CAA: ਵਾਰਾਣਸੀ ਵਿੱਚ ਮੁਜ਼ਾਹਰਾ ਕਰਨ ਗਿਆ ਜੋੜਾ ਗ੍ਰਿਫ਼ਤਾਰ, ਘਰੇ 14 ਮਹੀਨੇ ਦੀ ਬੱਚੀ ਇੰਤਜ਼ਾਰ ਕਰ ਰਹੀ ਹੈ

  • ਸਮੀਰਾਤਮਜ ਮਿਸ਼ਰ
  • ਲਖਨਊ ਤੋਂ, ਬੀਬੀਸੀ ਲਈ
ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ

ਤਸਵੀਰ ਸਰੋਤ, Sameeratmaj Mishra/BBC

ਤਸਵੀਰ ਕੈਪਸ਼ਨ,

ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਨੂੰ ਮੁਜ਼ਾਹਰੇ ਦੌਰਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਕਰ ਲਏ ਗਏ ਹਨ। ਗ੍ਰਿਫ਼ਤਾਰ ਲੋਕਾਂ ਵਿੱਚ ਵਾਰਾਣਸੀ ਦੇ ਰਵੀ ਸ਼ੇਖਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਵੀ ਹੈ।

ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ 14 ਮਹੀਨੇ ਦੀ ਮਾਸੂਮ ਧੀ ਇਸੇ ਇੰਤਜ਼ਾਰ ਵਿੱਚ ਹੈ ਕਿ ਉਸ ਦੇ ਮੰਮੀ-ਪਾਪਾ ਆਉਂਦੇ ਹੋਣਗੇ।

ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ 19 ਦਸੰਬਰ ਨੂੰ ਮੁਜ਼ਾਹਰੇ ਵਿੱਚ ਵਾਰਾਣਸੀ ਵਿੱਚ ਵੀ ਕਾਫੀ ਹਿੰਸਾ ਹੋਈ ਸੀ।

ਹਿੰਸਾ ਤੋਂ ਬਾਅਦ ਹੀ ਇੱਕ ਪਾਸੇ ਜਿੱਥੇ ਪੁਲਿਸ ਦੀਆਂ ਕਥਿਤ ਵਧੀਕੀਆਂ ਅਤੇ ਮੁਜ਼ਾਹਰੇ ਦੌਰਾਨ ਹਿੰਸਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਗ੍ਰਿਫ਼ਤਾਰੀਆਂ ਵਿੱਚ ਕੁਝ ਅਜਿਹੇ ਲੋਕ ਵੀ ਜੋ ਸ਼ਾਂਤਮਈ ਢੰਗ ਨਾਲ ਮੁਜ਼ਾਹਰੇ ਵਿੱਚ ਸ਼ਾਮਿਲ ਹੋਏ ਸਨ ਅਤੇ ਉਸ ਦੇ ਹਿੰਸਕ ਹੋਣ ਦੀ ਆਸ ਉਨ੍ਹਾਂ ਨੂੰ ਵੀ ਨਹੀਂ ਸੀ।

ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਵਾਤਾਵਰਨ ਦੇ ਮੁੱਦਿਆਂ 'ਤੇ ਕੰਮ ਕਰਦੇ ਹਨ ਅਤੇ ਵਾਰਾਣਸੀ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹਿੰਦੇ ਹਨ।

ਵਾਰਾਣਸੀ ਵਿੱਚ ਮਹਿਮੂਰਗੰਜ ਦੇ ਰਹਿਣ ਵਾਲੇ ਰਵੀ ਸ਼ੇਖ਼ਰ ਅਤੇ ਏਕਤਾ ਆਪਣੀ ਮਾਸੂਮ ਬੱਚੀ ਨੂੰ ਉਸ ਦੀ ਦਾਦੀ ਅਤੇ ਵੱਡੀ ਮੰਮੀ ਦੇ ਹਵਾਲੇ ਕਰਕੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਗਏ ਸਨ।

ਇਹ ਵੀ ਪੜ੍ਹੋ-

ਰਵੀ ਦੀ ਬਜ਼ੁਰਗ ਮਾਂ ਸ਼ੀਲਾ ਤਿਵਾਰੀ ਕਹਿੰਦੀ ਹੈ, "ਮੇਰੇ ਬੇਟੇ ਨੇ ਕੋਈ ਗੁਨਾਹ ਨਹੀਂ ਕੀਤਾ ਹੈ। ਸਮਝ ਨਹੀਂ ਆ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ? ਦੋਵੇਂ ਸ਼ਾਂਤਮਈ ਮੁਜ਼ਾਹਰੇ ਕਰ ਰਹੇ ਸਨ ਅਤੇ ਇਸ ਤਰ੍ਹਾਂ ਦੇ ਪ੍ਰਗਰਾਮਾਂ ਵਿੱਚ ਅਕਸਰ ਦੋਵੇਂ ਜਾਂਦੇ ਰਹਿੰਦੇ ਹਨ।"

