ਮੋਦੀ ਦੇ 'ਡੇਢ ਲੱਖ' ਦੇ ਚਸ਼ਮੇ ਦਾ ਉੱਡਿਆ ਮਜ਼ਾਕ, ਪੀਐੱਮ ਬੋਲੇ ਸਵਾਗਤ ਹੈ- Social

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, FB/NARENDRAMODI

ਤਸਵੀਰ ਕੈਪਸ਼ਨ,

ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨੂੰ ‘ਕੂਲ ਪ੍ਰਧਾਨ ਮੰਤਰੀ’ ਲਿਖਿਆ ਗਿਆ।

26 ਦਸੰਬਰ ਨੂੰ ਸੂਰਜ ਗ੍ਰਹਿਣ ਦੇ ਦੌਰਾਨ ਰਿੰਗ ਆਫ਼ ਫਾਇਰ ਦੇਖਣ ਦੇ ਇੱਛੁਕ ਲੋਕਾਂ ਦੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਰਹੇ।

ਉਨ੍ਹਾਂ ਨੇ ਆਪਣੇ ਫੇਸਬੁੱਕ ਸਫ਼ੇ ’ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਲਿਖਿਆ, "ਕਈ ਭਾਰਤੀਆਂ ਵਾਂਗ ਸੂਰਜ ਗ੍ਰਹਿਣ ਬਾਰੇ ਮੈਂ ਵੀ ਉਤਸ਼ਾਹਿਤ ਸੀ। ਬਦਕਿਸਮਤੀ ਨਾਲ ਬੱਦਲਾਂ ਕਾਰਣ ਮੈਂ ਸੂਰਜ ਗ੍ਰਹਿਣ ਨਹੀਂ ਦੇਖ ਸਕਿਆ। ਲੇਕਿਨ ਕੋਝੀਕੋਡ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੂਰਜ ਗ੍ਰਹਿਣ ਦੀ ਝਲਕ ਮੈਂ ਲਾਈਵ ਸਟਰੀਮ ਰਾਹੀਂ ਦੇਖੀ। ਇਸ ਦੇ ਨਾਲ ਹੀ ਮੈਂ ਮਾਹਰਾਂ ਨਾਲ ਇਸ ਵਿੱਸ਼ੇ ਵਿੱਚ ਆਪਣੀ ਜਾਣਕਾਰੀ ਵੀ ਵਾਧਾਈ।"

ਇਹ ਵੀ ਪੜ੍ਹੋ:

ਨਰਿੰਦਰ ਮੋਦੀ ਦੀਆਂ ਤਸਵੀਰਾਂ ਪੋਸਟ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਹੋਣ ਲੱਗੀਆਂ। ਇੱਕ ਟਵਿੱਟਰ ਵਰਤਣ ਵਾਲੇ ਨੇ ਲਿਖਿਆ— ਇਹ ਇੱਕ ਮੀਮ ਬਣ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਨੂੰ ਮੁੜ ਟਵੀਟ ਕੀਤਾ ਤੇ ਲਿਖਿਆ—ਤੁਹਾਡਾ ਸੁਆਗਤ ਹੈ...ਇੰਜੌਇ।

ਮੋਦੀ ਨੇ ਜਿਵੇਂ ਕਿਹਾ ਉਵੇਂ ਹੀ ਹੋਇਆ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਫੋਟੋ ਨੂੰ ਲੋਕਾਂ ਨੇ ਮਜ਼ਾਕੀਆਂ ਲਹਿਜ਼ੇ ਵਿੱਚ ਸਾਂਝੀ ਕੀਤਾ।

ਤਸਵੀਰ ਸਰੋਤ, TWITTER/MODI

ਤਸਵੀਰ ਕੈਪਸ਼ਨ,

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਮਾਹਰਾਂ ਨਾਲ ਗੱਲਬਾਤ ਕਰਕੇ ਇਸ ਵਿੱਸ਼ੇ ਵਿੱਚ ਆਪਣੀ ਜਾਣਕਾਰੀ ਵੀ ਵਾਧਾਈ।

