੍ਰਹਿਣ ਦੱਖਣੀ ਭਾਰਤ ਵਿੱਚ ਬਾਕੀ ਦੇਸ਼ ਨਾਲੋਂ ਵਧੇਰੇ ਸਪਸ਼ਟ ਰੂਪ ਵਿੱਚ ਵੇਖਿਆ ਗਿਆ।

ਦਰਅਸਲ, ਇਹ ਖਗੋਲਿਕ ਘਟਨਾ ਚੰਦਰਮਾ ਦੇ ਸੂਰਜ ਅਤੇ ਧਰਤੀ ਦੇ ਵਿਚਕਾਰ ਆਉਣ ਕਾਰਨ ਵਾਪਰਦੀ ਹੈ ਅਤੇ ਕੁਝ ਸਮੇਂ ਲਈ ਕਿਸੇ ਖ਼ਾਸ ਖੇਤਰ ਵਿੱਚ ਹਨੇਰਾ ਛਾ ਜਾਂਦਾ ਹੈ।

ਵੀਡੀਓ ਕੈਪਸ਼ਨ,

VIDEO: 26 ਦਸੰਬਰ ਨੂੰ ਦੇਸ ਭਰ ਵਿੱਚ ਲੱਗਿਆ ਸੂਰਜ ਗ੍ਰਹਿਣ

ਵੀਰਵਾਰ ਦਾ ਸੂਰਜ ਗ੍ਰਹਿਣ ਇਸਲਈ ਵੀ ਵਿਸ਼ੇਸ਼ ਹੈ ਕਿਉਂਕਿ ਇਸ ਸਮੇਂ ਦੌਰਾਨ ਸੂਰਜ 'ਰਿੰਗ ਆਫ਼ ਫਾਇਰ' ਵਰਗਾ ਦਿਖਾਈ ਦਿੱਤਾ।

ਪੀਆਈਬੀ ਦੇ ਅਨੁਸਾਰ, ਅਗਲਾ ਸੂਰਜ ਗ੍ਰਹਿਣ 21 ਜੂਨ 2020 ਨੂੰ ਹੋਣਾ ਹੈ।

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ,

ਗ੍ਰਹਿਣ ਨੂੰ ਲੈਕੇ ਅੱਜ ਵੀ ਡਰਾਉਣ ਵਾਲੇ ਵਿਸ਼ਵਾਸ ਕਾਇਮ ਹੈ

ਗ੍ਰਹਿਣ ਨੂੰ ਲੈਕੇ ਅੱਜ ਵੀ ਕਾਇਮ ਹਨ ਡਰਾਉਣ ਵਾਲੇ ਵਿਸ਼ਵਾਸ

ਦੁਨੀਆ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਲਈ ਗ੍ਰਹਿਣ ਕਿਸੇ ਖ਼ਤਰੇ ਦਾ ਪ੍ਰਤੀਕ ਹੈ - ਜਿਵੇਂ ਕਿ ਸੰਸਾਰ ਦੇ ਅੰਤ ਜਾਂ ਭਿਆਨਕ ਉਥਲ-ਪੁਥਲ ਦੀ ਚੇਤਾਵਨੀ।

ਹਿੰਦੂ ਮਿੱਥ ਵਿੱਚ, ਇਸ ਨੂੰ ਅਮ੍ਰਿਤਮੰਥਨ ਅਤੇ ਰਾਹੁ-ਕੇਤੂ ਨਾਮੀ ਦੈਤਾਂ ਦੀ ਕਹਾਣੀ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਨਾਲ ਜੁੜੇ ਕਈ ਅੰਧਵਿਸ਼ਵਾਸ ਵੀ ਪ੍ਰਚਲਿਤ ਹਨ।

