ਕੌਣ ਸਨ ਰੰਗਾ-ਬਿੱਲਾ, ਜਿਨ੍ਹਾਂ ਦੀ ਫਾਂਸੀ ਦਾ ਸੀ ਕਈਆਂ ਨੂੰ ਇੰਤਜ਼ਾਰ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਰੰਗਾ ਤੇ ਬਿੱਲਾ

ਤਸਵੀਰ ਸਰੋਤ, Twitter

ਬੁਕਰ ਪੁਰਸਕਾਰ ਨਾਲ ਸਨਮਾਨਿਤ ਲੇਖਿਕਾ ਤੇ ਕਾਰਕੁਨ ਅਰੁੰਧਤੀ ਰਾਏ ਦਾ ਨੈਸ਼ਨਲ ਪੋਪੁਲੇਸ਼ਨ ਰਜ਼ਿਸਟਰ ਭਾਵ ਐਨਪੀਆਰ ਨੂੰ ਲੈ ਕੇ ਦਿੱਤਾ ਗਿਆ ਬਿਆਨ ਚਰਚਾ ਵਿੱਚ ਹੈ। ਇਸੇ ਬਿਆਨ ਵਿੱਚ ਉਨ੍ਹਾਂ ਨੇ ਰੰਗਾ-ਬਿੱਲਾ ਦਾ ਜ਼ਿਕਰ ਕੀਤਾ।

ਦਿੱਲੀ ਯੂਨਿਵਰਸਿਟੀ ਵਿੱਚ 15 ਦਸੰਬਰ ਨੂੰ ਹੋਏ ਇੱਕ ਪ੍ਰੋਗਰਾਮ ਵਿੱਚ ਅਰੁੰਧਤੀ ਰਾਏ ਨੇ ਕਿਹਾ, "ਐਨਪੀਆਰ ਵਾਲੇ ਲੋਕ ਆਉਣ ਤਾਂ ਆਪਾਂ ਪੰਜ ਨਾਂ ਸੋਚ ਲੈਂਦੇ ਹਾਂ। ਜਦੋਂ ਉਹ ਨਾਂ ਪੁੱਛਣ ਤਾਂ ਆਪਣਾ ਨਾਂ ਰੰਗਾ-ਬਿੱਲਾ ਰੱਖ ਲਵੋ ਜਾਂ ਕੁੰਗ-ਫੂ ਕੁੱਤਾ। 7 ਰੇਸਕੋਰਸ ਪਤਾ ਦੱਸ ਦਿਓ। ਇੱਕ ਫ਼ੋਨ ਨੰਬਰ ਵੀ ਸੋਚ ਲੈਂਦੇ ਹਾਂ..."

ਇਹ ਵੀ ਪੜ੍ਹੋ:

ਕੌਣ ਹਨ ਰੰਗਾ-ਬਿੱਲਾ?

31 ਜਨਵਰੀ, 1982 ਨੂੰ ਤਿਹਾੜ ਜੇਲ੍ਹ ਦੇ ਦੋ ਜ਼ਾਲਮ ਕਾਤਲ ਰੰਗਾ ਤੇ ਬਿੱਲਾ ਨੂੰ ਫਾਂਸੀ ਦੇਣ ਦੀ ਤਿਆਰੀ ਪੂਰੀ ਹੋ ਚੁੱਕੀ ਸੀ।

ਜਦੋਂ ਉਹ ਸਵੇਰੇ ਪੰਜ ਵਜੇ ਉੱਠੇ ਤਾਂ ਦੋਵਾਂ ਨੂੰ ਚਾਹ ਦਿੱਤੀ ਗਈ। ਉਨ੍ਹਾਂ ਨੂੰ ਆਖਰੀ ਵਾਰ ਪੁੱਛਿਆ ਗਿਆ ਕਿ, ਕੀ ਉਹ ਜੱਜ ਦੇ ਸਾਹਮਣੇ ਆਪਣੀ ਵਸੀਅਤ ਰਿਕਾਰਡ ਕਰਵਾਉਣਾ ਚਾਹੁੰਦੇ ਹਨ?

ਦੋਵਾਂ ਨੇ ਇਸ ਤੋਂ ਮਨਾ ਕਰ ਦਿੱਤਾ। ਦੋਵਾਂ ਦੇ ਹੱਥ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਵਾਈਆਂ ਗਈਆਂ ਤੇ ਬਲੈਕ-ਵਾਰੰਟ ਵਿੱਚ ਫਾਂਸੀ ਦੇ ਦਿੱਤੇ ਗਏ ਸਮੇਂ ਤੋਂ ਦੱਸ ਮਿੰਟ ਪਹਿਲਾਂ, ਉਸ ਪਲੈਟਫਾਰਮ ਵੱਲ ਜਾਣ ਨੂੰ ਕਿਹਾ ਗਿਆ ਜਿੱਥੇ ਫਾਂਸੀ ਦਾ ਫੰਦਾ ਲੱਗਿਆ ਹੋਇਆ ਸੀ।

ਤਸਵੀਰ ਸਰੋਤ, SUNDAY STANDARD

'ਬਲੈਕ ਵਾਰੰਟ ਕਨਫੈਸ਼ਨ ਆਫ਼ ਅ ਤਿਹਾੜ ਜੇਲਰ' ਦੇ ਲੇਖਕ ਸੁਨੀਲ ਗੁਪਤਾ ਦੱਸਦੇ ਹਨ, "ਰੰਗਾ ਬਹੁਤ ਜੌਲੀ ਕਿਸਮ ਦਾ ਵਿਅਕਤੀ ਸੀ।

ਉਸ ਦਾ ਕਦ ਲਗਭਗ 5 ਫੁੱਟ 10 ਇੰਚ ਸੀ। ਉਹ ਹਮੇਸ਼ਾ ਖ਼ੁਸ਼ ਰਹਿੰਦਾ ਸੀ। ਉਸ ਨੂੰ ਇਸ ਗੱਲ ਦੀ ਫ਼ਿਕਰ ਨਹੀਂ ਸੀ ਕਿ ਉਸ ਨੂੰ ਫਾਂਸੀ ਹੋਣੀ ਹੈ। ਉਸ ਵੇਲੇ ਬਾਲੀਵੁੱਡ ਦੀ ਇੱਕ ਫ਼ਿਲਮ ਆਈ ਸੀ 'ਰੰਗਖ਼ੁਸ਼'। ਉਹ ਕਹਿੰਦਾ ਹੁੰਦਾ ਸੀ ਕਿ ਉਸ ਫ਼ਿਲਮ ਦੇ ਡਾਇਲਾਗ ਉਸ ਨੇ ਬੋਲੇ ਹਨ।"

