ਡਿਟੈਨਸ਼ਨ ਸੈਂਟਰ ਬਾਰੇ ਅਸਾਮ ਦਾ ਉਹ ਸੱਚ, ਜਿਸ ਬਾਰੇ ਮੋਦੀ ਨੇ ਝੂਠ ਬੋਲਿਆ
- ਦਿਲੀਪ ਕੁਮਾਰ ਸ਼ਰਮਾ
- ਮਾਟਿਆ, ਅਸਾਮ ਤੋਂ ਬੀਬੀਸੀ ਲਈ

ਤਸਵੀਰ ਸਰੋਤ, Dilip Sharma/BBC
ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਜਾਂਦਾ ਰਾਹ।
ਮੈਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਕਿਉਂ ਕਿਹਾ ਕਿ ਭਾਰਤ ਵਿੱਚ ਕੋਈ ਡਿਟੈਨਸ਼ਨ ਸੈਂਟਰ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮਾਟੀਆ ਵਿੱਚ ਭਾਰਤ ਦੇ ਸਭ ਤੋਂ ਵੱਡੇ ਡਿਟੈਨਸ਼ਨ ਸੈਂਟਰ ਦੀ ਉਸਾਰੀ ਹੋ ਰਹੀ ਹੈ।
ਤੁਸੀਂ ਚਾਹੋਂ ਤਾਂ ਇੱਥੇ ਕੰਮ ਕਰ ਰਹੇ ਲੋਕਾਂ ਨੂੰ ਪੁੱਛ ਸਕਦੇ ਹੋ। ਇਹ ਵਿਸ਼ਾਲ ਇਮਾਰਤ ਗੈਰ-ਕਾਨੂੰਨੀ ਨਾਗਰਿਕਾਂ ਨੂੰ ਰੱਖਣ ਲਈ ਬਣਾਈ ਜਾ ਰਹੀ ਹੈ ਅਤੇ ਇਸ ਲਈ ਪੈਸੇ ਵੀ ਕੇਂਦਰੀ ਗ੍ਰਹਿ ਮੰਤਰਾਲਾ ਦੇ ਰਿਹਾ ਹੈ।"
ਇਹ ਸ਼ਬਦ ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟੀਆ ਪਿੰਡ ਵਿੱਚ ਮੌਜੂਦ ਸਮਾਜਿਕ ਕਾਰਕੁੰਨ ਸ਼ਾਹਜਹਾਂ ਅਲੀ ਦੇ ਹਨ।
ਦਰਅਸਲ, ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੈਨਸ਼ਨ ਸੈਂਟਰ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਨੂੰ ਅਫ਼ਵਾਹ ਦੱਸਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਦੇ ਉਲਟ ਬਣ ਰਿਹਾ ਡਿਟੈਨਸ਼ਨ ਸੈਂਟਰ
ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਤੋਂ ਉਲਟ ਅਸਾਮ ਦੇ ਮਾਟੀਆ ਪਿੰਡ ਵਿੱਚ ਢਾਈ ਹੈਕਟੇਅਰ ਜ਼ਮੀਨ ਵਿੱਚ ਦੇਸ਼ ਦਾ ਪਹਿਲਾ ਤੇ ਸਭ ਤੋਂ ਵੱਡਾ ਡਿਟੈਨਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਡਿਟੈਂਸ਼ਨ ਸੈਂਟਰ ਦੀ ਉਸਾਰੀ
