‘ਗਰੀਬ ਨਾਲ ਹਿਕਾਰਤ, ਕਾਰਾਂ ਨਾਲ ਪਿਆਰ’: ਚੰਡੀਗੜ੍ਹ ਦੇ ਬੇਘਰਿਆਂ ਦੀ ਜ਼ਿੰਦਗੀ ’ਚ ਇੱਕ ਨਾਗਰਿਕ ਦੀ ‘ਘੁਸਪੈਠ’

  • ਦਲਜੀਤ ਅਮੀ,
  • ਬੀਬੀਸੀ ਪੱਤਰਕਾਰ
ਠੰਢ ਨਾਲ ਨਜਿੱਠਣ ਦਾ ਬੰਦੋਬਸਤ
ਤਸਵੀਰ ਕੈਪਸ਼ਨ,

ਧੂਣੀਆਂ ਅਤੇ ਕੰਬਲਾਂ ਨਾਲ ਠੰਢ ਨਾਲ ਨਜਿੱਠਣ ਦਾ ਬੰਦੋਬਸਤ ਹੋ ਰਿਹਾ ਸੀ

ਕ੍ਰਿਸਮਸ ਦਾ ਤਿਉਹਾਰ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਸੈਂਟਾ ਕਲੌਜ਼ ਵਜੋਂ ਨਜ਼ਰ ਆਉਂਦਾ ਹੈ। ਸੈਂਟਾ ਆਪਣੇ ਰਵਾਇਤੀ ਲਿਬਾਸ ਵਿੱਚ ਮਿੱਠੀਆਂ ਗੋਲੀਆਂ ਵੰਡਦਾ ਘੁੰਮਦਾ ਹੈ। ਟਰੈਫ਼ਿਕ ਦੀਆਂ ਬੱਤੀਆਂ ਉੱਤੇ ਬੱਚੇ ਅਤੇ ਨੌਜਵਾਨ ਸੈਂਟਾ ਦੇ ਨਕਾਬ ਅਤੇ ਟੋਪੀਆਂ ਵੇਚਦੇ ਹਨ।

ਮੌਕੇ ਮੁਤਾਬਕ ਇਹੋ ਲੋਕ ਬੱਤੀਆਂ ਉੱਤੇ ਕੌਮੀ ਝੰਡੇ, ਗੁਬਾਰੇ ਅਤੇ ਹੋਰ ਸਾਮਾਨ ਵੇਚਦੇ ਹਨ। ਚੰਡੀਗੜ੍ਹ ਵਿੱਚ ਰੋਜ਼ਾਨਾ ਸੜਕਾਂ ਉੱਤੇ ਸਫ਼ਰ ਕਰਨ ਵਾਲੇ ਜਾਣਦੇ ਹਨ ਕਿ ਇਹ ਫੇਰੀਆਂ ਲਗਾਉਣ ਵਾਲੇ ਸੜਕਾਂ ਦੇ ਬੰਨੀਆਂ ਉੱਤੇ ਸੌਣ ਵਾਲੇ ਬੇਘਰ ਜੀਅ ਹਨ।

ਕ੍ਰਿਸਮਸ ਵਾਲੇ ਦਿਨ ਇਨ੍ਹਾਂ ਜੀਆਂ ਦਾ ਰੋਜ਼ਾਨਾ ਜ਼ਿੰਦਗੀ ਅਤੇ ਠੰਢ ਨਾਲ ਸਿੱਝਣ ਦਾ ਤਜਰਬਾ ਖ਼ਬਰ ਵਿੱਚ ਦਰਜ ਕਰਨ ਦੇ ਇਰਾਦੇ ਨਾਲ ਸਵਖ਼ਤੇ ਮਿਲਣ ਦਾ ਇਰਾਦਾ ਸੀ।

ਉਸ ਤੋਂ ਪਿਛਲੀ ਰਾਤ ਨੂੰ ਸੈਕਟਰ 34-35 ਵਾਲੀ ਸੜਕ ਦੀ ਇੱਕ ਬਾਹੀ ਵਿੱਚ ਦਰਖ਼ਤਾਂ ਹੇਠਾਂ ਬੰਨੀ ਉੱਤੇ ਕਈ ਢਾਣੀਆਂ ਰੋਟੀ-ਪਾਣੀ ਦੇ ਆਹਰ ਲੱਗੀਆਂ ਸਨ। ਬੱਤੀਆਂ ਉੱਤੇ ਗੁਬਾਰਿਆਂ ਦੀ ਫੇਰੀ ਲਗਾਉਣ ਵਾਲੇ ਬੱਚੇ-ਬੀਬੀਆਂ-ਜਵਾਨ ਕੰਮ ਲੱਗੇ ਹੋਏ ਸਨ। ਧੂਣੀਆਂ ਅਤੇ ਕੰਬਲਾਂ ਨਾਲ ਠੰਢ ਨਾਲ ਨਜਿੱਠਣ ਦਾ ਬੰਦੋਬਸਤ ਹੋ ਰਿਹਾ ਸੀ।

ਇਹ ਵੀ ਪੜ੍ਹੋ:

ਅੱਜ ਕੋਈ ਆਇਆ ਸਾਡੇ ਵਿਹੜੇ

ਅਗਲੇ ਦਿਨ ਸਵੇਰੇ ਇਹ ਧੂਣੀਆਂ ਬੁਝੀਆਂ ਹੋਈਆਂ ਸਨ ਅਤੇ ਕੰਬਲਾਂ ਦੇ ਨਾਮ ਨਿਸ਼ਾਨ ਨਹੀਂ ਸਨ। ਕੁਝ ਜੀਅ ਭਮੰਤਰੇ ਜਿਹੇ ਘੁੰਮ ਰਹੇ ਸਨ।