"ਹੁਣ ਛੋਟੀ ਜਿਹੀ ਦੁੱਧ ਪੀਂਦੀ ਬੱਚੀ ਬਿਨਾ ਮਾਂ ਦੇ ਰਹਿ ਰਹੀ ਹੈ। ਅਸੀਂ ਇਸ ਦੀ ਦੇਖਭਾਲ ਕਰ ਰਹੇ ਹਾਂ ਪਰ ਇੰਨੀ ਛੋਟੀ ਬੱਚੀ ਬਿਨਾ ਮਾਂ ਦੇ ਕਿਵੇਂ ਰਹਿ ਸਕਗੀ, ਤੁਸੀਂ ਖ਼ੁਦ ਹੀ ਸੋਚ ਸਕਦੇ ਹੋ।"

ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਨੂੰ 19 ਦਸਬੰਰ ਨੂੰ ਵਾਰਾਣਸੀ ਦੇ ਬੇਨੀਆਬਾਗ਼ ਇਲਾਕੇ ਵਿੱਚ ਮੁਜ਼ਾਹਰੇ ਦੌਰਾਨ ਇਹ ਕਹਿੰਦਿਆਂ ਹੋਇਆ ਹਿਰਾਸਤ ਵਿੱਚ ਲਿਆ ਗਿਆ ਸੀ ਕਿ ਉਹ ਧਾਰਾ 144 ਦੀ ਉਲੰਘਣਾ ਕਰਨ ਰਹੇ ਹਨ।

ਤਸਵੀਰ ਸਰੋਤ, Sameeratmaj Mishra/BBC

ਤਸਵੀਰ ਕੈਪਸ਼ਨ,

ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਦੀ 14 ਮਹੀਨੇ ਦੀ ਬੱਚੀ ਆਪਣੇ ਮਾਪਿਆਂ ਦੀ ਰਾਹ ਤੱਕਦੀ ਹੈ

ਰਵੀ ਦੇ ਵੱਡੇ ਭਰਾ ਸ਼ਸ਼ੀਕਾਂਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਇਹ ਲੋਕ 60-70 ਲੋਕਾਂ ਦੇ ਗਰੁੱਪ ਵਿੱਚ ਉੱਥੇ ਮਾਰਚ ਕੱਢ ਰਹੇ ਸਨ। ਪੁਲਿਸ ਨੇ ਜਦੋਂ ਰੋਕਿਆ ਦਾ ਸਾਰਿਆਂ ਨੇ ਗ੍ਰਿਫ਼ਤਾਰੀ ਦੇ ਦਿੱਤੀ। ਉਸ ਵੇਲੇ ਕਿਹਾ ਗਿਆ ਸੀ ਕਿ ਸ਼ਾਂਤੀਭੰਗ ਕਰਨ ਦਾ ਚਲਾਨ ਕਰ ਕੇ ਵਾਪਸ ਭੇਜ ਦਿੱਤਾ ਜਾਵੇਗਾ।"

"ਪਰ ਦੋ ਦਿਨ ਤੱਕ ਬਿਠਾ ਕੇ ਰੱਖਿਆ ਗਿਆ ਅਤੇ ਫਿਰ 21 ਦਸੰਬਰ ਨੂੰ ਕਈ ਧਾਰਾਵਾਂ ਵਿੱਚ ਐਫਆਈਆਰ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਧਾਰਾਵਾਂ ਵੀ ਕੋਈ ਗੰਭੀਰ ਨਹੀਂ ਹਨ, ਫਿਰ ਵੀ ਜ਼ਮਾਨਤ ਨਹੀਂ ਮਿਲ ਸਕੀ।"

ਰਵੀ ਸ਼ੇਖ਼ਰ ਅਤੇ ਏਕਤਾ ਸਣੇ 56 ਨਾਮਜ਼ਦ ਅਤੇ ਕੁਝ ਅਣਜਾਣ ਲੋਕਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਰਜਿਸਟਰ ਕੀਤੇ ਗਏ ਹਨ।

ਇਹ ਵੀ ਪੜ੍ਹੋ-

ਸ਼ਸ਼ੀਕਾਂਤ ਕਹਿੰਦੇ ਹਨ ਕਿ ਇੱਕ ਪਾਸੇ ਜ਼ਮਾਨਤ ਕਰਵਾਉਣ ਦੀ ਸਮੱਸਿਆ ਸਾਹਮਣੇ ਅਤੇ ਦੂਜੇ ਪਾਸੇ ਛੋਟੀ ਬੱਚੀ ਸਾਂਭਣ ਦੀ।