ਐਨਕ ਦੀ ਕੀਮਤ

ਸੋਸ਼ਲ ਮੀਡੀਆ ਤੇ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਦੀ ਨਿਗ੍ਹਾ ਪ੍ਰਧਾਨ ਮੰਤਰੀ ਦੀਆਂ ਐਨਕਾਂ 'ਤੇ ਗਈ।

ਅਸਲ ਵਿੱਚ ਪ੍ਰਧਾਨ ਮੰਤਰੀ ਨੇ ਜਿਹੜੀ ਐਨਕ ਲਾਈ ਹੋਈ ਹੈ ਉਹ ਜਰਮਨ ਕੰਪਨੀ ਮਾਇਬਾਖ਼ ਦੀ ਹੈ।

ਇਸ ਦੀ ਕੀਮਤ 1195 ਅਮਰੀਕੀ ਡਾਲਰ ਜਾਂ ਡੇਢ ਲੱਖ ਭਾਰਤੀ ਰੁਪਏ ਹੈ।

ਤਸਵੀਰ ਸਰੋਤ, Maybach eyewear

ਤਸਵੀਰ ਕੈਪਸ਼ਨ,

ਪ੍ਰਧਾਨ ਮੰਤਰੀ ਦੀ ਐਨਕ ਜਰਮਨ ਕੰਪਨੀ ਮਾਇਬਾਖ਼ ਦੀ ਹੈ।

ਹਾਲਾਂਕਿ ਪੀਐੱਮ ਵੱਲੋਂ ਲਾਈ ਐਨਕ ਇੰਨੀ ਮਹਿੰਗੀ ਹੈ ਜਾਂ ਨਹੀਂ ਇਸ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਫਿਰ ਵੀ ਇਸ ਕੰਪਨੀ ਦੇ ਅਜਿਹੇ ਕਈ ਫਰੇਮ ਜੋ ਔਨਲਾਈਨ ਮਿਲਦੇ ਹਨ ਦੇਖਣ ਵਿੱਚ ਪ੍ਰਧਾਨ ਮੰਤਰੀ ਦੀ ਐਨਕ ਦੇ ਫਰੇਮ ਨਾਲ ਮਿਲਦੇ-ਜੁਲਦੇ ਹਨ।

ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਨੇ ਮੋਦੀ ਦੀ ਇਸ ਐਨਕ ਨਾਲ ਮਿਲਦੇ ਜੁਲਦੇ ਸਕਰੀਨਸ਼ਾਟ ਸਾਂਝੇ ਕੀਤੇ ਹਨ।

ਕਾਂਗਰਸੀ ਆਗੂ ਰਾਧਿਕਾ ਖੇੜਾ ਨੇ ਲਿਖਿਆ, "ਫਕੀਰ ਦੀ ਫ਼ਕੀਰੀ, ਦਿ ਆਰਟਿਸਟ-111, ਮੁੱਲ— ਇੱਕ ਲੱਖ 50 ਹਜ਼ਾਰ ਰੁਪਏ। ਕਲੈਕਸ਼ਨ ਦਾ ਨਾਂ ਗਾਹਕ ਦੇ ਨਾਂ ਨਾਲ ਮਿਲਦਾ ਹੈ।"

ਇਸ ਦੌਰਾਨ ਟਵਿੱਟਰ 'ਤੇ #CoolestPM ਟਵਿੱਟਰ ਦੇ ਸਿਖਰਲੇ ਟਰੈਂਡਾਂ ਵਿੱਚੋਂ ਰਿਹਾ। ਲੋਕ ਪੀਐੱਮ ਦੀਆਂ ਤਸਵੀਰਾਂ ਦੇ ਮੀਮ ਬਣਾ ਕੇ ਸਾਂਝੇ ਕਰ ਰਹੇ ਹਨ।