ਸੜਕ ਦੇ ਦੂਜੇ ਪਾਸੇ ਦੋ-ਦੋ ਚਾਰ-ਚਾਰ ਜੀਅ ਆਪਣੇ ਠਰਦੇ ਹੱਡਾਂ ਵਾਲੇ ਆਕੜੇ ਜੁੱਸਿਆਂ ਨਾਲ ਆਲੇ-ਦੁਆਲੇ ਖਲਾਅ ਵਿੱਚ ਝਾਕ ਰਹੇ ਸਨ।

ਕੁਝ ਢਾਣੀਆਂ ਨੇ ਅੱਗ ਬਾਲਣ ਦਾ ਜੁਗਾੜ ਕਰ ਲਿਆ ਸੀ। ਕੁਝ ਇਸੇ ਜੁਗਾੜ ਵਿੱਚ ਲੱਗੇ ਸਨ। ਸੰਤ ਰਾਮ ਉਦਾਸੀ ਦਾ ਗੀਤ ਕਈ ਟੁਕੜਿਆਂ ਵਿੱਚ ਤੁਰਿਆ ਫਿਰਦਾ ਸੀ - ‘ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮਘਦਾ ਰਹੀਂ ਵੀ ਸੂਰਜਾ ਕੰਮੀਆਂ ਦੇ ਵਿਹੜੇ …।’

ਉੱਠ ਗਏ ਗਵਾਢੋਂ ਯਾਰ

ਸੂਰਜ ਕਈ ਦਿਨਾਂ ਤੋਂ ਨਹੀਂ ਚੜ੍ਹਿਆ। ਸ਼ਹਿਰ ਵਿੱਚ ਬਹੁਤ ਜ਼ਿਆਦਾ ਠੰਢ ਪੈਣ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਸਨ।

ਪੁੱਛਣ ਦੀ ਦੇਰ ਸੀ ਕਿ ਇਨ੍ਹਾਂ ਨੇ ਆਪਣੀਆਂ ਮਜਬੂਰੀਆਂ ਦਾ ਪਟਾਰਾ ਖੋਲ੍ਹ ਲਿਆ। ਇਨ੍ਹਾਂ ਦਾ ਕਹਿਣਾ ਸੀ ਕਿ ਤੜਕੇ ਪੁਲਿਸ ਨੇ ਇਨ੍ਹਾਂ ਨੂੰ ਫੁੱਟਪਾਥ ਤੋਂ ਦੌੜਾ ਦਿੱਤਾ ਸੀ।

ਉਸ ਫੁੱਟਪਾਥ ਉੱਤੇ ਇਨ੍ਹਾਂ ਦੀ ਵਸੋਂ ਦੀਆਂ ਨਿਸ਼ਾਨੀਆਂ ਸਨ।

ਚੰਡੀਗੜ੍ਹ ਪੁਲਿਸ ਦੇ ਲੋਕ ਸੰਪਰਕ ਅਫ਼ਸਰ ਚਰਨਜੀਤ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਹ ਕਾਰਵਾਈ ਬੱਚਿਆਂ ਨੂੰ ਉਸ ਥਾਂ ਤੋਂ ਹਟਾਉਣ ਲਈ ਕੀਤੀ ਗਈ ਹੈ ਕਿਉਂਕਿ ਉਹ ਬੱਤੀਆਂ ਉੱਤੇ ਫੇਰੀ ਲਗਾਉਣ ਵੇਲੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਆਪ ਸ਼ਿਕਾਰ ਵੀ ਹੁੰਦੇ ਹਨ।

ਜਾ ਰਿਹਾ ਹੈ ਲੰਮਾ ਲਾਰਾ

ਜਦੋਂ ਇਨ੍ਹਾਂ ਜੀਆਂ ਤੋਂ ਫੋਟੋ ਖਿੱਚਣ ਦੀ ਇਜਾਜ਼ਤ ਮੰਗੀ ਤਾਂ ਇਹ ਆਪਣੇ ਗੁੱਸੇ ਨੂੰ ਉਬਲਣ ਦੀ ਛੋਟ ਦਿੰਦੇ ਹਨ ਅਤੇ ਖਲਾਅ ਵਿੱਚ ਝਾਕਦੀਆਂ ਅੱਖਾਂ ਨੂੰ ਮਕਸਦ ਮਿਲ ਜਾਂਦਾ ਹੈ।

ਸ਼ਿਕਾਇਤ ਹੈ ਕਿ ਪਹਿਲਾਂ ਫੋਟੋਆਂ ਖਿੱਚਣ ਵਾਲੇ ਆਉਂਦੇ ਹਨ ਅਤੇ ਬਾਅਦ ਵਿੱਚ ਪੁਲਿਸ ਆ ਕੇ ਇਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ। ਸ਼ਹਿਰ ਦਾ ਇੰਤਜ਼ਾਮੀਆ ਇਸ ਤਬਕੇ ਨੂੰ ਸਫ਼ਾਈ ਵਰਗੀਆਂ ਮੁੰਹਿਮਾਂ ਤੋਂ ਬਿਨਾਂ ਨਜ਼ਰਅੰਦਾਜ਼ ਕਰਦਾ ਹੈ।

ਫੋਟੋਗ੍ਰਾਫ਼ਰ ਇਨ੍ਹਾਂ ਨੂੰ ਨਜ਼ਰਾਂ ਵਿੱਚ ਲਿਆ ਦਿੰਦੇ ਹਨ। ਇਹ ਨਤੀਜਾ ਤਾਂ ਉਨ੍ਹਾਂ ਦਾ ਦਰੁਸਤ ਜਾਪਦਾ ਹੈ ਕਿ ਨਜ਼ਰ ਵਿੱਚ ਲਿਆਏ ਜਾਣ ਤੋਂ ਬਾਅਦ ਇੰਤਜ਼ਾਮੀਆ ਸਰਗਰਮ ਹੋ ਜਾਂਦਾ ਹੈ।

