Kushaal Punjabi: ਕੌਣ ਸੀ ਖੁਦਕੁਸ਼ੀ ਕਰਨ ਵਾਲੇ ਟੈਲੀਵਿਜ਼ਨ ਅਦਾਕਾਰ ਕੁਸ਼ਲ ਪੰਜਾਬੀ

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦੀ 37 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ, ਇਸ ਗੱਲ ਦੀ ਪੁਸ਼ਟੀ ਮੁੰਬਈ ਪੁਲਿਸ ਨੇ ਕੀਤੀ ਹੈ। ਖੁਦਕੁਸ਼ੀ ਦੀਆਂ ਵਜ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ।

ਮੁੰਬਈ ਦੇ ਪਾਲੀ ਹਿੱਲ ਦੇ ਘਰ ਵਿੱਚ ਉਹ ਰੱਸੀ ਨਾਲ ਲਮਕੇ ਪਾਏ ਗਏ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਦੇ ਘਰੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ।

ਛੋਟੇ ਪਰਦੇ 'ਤੇ ਦਿਖਣ ਵਾਲੇ ਇਸ ਅਦਾਕਾਰ ਦੀ ਮੌਤ ਦੀ ਖ਼ਬਰ ਅਦਾਕਾਰ ਕਰਨਵੀਰ ਬੋਹਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਹ ਸਿੰਧੀ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਕਰਨਵੀਰ ਬੋਹਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖ ਕੇ ਇਸ ਖ਼ਬਰ ਬਾਰੇ ਦੱਸਿਆ। ਉਨ੍ਹਾਂ ਨੇ ਲਿਖਿਆ, "ਤੁਹਾਡੀ ਮੌਤ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਮੈਨੂੰ ਅਜੇ ਵੀ ਵਿਸ਼ਵਾਸ਼ ਨਹੀਂ ਹੋ ਰਿਹਾ। ਮੈਨੂੰ ਪਤਾ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ, ਖ਼ੁਸ਼ ਹੋਵੋਗੇ। ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਉਸ ਨਾਲ ਮੈਂ ਕਾਫੀ ਪ੍ਰੇਰਿਤ ਹੋਇਆ ਹਾਂ ਪਰ ਮੈਨੂੰ ਕੀ ਪਤਾ ਸੀ।"

ਤਸਵੀਰ ਸਰੋਤ, itsme_kushalpunjabi/insta

ਕੁਸ਼ਲ ਨੂੰ ਆਖ਼ਰੀ ਵਾਰ ਸੀਰਿਅਲ 'ਇਸ਼ਕ ਮੇਂ ਮਰਜਾਵਾਂ' ਵਿੱਚ ਦੇਖਿਆ ਗਿਆ ਸੀ। ਫਿਟਨੈਸ ਫਰੀਕ ਕੁਸ਼ਲ ਦੇ ਸੋਸ਼ਲ ਮੀਡੀਆ ਅਕਾਊਂਟ ਕਸਰਤ ਕਰਦੇ ਹੋਏ ਤਸਵੀਰਾਂ ਨਾਲ ਭਰੇ ਹੋਏ ਹਨ।

ਨਿੱਜੀ ਜ਼ਿੰਦਗੀ

ਕੁਸ਼ਲ ਦਾ ਵਿਆਹ ਸਾਲ 2005 ਵਿੱਚ ਇੱਕ ਯੂਰਪੀਅਨ ਕੁੜੀ ਓਡਰੇ ਡੋਲਹੇਨ ਨਾਲ ਹੋਇਆ।

ਉਨ੍ਹਾਂ ਦੇ ਬੇਟੇ ਦਾ ਜਨਮ ਸਾਲ 2016 ਵਿੱਚ ਹੋਇਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਨਾਲ ਇੰਸਟਾਗਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ। ਕੁਸ਼ਲ ਨੇ ਆਪਣੇ ਕੰਮ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ।

ਇਹ ਵੀ ਪੜ੍ਹੋ-

ਤਸਵੀਰ ਸਰੋਤ, itsme_kushalpunjabi/insta

ਉਹ ਵਧੇਰੇ ਚਰਚਾ ਵਿੱਚ 'ਜ਼ੋਰ ਕਾ ਝਟਕਾ' ਨਾਂ ਦਾ ਰਿਐਲੀਟੀ ਸ਼ੋਅ ਜਿੱਤਣ ਤੋਂ ਬਾਅਦ ਆਏ। ਇਸ ਤੋਂ ਇਲਾਵਾ ਉਹ ਕਈ ਸਾਰੇ ਟੀਵੀ ਸੀਰਿਅਲ ਵਿੱਚ ਨਜ਼ਰ ਆਏ।