ਗ੍ਰਹਿਣ ਨੇ ਹਮੇਸ਼ਾਂ ਮਨੁੱਖ ਨੂੰ ਹੈਰਾਨ ਕੀਤਾ ਹੈ, ਅਤੇ ਉਨ੍ਹਾਂ ਹੀ ਡਰਾਇਆ ਵੀ ਹੈ। ਦਰਅਸਲ, ਜਦੋਂ ਤੱਕ ਮਨੁੱਖ ਗ੍ਰਹਿਣ ਦੇ ਕਾਰਨਾਂ ਨੂੰ ਸਹੀ ਤਰ੍ਹਾਂ ਨਹੀਂ ਜਾਣਦਾ ਸੀ, ਉਸਨੇ ਬਹੁਤ ਸਾਰੀਆਂ ਕਲਪਨਾਵਾਂ ਕੀਤੀਆਂ। ਇਸ ਹਨੇਰੇ ਬਾਰੇ ਅਨੇਕਾਂ ਕਹਾਣੀਆਂ ਰਚੀਆਂ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਗ੍ਰਹਿਣ ਨੂੰ ਲੈ ਕੇ ਕਈ ਧਾਰਨਾਵਾਂ ਜੁੜ੍ਹੀਆਂ ਹਨ

ਗ੍ਰਹਿਣ ਨੂੰ ਲੈ ਕੇ ਕੀ-ਕੀ ਧਾਰਨਾਵਾਂ ਜੁੜੀਆਂ?

ਸੱਤਵੀਂ ਸਦੀ ਦੇ ਯੂਨਾਨੀ ਕਵੀ ਆਰਕੀਲਕਸ ਨੇ ਕਿਹਾ ਸੀ ਕਿ ਭਰੀ ਦੁਪਹਿਰ ਨੂੰ ਹਨੇਰਾ ਛਾ ਗਿਆ ਅਤੇ ਇਸ ਤਜਰਬੇ ਤੋਂ ਬਾਅਦ, ਉਹ ਕਿਸੇ ਵੀ ਚੀਜ ਤੋਂ ਹੈਰਾਨ ਨਹੀਂ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਅੱਜ ਜਦੋਂ ਅਸੀਂ ਗ੍ਰਹਿਣ ਦੇ ਵਿਗਿਆਨਕ ਕਾਰਨਾਂ ਨੂੰ ਜਾਣਦੇ ਹਾਂ, ਤਾਂ ਵੀ ਇਹ ਵਿਸ਼ਵਾਸ ਕਾਇਮ ਹਨ।

ਕੈਲੀਫੋਰਨੀਆ ਵਿੱਚ ਗ੍ਰਿਫਿਥ ਆਬਜ਼ਰਵੇਟਰੀ ਦੇ ਡਾਇਰੈਕਟਰ ਐਡਵਿਨ ਕਰੱਪ ਕਹਿੰਦੇ ਹਨ, "ਸਤਾਰ੍ਹਵੀਂ ਸਦੀ ਦੇ ਆਖ਼ਰੀ ਸਾਲਾਂ ਤੱਕ ਜ਼ਿਆਦਾਤਰ ਲੋਕ ਨਹੀਂ ਜਾਣਦੇ ਸਨ ਕਿ ਗ੍ਰਹਿਣ ਕਿਉਂ ਲੱਗਦਾ ਹੈ ਜਾਂ ਤਾਰੇ ਕਿਉਂ ਟੁੱਟਦੇ ਹਨ।" ਹਾਲਾਂਕਿ, ਅੱਠਾਰ੍ਹਵੀਂ ਸਦੀ ਤੋਂ ਖਗੋਲ-ਵਿਗਿਆਨੀ ਇਨ੍ਹਾਂ ਦੇ ਵਿਗਿਆਨਕ ਕਾਰਨਾਂ ਤੋਂ ਜਾਣੂ ਸਨ।

ਕ੍ਰਿਪ ਦੇ ਅਨੁਸਾਰ, 'ਇਸ ਜਾਣਕਾਰੀ ਦੀ ਘਾਟ ਦਾ ਕਾਰਨ ਸੀ - ਸੰਚਾਰ ਅਤੇ ਸਿੱਖਿਆ ਦੀ ਕਮੀ। ਜਾਣਕਾਰੀ ਦਾ ਪ੍ਰਸਾਰ ਕਰਨਾ ਮੁਸ਼ਕਲ ਸੀ ਜਿਸ ਕਾਰਨ ਵਹਿਮਾਂ-ਭਰਮਾਂ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ।"