ਜੇ ਕੁਝ ਕੀਤਾ ਨਹੀਂ ਜਾ ਸਕਦਾ ਤਾਂ ਨਜ਼ਰਾਂ ਵਿੱਚ ਆਏ ਨੂੰ ਨਜ਼ਰਾਂ ਤੋਂ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ।

ਸਮਾਜ ਸ਼ਾਸਤਰੀ ਤਾਂ ਇਹ ਵੀ ਕਹਿੰਦੇ ਹਨ ਕਿ ਨਜ਼ਰ ਵਿੱਚ ਲਿਆਂਦੇ ਜਾਣ ਨਾਲ ਹੀ ਸੁਣਵਾਈ ਦੀ ਗੁੰਜ਼ਾਇਸ਼ ਹੁੰਦੀ ਹੈ। ਨਜ਼ਰ ਵਿੱਚ ਲਿਆਂਦੇ ਜਾਣ ਨਾਲ ਹੀ ਹਮਦਰਦੀ ਜਾਂ ਦਰਦਮੰਦੀ ਕਿਸੇ ਮਨਸੂਬਾਬੰਦੀ ਦਾ ਰੂਪ ਧਾਰਦੀ ਹੈ।

ਚੰਡੀਗੜ੍ਹ ਦੇ ਹਵਾਲੇ ਨਾਲ ਇਹ ਮਸਲਾ ਡਾ. ਪ੍ਰਮੋਦ ਕੁਮਾਰ ਇਸ ਤਰ੍ਹਾਂ ਬਿਆਨ ਕਰਦੇ ਹਨ, "ਇਹ ਸ਼ਹਿਰ ਦਰਦਮੰਦੀ ਜਾਂ ਹਮਦਰਦੀ ਦੇ ਹਵਾਲੇ ਨਾਲ ਨਹੀਂ ਸਗੋਂ ਪੂੰਜੀਵਾਦ ਦੇ ਹਵਾਲੇ ਨਾਲ ਸੋਚਦਾ ਹੈ। ਜਦੋਂ ਤੱਕ ਨਵੀਂ ਆਈ ਗ਼ੈਰ-ਹੁਨਰਮੰਦ ਆਬਾਦੀ ਦਾ ਸਿਆਸੀ ਮੁੱਲ ਨਹੀਂ ਪੈਂਦਾ ਇਨ੍ਹਾਂ ਨੇ ਗ਼ੈਰ-ਕਾਨੂੰਨੀ ਹੀ ਰਹਿਣਾ ਹੈ।”

“ਇਸ ਸ਼ਹਿਰ ਨੇ ਤੈਅ ਕੀਤਾ ਹੈ ਕਿ ਕਿਸੇ ਮਨੁੱਖੀ ਕਦਰ-ਕੀਮਤ ਦੇ ਹਵਾਲੇ ਦੀ ਥਾਂ ਮਨੁੱਖਾਂ ਦਾ ਰੁਤਬਾ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਹੋਂਦ ਨਾਲ ਤੈਅ ਕਰਨਾ ਹੈ। ਨਤੀਜੇ ਵਜੋਂ ਸੁੰਦਰਤਾ ਅਤੇ ਵਿਉਂਤਬੰਦੀ ਨੂੰ ਕਾਇਮ ਰੱਖਣ ਦੇ ਨਾਮ ਉੱਤੇ ਗ਼ੈਰ-ਕਾਨੂੰਨੀ ਨੂੰ ਬਾਹਰ ਧੱਕਿਆ ਜਾਂਦਾ ਹੈ।”

ਇਸੇ ਦੌਰਾਨ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਤੋਂ ਆਇਆ ਰੌਸ਼ਨ ਆਪਣਾ ਪੱਖ ਪੇਸ਼ ਕਰਨ ਦੀ ਬੇਨਤੀ ਕਰਦਾ ਹੈ ਅਤੇ ਬਾਕੀਆਂ ਨੂੰ ਚੁੱਪ ਕਰਨ ਦਾ ਤਰਲਾ ਪਾਉਂਦਾ ਹੈ। ਉਹ ਬਾਕੀਆਂ ਨੂੰ ਸਮਝਾਉਂਦਾ ਹੈ ਕਿ ਫੋਟੋ ਖਿੱਚ ਲੈਣ ਦਿਓ ਤਾਂ ਕੁਝ ਜੀਅ ਫੋਟੋਆਂ ਖਿਚਵਾਉਣ ਲਈ ਤਿਆਰ ਹੋ ਜਾਂਦੇ ਹਨ।

ਚੰਡੀਗੜ੍ਹ ਆਉਣ ਦੇ ਕਾਰਨ ਬਿਆਨ ਕਰਦਾ ਰੌਸ਼ਨ ਅੱਖਾਂ ਭਰ ਲੈਂਦਾ ਹੈ ਅਤੇ ਗ਼ਰੀਬੀ ਲਈ ਹਕੂਮਤ ਨੂੰ ਦੋਸ਼ ਦਿੰਦਾ ਹੈ।

ਉਹ ਸੁਆਲ ਕਰਦਾ ਹੈ ਕਿ ਇਸ ਤਰ੍ਹਾਂ ਸ਼ਹਿਰ ਵਿੱਚ ਆ ਕੇ ਸੜਕਾਂ ਉੱਤੇ ਰਹਿਣ ਨੂੰ ਕਿਸ ਦਾ ਜੀਅ ਕਰਦਾ ਹੈ।