ਫੀਅਰ ਫੈਕਟਰ, ਮਿਸਟਰ ਅਤੇ ਮਿਸ ਟੀਵੀ, ਪੈਸਾ ਭਾਰੀ ਪੜੇਗਾ, ਨੌਟੀਕਾ ਨੈਵੀਗੇਟਰਸ ਚੈਂਲੇਜ਼, ਏਕ ਸੇ ਬੜਕਰ ਏਕ, ਜ਼ੋਰ ਕਾ ਝਟਕਾ ਅਤੇ ਝਲਕ ਦਿਖਲਾ ਜਾ ਆਦਿ ਵਿੱਚ ਨਜ਼ਰ ਆਏ।

ਇਸ ਤੋਂ ਇਲਾਵਾ ਉਨ੍ਹਾਂ ਨੇ ਫਰਾਨ ਅਖ਼ਤਰ ਦੀ ਫਿਲਮ ਲਕਸ਼ਯ, ਕਰਨ ਜੌਹਰ ਦੀ ਕਾਲ ਤੇ ਯੂ ਟੀਵੀ ਦੀ ਧਨ ਧਨਾਧਨ ਗੋਲ ਵਿੱਚ ਵੀ ਕੰਮ ਕੀਤਾ ਸੀ।

ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਕਈ ਹੋਰ ਅਦਾਕਾਰਾਂ ਨੇ ਹੈਰਾਨੀ ਜਤਾਈ ਹੈ।

ਬਾਬਾ ਸਹਿਗਲ ਲਿਖਦੇ ਹਨ, "ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਕੁਸ਼ਲ ਨਹੀਂ ਰਹੇ। ਹਮੇਸ਼ਾ ਚੁਣੌਤੀਆਂ ਨਾਲ ਲੜਨ ਵਾਲੇ ਤੇ ਇੱਕ ਚੰਗੇ ਪਿਤਾ ਸਨ। ਉਹ ਮੇਰਾ ਦੋਸਤ ਸੀ ਪਰ ਮੇਰੇ ਲਈ ਇੱਕ ਛੋਟੇ ਭਰਾ ਵਾਂਗ ਸੀ।"

ਇਸ ਤੋਂ ਇਲਾਵਾ ਅਦਾਕਾਰ ਰਵੀ ਦੁਬੇ, ਸ਼ਵੇਤਾ ਤਿਵਾਰੀ, ਕਰਨ ਪਟੇਲ ਨੇ ਵੀ ਇਨ੍ਹਾਂ ਦੀ ਮੌਤ 'ਤੇ ਹੈਰਾਨੀ ਜ਼ਾਹਿਰ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਕਈ ਫਿਲਮ ਸਿਤਾਰਿਆਂ ਨੇ ਆਪਣੀ ਜੀਵਨ ਲੀਲਾ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਲਈ ਸੀ, ਅਜਿਹੇ ਕਲਾਕਾਰਾਂ ਦੀ ਇੱਕ ਸੂਚੀ-

ਗੁਰੂਦੱਤ

ਗੁਰੂਦੱਤ 50ਵੇਂ ਅਤੇ 60ਵੇਂ ਦਹਾਕੇ ਵਿੱਚ ਭਾਰਤੀ ਫਿਲਮ ਇਡੰਸਟਰੀ ਦੇ ਦਿੱਗਜ਼ ਮੰਨੇ ਜਾਂਦੇ ਸਨ। ਉਨ੍ਹਾਂ ਨੂੰ ਬਿਹਤਰੀਨ ਫਿਲਮ ਨਿਰਦੇਸ਼ਕ ਤੋਂ ਇਲਾਵਾ ਬਿਹਤਰੀਨ ਅਦਾਕਾਰ ਮੰਨਿਆ ਜਾਂਦਾ ਸੀ।

ਅਕਤੂਬਰ 1964 ਵਿੱਚ ਮੁੰਬਈ ਦੇ ਪੈਡਰ ਰੋਡ ਇਲਾਕੇ ਵਿੱਚ ਆਪਣੇ ਆਪਾਰਟਮੈਂਟ 'ਚ ਮ੍ਰਿਤ ਮਿਲੇ ਸਨ। ਜ਼ਰੂਰਤ ਤੋਂ ਵੱਧ ਸ਼ਰਾਬ ਅਤੇ ਨੀਂਦ ਦੀਆਂ ਗੋਲੀਆਂ ਖਾਣ ਕਾਰਨ ਉਨ੍ਹਾਂ ਮੌਤ ਹੋਈ ਸੀ।