"ਬਿੱਲਾ ਪੇਸ਼ੇ ਤੋਂ ਟੈਕਸੀ ਚਲਾਉਂਦਾ ਸੀ। ਉਸ ਦਾ ਕਦ ਲਗਭਗ ਸਾਢੇ 5 ਫੁੱਟ ਸੀ। ਉਹ ਹਮੇਸ਼ਾ ਗੰਭੀਰ ਰਹਿੰਦਾ ਸੀ ਤੇ ਰੋਂਦਾ ਸੀ ਕਿ ਉਸ ਨੂੰ ਫਸਾ ਦਿੱਤਾ ਜਦਕਿ ਰੰਗਾ ਕਹਿੰਦਾ ਸੀ ਕਿ ਬਿੱਲੇ ਨੇ ਉਸ ਨੂੰ ਫਸਾ ਦਿੱਤਾ। ਉਨ੍ਹਾਂ ਦੀ ਹਮੇਸ਼ਾ ਟਕਰਾਰ ਹੁੰਦੀ ਰਹਿੰਦੀ ਸੀ।"

ਜੇਲ੍ਹ ਵਿੱਚ ਬੈਡਮਿੰਟਨ ਤੇ ਫੁੱਟਬਾਲ ਖੇਡਦੇ ਸੀ

ਸੁਨੀਲ ਗੁਪਤਾ ਅੱਗੇ ਦੱਸਦੇ ਹਨ, "ਜੇਲ੍ਹ ਦਾ ਨਿਯਮ ਹੈ ਕਿ ਕਿਸੇ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਨੂੰ ਉਸ ਵੇਲੇ ਤੱਕ ਆਮ ਮੁਲਜ਼ਮ ਸਮਝਿਆ ਜਾਵੇਗਾ ਜਦ ਤੱਕ ਉਸ ਦੀ ਰਹਿਮ ਲਈ ਕੀਤੀ ਪਟੀਸ਼ਨ ਰਾਸ਼ਟਰਪਤੀ ਨੇ ਖਾਰਜ ਨਾ ਕਰ ਦਿੱਤੀ ਹੋਵੇ। ਇਸ ਤੋਂ ਬਾਅਦ ਹੀ ਉਸ ਨੂੰ ਕਾਲ ਕੋਠੜੀ ਵਿੱਚ ਲੈ ਜਾ ਕੇ ਬੇੜੀਆਂ ਪਵਾ ਦਿੱਤੀਆਂ ਜਾਂਦੀਆਂ ਹਨ।"

"ਜਦੋਂ ਮੈਂ ਉਸ ਜੇਲ੍ਹ ਵਿੱਚ ਗਿਆ ਤਾਂ ਉਸ ਦੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਸੀ। ਮੈਂ ਦੇਖਦਾ ਸੀ ਕਿ ਦੋਵੇਂ ਕਦੇ ਬੈਡਮਿੰਟਨ ਖੇਡ ਰਹੇ ਹੁੰਦੇ ਤੇ ਕਦੇ ਫੁੱਟਬਾਲ।"

ਉਸ ਵੇਲੇ ਦਾ ਸਭ ਤੋਂ ਡਰਾਉਣਾ ਅਪਰਾਧ

ਆਖ਼ਰ ਉਹ ਦੋਵਾਂ ਨੇ ਅਜਿਹਾ ਕਿਹੜਾ ਗੁਨਾਹ ਕੀਤਾ ਸੀ ਕਿ ਸਾਰਾ ਦੇਸ ਉਨ੍ਹਾਂ ਨੂੰ ਫਾਂਸੀ ਦੇ ਫੰਦੇ 'ਤੇ ਲਟਕਿਆ ਦੇਖਣਾ ਚਾਹੁੰਦਾ ਸੀ।

'ਬਲੈਕ ਵਾਰੰਟ' ਪੁਸਤਕ ਦੀ ਉਪ- ਲੇਖਿਕਾ ਤੇ ਹਿੰਦੁਸਤਾਨ ਟਾਇਮਸ ਦੀ ਰਾਜਨੀਤਿਕ ਸੰਪਾਦਕ ਸੁਨੇਤਰਾ ਚੌਧਰੀ ਦੱਸਦੀ ਹਨ, "ਸਾਡੇ ਲੋਕਾਂ ਦੀ ਪੀੜ੍ਹੀ ਵਿੱਚ ਜਿਵੇਂ ਇੱਕ ਪੱਤਰਕਾਰ ਦੇ ਲਈ ਸਭ ਤੋਂ ਵੱਡਾ ਅਪਰਾਧ ਨਿਰਭਿਆ ਕਾਂਡ ਹੈ, ਉਸੇ ਤਰ੍ਹਾਂ ਸਾਡੇ ਲੋਕਾਂ ਤੋਂ ਪਹਿਲੀ ਪੀੜ੍ਹੀ ਦੇ ਲਈ ਸਭ ਤੋਂ ਵੱਡਾ ਅਪਰਾਧ ਬਿੱਲਾ ਤੇ ਰੰਗਾ ਵਾਲਾ ਕੇਸ ਸੀ।"

"ਸਾਲ 1978 ਵਿੱਚ ਦੋ ਜਵਾਨ 16 ਸਾਲਾਂ ਦੀ ਗੀਤਾ ਚੋਪੜਾ ਤੇ ਉਨ੍ਹਾਂ ਦੇ 14 ਸਾਲਾਂ ਦੇ ਭਰਾ ਸੰਜੇ ਚੋਪੜਾ ਇੱਕ ਕਾਰ ਵਿੱਚ ਲਿਫ਼ਟ ਲੈ ਕੇ ਆਲ ਇੰਡੀਆ ਰੇਡੀਓ ਜਾਂਦੇ ਹਨ, ਜਿੱਥੇ ਯੂਵਵਾਨੀ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਇੱਕ ਸ਼ੋਅ ਸੀ।"