ਉਸ ਦੇ ਅੱਥਰੂਆਂ ਦਾ ਇਤਿਹਾਸਕ ਪਿਛੋਕੜ ਡਾ. ਪ੍ਰਮੋਦ ਕੁਮਾਰ ਸਮਝਾਉਂਦੇ ਹਨ, "ਨਹਿਰੂਵਾਦੀ ਵਿਕਾਸ ਧਾਰਾ ਨੇ ਇਸ ਉਮੀਦ ਨਾਲ ਚੰਡੀਗੜ੍ਹ ਵਰਗੇ ਆਧੁਨਿਕਤਾ ਦੇ ਟਾਪੂ ਉਸਾਰੇ ਸਨ ਕਿ ਇਨ੍ਹਾਂ ਦਾ ਵਿਕਾਸ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫੈਲ ਜਾਵੇਗਾ। ਜਦੋਂ ਇਸ ਉਮੀਦ ਨੂੰ ਬੂਰ ਨਹੀਂ ਪਿਆ ਤਾਂ ਦੂਜੇ ਇਲਾਕਿਆਂ ਤੋਂ ਲੋਕ ਵਿਕਾਸ ਦੇ ਟਾਪੂ ਵੱਲ ਹਿਜ਼ਰਤ ਕਰ ਰਹੇ ਹਨ।"

ਇਸ ਦਲੀਲ ਦੀ ਗਵਾਹੀ ਤਾਂ ਮਰਦਮਸ਼ੁਮਾਰੀ ਦੇ ਅੰਕੜੇ ਵੀ ਭਰਦੇ ਹਨ।

ਚੰਡੀਗੜ੍ਹ ਪੰਜ ਲੱਖ ਦੀ ਆਬਾਦੀ ਲਈ ਬਣਾਇਆ ਗਿਆ ਸੀ ਪਰ ਇਸ ਦੀ ਆਬਾਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ 10.5 ਲੱਖ ਹੋ ਗਈ ਸੀ। ਬੇਘਰਿਆਂ ਪੱਖੋਂ ਚੰਡੀਗੜ੍ਹ ਦੀ ਆਬਾਦੀ ਦਾ 0.39% ਫ਼ੀਸਦੀ ਹਿੱਸਾ ਬੇਘਰ ਸੀ ਜਿਨ੍ਹਾਂ ਦੀ ਗਿਣਤੀ 4,139 ਸੀ। ਮਰਦਮਸ਼ੁਮਾਰੀ ਦਾ ਅੰਕੜਾ ਆਬਾਦੀ ਵਿੱਚ ਬੇਘਰਾਂ ਦੇ ਹਿੱਸੇ ਪੱਖੋਂ ਚੰਡੀਗੜ੍ਹ ਨੂੰ ਸਾਰੇ ਸੂਬਿਆਂ ਅਤੇ ਕੇਂਦਰੀ ਇੰਤਜ਼ਾਮੀਆ ਇਲਾਕਿਆਂ ਵਿੱਚ ਅੱਵਲ ਦਰਜੇ ਉੱਤੇ ਪੇਸ਼ ਕਰਦਾ ਹੈ ,ਜਿਸ ਦਾ ਮਤਲਬ ਹੈ ਕਿ ਚੰਡੀਗੜ੍ਹ ਵਿੱਚ ਇਹ ਫ਼ੀਸਦ ਸਭ ਤੋਂ ਘੱਟ ਹੈ।

ਇਨ੍ਹਾਂ ਅੰਕੜਿਆਂ ਦਾ ਦੂਜਾ ਪੱਖ ਸਮਾਜ ਸਾਸ਼ਤਰੀ ਸਮਝਾਉਂਦੇ ਹਨ।

ਡਾ. ਪ੍ਰਮੋਦ ਦਾ ਕਹਿਣਾ ਹੈ ਕਿ ਸ਼ਹਿਰਾਂ ਨੂੰ ਪਰਵਾਸ ਸਮਾਜਿਕ ਰੁਝਾਨ ਹੈ। ਜੇ ਕੋਈ ਇੱਕ ਜੀਅ ਆਉਂਦਾ ਹੈ ਤਾਂ ਉਸ ਦੇ ਪਿੱਛੇ ਹੋਰ ਆਉਂਦੇ ਹਨ। ਇਸ ਬੇਘਰ ਤਬਕੇ ਦੀ ਹਾਜ਼ਰੀ ਲਗਾਤਾਰ ਬਣੀ ਰਹਿੰਦੀ ਹੈ ਭਾਵੇਂ ਇਨ੍ਹਾਂ ਦੀ ਆਬਾਦੀ ਲਗਾਤਾਰ ਤਬਦੀਲ ਹੁੰਦੀ ਰਹਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਬਕਾ ਅਧਿਐਨ ਪੱਖੋਂ ਕਿਸੇ ਦਸਤਾਵੇਜ਼ ਵਿੱਚ ਦਰਜ ਨਹੀਂ ਹੋ ਰਿਹਾ ਕਿਉਂਕਿ ਇਨ੍ਹਾਂ ਦੀ ਬੇਘਰੀ ਦਾ ਕੋਈ ਟਿਕਾਣਾ ਨਹੀਂ ਹੈ।