RamsaBJYM ਨੇ ਲਿਖਿਆ, "ਮੇਰੇ ਆਗੂ ਪ੍ਰਧਾਨ ਮੰਤਰੀ ਮੋਦੀ। ਨਾ ਸਿਰਫ਼ ਇਸ ਲਈ ਕਿ ਉਹ ਇੱਕ ਕੂਲ ਪ੍ਰਧਾਨ ਮੰਤਰੀ ਹਨ, ਬਲਕਿ ਇਸ ਲਈ ਵੀ ਕਿ ਉਹ ਇੱਕ ਚੰਗੇ ਵਿਅਕਤੀ ਹਨ"।

"Desipolitics ਨੇ ਟਵੀਟ ਕੀਤਾ, "ਕੂਲ ਪ੍ਰਧਾਨ ਮੰਤਰੀ ਨੇ ਜਰਮਨੀ ਵਿਚ ਬਣੇ ਮਾਈਬਾਖ ਗਲਾਸ ਪਹਿਨੇ ਹੋਏ ਹਨ। ਇਸ ਦੀ ਕੀਮਤ ਡੇਢ ਲੱਖ ਰੁਪਏ ਹੈ। ਅਜੇ ਵੀ ਕੁਝ ਲੋਕ ਹਨ, ਜੋ ਉਨ੍ਹਾਂ ਦੇ ਖਾਤੇ ਵਿਚ ਆਉਣ ਲਈ 15 ਲੱਖ ਰੁਪਏ ਦੀ ਉਡੀਕ ਕਰ ਰਹੇ ਹਨ। ਹਿਪੋਕ੍ਰੇਸੀ ਦੀ ਵੀ ਇਕ ਹੱਦ ਹੈ ਮਿੱਤਰੋ।"

ਇੱਥੇ ਕੁਝ ਲੋਕ ਉਹ ਵੀ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਮੀਮ ਬਣਾਉਣ ਦੇ ਸਵਾਗਤ ਦੀ ਪ੍ਰਸ਼ੰਸਾ ਕੀਤੀ ਹੈ।

ਅਰੁਣ ਸ਼ਾਹ ਨੇ ਲਿਖਿਆ, "ਇਹ ਇੱਕ ਕੂਲ ਪ੍ਰਧਾਨ ਮੰਤਰੀ ਅਤੇ ਇੱਕ ਫਾਸ਼ੀਵਾਦੀ ਸੀ.ਐੱਮ. ਵਿਚਕਾਰ ਫਰਕ ਹੈ"। ਅਰੁਣ ਦਾ ਇਸ਼ਾਰਾ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਵੱਲ ਸੀ।

ਸਈਅਦ ਨਾ ਦੇ ਯੂਜ਼ਰ ਨੇ ਲਿਖਿਆ, "ਸਾਡੇ ਕੂਲ ਪ੍ਰਧਾਨ ਮੰਤਰੀ 10 ਲੱਖ ਰੁਪਏ ਦਾ ਸੂਟ ਪਾਉਦੇ ਹਨ ਅਤੇ ਡੇਢ ਲੱਖ ਰੁਪਏ ਦਾ ਚਸ਼ਮਾ, ਫੇਰ ਉਹ ਕਹਿੰਦੇ ਹਨ- ਮੈਂ ਤਾਂ ਫ਼ਕੀਰ ਆਦਮੀ ਹਾਂ , ਝੋਲਾ ਲੈ ਕੇ ਚਲਾ ਜਾਵਾਂਗਾ"

ਟਵਿੱਟਰ ਉੱਤੇ ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਹੁਣ ਇਹ ਲੋਕ ਕਹਿਣਗੇ ਕਿ ਮੋਦੀ ਨੇ ਇਹ ਚਸ਼ਮਾ ਅਜਿਹੀ ਸਾਇਟ ਤੋਂ ਖਰੀਦਿਆਂ ਹੈ, ਜਿੱਥੋਂ ਚਸ਼ਮੇ ਸਸਤੇ ਮਿਲਦੇ ਹਨ।

