ਪੰਜਾਬ ’ਚ ਰਵੀਨਾ ਟੰਡਨ ਤੇ ਫਰਾਹ ਖ਼ਾਨ ਖ਼ਿਲਾਫ਼ ਮੁਜ਼ਾਹਰੇ, ਦੋਹਾਂ ਨੇ ਮੰਗੀ ਮਾਫ਼ੀ

ਵੀਡੀਓ ਕੈਪਸ਼ਨ,

ਫ਼ਿਲਮਕਾਰ ਫਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ ਸਿੰਘ ਖਿਲਾਫ਼ ਈਸਾਈ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਹਨ।

ਫ਼ਰਾਹ ਖ਼ਾਨ ਨੇ ਆਪਣੇ ਇੱਕ ਸ਼ੋਅ ਦੌਰਾਨ ਇੱਕ ਸੰਵਾਦ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਬਾਰੇ ਇੱਕ ਟਵੀਟ ਰਾਹੀਂ ਮਾਫ਼ੀ ਮੰਗੀ।

ਅਦਾਕਾਰਾ ਰਵੀਨਾ ਟੰਡਨ ਤੇ ਹਾਸ ਕਲਾਕਾਰ ਭਾਰਤੀ ਸਿੰਘ 'ਤੇ ਇੱਕ ਟੀਵੀ ਸ਼ੋਅ ਦੌਰਾਨ ਈਸਾਈ ਧਰਮ ਦੇ ਪਵਿੱਤਰ ਸਮਝੇ ਜਾਂਦੇ ਸ਼ਬਦ ‘ਹਲਾਲੂਈਆ’ ਨੂੰ ਮਜ਼ਾਕੀਆ ਲਹਿਜੇ ਵਿੱਚ ਵਰਤਣ ਦੇ ਇਲਜ਼ਾਮ ਹਨ।

ਇਸੇ ਕਾਰਨ ਉਨ੍ਹਾਂ ਖਿਲਾਫ਼ ਪੰਜਾਬ ਵਿੱਚ ਉਨ੍ਹਾਂ ਖ਼ਿਲਾਫ਼ ਕਈ ਥਾਈਂ ਮੁਜ਼ਾਹਰੇ ਹੋ ਰਹੇ ਹਨ।

ਇਨ੍ਹਾਂ ਤਿੰਨਾਂ 'ਤੇ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਈਸਾਈ ਭਾਈਚਾਰੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਵਾਇਆ ਗਿਆ ਸੀ।

ਫ਼ਰਾਹ ਖ਼ਾਨ ਨੇ ਵੀ ਇੱਕ ਟਵੀਟ ਕੀਤਾ, "ਮੇਰੇ ਸ਼ੋਅ ਦੀ ਇੱਕ ਤਾਜ਼ਾ ਕੜੀ ਤੋਂ ਕੁਝ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਮੈਂ ਆਹਤ ਹਾਂ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹਾਂ ਤੇ ਕਿਸੇ ਦੀ ਵੀ ਬੇਇੱਜ਼ਤੀ ਦਾ ਮੇਰਾ ਇਰਾਦਾ ਨਹੀਂ ਹੋ ਸਕਦਾ। ਸਮੁੱਚੀ ਟੀਮ ਦੀ ਤਰਫ਼ੋਂ ਮੈਂ ਸੁਹਿਰਦੇ ਨਾਲ ਮਾਫ਼ੀ ਮੰਗਦੀ ਹਾਂ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਅਦਾਕਾਰ ਰਵੀਨਾ ਟੰਡਨ ਵੀ ਇੱਕ ਟਵੀਟ ਰਾਹੀਂ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਤੇ ਸਬੰਧਿਤ ਧਿਰਾਂ ਤੋਂ ਮਾਫ਼ੀ ਮੰਗ ਚੁੱਕੇ ਹਨ।