ਤਸਵੀਰ ਸਰੋਤ, GEETA SANJAY CHOPRA

ਤਸਵੀਰ ਕੈਪਸ਼ਨ,

ਗੀਤਾ ਤੇ ਸੰਜੇ ਚੋਪੜਾ

"ਬਦਕਿਸਮਤੀ ਨਾਲ ਉਨ੍ਹਾਂ ਨੂੰ ਲਿਫ਼ਟ ਦੋ ਗੁੰਡਿਆ ਦੇ ਦਿੱਤੀ ਜੋ ਬੰਬਈ ਤੋਂ ਦਿੱਲੀ ਆਏ ਸਨ। ਉਹ ਛੋਟੇ-ਮੋਟੇ ਮੁਲਜ਼ਮ ਸਨ। ਉਨ੍ਹਾਂ ਦੀ ਯੋਜਨਾ ਸੀ ਕਿ ਉਹ ਕਿਸੇ ਨੂੰ ਅਗਵਾਹ ਕਰਕੇ ਘਰਵਾਲਿਆਂ ਤੋਂ ਪੈਸੇ ਮੰਗਣ।"

"ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਇਹ ਸੋਚ ਕੇ ਅਗਵਾ ਕੀਤਾ ਕਿ ਉਨ੍ਹਾਂ ਦੇ ਮਾਂਪਿਆਂ ਕੋਲ ਬਹੁਤ ਪੈਸਾ ਹੈ। ਪਰ ਇਹ ਪੂਰਾ ਮਾਮਲਾ ਪਹਿਲਾਂ ਰੇਪ ਤੇ ਫਿਰ ਕਤਲ ਵਿੱਚ ਬਦਲ ਗਿਆ।"

ਆਲ ਇੰਡੀਆ ਰੇਡੀਓ ਵਿੱਚ ਸ਼ੋਅ ਕਰਨ ਜਾ ਰਹੇ ਸੀ ਦੋਵੇਂ ਬੱਚੇ

ਦੋ ਜਵਾਨ ਬੱਚਿਆਂ ਦੀ ਮੌਤ ਤੇ ਗੀਤਾ ਚੋਪੜਾ ਨਾਲ ਬਲਤਕਾਰ ਨੇ ਸਾਰੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਮਸ਼ਹੂਰ ਮੈਗਜ਼ੀਨ ਇੰਡੀਆ ਟੂਡੇ ਦੇ 30 ਸਤੰਬਰ, 1978 ਦੇ ਐਡੀਸ਼ਨ ਵਿੱਚ, ਦਿਲੀਪ ਬੌਬ ਨੇ ਲਿਖਿਆ, "ਗੀਤਾ ਅਤੇ ਸੰਜੇ ਚੋਪੜਾ ਦੇ ਪਿਤਾ ਕਪਤਾਨ ਐਮ ਐਮ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਸ਼ਨੀਵਾਰ ਸ਼ਾਮ ਸਵਾ ਛੇ ਵਜੇ ਧੌਲਾ ਕੂਆਂ ਅਧਿਕਾਰੀ ਕੁਆਰਟਰ ਤੋਂ ਨਿਕਲੇ ਸਨ। ਗੀਤਾ ਜੀਸਸ ਅਤੇ ਮੈਰੀ ਕਾਲਜ਼ ਵਿੱਚ ਕਾਮਰਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਸੀ। ਉਸ ਨੇ ਸ਼ਾਮ ਨੂੰ ਯੁਵਵਾਨੀ ਦੇ 'ਇਨ ਦ ਗਰੂਵ' ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ਇਹ ਪ੍ਰੋਗਰਾਮ ਸੰਸਦ ਸਟ੍ਰੀਟ 'ਤੇ ਸਥਿਤ ਅਕਾਸ਼ਵਾਨੀ ਸਟੂਡੀਓ ਵਿੱਚ ਸੀ।"

"ਉਸਦਾ ਭਰਾ ਸੰਜੇ, 5 ਫੁੱਟ 10 ਇੰਚ ਲੰਬਾ, ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਬਾਹਰ ਬੱਦਲ ਸਨ ਅਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਤੈਅ ਕੀਤਾ ਗਿਆ ਕਿ ਕਪਤਾਨ ਚੋਪੜਾ ਸ਼ੋਅ ਤੋਂ ਬਾਅਦ ਆਪਣੇ ਬੱਚਿਆਂ ਨੂੰ ਆਲ ਇੰਡੀਆ ਰੇਡੀਓ ਦੇ ਗੇਟ ਤੋਂ ਲੈ ਜਾਣਗੇ।"

"ਜਦੋਂ ਉਹ 9 ਵਜੇ ਉੱਥੇ ਪਹੁੰਚੇ ਤਾਂ ਬੱਚਿਆਂ ਦਾ ਕੋਈ ਪਤਾ ਨਹੀਂ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੀਤਾ ਅਤੇ ਸੰਜੇ ਚੋਪੜਾ ਰਿਕਾਰਡਿੰਗ ਲਈ ਉੱਥੇ ਨਹੀਂ ਪਹੁੰਚੇ ਸਨ।"

ਤੇਜ਼ੀ ਨਾਲ ਕਾਰ ਵਿੱਚ ਸਵਾਰ ਹੋ ਗਏ

ਇਨ੍ਹਾਂ ਬੱਚਿਆਂ ਨੂੰ ਲੱਭਣ ਲਈ, ਦਿੱਲੀ ਅਤੇ ਕਈ ਸੂਬਿਆਂ ਦੀ ਪੁਲਿਸ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ।