ਇਸ ਡਿਟੈਨਸ਼ਨ ਸੈਂਟਰ ਦੀ ਉਸਾਰੀ ਦਾ ਕੰਮ ਦੇਖ ਰਹੇ ਸਾਈਟ ਇੰਚਾਰਜ ਰਾਬਿਨ ਦਾਸ ਨੇ ਦੱਸਿਆ, "ਮੈਂ ਸਾਲ 2018 ਦੇ ਦਸੰਬਰ ਤੋਂ ਇਸ ਡਿਟੈਨਸ਼ਨ ਸੈਂਟਰ ਦੇ ਨਿਰਮਾਣ ਕਾਰਜ ਦੀ ਦੇਖ-ਰੇਖ ਕਰ ਰਿਹਾ ਹਾਂ। ਇਸੇ ਮਾਟਿਆ ਪਿੰਡ ਵਿੱਚ ਪਿਛਲੇ ਸਾਲ ਦਸੰਬਰ ਤੋਂ ਇਸ ਸੈਂਟਰ ਦੀ ਉਸਾਰੀ ਸ਼ੁਰੂ ਹੋਈ ਸੀ। ਇਸ ਵਿੱਚ ਤਿੰਨ ਹਜ਼ਾਰ ਲੋਕਾਂ ਨੂੰ ਰੱਖਣ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।"
ਤਸਵੀਰ ਸਰੋਤ, Dilip Sharma/BBC
ਸਾਈਟ ਇੰਚਾਰਜ ਰੌਬਿਨ ਦਾਸ ਡਿਟੈਨਸ਼ਨ ਸੈਂਟਰ ਦੇ ਉਸਾਰੀ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
“ਇੱਥੇ ਔਰਤਾਂ ਤੇ ਮਰਦਾਂ ਲਈ ਵੱਖੋ-ਵੱਖ ਸੈਲ ਬਣਾਏ ਗਏ ਹਨ। ਅਸੀਂ ਡਿਟੈਨਸ਼ਨ ਸੈਂਟਰ ਦਾ 70 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ। ਬਿਨਾਂ ਕਿਸੇ ਛੁੱਟੀ ਦੇ ਲਗਭਗ 300 ਮਜ਼ਦੂਰ ਇਸ ਉਸਾਰੀ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਇਸ ਉਸਾਰੀ ਨੂੰ ਮੁਕੰਮਲ ਕਰਨ ਲਈ 31 ਦਸੰਬਰ 2019 ਦੀ ਡੈਡਲਾਈਨ ਮਿਲੀ ਸੀ।"
“ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ 31 ਮਾਰਚ 2020 ਤੱਕ ਇਸ ਵਿਸ਼ਾਲ ਭਵਨ ਦੀ ਉਸਾਰੀ ਮੁਕੰਮਲ ਕਰ ਲਵਾਂਗੇ। ਦਰਅਸਲ, ਮੀਂਹ ਦੇ ਦਿਨਾਂ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਕਾਰਨ ਕੰਮ ਹੌਲੀ ਹੋ ਗਿਆ ਸੀ।"
'ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਡਿਟੈਂਸ਼ਨ'
ਸਾਈਟ ਇੰਚਾਰਜ ਰੌਬਿਨ ਦਾਸ ਦਾਅਵਾ ਕਰਦੇ ਹਨ ਕਿ ਅਮਰੀਕਾ ਵਿੱਚ ਮੌਜੂਦ ਡਿਟੈਨਸ਼ਨ ਸੈਂਟਰ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਡਿਟੈਨਸ਼ਨ ਸੈਂਟਰ ਹੋਵੇਗਾ। ਇਸ ਦੇ ਅੰਦਰ ਹਸਪਤਾਲ ਅਤੇ ਠੀਕ ਗੇਟ ਦੇ ਬਾਹਰ ਪ੍ਰਾਈਮਰੀ ਸਕੂਲ ਤੋਂ ਲੈ ਕੇ ਬੱਚਿਆਂ ਤੇ ਔਰਤਾਂ ਦੀ ਦੇਖਭਾਲ ਲਈ ਸਾਰੀਆਂ ਸਹੂਲਤਾਂ ਹੋਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਦੇ ਉਲਟ ਬਣ ਰਿਹਾ ਡਿਟੈਨਸ਼ਨ ਸੈਂਟਰ
ਫਿਲਹਾਲ ਅਸਾਮ ਦੀਆਂ ਵੱਖ-ਵੱਖ ਛੇ ਕੇਂਦਰੀ ਜੇਲ੍ਹਾਂ ਵਿੱਚ ਬਣੇ ਡਿਟੈਨਸ਼ਨ ਸੈਂਟਰਾਂ ਵਿੱਚ 1,133 ਐਲਾਨੀਆ ਵਿਦੇਸ਼ੀ ਲੋਕਾਂ ਨੂੰ ਰੱਖਿਆ ਗਿਆ ਹੈ।
ਇਹ ਜਾਣਕਾਰੀ ਸੰਸਦ ਵਿੱਚ ਗ੍ਰਹਿ ਰਾਜ ਮੰਤਰੀ ਜੀਕੇ ਰੈੱਡੀ ਨੇ ਕਾਂਗਰਸ ਸ਼ਸ਼ੀ ਥਰੂਰ ਦੇ ਸਵਾਲ ਦੇ ਜਵਾਬ ਵਿੱਚ ਜੁਲਾਈ ਵਿੱਚ ਇਹ ਜਾਣਕਾਰੀ ਦਿੱਤੀ ਸੀ। ਅੰਕੜਾ 25 ਜੂਨ ਤੱਕ ਦਾ ਹੈ।
ਤਸਵੀਰ ਸਰੋਤ, Dilip Sharma/BBC
ਇੰਚਾਰਜ ਮੁਤਾਬਕ ਡਿਟੈਂਸ਼ਨ ਸੈਂਟਰ ਦੀ ਉਸਾਰੀ ਦਾ 70 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ।
ਪਿੰਡ ਦੇ ਬਿਲਕੁਲ ਨਾਲ ਰਹਿਣ ਵਾਲੇ ਆਜਿਦੁਲ ਇਸਲਾਮ ਹੁਣ ਵੀ ਜਦੋਂ ਇਸ ਪਾਸਿਓਂ ਲੰਘਦੇ ਹਨ, ਉਹ ਉੱਚੀਆਂ ਕੰਧਾਂ ਨਾਲ ਘਿਰੇ ਇਸ ਡਿਟੈਨਸ਼ਨ ਸੈਂਟਰ ਨੂੰ ਦੇਖ ਕੇ ਡਰ ਜਾਂਦੇ ਹਨ।
ਉਹ ਕਹਿੰਦੇ ਹਨ, "ਮੈਂ ਇਸੇ ਇਲਾਕੇ ਵਿੱਚ ਵੱਡਾ ਹੋਇਆ ਪਰ ਮੈਂ ਇੰਨੀ ਵਿਸ਼ਾਲ ਇਮਾਰਤ ਕਦੇ ਨਹੀਂ ਦੇਖੀ। ਇਨਸਾਨਾਂ ਨੂੰ ਜੇ ਇਸ ਦੇ ਅੰਦਰ ਕੈਦ ਕਰਕੇ ਰੱਖਣਗੇ ਤਾਂ ਡਰ ਤਾਂ ਲੱਗੇਗਾ ਹੀ।"
"ਜੋ ਵਿਅਕਤੀ ਵਿਦੇਸ਼ੀ ਐਲਾਨ ਦਿੱਤਾ ਜਾਂਦਾ ਹੈ ਉਸ ਨੂੰ ਡਿਟੈਂਸ਼ਨ ਸੈਂਟਰ ਰੱਖ ਕੇ ਇੰਨਾ ਖ਼ਰਚਾ ਕਰਨ ਦੀ ਥਾਵੇਂ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜ ਦੇਣਾ ਚਾਹੀਦਾ ਹੈ।"
ਵਿਦੇਸ਼ੀ ਨਾਗਰਿਕ
24-ਸਾਲਾ ਦੀਪਿਕਾ ਕਲਿਕਾ ਇਸੇ ਉਸਾਰੇ ਜਾ ਰਹੇ ਡਿਟੈਨਸ਼ਨ ਸੈਂਟਰ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰ ਰਹੀ ਹੈ। ਦੀਪਿਕਾ ਜਾਣਦੀ ਹੈ ਕਿ ਇੱਥੇ ਕਿੰਨ੍ਹਾਂ ਲੋਕਾਂ ਨੂੰ ਰੱਖਿਆ ਜਾਵੇਗਾ।