ਪੰਜਾਬ ਯੂਨੀਵਰਸਿਟੀ ਵਿੱਚੋਂ ਸੇਵਾਮੁਕਤ ਹੋਏ ਪ੍ਰੋਫ਼ੈਸਰ ਮਨਜੀਤ ਸਿੰਘ ਦੱਸਦੇ ਹਨ ਕਿ ਸਮਾਜ-ਸ਼ਾਸਤਰ ਵਿੱਚ ਇਸ ਤਬਕੇ ਬਾਬਤ ਕਿੱਤਾ-ਮੁਖੀ ਅਧਿਐਨ ਤਾਂ ਹੁੰਦੇ ਹਨ ਪਰ ਬੇਘਰੀ ਦੇ ਹਵਾਲੇ ਨਾਲ ਅਧਿਐਨ ਨਹੀਂ ਹੁੰਦੇ। ਉਨ੍ਹਾਂ ਨੇ ਮਿਸਾਲ ਦਿੱਤੀ ਕਿ ਰਿਕਸ਼ੇ ਵਾਲਿਆਂ ਦਾ ਅਧਿਐਨ ਹੁੰਦਾ ਹੈ ਜਿਨ੍ਹਾਂ ਵਿੱਚੋਂ ਕੁਝ ਬੇਘਰ ਵੀ ਹੋ ਸਕਦੇ ਹਨ।

ਗਊਆਂ ਪੂਜਣ ਵਾਲੇ ਹਿੰਦੋਸਤਾਨ ਦੀਆਂ ਮਾਂਵਾਂ, ਧੀਆਂ ਅਤੇ ਭੈਣਾਂ

ਲਾਲ ਸਿੰਘ ਦਿਲ ਦੀ ਇਸ ਕਵਿਤਾ ਦਾ ਹਕੀਕੀ ਤਰਜਮਾ ਚੰਡੀਗੜ੍ਹ ਦੀ ਸੜਕ ਉੱਤੇ ਹੋ ਰਿਹਾ ਹੈ। ਰੌਸ਼ਨ ਦੀ ਸਾਲਸ ਨਾਲ ਬਾਕੀ ਜੀਆਂ ਦਾ ਗੁੱਸਾ ਮੁੜ ਕੇ ਜਾਬਤੇ ਵਿੱਚ ਆ ਜਾਂਦਾ ਹੈ।

ਕੁਝ ਫ਼ਰਕ ਨਾਲ ਤਿੰਨ ਬੀਬੀਆਂ ਧੂਣੀ ਦੇ ਦੁਆਲੇ ਜੁੜੀਆਂ ਹਨ। ਉਹ ਦੁਆ-ਸਲਾਮ ਦੇ ਜੁਆਬ ਵਿੱਚ ਫ਼ੋਟੋ ਨਾ ਖਿੱਚਣ ਦੀ ਤਾਕੀਦ ਕਰਦੀਆਂ ਹੋਇਆਂ ਕਿਸੇ ਸਿਆਸੀ ਆਗੂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜਿਸ ਦੀਆਂ ਤਸਵੀਰਾਂ ਥਾਂ-ਥਾਂ ਲੱਗੀਆਂ ਹਨ।

ਉਹ ਧੂਣੀ ਸੇਕਣ ਦੀ ਇਜਾਜ਼ਤ ਦੇਣ ਵੇਲੇ ਉਨ੍ਹਾਂ ਦਾ ਗੁੱਸਾ ਗਰਮਜ਼ੋਸੀ ਵਿੱਚ ਬਦਲ ਜਾਂਦਾ ਹੈ। ਨਾਲ ਬੈਠ ਕੇ ਅੰਦਾਜ਼ਾ ਹੁੰਦਾ ਹੈ ਕਿ ਤਿੰਨਾਂ ਦੀਆਂ ਕੁੱਛੜਾਂ ਵਿੱਚ ਬੱਚੇ ਹਨ ਜੋ ਕੁੱਛੜ-ਚੁੱਕਾਵੀਆਂ ਦੇ ਨਾਲ ਚਿਪਕੇ ਹਨ। ਧੂਣੀ ਅਤੇ ਜਿਸਮਾਂ ਦੇ ਨਿੱਘ ਵਿੱਚ ਬੱਚੇ ਅਹਿਲ ਹਨ।

ਇਨ੍ਹਾਂ ਬੀਬੀਆਂ ਕੋਲ ਪੱਤਰਕਾਰਾਂ ਦੇ ਕਿੱਤੇ ਨਾਲ ਜੁੜੇ ਕਈ ਸੁਆਲ ਹਨ। ਅਨੀਤਾ ਕਹਿੰਦੀ ਹੈ, "ਸਾਡੀ ਫੋਟੋ ਖਿੱਚੋ ਤੇ ਸਾਡੀ ਗੱਲ ਦੱਸੋ ਓਹਨੂੰ …" — ਉਹ ਉਸੇ ਆਗੂ ਦਾ ਨਾਮ ਦੁਬਾਰਾ ਲੈਂਦੀ ਹੈ। ਉਸ ਨੂੰ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਹੈ। ਸ਼ਿਕਾਇਤ ਕਰਦੀ ਹੈ, "ਲਿਖੋ, ਪੁਲਿਸ ਆਉਂਦੀ ਹੈ ਤਾਂ ਕੋਈ ਲੇਡੀ ਪੁਲਿਸ ਨਹੀਂ ਹੁੰਦੀ। ਔਰਤਾਂ ਅਤੇ ਬੱਚਿਆਂ ਨੂੰ ਮਾਰ ਕੇ ਭਜਾਉਂਦੇ ਹਨ। ਇਹ ਸਾਡਾ ਵੀ ਦੇਸ਼ ਹੈ।"

ਅਨੀਤਾ ਦੀਆਂ ਗੱਲਾਂ ਨਾਲ ਮੇਰਾ ਧਿਆਨ ਕਈ ਦਿਨਾਂ ਤੋਂ ਮੁਲਕ ਵਿੱਚ ਚੱਲ ਰਹੇ ਮੁਜ਼ਾਹਰਿਆਂ ਵੱਲ ਚਲਿਆ ਜਾਂਦਾ ਹੈ ਜਿਨ੍ਹਾਂ ਵਿੱਚ ਇੱਕ ਕਵਿਤਾ ਗੂੰਜ ਰਹੀ ਹੈ, "ਹਮ ਕਾਗ਼ਜ਼ ਨਹੀਂ ਦਿਖਾਏਂਗੇ।"