ਭਗਵਾਨ ਦਾਸ, ਜੋ ਇੱਕ ਚਸ਼ਮਦੀਦ ਸਨ, ਨੇ ਪੁਲਿਸ ਨੂੰ ਦੱਸਿਆ, " ਕਰੀਬ ਸਾਢੇ ਛੇ ਵਜੇ ਲੋਹੀਆ ਹਸਪਤਾਲ ਨੇੜੇ ਮੇਰੇ ਸਕੂਟਰ ਦੇ ਕੋਲੋਂ ਇੱਕ ਤੇਜ਼ ਰਫ਼ਤਾਰ ਫਿਐਟ ਨਿਕਲੀ। ਮੈਨੂੰ ਇੱਕ ਕੁੜੀ ਦੀ ਦਬੀ ਹੋਈ ਚੀਕ ਸੁਣੀ। ਮੈਂ ਆਪਣੇ ਸਕੂਟਰ ਨੂੰ ਭਜਾ ਕੇ ਕਾਰ ਦੇ ਕੋਲ ਲੈ ਗਿਆ। ਅਗਲੀ ਸੀਟ 'ਤੇ ਦੋ ਲੋਕ ਬੈਠੇ ਹੋਏ ਸਨ। ਪਿਛਲੀ ਸੀਟ 'ਤੇ ਇੱਕ ਮੁੰਡਾ ਤੇ ਕੁੜੀ ਸੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੇਲ੍ਹ ਵਿੱਚ ਰੰਗਾ ਤੇ ਬਿੱਲਾ ਫੁੱਟਬਾਲ ਤੇ ਬੈਡਮਿੰਟਨ ਖੇਡਦੇ ਸਨ

"ਜਦੋਂ ਲਾਲ ਬੱਤੀ ਦੇ ਨੇੜੇ ਜਾ ਕੇ ਗੱਡੀ ਹੌਲੀ ਹੋਈ, ਮੈਂ ਚੀਕ ਕੇ ਕਿਹਾ, 'ਕੀ ਹੋ ਰਿਹਾ ਹੈ ਭਰਾ?" ਮੁੰਡੇ ਨੇ ਸ਼ੀਸ਼ੇ ਦੇ ਨੇੜੇ ਮੂੰਹ ਕਰਕੇ ਆਪਣੀ ਟੀ-ਸ਼ਰਟ ਵੱਲ ਇਸ਼ਾਰਾ ਕੀਤਾ, ਜੋ ਕਿ ਖੂਨ ਨਾਲ ਭਰੀ ਹੋਈ ਸੀ। ਕੁੜੀ ਮਗਰੋਂ ਡਰਾਈਵਰ ਦੇ ਵਾਲ ਖਿੱਚ ਰਹੀ ਸੀ।"

"ਡਰਾਈਵਰ ਇੱਕ ਹੱਥ ਨਾਲ ਗੱਡੀ ਚਲਾ ਰਿਹਾ ਸੀ ਅਤੇ ਦੂਜੇ ਹੱਥ ਨਾਲ ਕੁੜੀ 'ਤੇ ਲਗਾਤਾਰ ਹਮਲਾ ਕਰ ਰਿਹਾ ਸੀ। ਮੰਦਰ ਦੀ ਸੜਕ ਅਤੇ ਪਾਰਕ ਸਟ੍ਰੀਟ ਦੇ ਬਾਅਦ ਕਾਰ ਤੇਜ਼ ਹੋ ਗਈ ਅਤੇ ਲਾਲ ਬੱਤੀ ਪਾਰ ਕਰਕੇ ਅੱਗੇ ਨਿਕਲ ਗਈ। ਮੁੰਡੇ ਦੀ ਦਿੱਖ ਵਿਦੇਸ਼ੀ ਸੀ ਅਤੇ ਸਰ੍ਹੋਂ ਰੰਗ ਦੀ ਕਾਰ ਦਾ ਨੰਬਰ HRK 8930 ਸੀ।"

ਪਹਿਲਾਂ ਸੰਜੇ ਨੂੰ ਮਾਰਿਆ ਤੇ ਫਿਰ ਗੀਤਾ ਨਾਲ ਬਲਾਤਕਾਰ ਕੀਤਾ

ਰੰਗਾ ਅਤੇ ਬਿੱਲਾ ਇਨ੍ਹਾਂ ਦੋਵਾਂ ਨੂੰ ਬੁੱਧਾ ਗਾਰਡਨ ਦੀ ਰਿਜ਼ ਵਾਲੇ ਪਾਸੇ ਲੈ ਗਏ। ਉੱਥੇ ਉਨ੍ਹਾਂ ਨੇ ਇੱਕ ਸੁੰਨਸਾਨ ਇਲਾਕੇ ਵਿੱਚ ਗੱਡੀ ਰੋਕ ਕੇ ਪਹਿਲਾਂ ਸੰਜੇ ਚੋਪੜਾ ਨੂੰ ਮਾਰ ਦਿੱਤਾ ਅਤੇ ਫਿਰ ਗੀਤਾ ਨਾਲ ਬਲਾਤਕਾਰ ਕੀਤਾ।

ਰੰਗਾ ਨੇ ਬਾਅਦ ਵਿੱਚ ਆਪਣੇ ਇਕਬਾਲੀਆ ਬਿਆਨ ਵਿੱਚ ਕਿਹਾ, "ਮੈਂ ਕੁੜੀ ਨੂੰ ਉਸ ਪਾਸੇ ਲੈ ਜਾ ਰਿਹਾ ਸੀ ਜਿੱਥੇ ਉਸਦੇ ਭਰਾ ਦੀ ਲਾਸ਼ ਪਈ ਸੀ। ਮੈਂ ਉਸ ਦੇ ਸੱਜੇ ਪਾਸੇ ਤੁਰ ਰਿਹਾ ਸੀ। ਬਿੱਲੇ ਨੇ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਮੈਂ ਥੋੜ੍ਹਾ ਅੱਗੇ ਤੁਰਨ ਲੱਗਾ। ਉਸ ਨੇ ਪੂਰੀ ਤਾਕਤ ਨਾਲ ਕੁੜੀ ਦੀ ਗਰਦਨ 'ਤੇ ਤਲਵਾਰ ਨਾਲ ਹਮਲਾ ਕੀਤਾ। ਇਸ ਹਮਲੇ ਤੋਂ ਤੁਰੰਤ ਬਾਅਦ ਉਸਦੀ ਮੌਤ ਹੋ ਗਈ। ਅਸੀਂ ਉਸ ਦੀ ਲਾਸ਼ ਚੁੱਕੀ ਅਤੇ ਝਾੜੀ ਵਿੱਚ ਸੁੱਟ ਦਿੱਤੀ।"