ਉਹ ਕਹਿੰਦੀ ਹੈ, " ਇੱਥੇ ਉਨ੍ਹਾਂ ਲੋਕਾਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਦਾ ਨਾਂ ਐੱਨਆਰਸੀ ਵਿੱਚ ਨਹੀਂ ਆਇਆ ਹੈ ਜਾਂ ਫਿਰ ਜਿਹੜੇ ਲੋਕ ਵੋਟਰ ਨਹੀਂ ਹਨ। ਮੈਂ ਇੱਥੇ ਸ਼ੁਰੂ ਤੋਂ ਮਜ਼ਦੂਰੀ ਕਰ ਰਹੀ ਹਾਂ। ਅਸੀਂ ਗ਼ਰੀਬ ਹਾਂ, ਇੱਥੇ ਮਜ਼ਦੂਰੀ ਕਰਕੇ ਢਿੱਡ ਪਾਲ ਰਹੇ ਹਾਂ। ਕਈ ਹੋਰ ਔਰਤਾਂ ਵੀ ਇੱਥੇ ਕੰਮ ਕਰਦੀਆਂ ਹਨ। ਠੇਕੇਦਾਰ ਰੋਜ਼ਾਨਾ 250 ਰੁਪਏ ਦਿੰਦਾ ਹੈ। ਮੇਰਾ ਨਾਮ ਐੱਨਆਰਸੀ ਵਿੱਚ ਆਇਆ ਹੈ ਪਰ ਮੈਨੂੰ ਨਹੀਂ ਪਤਾ ਕਿ ਇੱਥੇ ਕਿੰਨੇ ਜਣਿਆਂ ਨੂੰ ਰੱਖਿਆ ਜਾਵੇਗਾ।"
ਤਸਵੀਰ ਸਰੋਤ, Dilip Sharma/BBC
ਮਾਟਿਆ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਤੇ ਏਸ਼ੀਆ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ।
ਇਸੇ ਸੈਂਟਰ ਵਿੱਚ ਮਜ਼ਦੂਰੀ ਕਰਨ ਵਾਲੇ 30-ਸਾਲਾ ਗੋਕੁਲ ਵਿਸ਼ਵਾਸ ਦਾ ਨਾਮ ਐੱਨਆਰਸੀ ਵਿੱਚ ਤਾਂ ਹੈ ਪਰ ਉਹ ਜਾਣਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਵਿਦੇਸ਼ੀ ਨਾਗਰਿਕ ਐਲਾਨਿਆ ਜਾਵੇਗਾ ਉਨ੍ਹਾਂ ਨੂੰ ਇੱਥੇ ਹੀ ਕੈਦ ਕਰ ਕੇ ਰੱਖਿਆ ਜਾਵੇਗਾ।
ਗੋਕੁਲ ਦੱਸਦੇ ਹਨ, "ਮੈਂ ਪਿਛਲੇ ਕੁਝ ਦਿਨਾਂ ਤੋਂ ਮਜ਼ਦੂਰੀ ਕਰ ਰਿਹਾ ਹਾਂ। ਇੱਥੋਂ ਮੈਨੂੰ ਰੋਜ਼ਾਨਾ 500 ਰੁਪਏ ਮਿਲਦੇ ਹਨ। ਡਿਟੈਨਸ਼ਨ ਸੈਂਟਰ ਦੀ ਇਮਾਰਤ ਬਣ ਰਹੀ ਹੈ। ਇੱਥੇ ਵਿਦੇਸ਼ੀਆਂ ਨੂੰ ਰੱਖਿਆ ਜਾਵੇਗਾ। ਕੰਮ ਕਰਦੇ ਸੰਮੇਂ ਕਈ ਵਾਰ ਇਹ ਸੋਚ ਕੇ ਡਰ ਜਾਂਦਾ ਹਾਂ ਕਿ ਜੇ ਮੇਰਾ ਨਾਂ ਐੱਨਆਰਸੀ ਵਿੱਚ ਨਾ ਆਉਂਦਾ ਤਾਂ ਮੈਨੂੰ ਵੀ ਇਸੇ ਜੇਲ੍ਹਖਾਨੇ ਵਿੱਚ ਰਹਿਣਾ ਪੈਂਦਾ।"
ਪਰਿਵਾਰ ਵਿਛੜ ਜਾਵੇਗਾ...