ਸ਼ਿਕਾਇਤ ਤੋਂ ਬਾਅਦ ਰਵੀਨਾ ਨੇ ਇੱਕ ਟਵੀਟ ਵਿੱਚ ਆਪਣਾ ਪੱਖ ਰੱਖ ਚੁੱਕੇ ਹਨ। ਉਨ੍ਹਾਂ ਸੰਬੰਧਿਤ ਵੀਡੀਓ ਨਾਲ ਟਵੀਟ ਕੀਤਾ। (ਹਾਲਾਂਕਿ ਹੁਣ ਜਦੋਂ ਉਸ ਵੀਡੀਓ ਨੂੰ ਚਲਾਉਣ ਲਈ ਲਿੰਕ ’ਤੇ ਕਲਿੱਕ ਕਰਦੇ ਹਾਂ ਤਾਂ ਉਹ ਵੀਡੀਓ ਉੱਥੋਂ ਹਟਾ ਦਿੱਤੀ ਗਈ ਹੈ)

ਉਨ੍ਹਾਂ ਲਿਖਿਆ, "ਕਿਰਪਾ ਕਰਕੇ ਇਹ ਲਿੰਕ ਦੇਖੋ। ਮੈਂ ਅਜਿਹਾ ਇੱਕ ਵੀ ਸ਼ਬਦ ਨਹੀਂ ਕਿਹਾ ਜਿਸ ਨੂੰ ਕਿਸੇ ਧਰਮ ਦੀ ਬੇਇਜ਼ਤੀ ਸਮਝਿਆ ਜਾ ਸਕੇ। ਅਸੀਂ ਤਿੰਨੇ (ਫਰਹਾ ਖ਼ਾਨ, ਭਾਰਤੀ ਸਿੰਘ ਤੇ ਮੈਂ) ਦੀ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਹੀਂ ਸੀ। ਫਿਰ ਵੀ ਜੇ ਸਾਥੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਜਿਨ੍ਹਾਂ ਨੂੰ ਦੁਖ ਪਹੁੰਚਿਆ ਹੈ ਉਨ੍ਹਾਂ ਤੋਂ ਮੈਂ ਸੁਹਿਰਦੇ ਨਾਲ ਮਾਫ਼ੀ ਚਾਹੁੰਦੀ ਹਾਂ"

ਰਵੀਨਾ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਹੋਣ ਤੋਂ ਬਾਅਦ ਇਹ ਮਾਫ਼ੀ ਮੰਗੀ ਸੀ।

ਕਿੱਥੇ-ਕਿੱਥੇ ਹੋ ਰਹੇ ਹਨ ਮੁਜ਼ਾਹਰੇ?

ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਯੋਗੀ ਪਾਲ ਸਿੰਘ ਨੌਲੀ ਮੁਤਾਬਕ ਸ਼ਹਿਰ ਦੇ ਮਕਸੂਦਾਂ ਚੌਂਕ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਈਸਾਈ ਭਾਈਚਾਰੇ ਨੇ ਰੋਸ ਮੁਜ਼ਾਹਰਾ ਕੀਤਾ।

ਚਰਚ ਦੇ ਪਾਦਰੀ ਜੈਨ ਪੀਟਰ ਤੇ ਪਾਦਰੀ ਸੁਵਾਨ ਨਿਸ਼ਾਨ ਮਸੀਹ ਦੀ ਅਗਵਾਈ ਹੇਠ ਇਸ ਰੋਸ ਪ੍ਰਦਰਸ਼ਨ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਈਸਾਈ ਭਾਈਚਾਰੇ ਨੇ ਇੰਨ੍ਹਾਂ ਫਿਲਮੀ ਕਲਾਕਾਰਾਂ ਦੇ ਪੁਤਲੇ ਫੂਕੇ ਤੇ ਸੜਕ ਜਾਮ ਕੀਤੀ।

ਤਸਵੀਰ ਸਰੋਤ, PAL SINGH NAULI/BBC

ਤਸਵੀਰ ਕੈਪਸ਼ਨ,

ਮਸੀਹ ਭਾਈਚਾਰੇ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਫਿਲਮੀ ਅਦਾਕਾਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਮਕਸੂਦਾਂ ਚੌਕ ਤੇ ਲੱਗੇ ਜਾਮ ਨੂੰ ਖੁਲ੍ਹਵਾਉਣ ਲਈ ਡੀਸੀਪੀ ਬਲਕਾਰ ਸਿੰਘ, ਏਸੀਪੀ ਉੱਤਰੀ ਜਸਬਿੰਦਰ ਖਹਿਰਾ, ਥਾਣਾ ਡਵੀਜ਼ਨ 1 ਦੇ ਮੁਖੀ ਸੁਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਮੰਗ ਪੱਤਰ ਲੈ ਕੇ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ।