ਤਸਵੀਰ ਸਰੋਤ, other

ਤਸਵੀਰ ਕੈਪਸ਼ਨ,

ਫਿਲਮ 'ਪਿਆਸਾ' ਵਿੱਚ ਗੁਰੂਦੱਤ ਅਤੇ ਵਹੀਦਾ ਰਹਿਮਾਨ

ਮਨਮੋਹਨ ਦੇਸਾਈ

ਹਿੰਦੀ ਫਿਲਮਾਂ ਦੇ ਸਫ਼ਲ ਫਿਲਮਕਾਰਾਂ ਵਿਚੋਂ ਇੱਕ ਗਿਣੇ ਜਾਣ ਵਾਲੇ ਮਨਮੋਹਨ ਦੇਸਾਈ ਨੇ ਕਈ ਕਮਰਸ਼ੀਅਲ ਫਿਲਮਾਂ ਬਣਾਈਆਂ ਸਨ। ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਸਫ਼ਲ, ਅਮਰ ਅਕਬਰ ਐਂਥਨੀ, ਕੁਲੀ ਅਤੇ ਮਰਦ ਫਿਲਮਾਂ ਸਨ।

1979 ਵਿੱਚ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। 1992 ਵਿੱਚ ਉਹ ਨੰਦਾ ਦੇ ਨਾਲ ਰਿਸ਼ਤੇ ਵਿੱਚ ਆਏ ਹਏ ਜੋ ਉਨ੍ਹਾਂ ਦੀ ਮੌਤ ਤੱਕ ਚੱਲਿਆ।

ਮਸਾਲਾ ਫਿਲਮਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਮਨਮੋਹਨ ਦੇਸਾਈ ਦੀਆਂ ਫਿਲਮਾਂ ਬਾਅਦ ਵਿੱਚ ਪਿਟਣ ਲੱਗੀਆਂ ਸਨ। ਮਾਰਚ 1994 ਵਿੱਚ ਗਿਰਗਾਓਂ ਵਾਲੇ ਆਪਣੇ ਫਲੈਟ ਦੀ ਬਾਲਕਨੀ ਤੋਂ ਉਨ੍ਹਾਂ ਨੇ ਛਾਲ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਦਿਵਿਆ ਭਾਰਤੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ ਕਾਫੀ ਸ਼ੱਕੀ ਸੀ। ਉਨ੍ਹਾਂ ਦੇ ਪਤੀ ਸਾਜਿਦ ਨਾਡਿਆਵਾਲਾ ਮੁਤਾਬਕ ਦਿਵਿਆ ਨੇ 5ਵੀਂ ਮੰਜ਼ਿਲ 'ਤੇ ਸਥਿਤ ਆਪਣੇ ਅਪਾਰਟਮੈਂਟ ਤੋਂ ਛਾਲ ਮਾਰ ਦਿੱਤੀ ਸੀ।

ਤਸਵੀਰ ਸਰੋਤ, GULSHAN RAI

5 ਅਪ੍ਰੈਲ 1993 ਨੂੰ ਇਹ ਘਟਨਾ ਹੋਈ ਸੀ। ਉਸ ਵੇਲੇ ਦਿਵਿਆ ਭਾਰਤੀ ਸਿਰਫ਼ 19 ਸਾਲ ਦੀ ਸੀ ਅਤੇ ਉਨ੍ਹਾਂ 14 ਫਿਲਮਾਂ ਵਿੱਚ ਕੰਮ ਵੀ ਕਰ ਲਿਆ ਸੀ।

ਸਿਲਕ ਸਮਿਤਾ

ਸਿਲਕ ਸਮਿਤਾ ਦਾ ਅਸਲੀ ਨਾਮ ਵਿਜੇਲਕਸ਼ਮੀ ਸੀ। ਉਹ ਅਨਾਥ ਸੀ ਅਤੇ ਆਂਧਰਾ ਪ੍ਰਦੇਸ਼ ਵਿੱਚ ਇੱਕ ਔਰਤ ਨੇ ਉਨ੍ਹਾਂ ਨੂੰ ਗੋਦ ਲਿਆ ਸੀ।