ਉਹ ਕਹਿੰਦੇ ਹਨ, 'ਪੁਰਾਣੇ ਸਮੇਂ ਵਿੱਚ ਮਨੁੱਖ ਦੀ ਰੁਟੀਨ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚਲਦੀ ਸੀ। ਇਨ੍ਹਾਂ ਨਿਯਮਾਂ ਵਿੱਚ ਕੋਈ ਵੀ ਫੇਰਬਦਲ ਮਨੁੱਖ ਨੂੰ ਬੇਚੈਨ ਕਰਨ ਲਈ ਕਾਫ਼ੀ ਸੀ।"

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਸੂਰਜ ਗ੍ਰਹਿਣ ਤੋਂ ਲੋਕ ਡਰਦੇ ਹਨ, ਕਈ ਅੰਧ-ਵਿਸ਼ਵਾਸ ਜੁੜ੍ਹੇ ਹਨ

ਸੂਰਜ ਗ੍ਰਹਿਣ ਤੋਂ ਕਿਉਂ ਡਰੇ ਲੋਕ?

ਚਾਨਣ ਅਤੇ ਜੀਵਨ ਦੇ ਸਰੋਤ ਸੂਰਜ ਦਾ ਲੁਕਣਾ ਲੋਕਾਂ ਨੂੰ ਡਰਾਉਂਦਾ ਸੀ। ਇਸੇ ਲਈ ਇਸ ਨਾਲ ਜੁੜੀਆਂ ਵੱਖ-ਵੱਖ ਕਹਾਣੀਆਂ ਪ੍ਰਸਿੱਧ ਹੋ ਗਈਆਂ।

ਸਭ ਤੋਂ ਪ੍ਰਚਲਿਤ ਕਹਾਣੀ ਸੀ ਸੂਰਜ ਨੂੰ ਖਾਣ ਵਾਲੇ ਰਾਕਸ਼ ਦੀ ਸੀ। ਇਕ ਪਾਸੇ, ਪੱਛਮੀ ਏਸ਼ੀਆ ਵਿੱਚ ਵਿਸ਼ਵਾਸ ਸੀ ਕਿ ਗ੍ਰਹਿਣ ਸਮੇਂ ਅਜਗ਼ਰ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਲਈ ਅਜਗਰ ਨੂੰ ਭਜਾਉਣ ਵਈ ਢੋਲ-ਨਗਾੜੇ ਵਜਾਏ ਜਾਂਦੇ ਸਨ।

ਉੱਥੇ ਹੀ, ਚੀਨ ਵਿੱਚ ਵਿਸ਼ਵਾਸ ਸੀ ਕਿ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਨ ਵਾਲਾ ਅਸਲ ਵਿੱਚ ਸਵਰਗ ਦਾ ਇੱਕ ਕੁੱਤਾ ਹੈ। ਪੇਰੂਵਾਸੀਆਂ ਦੇ ਅਨੁਸਾਰ, ਇਹ ਇੱਕ ਵਿਸ਼ਾਲ ਪਉਮਾ ਸੀ। ਦੂਜੇ ਪਾਸੇ, ਵਾਈਕਿੰਗ ਦਾ ਮੰਨਣਾ ਸੀ ਕਿ ਗ੍ਰਹਿਣ ਦੇ ਸਮੇਂ, ਅਸਮਾਨੀ ਬਘਿਆੜਾਂ ਦਾ ਇੱਕ ਜੋੜਾ ਸੂਰਜ ਉੱਤੇ ਹਮਲਾ ਕਰਦਾ ਹੈ।

ਸਮਾਜ 'ਚ ਅਜਿਹੇ ਹੈਰਾਨ ਕਰਨ ਵਾਲੇ ਵਿਸ਼ਵਾਸ ਵੀ ਪਨਪੇ

ਪੱਛਮੀ ਕੇਪ ਯੂਨੀਵਰਸਿਟੀ ਦੇ ਇਕ ਖਗੋਲ ਵਿਗਿਆਨੀ ਅਤੇ ਪ੍ਰੋਫੈਸਰ, ਜਰੀਟਾ ਹਾਲਬਰੁਕ ਦਾ ਕਹਿਣਾ ਹੈ, "ਗ੍ਰਹਿਣ ਬਾਰੇ ਵੱਖ ਵੱਖ ਸਭਿਅਤਾਵਾਂ ਦਾ ਰਵੱਈਆ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉੱਥੇ ਕੁਦਰਤ ਕਿਨ੍ਹੀਂ ਦਿਆਲੂ ਹੈ ਜਾਂ ਨਹੀਂ ਹੈ।"