ਬੱਚੀ ਲੱਖ ਸਮਝਾਇਆ ਜਾਂਦਾ ਹੈ ਪਰ ਉਹ ਮੰਮੀ-ਪਾਪਾ ਨੂੰ ਪੁੱਛਦੀ ਹੀ ਰਹਿੰਦੀ ਹੈ। ਰਵੀ ਸ਼ੇਖ਼ਰ ਦੀ ਮਾਂ ਸ਼ਾਂਤੀ ਤਿਵਾਰੀ ਦਾ ਦੱਸਦੇ-ਦੱਸਦੇ ਦਿਲ ਭਰ ਆਉਂਦਾ ਹੈ, "ਕੁਝ ਖਾ-ਪੀ ਵੀ ਨਹੀਂ ਰਹੀ ਹੈ ਚੰਗੀ ਤਰ੍ਹਾਂ, ਮਾਂ-ਬਾਪ ਦੀ ਤਸਵੀਰ ਵੱਲ ਦੇਖਦੇ ਉਨ੍ਹਾਂ ਨੂੰ ਬੁਲਾਉਂਦੀ ਹੈ। ਝੂਠਾ ਦਿਲਾਸਾ ਦਿੰਦੇ ਅਸੀਂ ਕਹਿੰਦੇ ਹਾਂ ਕਿ ਮੰਮੀ-ਪਾਪਾ ਆਫ਼ਿਸ ਗਏ ਹਨ, ਹੁਣੇ ਆ ਜਾਣਗੇ।"

ਤਸਵੀਰ ਸਰੋਤ, Sameeratmaj Mishra/BBC

ਤਸਵੀਰ ਕੈਪਸ਼ਨ,

ਰਵੀ ਸ਼ੇਖ਼ਰ ਅਤੇ ਉਨ੍ਹਾਂ ਦੀ ਪਤਨੀ ਏਕਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੀ ਵੱਡੀ ਮੰਮੀ ਦੇ ਨਾਲ

ਉੱਥੇ ਵਾਰਾਣਸੀ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਦੇ ਖ਼ਿਲਾਫ਼ ਹਿੰਸਾ ਭੜਕਾਉਣ ਦੇ ਲੋੜੀਂਦੇ ਸਬੂਤ ਹਨ।

ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲਰਾਜ ਸ਼ਰਮਾ ਕਹਿੰਦੇ ਹਨ, "ਜਿਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਲੋੜੀਂਦੇ ਆਧਾਰ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਇਕੱਠਾ ਹੋਣ ਕਰਕੇ ਸ਼ਹਿਰ ਵਿੱਚ ਤਣਾਅ ਵੱਧ ਗਿਆ ਸੀ। ਕਈ ਤਰ੍ਹਾਂ ਭੜਕਾਊ ਨਾਅਰੇ ਲਿਖੇ ਹੋਏ ਪੋਸਟਰਸ ਮਿਲੇ ਹਨ।"

ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿੱਚ ਵੀ ਲੋਕਾਂ ਨੇ ਵਧ ਚੜ ਕੇ ਮੁਜ਼ਾਹਰੇ ਕੀਤਾ ਸੀ।

ਬੇਨੀਆਬਾਗ਼ ਇਲਾਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਦੋਂ ਸੜਕ 'ਤੇ ਉਤਰੇ ਤਾਂ ਅਚਾਨਕ ਹਾਲਾਤ ਬੇਕਾਬੂ ਹੋਣ ਲੱਗੇ ਅਤੇ ਪੁਲਿਸ ਨੂੰ ਲਾਠੀਚਾਰਜ਼ ਕਰਨਾ ਪਿਆ।

ਚਸ਼ਮਦੀਦਾਂ ਮੁਤਾਬਕ, ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਭਜਾ-ਭਜਾ ਕੇ ਕੁੱਟਿਆ ਜਿਸ ਨਾਲ ਕਾਫੀ ਦੇਰ ਤੱਕ ਅਫਰਾ-ਤਫਰੀ ਮਚੀ ਰਹੀ।

ਭਾਵੇਂ ਕਿ ਰਵੀ ਸ਼ੇਖ਼ਰ ਦੇ ਪਰਿਵਾਰ ਵਾਲਿਆਂ ਮੁਤਾਬਕ, ਉਨ੍ਹਾਂ ਲੋਕਾਂ ਨੂੰ ਹੰਗਾਮੇ ਤੋਂ ਪਹਿਲਾਂ ਹੀ ਹਿਰਾਸਤ 'ਚ ਲਿਆ ਗਿਆ ਸੀ।

ਰਵੀ ਸ਼ੇਖ਼ਰ ਦੇ ਭਰਾ ਸ਼ਸ਼ੀਕਾਂਤ ਮੁਤਾਬਕ ਦੋਵਾਂ ਨੇ ਕਈ ਕੌਮੀ ਪੱਧਰ ਦੀਆਂ ਗੋਸ਼ਟੀਆਂ 'ਚ ਇਕੱਠਿਆਂ ਸ਼ਿਰਕਤ ਕੀਤੀ ਅਤੇ ਹਵਾ ਪ੍ਰਦੂਸ਼ਣ 'ਤੇ ਕੰਟ੍ਰੋਲ ਕਰਨ ਲਈ ਕਈ ਥਾਂ ਪ੍ਰੇਜੈਂਟੇਸ਼ਨ ਵੀ ਦਿੱਤੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)