ਮੋਰਾਰਜੀ ਦੇਸਾਈ ਚੋਪੜਾ ਪਰਿਵਾਰ ਦੇ ਘਰ ਸ਼ੋਕ ਪ੍ਰਗਟ ਕਰਨ ਪਹੁੰਚੇ

ਘਟਨਾ ਦੀ ਖ਼ਬਰ ਫੈਲਦਿਆਂ ਹੀ ਲੋਕਾਂ ਵਿੱਚ ਗੁੱਸਾ ਭੜਕ ਉੱਠਿਆ। ਜੀਸਸ ਐਂਡ ਮੈਰੀ ਕਾਲਜ ਦੀਆਂ ਲੜਕੀਆਂ ਨੇ ਬੋਟ ਕਲੱਬ ਵਿਖੇ ਮੁਜ਼ਾਹਰਾ ਕੀਤਾ। ਜਦੋਂ ਤਤਕਾਲੀ ਵਿਦੇਸ਼ ਮੰਤਰੀ ਉਨ੍ਹਾਂ ਨਾਲ ਗੱਲ ਕਰਨ ਪਹੁੰਚੇ ਤਾਂ ਵਿਦਿਆਰਥਣਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਵਾਜਪਈ ਦੇ ਸਿਰ ਵਿੱਚ ਇੱਕ ਪੱਥਰ ਲੱਗਿਆ ਸੀ ਅਤੇ ਉਨ੍ਹਾਂ ਦੇ ਸਿਰ ਵਿੱਚੋਂ ਲਹੂ ਵੱਗਣਾ ਸ਼ੁਰੂ ਹੋਇਆ ਸੀ। ਸੁਨੀਲ ਗੁਪਤਾ ਦੱਸਦੇ ਹਨ, "ਮੈਨੂੰ ਅਜੇ ਵੀ ਯਾਦ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਉਨ੍ਹਾਂ ਦੇ ਘਰ ਸੋਗ ਪ੍ਰਗਟ ਕਰਨ ਗਏ ਸਨ। ਇਹ ਬਹੁਤ ਘੱਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਕਿਸੇ ਪਰਿਵਾਰ ਨਾਲ ਸੋਗ ਪ੍ਰਗਟ ਕਰਨ ਗਏ ਹੋਣ।"

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਗੀਤਾ ਤੇ ਸੰਜੇ ਦੇ ਕਤਲ ਦੇ ਰੋਸ ਵਿੱਚ ਕਈ ਮੁਜ਼ਾਹਰੇ ਹੋਏ ਸਨ

ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਫ਼ ਹੋ ਗਿਆ ਸੀ ਕਿ ਗੀਤਾ ਚੋਪੜਾ ਦੇ ਸਰੀਰ 'ਤੇ ਪੰਜ ਜ਼ਖਮ ਸਨ। ਸੰਜੇ ਦੇ ਸਰੀਰ 'ਤੇ ਕੁੱਲ 21 ਜ਼ਖਮ ਸਨ। ਗੀਤਾ ਦੀ ਜੇਬ ਤੋਂ ਉਸਦਾ ਸ਼ਨਾਖਤੀ ਕਾਰਡ ਸੁਰੱਖਿਅਤ ਮਿਲਿਆ। ਉਸ ਕੋਲੋਂ ਇੱਕ ਬਟੂਆ ਵੀ ਬਰਾਮਦ ਹੋਇਆ, ਜਿਸ ਵਿੱਚ 17 ਰੁਪਏ ਸਨ।

ਕਾਲਕਾ ਮੇਲ ਤੋਂ ਦਿੱਲੀ ਆਉਂਦੇ ਸਿਪਾਹੀਆਂ ਨੇ ਫੜਿਆ

ਘਟਨਾ ਤੋਂ ਬਾਅਦ, ਬਿੱਲਾ ਅਤੇ ਰੰਗਾ ਦਿੱਲੀ ਤੋਂ ਮੁੰਬਈ ਅਤੇ ਫਿਰ ਆਗਰਾ ਭੱਜ ਗਏ।

ਇਹ ਉਨ੍ਹਾਂ ਦੀ ਬਦਕਿਸਮਤੀ ਸੀ ਕਿ ਆਗਰਾ ਤੋਂ ਦਿੱਲੀ ਆਉਂਦੇ ਹੋਏ, ਉਹ ਗਲਤੀ ਨਾਲ ਕਾਲਕਾ ਮੇਲ ਵਿੱਚ ਸਿਪਾਹੀਆਂ ਦੇ ਡੱਬੇ ਵਿੱਚ ਚੜ੍ਹ ਗਏ ਅਤੇ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਸੁਨੇਤਰਾ ਚੌਧਰੀ ਦੱਸਦੀ ਹਨ, " ਇਸ ਘਟਨਾ ਦੇ ਬਾਅਦ ਉਹ ਡਰ ਗਏ ਤੇ ਹੋਰ ਸ਼ਹਿਰਾਂ ਵੱਲ ਭੱਜਣ ਲੱਗੇ। ਉਹ ਇੱਕ ਅਜਿਹੀ ਰੇਲਗੱਡੀ ਦੇ ਡੱਬੇ ਵਿੱਚ ਚੜੇ ਜਿਸ ਵਿੱਚ ਜਵਾਨ ਸਵਾਰ ਸਨ। ਉਨ੍ਹਾਂ ਦੀ ਸਿਪਾਹੀਆਂ ਨਾਲ ਲੜਾਈ ਹੋਈ ਤੇ ਇਨ੍ਹਾਂ ਦਾ ਸ਼ਨਾਖਤੀ ਪੱਤਰ ਮੰਗਿਆ ਗਿਆ। ਰੰਗਾ ਨੇ ਬਿੱਲੇ ਨੂੰ ਕਿਹਾ ਕਿ ਉਨ੍ਹਾਂ ਨੂੰ 'ਭਰਿਆ ਹੋਇਆ ਆਈ ਕਾਰਡ ਦੇ ਦਵੋ' ਉਸ ਵੇਲੇ ਹੀ ਸਿਪਾਹੀਆਂ ਨੂੰ ਸ਼ੱਕ ਹੋ ਗਿਆ ਕਿ ਦਾਲ ਵਿੱਚ ਕੁਝ ਕਾਲਾ ਹੈ। ਉਨ੍ਹਾਂ ਦੋਵਾਂ ਨੂੰ ਬੰਨ ਦਿੱਤਾ ਗਿਆ ਤੇ ਦਿੱਲੀ ਆ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।"