ਦਰਅਸਲ ਗੋਕੁਲ ਨੇ ਆਪਣ ਕਈ ਮਜ਼ਦੂਰ ਸਾਥੀਆਂ ਤੋਂ ਸੁਣਿਆ ਹੈ ਕਿ ਇਸ ਸੈਂਟਰ ਦੀ ਉਸਾਰੀ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਨਾਮ ਐੱਨਆਰਸੀ ਵਿੱਚ ਨਹੀਂ ਹਨ।
ਇਸ ਡਿਟੈਂਸ਼ਨ ਸੈਂਟਰ ਦੇ ਠੀਕ ਬਾਹਰ ਚਾਹ ਦੀ ਇੱਕ ਛੋਟੀ ਜਿਹੀ ਦੁਕਾਨ ਕਰਨ ਵਾਲੇ ਅਮਿਤ ਹਾਜੋਂਗ ਆਪਣੀ ਪਤਨੀ ਮਮਤਾ ਦਾ ਨਾਮ ਐੱਨਆਰਸੀ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਬਹੁਤ ਪ੍ਰੇਸ਼ਾਨ ਹਨ।
ਅਮਿਤ ਨੇ ਆਪਣੀ ਪ੍ਰੇਸ਼ਾਨੀ ਦੱਸਿਆ, "ਮੈਂ ਨਜ਼ਦੀਕ ਹੀ 5 ਨੰਬਰ ਮਾਟੀਆ ਕੈਂਪ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹਾਂ। ਮੇਰੇ ਪੂਰੇ ਪਰਿਵਾਰ ਦਾ ਨਾਮ ਐੱਨਆਰਸੀ ਵਿੱਚ ਆਇਆ ਹੈ। ਬੇਟੇ ਦਾ ਨਾਮ ਹੈ। ਮਾਂ ਦਾ ਨਾਮ ਹੈ। ਮੇਰਾ ਨਾਮ ਆਇਆ ਹੈ ਪਰ ਮੇਰੀ ਪਤਨੀ ਮਮਤਾ ਦਾ ਨਾਮ ਨਹੀਂ ਆਇਆ ਹੈ। ਇਸ ਗੱਲੋਂ ਮੈਂ ਬਹੁਤ ਟੈਨਸ਼ਨ ਵਿੱਚ ਹਾਂ।"
ਤਸਵੀਰ ਸਰੋਤ, Dilip Sharma/BBC
ਡਿਟੈਨਸ਼ਨ ਸੈਂਟਰ ਦੇ ਨਜ਼ਦੀਕ ਚਾਹ ਦੀ ਦੁਕਾਨ ਚਲਾ ਰਹੇ ਪਤੀ-ਪਤਨੀ ਵਿੱਚੋਂ ਪਤਨੀ ਦਾ ਨਾਮ ਐੱਨਆਰਸੀ ਵਿੱਚ ਨਾਮ ਨਹੀਂ ਹੈ। ਦੋਵਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਪਰਿਵਾਰ ਟੁੱਟ ਜਾਵੇਗਾ।
ਅਸੀਂ ਪਤੀ-ਪਤਨੀ ਇਹ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦੇ ਹਾਂ ਇਸ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਹੈ। ਦਿਨ ਭਰ ਇਸੇ ਦੁਕਾਨ ਵਿੱਚ ਕੰਮ ਕਰਦੇ ਹਾਂ, ਇਸ ਲਈ ਕੁਝ ਸੋਚ ਨਹੀਂ ਪਾਉਂਦੇ। ਲੇਕਿਨ ਜਦੋਂ ਰਾਤ ਨੂੰ ਘਰ ਜਾਂਦੇ ਹਾਂ ਤਾਂ ਇਨ੍ਹਾਂ ਗੱਲਾਂ ਨਾਲ ਕਾਫ਼ੀ ਫਿਕਰ ਹੁੰਦੀ ਹੈ। ਰੋਜ਼ਾਨਾ ਅੱਖਾਂ ਸਾਹਮਣੇ ਇਸ ਵਿਸ਼ਾਲ ਇਮਾਰਤ ਨੂੰ ਬਣਦਿਆਂ ਦੇਖ ਰਹੇ ਹਾਂ।"