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ,

ਜਨਵਰੀ 2018 ਵਿੱਚ ਰਾਹੁਲ ਗਾਂਧੀ ਜਾਕਟ ਚਰਚਾ ਵਿੱਚ ਰਹੀ ਹੈ।

ਜਦੋਂ ਰਾਹੁਲ ਗਾਂਧੀ ਦੀ ਜਾਕਟ ਦੀ ਕੀਮਤ ਬਾਰੇ ਵੀ ਛਿੜੀ ਸੀ ਚਰਚਾ

ਜਨਵਰੀ 2018 ਵਿੱਚ ਰਾਹੁਲ ਗਾਂਧੀ ਜਾਕਟ ਚਰਚਾ ਵਿੱਚ ਰਹੀ ਹੈ।

ਰਾਹੁਲ ਗਾਂਧੀ ਦੀ ਇੱਕ ਤਸਵੀਰ ਵਿੱਚ ਬਰਬਰੀ ਕੰਪਨੀ ਦੀ ਜਾਕਟ ਪਾਈ ਦਿਖੇ ਸਨ। ਬਰਬਰੀ ਇੱਕ ਬ੍ਰਿਟਿਸ਼ ਲਗਜ਼ਰੀ ਫ਼ੈਸ਼ਨ ਹੈ ਜਿਸ ਦਾ ਮੁੱਖ ਦਫ਼ਤਰ ਲੰਡਨ ਵਿੱਚ ਹੈ। ਇਸ ਫ਼ੈਸ਼ਨ ਹਾਊਸ ਨੂੰ ਟ੍ਰੈਂਚ ਕੋਟ, ਰੇਡੀ ਟੂ ਵੀਅਰ ਆਊਟਵੀਅਰ, ਫ਼ੈਸ਼ਨ ਅਕਸੈਸਰੀਜ਼, ਫਰੈਂਗਸ ਤੇ ਕਾਸਮੈਟਿਕ ਲਈ ਜਾਣਿਆ ਜਾਂਦਾ ਹੈ।

ਰਾਹੁਲ ਗਾਂਧੀ ਨੇ ਜੋ ਜਾਕਟ ਪਾਈ ਸੀ, ਉਹ ਉਸ ਸਮੇਂ ਕਰੀਬ 63 ਹਜ਼ਾਰ ਰੁਪਏ ਕੀਮਤ ਦੀ ਸੀ।

ਉਸ ਸਮੇਂ ਰਾਹੁਲ ਗਾਂਧੀ ਦੀ ਜਾਕਟ ਤੇ ਭਾਜਪਾ ਤੇ ਆਮ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਸਨ।

ਭਾਜਪਾ ਨੇ ਕਿਹਾ ਸੀ, "ਕਿਉਂ ਰਾਹੁਲ ਗਾਂਧੀ ਜੀ, ਸੂਟ (ਤੰਜ਼) ਬੂਟ ਦੀ ਸਰਕਾਰ ਖੁੱਲ੍ਹੇ ਭ੍ਰਿਸ਼ਟਾਚਾਰ ਨਾਲ ਮੇਘਾਲਿਆ ਦਾ ਸਰਕਾਰੀ ਖ਼ਜਾਨਾ ਸਾਫ਼ ਕਰ ਰਹੇ ਹੈਂ? ਸਾਡੀਆਂ ਤਕਲੀਫ਼ਾਂ ਤੇ ਗਾਣੇ ਗਾਉਣ ਦੀ ਥਾਂਵੇਂ ਤੁਸੀਂ ਮੇਘਾਲਿਆ ਦੀ ਆਪਣੀ ਨਿਕੰਮੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਤਾਂ ਚੰਗਾ ਹੁੰਦਾ। ਤੁਹਾਡਾ ਇਹ ਦੂਹਰਾ ਚਿਹਰਾ ਸਾਡਾ ਮਜ਼ਾਕ ਉਡਾ ਰਿਹਾ ਹੈ!"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)