ਗੁਰਦਾਸਪੁਰ ਤੋਂ ਬੀਬੀਸੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਲੋਕ ਬਟਾਲਾ ਵਿੱਚ ਤਿੰਨਾਂ ਆਦਾਕਾਰਾਂ ਦੇ ਅਤੇ ਚੈਨਲ ਦੇ ਮਾਲਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਲੈ ਕੇ ਸੜਕਾਂ ਉੱਤੇ ਉਤਰੇ।

ਵੱਖ-ਵੱਖ ਈਸਾਈ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵਲੋਂ ਪਹਿਲਾਂ ਬਟਾਲਾ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ ਗਿਆ ਅਤੇ ਅੰਮ੍ਰਿਤਸਰ - ਗੁਰਦਾਸਪੁਰ ਮਾਰਗ 'ਤੇ ਸਥਿਤ ਗਾਂਧੀ ਚੌਂਕ ਵਿਖੇ ਚੱਕਾ-ਜਾਮ ਮੁਜ਼ਾਹਰਾ ਕੀਤਾ ਗਿਆ।

ਮੁਜ਼ਾਹਰਾਕਾਰੀਆਂ ਨੇ ਤਿੰਨਾਂ ਦੇ ਪੁਤਲੇ ਵੀ ਫੂਕੇ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਬਾਈਬਲ ਦੇ ਜਿਸ ਸ਼ਬਦ ਦੀ ਬੇਅਦਬੀ ਕੀਤੀ ਗਈ ਹੈ ਉਹ ਉਹਨਾਂ ਦੇ ਧਰਮ ਦਾ ਇੱਕ ਪਵਿੱਤਰ ਨਾਅਰਾ ਹੈ। ਦੁਨੀਆਂ ਭਰ 'ਚ ਈਸਾਈ ਭਾਈਚਾਰਾ ਇਸ ਨਾਅਰੇ ਨੂੰ ਸ਼ਾਂਤੀ ਦੇ ਸੰਦੇਸ਼ ਵਜੋਂ ਬੁਲੰਦ ਕਰਦੇ ਹਨ।

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ,

ਬਟਾਲਾ ਮੁਜ਼ਾਹਰਾ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਮੁੰਬਈ ਜਾ ਕੇ ਵੀ ਧਰਨਾ ਦੇਣਗੇ।

ਮੁਜ਼ਾਹਰਾਕਾਰੀ ਔਰਤਾਂ ਨੇ ਆਖਿਆ ਕਿ ਉਨ੍ਹਾਂ ਦੀ ਧਾਰਮਿਕ ਭਾਵਨਾਂ ਨੂੰ ਠੇਸ ਪਹੁੰਚੀ ਹੈ ਅਤੇ ਉਹ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ |

ਇਸ ਮੋਕੇ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਡੀਐੱਸਪੀ ਡਾ. ਬੀ ਕੇ ਸਿੰਗਲਾ ਵੱਲੋਂ ਈਸਾਈ ਭਾਈਚਾਰੇ ਦਾ ਮੰਗ ਪੱਤਰ ਲੈਂਦੇ ਹੋਏ ਭਾਈਚਾਰੇ ਨੂੰ ਭਰੋਸਾ ਦਿਤਾ ਕਿ ਮੁਜ਼ਾਹਰਾਕਾਰੀਆਂ ਦੀ ਮੰਗ ਅਨੁਸਾਰ ਕੇਸ ਵਿੱਚ ਜੋੜੀਆਂ ਗਈਆਂ ਧਾਰਾਵਾਂ ਵਧਾਈਆਂ ਜਾਣਗੀਆਂ ਤੇ ਮਾਲਕ ਦੇ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਅਜਨਾਲਾ ਪੁਲਿਸ ਨੂੰ ਸਿਫਾਰਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)