ਫਾਂਸੀ ਲਈ ਫ਼ਕੀਰਾ ਤੇ ਕਾਲੂ ਜੱਲਾਦ ਨੂੰ ਬੁਲਾਇਆ ਗਿਆ

ਬਿੱਲਾ ਤੇ ਰੰਗਾ ਨੂੰ ਅਦਾਲਾਤ ਨੇ ਫਾਂਸੀ ਦੀ ਸਜ਼ਾ ਸੁਣਾਈ ਜਿਸ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਬਦਲਿਆ ਨਹੀਂ।

ਰਾਸ਼ਟਰਪਤੀ ਨੀਲਮ ਸੰਜੀਵ ਰੇਡੀ ਨੇ ਉਨ੍ਹਾਂ ਦੀ ਰਹਿਮ ਲਈ ਦਿੱਤੀ ਪਟੀਸ਼ਨ ਖਾਰਜ ਕਰ ਦਿੱਤੀ। ਫਾਂਸੀ ਤੋਂ ਇੱਕ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਜੇਲ੍ਹ ਨੰਬਰ 3 ਦੇ ਫਾਂਸੀ ਕੋਠੀ ਵਿੱਚ ਲਜਾਇਆ ਗਿਆ। ਉੱਥੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਕੱਲੇ ਰੱਖਿਆ ਗਿਆ। ਉਹ 24 ਘੰਟਿਆਂ ਲਈ ਤਮਿਲ ਨਾਡੂ ਸਪੈਸ਼ਲ ਪੁਲਿਸ ਦੀ ਨਿਗਰਾਨੀ ਵਿੱਚ ਰੱਖੇ ਗਏ।

ਦੋਵਾਂ ਨੂੰ ਫਾਂਸੀ ਦੇਣ ਲਈ ਫ਼ਰੀਦਕੋਟ ਤੋਂ ਫ਼ਕੀਰਾ ਤੇ ਮੇਰਠ ਤੋਂ ਕਾਲੂ ਜੱਲਾਦ ਨੂੰ ਬੁਲਾਇਆ ਗਿਆ।

ਸੁਨੇਤਰਾ ਚੌਧਰੀ ਦੱਸਦੀ ਹਨ, "ਫ਼ਕੀਰਾ ਤੇ ਕਾਲੂ ਪ੍ਰਸਿੱਧ ਕਾਫ਼ੀ ਸਨ। ਇੱਕ ਰਸਮ ਅਨੁਸਾਰ ਉਨ੍ਹਾਂ ਨੂੰ ਓਲਡ ਮੰਕ ਸ਼ਰਾਬ ਪੀਣ ਲਈ ਦਿੱਤੀ ਗਈ ਕਿਉਂਕਿ ਮੰਨਿਆ ਜਾਂਦਾ ਸੀ ਕਿ ਕੋਈ ਵੀ ਵਿਅਕਤੀ ਭਾਵੇ ਉਹ ਜੱਲਾਦ ਕਿਉਂ ਨਾ ਹੋਵੇ, ਆਪਣੇ ਹੋਸ਼ ਵਿੱਚ ਕਿਸੇ ਦੀ ਜਾਨ ਨਹੀਂ ਲੈ ਸਕਦਾ। ਜੇਲ੍ਹ ਦੇ ਨਿਯਮਾਂ ਅਨੁਸਾਰ ਕਿਸੇ ਦੀ ਜਾਨ ਲੈਣ ਲਈ ਜੱਲਾਦ ਨੂੰ ਸਿਰਫ਼ 150 ਰੁਪਏ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਘੱਟ ਹਨ।"

ਫਾਂਸੀ ਲਈ ਖ਼ਾਸ ਰੱਸੀ

ਇਨ੍ਹਾਂ ਦੋਵਾਂ ਨੂੰ ਫਾਂਸੀ ਦੇਣ ਲਈ ਬਿਹਾਰ ਦੀ ਬਕਸਰ ਜੇਲ੍ਹ ਤੋਂ ਰੱਸੀ ਮੰਗਵਾਈ ਗਈ।

ਸੁਨੀਲ ਗੁਪਤਾ ਦੱਸਦੇ ਹਨ, "ਇਹ ਰੱਸੀ ਬਜ਼ਾਰੋਂ ਖਰੀਦੀ ਨਹੀਂ ਜਾਂਦੀ ਬਲਕਿ ਬਿਹਾਰ ਦੇ ਬਕਸਰ ਜੇਲ੍ਹ ਵਿੱਚ ਖਾਸ ਤੌਰ 'ਤੇ ਬਣਾਈ ਜਾਂਦੀ ਹੈ। ਇਸ ਨੂੰ ਲਚਕੀਲਾ ਬਣਾਉਣ ਲਈ ਇਸ 'ਤੇ ਮੋਮ ਜਾਂ ਮੱਖਣ ਦਾ ਲੇਪ ਲਾਇਆ ਜਾਂਦਾ ਹੈ। ਕੁਝ ਜੱਲਾਦ ਇਸ 'ਤੇ ਪੱਕੇ ਕੇਲਿਆਂ ਨੂੰ ਮਸਲ ਕੇ ਵੀ ਲਾਉਂਦੇ ਹਨ। ਇਸ ਰੱਸੀ ਦੀ ਲੰਬਾਈ 1.8 ਮੀਟਰ ਤੋਂ 2.4 ਮੀਟਰ ਦੇ ਵਿੱਚ ਹੁੰਦੀ ਹੈ।"

"ਇਨ੍ਹਾਂ ਵਿੱਚੋਂ ਇੱਕ ਜੱਲਾਦ ਫ਼ਕੀਰਾ ਕਾਲਾ ਸੀ। ਉਹ ਆਪਣੇ ਆਪ ਨੂੰ ਯਮਰਾਜ ਦੇ ਰੂਪ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰਦਾ ਸੀ। ਕਾਲੂ ਦਾ ਡਿੱਠ ਬਾਹਰ ਨਿਕਲਿਆ ਹੋਇਆ ਸੀ ਜਿਵੇਂ ਕਿ ਆਮ ਤੌਰ 'ਤੇ ਹਲਵਾਈਆਂ ਦਾ ਹੋਵੇ। ਦੋਵੇਂ ਜਾਣ ਬੁੱਝ ਕੇ ਭਿਆਨਕ ਦਿਖਣ ਦੀ ਕੋਸ਼ਿਸ਼ ਕਰਦੇ ਸੀ।"