ਇਨ੍ਹਾਂ ਬੀਬੀਆਂ ਦੀ ਧੂਣੀ ਲਾਗੇ ਹੀ ਦੋ ਝੋਲੇ ਪਏ ਹਨ ਜਿਨ੍ਹਾਂ ਵਿੱਚੋਂ ਕੁਝ ਸਮਾਨ ਝਾਤੀਆਂ ਮਾਰ ਰਿਹਾ ਹੈ। ਇਹੋ ਸਾਮਾਨ ਉਹ ਟਰੈਫ਼ਿਕ ਦੀਆਂ ਬੱਤੀਆਂ ਉੱਤੇ ਫੇਰੀ ਲਗਾ ਕੇ ਵੇਚਦੀਆਂ ਹਨ। ਉਨ੍ਹਾਂ ਦੀ ਬੇਘਰੀ ਅਤੇ ਧੂਣੀ ਦੁਆਲੇ ਕਾਗ਼ਜ਼ਾਂ ਦੀ ਗੱਲ ਕਰਨਾ ਤਾਂ ਬੇਮਾਅਨੀ ਜਾਪੀ।

ਮੇਰੀ ਨਜ਼ਰ ਅਨੀਤਾ ਦੇ ਧੂਣੀ ਲਾਗਲੇ ਪੈਰ ਉੱਤੇ ਜਾਂਦੀ ਹੈ ਤਾਂ ਸ਼ੁਸ਼ੀਲਾ ਹੱਥ ਸੇਕਣ ਦਾ ਸਲੀਕਾ ਸਮਝਾਉਂਦੀ ਹੋਈ ਦੱਸਦੀ ਹੈ ਕਿ ਅਨੀਤਾ ਦੇ ਪੈਰ ਦੀ ਉਂਗਲੀ ਵਿੱਚ ਪਾਇਆ ਹੋਇਆ ਬਿਛੂਆ ਨਕਲੀ ਹੈ।

ਉਹ ਦੱਸਦੀਆਂ ਹਨ ਕਿ ਉਨ੍ਹਾਂ ਦੀ ਫੇਰੀ ਦਾ ਕੰਮ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਰਾਤ ਦੇ ਗਿਆਰਾਂ ਵਜੇ ਤੱਕ ਚੱਲਦਾ ਹੈ।

ਸ਼ਾਮ ਨੂੰ ਆਉਣ ਦੇ ਵਾਅਦੇ ਨਾਲ ਉਨ੍ਹਾਂ ਦੀ ਧੂਣੀ ਤੋਂ ਉੱਠਿਆ ਤਾਂ ਰੌਸ਼ਨ ਦੀ ਸਾਲਸ ਨਾਲ ਜ਼ਬਤ ਵਿੱਚ ਆਇਆ ਗੁੱਸਾ ਮੁੜ ਬੇਕਾਬੂ ਹੋ ਰਿਹਾ ਸੀ।

ਜਾ ਰਿਹਾ ਹੈ ਲੰਮਾ ਲਾਰਾ ਝਿੜਕਾਂ ਦੇ ਭੰਡਾਰ ਲੱਦੀ

ਲਾਲ ਸਿੰਘ ਦਿਲ ਦੀ ਕਵਿਤਾ ਅੱਗੇ ਤੁਰਦੀ ਹੈ ਤਾਂ ਇਸੇ ਦੌਰਾਨ ਇੱਕ ਹੋਰ ਬੀਬੀ ਆਪਣੀ ਧੂਣੀ ਚੁੱਕ ਕੇ ਲੈ ਆਈ ਅਤੇ ਬੋਲੀ ਕਿ ਉਸ ਦੀ ਫੋਟੋ ਖਿੱਚਾਂ। ਸਵੇਰੇ ਭਜਾਏ ਜਾਣ ਤੋਂ ਬਾਅਦ ਇਸ ਨੇ ਸੜਕ ਦੇ ਦੂਜੇ ਕੰਢੇ ਉੱਤੇ ਪਲਾਈ ਦੇ ਟੁਕੜੇ ਉੱਤੇ ਇਸ ਆਸ ਨਾਲ ਲੱਕੜਾਂ ਦੀ ਧੂਣੀ ਬਾਲੀ ਸੀ ਕਿ ਲੋੜ ਪੈਣ ਉੱਤੇ ਧੂਣੀ ਚੁੱਕ ਕੇ ਲਿਜਾਂਦੀ ਜਾ ਸਕੇਗੀ।

ਧੂਣੀ ਦੀ ਅੱਗ ਪਲਾਈ ਦੇ ਟੁਕੜੇ ਨੂੰ ਜਾ ਪਈ ਸੀ। ਇਸ ਤੋਂ ਪਹਿਲਾਂ ਕਿ ਧੂਣੀ ਚੁੱਕਣ ਦੀ ਗੁੰਜਾਇਸ਼ ਖ਼ਤਮ ਹੋ ਜਾਵੇ ਇਹ ਕਿਸੇ ਬਿਹਤਰ ਥਾਂ ਉੱਤੇ ਜਾਣ ਲਈ ਕਾਹਲੀ ਸੀ।