16 ਸਾਲ ਦੀ ਉਮਰ ਵਿੱਚ ਸਿਲਮ ਸਮਿਤਾ ਆਪਣੀ ਮਾਂ ਦੇ ਨਾਲ ਮਦਰਾਸ ਚਲੀ ਗਈ ਸੀ। ਮੇਕਅੱਪ ਆਰਟਿਸ ਵਜੋਂ ਫਿਲਮਾਂ 'ਚ ਕਦਮ ਰੱਖਣ ਵਾਲੀ ਸਿਲਮ ਸਮਿਤਾ ਹੌਲੀ-ਹੌਲੀ ਫਿਲਮਾਂ ਵਿੱਚ ਕੰਮ ਕਰਨ ਲੱਗੀ ਸੀ।

ਉਨ੍ਹਾਂ ਨੂੰ ਵੈਂਪ ਦਾ ਰੋਲ ਮਿਲਣ ਲੱਗਾ। ਸਤੰਬਰ 1996 ਵਿੱਚ ਸਮਿਤਾ ਆਪਣੇ ਚੇਨੱਈ ਸਥਿਤ ਫਲੈਟ ਵਿੱਚ ਮ੍ਰਿਤ ਮਿਲੀ ਸੀ।

ਰੀਮ ਕਪਾਡੀਆ

ਰੀਮ ਕਪਾਡੀਆ ਡਿੰਪਲ ਕਪਾਡੀਆਂ ਦੀ ਸਭ ਤੋਂ ਛੋਟੀ ਭੈਣ ਸੀ। ਕੁਝ ਹਿੰਦੀ ਫਿਲਮਾਂ ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ। ਇਨ੍ਹਾਂ ਵਿਚੋਂ ਇੱਕ ਫਿਲਮ ਹਵੇਲੀ ਵੀ ਸੀ, ਜਿਸ ਵਿੱਚ ਉਹ ਰਾਕੇਸ਼ ਰੋਸ਼ਨ ਅਤੇ ਮਾਰਕ ਜ਼ੁਬੈਰ ਦੇ ਨਾਲ ਪਰਦੇ ਦਿਖੀ ਸੀ।

ਸਾਲ 2000 ਵਿੱਚ ਉਹ ਲੰਡਨ ਵਿੱਚ ਮ੍ਰਿਤ ਮਿਲੀ ਸੀ। ਇਹ ਮੰਨਿਆ ਗਿਆ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਸੀ ਪਰ ਕੁਝ ਵੀ ਸਪੱਸ਼ਟ ਨਹੀਂ ਹੋਇਆ।

ਪਰਵੀਨ ਬੌਬੀ

ਹਿੰਦੀ ਫਿਲਮਾਂ ਦੀਆਂ ਸਫ਼ਲ ਅਦਾਕਾਰਾਂ ਵਿਚੋਂ ਇੱਕ ਪਰਵੀਨ ਬੌਬੀ 2005 ਵਿੱਚ ਆਪਣੇ ਅਪਾਰਮੈਂਟ ਵਿੱਚ ਮ੍ਰਿਤ ਮਿਲੀ ਸੀ।

ਤਸਵੀਰ ਸਰੋਤ, TWITTER@FILMHISTORYPIC

ਉਹ ਲੰਬੇ ਸਮੇਂ ਤੋਂ ਇਕੱਲਿਆਂ ਰਹਿ ਰਹੀ ਸੀ ਅਤੇ ਬਾਹਰੀ ਦੁਨੀਆਂ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਸੀ।

ਗੁਆਂਢੀਆਂ ਨੇ ਇਹ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਇਹ ਘਰ ਦੇ ਬਾਹਰ ਅਖ਼ਬਾਰ ਨਹੀਂ ਲੈ ਕੇ ਜਾ ਰਹੀ ਸੀ, ਬਾਅਦ ਵਿੱਚ ਉਨ੍ਹਾਂ ਦੇ ਅਪਾਰਮੈਂਟ ਵਿੱਚ ਉਨ੍ਹਾਂ ਲਾਸ਼ ਮਿਲੀ।