ਉਨ੍ਹਾਂ ਦੱਸਿਆ, "ਜਿੱਥੇ ਜ਼ਿੰਦਗੀ ਮੁਸ਼ਕਲ ਹੈ, ਉੱਥੇ ਦੇਵੀ-ਦੇਵਤਿਆਂ ਨੂੰ ਵੀ ਬੇਰਹਿਮ ਮੰਨਿਆ ਗਿਆ ਅਤੇ ਡਰਾਉਣੀ ਕਲਪਨਾ ਕੀਤੀ ਗਈ। ਇਸ ਲਈ ਉੱਥੇ ਗ੍ਰਹਿਣ ਨਾਲ ਸਬੰਧਤ ਕਹਾਣੀਆਂ ਵੀ ਡਰਾਉਣੀਆਂ ਹਨ। ਜਿੱਥੇ ਜ਼ਿੰਦਗੀ ਸੌਖੀ ਹੈ, ਬਹੁਤ ਸਾਰਾ ਖਾਣਾ-ਪੀਣਾ ਹੈ, ਉੱਥੇ ਪ੍ਰਮਾਤਮਾ ਜਾਂ ਸ਼ਕਤੀਆਂ ਨਾਲ ਬਹੁਤ ਪਿਆਰ ਦਾ ਰਿਸ਼ਤਾ ਮੰਨਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮਿਥਿਹਾਸਕ ਚੀਜ਼ਾਂ ਵੀ ਇਸ ਤਰ੍ਹਾਂ ਦੀਆਂ ਹਨ।

ਮੱਧਯੁਗੀ ਯੂਰਪ ਵਿੱਚ, ਜਨਤਾ ਪਲੇਗ ਅਤੇ ਯੁੱਧਾਂ ਨਾਲ ਗ੍ਰਸਤ ਰਹਿੰਦੀ ਸੀ। ਇਸ ਲਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਉਨ੍ਹਾਂ ਨੂੰ ਬਾਈਬਲ ਵਿਚ ਤਬ਼ਾਹੀ ਦੇ ਵਰਣਨ ਦੀ ਯਾਦ ਦਵਾਉਂਦਾ ਹੈ।

ਪ੍ਰੋਫੈਸਰ ਕ੍ਰਿਸ ਫਰੈਂਚ ਦਾ ਕਹਿਣਾ ਹੈ, 'ਗ੍ਰਹਿਣ ਨੂੰ ਲੋਕ ਤਬ਼ਾਹੀ ਨਾਲ ਕਿਉਂ ਜੋੜਦੇ ਸਨ, ਇਹ ਸਮਝਣਾ ਬਹੁਤ ਸੌਖਾ ਹੈ।"

ਬਾਈਬਲ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਆਮਤ ਵਾਲੇ ਦਿਨ ਸੂਰਜ ਬਿਲਕੁਲ ਕਾਲਾ ਹੋ ਜਾਵੇਗਾ ਅਤੇ ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ। ਇਹੋ ਕ੍ਰਮਵਾਰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਿੱਚ ਹੁੰਦਾ ਹੈ।

ਫਿਰ ਲੋਕਾਂ ਦੀ ਜ਼ਿੰਦਗੀ ਵੀ ਛੋਟੀ ਸੀ ਅਤੇ ਅਜਿਹੀ ਖਗੋਲਿਕ ਘਟਨਾਵਾਂ ਉਨ੍ਹਾਂ ਦੇ ਜੀਵਨ ਵਿੱਚ ਸਿਰਫ਼ ਇਕ ਵਾਰ ਹੀ ਹੋ ਸਕਦੀ ਸੀ, ਇਸ ਲਈ ਇਹ ਹੋਰ ਵੀ ਡਰਾਉਣੀ ਸੀ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)