ਫੋਟੋ ਖਿਚਵਾਉਣ ਤੋਂ ਬਾਅਦ ਉਸ ਨੇ ਕਹਿ ਦਿੱਤਾ ਕਿ ਹੁਣ ਮੈਂ ਉਸ ਦੇ ਪਿੱਛੇ ਨਾ ਆਵਾਂ।

ਸਵੇਰ ਦੇ ਗਿਆਰਾਂ ਵੱਜੇ ਹਨ। ਮੈਂ ਉੱਥੋਂ ਤਾਂ ਚਲਾ ਜਾਂਦਾ ਹਾਂ ਜੀ ਬਾਕੀ ਚੌਕਾਂ ਉੱਤੇ ਵੀ ਫੇਰੀ ਵਾਲੇ ਸੈਂਟਾ ਟੋਪੀਆਂ ਵੇਚ ਰਹੇ ਹਨ। ਸੁਸ਼ੀਲਾ ਨੇ ਕਿਹਾ ਸੀ ਕਿ ਕੰਮ ਸ਼ਾਮੀਂ ਸ਼ੁਰੂ ਹੁੰਦਾ ਹੈ ਪਰ ਇਹ ਟੋਪੀਆਂ ਕ੍ਰਿਸਮਿਸ ਵਾਲੇ ਦਿਨ ਹੀ ਵਿਕਣੀਆਂ ਹਨ। ਛੁੱਟੀ ਵਾਲੇ ਦਿਨ ਇਨ੍ਹਾਂ ਬੇਘਰਿਆਂ ਦਾ ਕੰਮ ਜਲਦੀ ਸ਼ੁਰੂ ਹੋ ਗਿਆ ਹੈ।

ਚੰਡੀਗੜ੍ਹ ਦੀ ਵਿਉਂਤਬੰਦੀ ਵਿੱਚ ਸਿੱਧੀਆਂ ਕਤਾਰਾਂ ਦੀ ਬਹੁਤ ਅਹਿਮੀਅਤ ਹੈ। ਸੜਕਾਂ, ਗਲੀਆਂ, ਇਮਾਰਤਾਂ ਅਤੇ ਪਾਰਕ ਸਿੱਧੀਆਂ ਕਤਾਰਾਂ ਦਾ ਨਮੂਨਾ ਹਨ।

ਫਰਾਂਸੀਸੀ ਇਮਾਰਤਸਾਜ਼ ਲੀ ਕਾਰਬੁਜ਼ੀਅਰ ਦੀ ਨਿਗਰਾਨੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਮਨਪਸੰਦ ਸ਼ਹਿਰ ਵਜੋਂ ਇਸ ਸ਼ਹਿਰ ਦੀ ਉਸਾਰੀ ਹੋਈ।

ਅਜੋਕੇ ਦੌਰ ਦੇ ਇਸ ਸ਼ਹਿਰ ਦੀ ਵਿਉਂਤਬੰਦੀ ਵਿੱਚ ਫੇਰੀ ਲਗਾਉਣ ਵਾਲੇ ਇਸ ਬੰਦੇ ਦੀ ਥਾਂ ਨਹੀਂ ਹੈ ਜੋ ਬੱਤੀਆਂ ਉੱਤੇ ਟੋਪੀਆਂ ਵੇਚ ਰਿਹਾ ਹੈ।

ਪਤੀਲਿਆਂ ਵਿੱਚ ਮਾਂਵਾਂ ਦੇ ਪੁੱਤ ਸੁੱਤੇ ਹਨ

ਰਾਤ ਦੇ ਅੱਠ ਵੱਜ ਗਏ ਹਨ ਤੇ ਦਿਨ ਮੁੱਕ ਹੀ ਗਿਆ ਜਾਪਦਾ ਹੈ। ਮੈਂ ਮੁੜ ਉਸੇ ਚੌਕ 'ਤੇ ਆ ਗਿਆ ਹਾਂ ਜਿੱਥੇ ਸਵੇਰੇ ਅੱਗ ਸੇਕੀ ਸੀ। ਚੰਡੀਗੜ੍ਹ ਨੇ ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਦਾ ਹਕੀਕੀ ਤਰਜਬਾ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਕੁਝ ਬੱਚੇ ਅਤੇ ਜਵਾਨ ਫੇਰੀ ਲਗਾ ਕੇ ਗੁਬਾਰੇ ਅਤੇ ਸੈਂਟਾ ਟੋਪੀਆਂ ਵੇਚ ਰਹੇ ਹਨ। ਤਿੰਨ ਬੀਬੀਆਂ ਬੱਤੀਆਂ ਲਾਗੇ ਬੰਨੀ ਉੱਤੇ ਧੂਣੀ ਦੁਆਲੇ ਕੁੱਛੜ ਚੁੱਕੇ ਬੱਚਿਆਂ ਨਾਲ ਬੈਠੀਆਂ ਹਨ। ਇਨ੍ਹਾਂ ਦੇ ਲਾਗੇ ਹੀ ਫੇਰੀ ਵਾਲਿਆਂ ਦਾ ਮਾਲ ਪਿਆ ਹੈ।

ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?

ਅਨੀਤਾ ਅਤੇ ਸ਼ੁਸ਼ੀਲਾ ਦੀ ਭਾਲ ਨਾ-ਕਾਮਯਾਬ ਰਹਿੰਦੀ ਹੈ। ਧੂਣੀ ਦੇ ਸੇਕ ਵਿੱਚ ਕੀਤਾ ਵਾਅਦਾ ਸ਼ਾਇਦ ਧੂਣੀ ਤੋਂ ਲੰਮੀ ਉਮਰ ਨਹੀਂ ਹੰਢਾ ਸਕਦਾ। ਰੌਸ਼ਨ ਵੀ ਗ਼ੈਰ-ਹਾਜ਼ਰ ਹੈ। ਧੁੰਦ ਅਤੇ ਹਨੇਰੇ ਦੀ ਚਾਦਰ ਹੋਰ ਗੂੜ੍ਹੀ ਹੋ ਰਹੀ ਹੈ।