ਨਫੀਸਾ ਜੋਸੇਫ

ਨਫੀਸਾ ਜੋਸੇਫ ਐਮਟੀਵੀ ਦੀ ਮਸ਼ਹੂਰ ਵੀਜ਼ੇ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਡਲਿੰਗ ਵੀ ਕੀਤੀ ਸੀ। 1997 ਵਿੱਚ ਉਨ੍ਹਾਂ ਨੇ ਫੇਮੀਨਾ ਮਿਸ ਇੰਡੀਆ ਯੂਨੀਵਰਸ ਦਾ ਖ਼ਿਤਾਬ ਵੀ ਜਿੱਤਿਆ ਸੀ ਅਤੇ ਮਿਸ ਯੂਨੀਵਰਸ ਵਿੱਚ ਇੱਕ ਫਾਈਨਲਿਸਟ ਵੀ ਸੀ।

ਸਾਲ 2004 ਵਿੱਚ ਵਰਸੋਵਾ ਸਥਿਤ ਆਪਣੇ ਫਲੈਟ ਵਿੱਚ ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ।

ਕੁਲਜੀਤ ਰੰਧਾਵਾ

ਕੁਲਜੀਤ ਰੰਧਾਵਾ ਨਫੀਸਾ ਜੋਸੇਫ ਦੀ ਕਰੀਬੀ ਦੋਸਤ ਮੰਨੀ ਜਾਂਦੀ ਸੀ। ਨਫੀਸਾ ਦੇ ਮੌਤ ਨਾਲ ਉਹ ਕਾਫੀ ਟੁੱਟ ਗਈ ਸੀ।

ਫਰਵਰੀ 2006 ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ। ਉਨ੍ਹਾਂ ਫਿਲਮ 'ਬਾਈ ਚਾਂਸ' ਦੀ ਸ਼ੂਟਿੰਗ ਖ਼ਤਮ ਕੀਤੀ ਸੀ ਅਤੇ ਸਟਾਰ ਵੰਨ ਦੇ ਸੀਰੀਅਲ ਸਪੈਸ਼ਲ ਸੁਕੈਡ ਵਿੱਚ ਵੀ ਉਨ੍ਹਾਂ ਨੂੰ ਲੀਡ ਰੋਲ ਮਿਲਿਆ ਹੋਇਆ ਸੀ।

ਪਰ ਉਨ੍ਹਾਂ ਦੀ ਵੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਆਪਣੇ ਸੁਸਾਇਡ ਨੋਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਜ਼ਿੰਦਗੀ ਦਾ ਦਬਾਅ ਉਨ੍ਹਾਂ ਕੋਲੋਂ ਨਹੀਂ ਝੱਲਿਆ ਜਾ ਰਿਹਾ।

ਜਿਆ ਖ਼ਾਨ

ਬਾਲੀਵੁੱਡ ਵਿੱਚ ਜਿਆ ਖ਼ਾਨ ਦੀ ਐਂਟਰੀ ਕਾਫੀ ਜ਼ੋਰਦਾਰ ਹੋਈ ਸੀ। ਉਨ੍ਹਾਂ ਸ਼ੁਰੂਆਤ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖ਼ਾਨ ਵਰਗੇ ਅਦਾਕਾਰਾ ਨਾਲ ਕੰਮ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਕੈਰੀਅਰ ਓਨਾਂ ਬਿਹਤਰੀਨ ਨਹੀਂ ਰਿਹਾ।

2013 ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਅਦਾਕਾਰ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ 'ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਜਿਆ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਹੈ। ਸੂਰਜ 'ਤੇ ਅਜੇ ਵੀ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ।

ਪ੍ਰਤਿਊਸ਼ਾ ਬੈਨਰਜੀ

ਭਾਰਤੀ ਟੀਵੀ ਇੰਡਸਟਰੀ ਦਾ ਪ੍ਰਸਿੱਧ ਚਿਹਰਾ ਪ੍ਰਤਿਊਸ਼ਾ ਬੈਨਰਜੀ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।

ਸਾਲ 2016 ਵਿੱਚ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਫਲੈਟ ਵਿੱਚ ਮਿਲੀ ਸੀ। ਮੰਨਿਆ ਜਾਂਦਾ ਹੈ ਕਿ ਕਾਫੀ ਦਿਨ ਤੋਂ ਡਿਪਰੈਸ਼ਨ ਵਿੱਚ ਰਹੀ ਸੀ।

ਟੀਵੀ ਸੀਰੀਅਲ ਬਾਲਿਕਾ ਵਧੂ ਤੋਂ ਕਾਫੀ ਚਰਚਾ ਵਿੱਚ ਆਈ ਸੀ। ਉਹ ਰਿਐਲਿਟੀ ਸ਼ੋਅ ਬਿਗ ਬੌਸ ਦਾ ਹਿੱਸਾ ਰਹੀ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)