ਪੱਤਰਕਾਰਾਂ ਦੀ ਬਿੱਲੇ ਨਾਲ ਮੁਲਾਕਾਤ

ਫਾਂਸੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਪੰਜ ਪੱਤਰਕਾਰਾਂ ਨੇ ਰੰਗਾ ਤੇ ਬਿੱਲੇ ਨੂੰ ਮਿਲਣ ਦੀ ਇੱਛਾ ਜਤਾਈ। ਉਨ੍ਹਾਂ ਵਿੱਚੋਂ ਇੱਕ ਨੈਸ਼ਨਲ ਹੈਰਲਡ ਵਿੱਚ ਕੰਮ ਕਰਨ ਵਾਲੇ ਪ੍ਰਕਾਸ਼ ਪਾਤਰਾ ਸਨ।

ਪ੍ਰਕਾਸ਼ ਯਾਦ ਕਰਦੇ ਹਨ, "ਰੰਗਾ ਨੇ ਤਾਂ ਸਾਨੂੰ ਮਿਲਣ ਤੋਂ ਮਨਾ ਕਰ ਦਿੱਤਾ ਪਰ ਬਿੱਲਾ ਸਾਨੂੰ ਲਗਭਗ 20 ਮਿੰਟਾਂ ਲਈ ਮਿਲਿਆ। ਜਦੋਂ ਉਹ ਸਾਡੇ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕੰਬ ਰਿਹਾ ਸੀ। ਉਹ ਅਖ਼ੀਰ ਤੱਕ ਕਹਿੰਦਾ ਰਿਹਾ ਕਿ ਰੱਬ ਜਾਂਦਾ ਹੈ ਕਿ ਉਸ ਨੇ ਇਹ ਜ਼ੁਲਮ ਨਹੀਂ ਕੀਤਾ ਤੇ ਉਸ ਨੂੰ ਫਸਾਇਆ ਗਿਆ ਹੈ। ਪਰ ਅਸੀਂ ਉਸ ਨੂੰ ਵੇਖ ਕੇ ਇਹ ਪਤਾ ਲਗਾ ਸਕਦੇ ਸੀ ਕਿ ਉਹ ਝੂਠ ਬੋਲ ਰਿਹਾ ਹੈ।"

ਫਾਂਸੀ ਤੋਂ ਪਹਿਲਾਂ ਮੂੰਹ ਕਾਲੇ ਕੱਪੜੇ ਨਾਲ ਢੱਕਿਆ ਗਿਆ

ਫਾਂਸੀ ਦੀ ਰਾਤ ਰੰਗਾ ਰੋਟੀ ਖਾ ਕੇ ਆਮ ਦਿਨਾਂ ਵਾਂਗ ਸੌ ਗਿਆ। ਪਰ ਬਿੱਲਾ ਨੇ ਨਾ ਰੋਟੀ ਖਾਧੀ ਤੇ ਨਾ ਇੱਕ ਮਿੰਟ ਲਈ ਸੁੱਤਾ।

ਉਹ ਪੂਰੀ ਰਾਤ ਕੋਠੜੀ ਦੇ ਚੱਕਰ ਲਾਂਦਾ ਹੋਇਆ ਬੋਲਦਾ ਰਿਹਾ।

31 ਜਨਵਰੀ, 1982 ਦੀ ਸਵੇਰੇ ਬਿੱਲੇ ਤੇ ਰੰਗੇ ਦੇ ਗੱਲ ਵਿੱਚ ਫਾਂਸੀ ਦਾ ਫੰਦਾ ਪਾਇਆ ਗਿਆ ਤੇ ਉਨ੍ਹਾਂ ਦਾ ਮੂੰਹ ਕਾਲੇ ਕੱਪੜੇ ਨਾਲ ਢੱਕਿਆ ਗਿਆ।

ਸੁਨੀਲ ਗੁਪਤਾ ਯਾਦ ਕਰਦੇ ਹਨ, "ਅਸੀਂ ਉਨ੍ਹਾਂ ਨੂੰ 5 ਵਜੇ ਜਗਾਇਆ ਤੇ ਕਿਹਾ ਕਿ ਨਹਾ ਲਵੋ। ਰੰਗਾ ਨਾਹਤਾ ਪਰ ਬਿੱਲੇ ਨੇ ਮਨਾ ਕਰ ਦਿੱਤਾ। ਫਾਂਸੀ ਤੋਂ ਪਹਿਲਾਂ ਦੋਵਾਂ ਦੇ ਮੂੰਹ ਕਾਲੇ ਕਪੜੇ ਨਾਲ ਢੱਕੇ ਗਏ ਤਾਂ ਕਿ ਉਹ ਕੁਝ ਦੇਖ ਨਾ ਸਕਣ। ਫਾਂਸੀ ਦੇ ਵੇਲੇ ਬਿੱਲਾ ਰੋ ਰਿਹਾ ਸੀ ਤੇ ਰੰਗਾ ਆਖਿਰ ਤੱਕ ਜੋਸ਼ ਵਿੱਚ ਸੀ। ਫਾਂਸੀ ਤੋਂ ਪਹਿਲਾਂ ਉਸ ਨੇ ਜ਼ੋਰ ਨਾਲ ਨਾਅਰਾ ਲਾਇਆ, 'ਜੋ ਬੋਲੇ ਸੋ ਨਿਹਾਲ, ਸੱਤ ਸ਼੍ਰੀ ਅਕਾਲ"

"ਫਾਂਸੀ ਤੋਂ ਕੁਝ ਪਲ ਪਹਿਲਾਂ ਦੋਵਾਂ ਦਾ ਰੰਗ ਬਦਲ ਗਿਆ ਜਿਵੇਂ ਦੋਵੇਂ ਡਰ ਨਾਲ ਕਾਲੇ ਪੈ ਗਏ ਹੋਣ।"