"ਜੇ ਮੇਰੀ ਪਤਨੀ ਨੂੰ ਫੜ ਕੇ ਡਿਟੈਨਸ਼ਨ ਸੈਂਟਰ ਵਿੱਚ ਪਾ ਦਿੱਤਾ ਗਿਆ ਤਾਂ ਸਾਡਾ ਪਰਿਵਾਰ ਟੁੱਟ ਜਾਵੇਗਾ। ਪਤਨੀ ਤੋਂ ਬਿਨਾਂ ਬੱਚਿਆਂ ਨੂੰ ਕਿਵੇਂ ਪਾਲਾਂਗਾ। ਛੋਟਾ ਬੇਟਾ ਪੰਜ ਸਾਲਾਂ ਦਾ ਹੈ ਤੇ ਬੇਟੀ 2 ਸਾਲ ਦੀ ਹੈ। ਜਦੋਂ-ਜਦੋਂ ਗੱਲ ਦਿਮਾਗ਼ ਵਿੱਚ ਆਉਂਦੀ ਹੈ ਤਾਂ ਮੈਂ ਡਰ ਜਾਂਦਾ ਹਾਂ।"
ਪ੍ਰਧਾਨ ਮੰਤਰੀ ਦਾ ਬਿਆਨ
ਇਸੇ ਸਾਲ 31 ਅਗਸਤ ਨੂੰ ਨੈਸ਼ਨਲ ਸਿਟੀਜ਼ਨ ਰਜਿਸਟਰ ਭਾਵ ਐੱਨਆਰਸੀ ਦੀ ਜੋ ਆਖ਼ਰੀ ਲਿਸਟ ਜਾਰੀ ਹੋਈ ਸੀ ਉਸ ਵਿੱਚ 19 ਲੱਖ ਲੋਕਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਇਸ ਐੱਨਆਰਸੀ ਬਾਰੇ ਸੱਤਾਧਾਰੀ ਭਾਜਪਾ ਸਰਕਾਰ ਬਿਲਕੁਲ ਖ਼ੁਸ਼ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਸੰਸੰਦ ਵਿੱਚ ਪੂਰੇ ਦੇਸ਼ ਵਿੱਚ ਐੱਨਆਰਸੀ ਲਾਗੂ ਕਰਨ ਦੀ ਗੱਲ ਕਹੀ ਸੀ। ਮਤਲਬ ਉਸ ਸਮੇਂ ਅਸਾਮ ਵਿੱਚ ਇੱਕ ਵਾਰ ਮੁੜ ਤੋਂ ਐੱਨਆਰਸੀ ਹੋਵੇਗਾ।
ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕਿਹਾ, "ਜੋ ਹਿੰਦੁਸਤਾਨ ਦੀ ਮਿੱਟੀ ਦੇ ਮੁਸਲਮਾਨ ਹਨ, ਜਿਨ੍ਹਾਂ ਦੇ ਪੁਰਖੇ ਇਸ ਮਾਂ ਭਾਰਤੀ ਦੀ ਸੰਤਾਨ ਹਨ... ਉਨ੍ਹਾਂ ਨਾਲ ਨਾਗਰਿਕਤਾ ਕਾਨੂੰਨ ਤੇ ਐੱਨਆਰਸੀ ਦੋਵਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਦੇਸ਼ ਦੇ ਮੁਸਲਮਾਨਾਂ ਨੂੰ ਨਾ ਤਾਂ ਡਿਟੈਂਸ਼ਨ ਸੈਂਟਰ ਵਿੱਚ ਭੇਜਿਆ ਜਾ ਰਿਹਾ ਹੈ, ਨਾ ਹਿੰਦੁਸਤਾਨ ਵਿੱਚ ਕੋਈ ਡਿਟੈਨਸ਼ਨ ਸੈਂਟਰ ਹੈ... ਇਹ ਸਫ਼ੈਦ ਝੂਠ ਹੈ, ਇਹ ਬਦ ਇਰਾਦੇ ਵਾਲਾ ਖੇਡ ਹੈ। ਮੈਂ ਤਾਂ ਹੈਰਾਨ ਹਾਂ ਕਿ ਇਹ ਝੂਠ ਬੋਲਣ ਲਈ ਕਿਸ ਹੱਦ ਤੱਕ ਜਾ ਸਕਦੇ ਹਨ।"
ਸਮਾਜਿਕ ਕਾਰਕੁਨ ਸ਼ਾਹਜਹਾਂ ਕਹਿੰਦੇ ਹਨ, "ਜੋ ਡਿਟੈਨਸ਼ਨ ਸੈਂਟਰ ਭਾਰਤ ਸਰਕਾਰ ਦੇ ਪੈਸਿਆਂ ਨਾਲ ਬਣ ਰਿਹਾ ਹੋਵੇ ਉਸ ਬਾਰੇ ਪ੍ਰਧਾਨ ਮੰਤਰੀ ਅਜਿਹਾ ਕਿਵੇਂ ਕਹਿ ਸਕਦੇ ਹਨ? ਇੱਥੇ ਆਉਣ ਵਾਲੇ ਸਾਰਿਆਂ ਨੂੰ ਪਤਾ ਹੈ ਕਿ ਇਹ ਡਿਟੈਨਸ਼ਨ ਸੈਂਟਰ ਬਣ ਰਿਹਾ ਹੈ, ਜੋ ਏਸ਼ੀਆ ਦਾ ਸਭ ਤੋਂ ਵੱਡਾ ਡਿਟੈਨਸ਼ਨ ਸੈਂਟਰ ਹੋਵੇਗਾ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