ਪੈਰ ਖਿੱਚ ਕੇ ਸਾਹ ਕੱਢਿਆ ਗਿਆ

ਤੈਅ ਸਮੇਂ 'ਤੇ ਜੇਲ੍ਹ ਦੇ ਸੁਪਰੀਟੈਂਡੇਟ ਆਰਿਆ ਭੂਸ਼ਣ ਸ਼ੂਕਲਾ ਨੇ ਲਾਲ ਰੁਮਾਲ ਹਿਲਾਇਆ ਤੇ ਕਾਲੂ ਨੇ ਫ਼ਕੀਰਾ ਦੀ ਮਦਦ ਨਾਲ ਲੀਵਰ ਖਿੱਚ ਦਿੱਤਾ।

ਕਈ ਸਾਲਾਂ ਤੱਕ, ਬਾਅਦ ਵਿੱਚ ਸ਼ੁਕਲਾ ਆਪਣੇ ਦੋਸਤਾਂ ਨੂੰ ਉਹ ਲਾਲਾ ਰੁਮਾਲ ਦਿਖਾਉਂਦਾ ਰਹੇ ਜਿਸ ਨਾਲ ਉਨ੍ਹਾਂ ਨੇ ਫਾਂਸੀ ਦਾ ਹੁਕਮ ਦਿੱਤਾ ਸੀ।

ਦੋ ਘੰਟਿਆਂ ਬਾਅਦ ਡਾਕਟਰੀ ਜਾਂਚ ਵਿੱਚ ਪਤਾ ਲਗਿਆ ਕਿ ਬਿੱਲਾ ਮਰ ਗਿਆ ਪਰ ਰੰਗਾ ਦੀ ਨਬਜ਼ ਅਜੇ ਵੀ ਚੱਲ ਰਹੀ ਸੀ।

ਫਾਂਸੀ ਦੇ ਚਸ਼ਮਦੀਦ ਸੁਨੀਲ ਗੁਪਤਾ ਦੱਸਦੇ ਹਨ, "ਇਹ ਦੋਸ਼ੀ ਦੇ ਭਾਰ 'ਤੇ ਨਿਰਭਰ ਕਰਦਾ ਹੈ। ਸਾਨੂੰ ਦੱਸਿਆ ਗਿਆ ਕਿ ਕਿਉਂਕਿ ਰੰਗਾ ਲੰਮਾ ਸੀ ਤੇ ਉਸ ਨੇ ਫਾਂਸੀ ਵੇਲੇ ਆਪਣਾ ਸਾਹ ਰੋਕ ਲਿਆ ਸੀ ਤਾਂ ਉਸਦੀ ਜਾਨ ਤੁਰੰਤ ਨਹੀਂ ਨਿਕਲੀ।"

"ਫਿਰ ਜੇਲ੍ਹ ਦੇ ਇੱਕ ਕਰਮਚਾਰੀ ਨੂੰ ਫਾਂਸੀ ਵਾਲੇ ਖੂੰਹ ਵਿੱਚ ਉਤਾਰਿਆ ਗਿਆ। ਉਸ ਨੇ ਉਸ ਦੇ ਪੈਰ ਖਿੱਚੇ ਤਾਂ ਜਾ ਕੇ ਉਹ ਮਰਿਆ। ਸ਼ੁਕਰ ਹੈ ਉਸ ਵੇਲੇ ਤੱਕ ਫਾਂਸੀ ਮਗਰੋਂ ਪੋਸਟਮਾਟਮ ਦਾ ਨਿਯਮ ਨਹੀਂ ਸੀ, ਨਹੀਂ ਤਾਂ ਇਹ ਗੱਲ ਬਾਹਰ ਆ ਜਾਂਦੀ ਕਿ ਰੰਗਾ ਨੂੰ ' ਬਾਹਰੀ ਮਦਦ' ਨਾਲ ਮਾਰਿਆ ਗਿਆ।"

"32 ਸਾਲਾਂ ਬਾਅਦ ਸ਼ਤਰੂਧਨ ਚੋਹਾਨ ਦੇ ਫ਼ੈਸਲੇ ਮਗਰੋਂ ਫਾਂਸੀ ਦਿੱਤੇ ਗਏ ਵਿਅਕਤੀ ਦਾ ਪੋਸਟਮਾਟਮ ਕਰਨਾ ਜ਼ਰੂਰੀ ਹੋ ਗਿਆ।"

ਫਾਂਸੀ ਦੇ ਇਤਿਹਾਸ ਵਿੱਚ ਅਜਿਹਾ ਵੀ ਹੋਇਆ ਹੈ ਕਿ ਲੀਵਰ ਇੰਨੀ ਜ਼ੋਰ ਨਾਲ ਖਿੱਚਿਆ ਗਿਆ ਕਿ ਸਰੀਰ ਦੇ ਦੋ ਟੁਕੜੇ ਹੋ ਗਏ ਅਤੇ ਗਰਦਨ ਉਪਰ ਰਹਿ ਗਈ ਤੇ ਨਿਚੇ ਦਾ ਸਰੀਰ ਵੱਖਰਾ ਹੋ ਕੇ ਗਿਰ ਗਿਆ।

ਫਾਂਸੀ ਤੋਂ ਬਾਅਦ ਜ਼ਿਆਦਾਤਰ ਵਿਅਕਤੀ ਦਾ ਮੂੰਹ ਡਰਾਉਣਾ ਹੋ ਜਾਂਦਾ ਹੈ। ਕਦੇ-ਕਦੇ ਉਸ ਦੀ ਜੀਭ ਤੇ ਅੱਖਾਂ ਬਾਹਰ ਆ ਜਾਂਦੇ ਹਨ। ਜੇਲ੍ਹ ਦੀ ਭਾਸ਼ਾ ਵਿੱਚ ਇਸ ਨੂੰ 'ਗਰਦਨ ਦਾ ਲੰਮਾ ਹੋਣਾ' ਕਿਹਾ ਜਾਂਦਾ ਹੈ। ਉਸ ਵੇਲੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ।

ਬਿੱਲਾ ਤੇ ਰੰਗਾ, ਕਿਸੇ ਦੇ ਵੀ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਲਾਸ਼ਾਂ ਨੂੰ ਨਹੀਂ ਅਪਣਾਇਆ ਤੇ ਜੇਲ੍ਹ ਵਾਲਿਆਂ ਨੇ ਹੀ ਉਨ੍ਹਾਂ ਦਾ ਸਸਕਾਰ ਕੀਤਾ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)