ਕੁਝ ਕਾਰਾਂ ਧੂਣੀ ਕੋਲ ਆ ਕੇ ਰੁਕਦੀਆਂ ਹਨ ਅਤੇ ਖਿੜਕੀਆਂ ਵਿੱਚੋਂ ਨਿਕਲੇ ਹੱਥ ਬਿਸਕੁਟ ਵਰਤਾਉਂਦੇ ਹਨ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਪੜ੍ਹਾਉਂਦੀ ਨਵਪ੍ਰੀਤ ਕੌਰ ਦੱਸਦੀ ਹੈ ਕਿ ਇਸ ਸ਼ਹਿਰ ਵਿੱਚ ਬੇਘਰ ਲੋਕ ਹਰ ਥਾਂ ਮਿਲ ਜਾਂਦੇ ਹਨ ਪਰ ਉਨ੍ਹਾਂ ਨਾਲ ਘਰ-ਵਾਲੇ-ਸ਼ਹਿਰ ਦੀ ਕੋਈ ਸਾਂਝ ਨਹੀਂ ਹੈ।

“ਜਦੋਂ ਤੱਕ ਤੁਸੀਂ ਕਿਸੇ ਨਾਲ ਕੋਈ ਸਾਂਝ ਨਹੀਂ ਗੰਢ ਲੈਂਦੇ ਉਹ ਤੁਹਾਡੇ ਉੱਤੇ ਯਕੀਨ ਕਿਉਂ ਕਰੇ।” ਨਵਪ੍ਰੀਤ ਮਿਸਾਲ ਦਿੰਦੀ ਹੈ, "ਇਸੇ ਸ਼ਹਿਰ ਵਿੱਚ ਇੱਕ ਬੇਘਰ ਆਦਮੀ ਨਾਲ ਇੱਕ ਮੁੰਡੇ ਨੇ ਲਗਾਤਾਰ ਰਾਬਤਾ ਕਾਇਮ ਰੱਖਿਆ। ਰੋਟੀ ਤੋਂ ਲੈ ਕੇ ਨਹੁੰ-ਵਾਲ ਸਾਫ਼ ਰੱਖਣ ਦਾ ਧਿਆਨ ਰੱਖਿਆ। ਇੱਕ-ਦੂਜੇ ਉੱਤੇ ਯਕੀਨ ਬਣਿਆ ਤਾਂ ਮਨ ਦੀਆਂ ਗੱਲਾਂ ਹੋਈਆਂ, ਮਨੋਰੋਗ ਦਾ ਇਲਾਜ ਹੋਇਆ। ਨਤੀਜੇ ਵਜੋਂ ਉਸ ਬੇਘਰ ਦਾ ਘਰ ਮਹਾਂਰਾਸ਼ਟਰ ਵਿੱਚ ਜਾ ਮਿਲਿਆ।"

ਨਵਪ੍ਰੀਤ ਦੀ ਦਲੀਲ ਨਾਲ ਇਹ ਅੰਦਾਜ਼ਾ ਤਾਂ ਸਹਿਜੇ ਹੀ ਹੋ ਜਾਂਦਾ ਹੈ ਕਿ ਧੂਣੀ ਸੇਕਣ ਦੀ ਸਾਂਝ ਮਹਿਜ਼ ਵਕਤੀ ਹੈ।

ਇਹ ਵੀ ਪੜ੍ਹੋ:

ਰਾਤੀਂ ਗਿਆਰਾਂ ਵਜੇ ਮੈਂ ਮੁੜ ਉਸੇ ਚੌਕ ਉੱਤੇ ਪਹੁੰਚ ਜਾਂਦਾ ਹਾਂ। ਸ਼ਾਇਦ ਕਵਿਤਾ ਪੂਰੀ ਹੋ ਜਾਵੇ। ਰਾਤ ਦੇ ਗੂੜ੍ਹੀ ਹੋਣ ਨਾਲ ਠੰਢ ਅਤੇ ਹਨੇਰਾ ਵਧ ਜਾਂਦੇ ਹਨ ਤਾਂ ਦਿਨ ਦੀਆਂ ਵਕਤੀ ਸਾਂਝਾ ਵਾਲਾ ਕੋਈ ਜੀਅ ਨਹੀਂ ਮਿਲਦਾ।

ਜੋ ਮਿਲਦੇ ਹਨ ਉਹ ਮੈਨੂੰ ਨਹੀਂ ਮਿਲਣਾ ਚਾਹੁੰਦੇ। ਇਨ੍ਹਾਂ ਹਾਜ਼ਰ ਜੀਆਂ ਦੇ ਗੁੱਸੇ ਦਾ ਨਿਸ਼ਾਨਾ ਸਾਫ਼ ਹੈ। ਗਾਲ਼ਾਂ ਨਾਲ ਸ਼ੁਰੂ ਹੋਈ ਗੱਲ ਨੂੰ ਜੁੱਤੀਆਂ ਅਤੇ ਪੱਥਰਾਂ ਤੱਕ ਪਹੁੰਚਣ ਵਿੱਚ ਵਕਤ ਨਹੀਂ ਲੱਗਦਾ ਜੋ ਸੜਕ ਦੇ ਵਿਚਕਾਰ ਤੱਕ ਮੇਰਾ ਪਿੱਛਾ ਕਰਦੇ ਹਨ।

ਰਾਤ ਦੇ ਹਨੇਰੇ ਵਿੱਚ ਹੱਥਾਂ ਵਿੱਚ ਪੱਥਰ ਅਤੇ ਜੁੱਤੀਆਂ ਉਲਾਰਦਾ ਇਹ ਬੇਘਰ ਸ਼ਹਿਰ ਨਜ਼ਰਾਂ ਤੋਂ ਓਝਲ ਹੀ ਰਹਿਣਾ ਲੋਚਦਾ ਹੈ। ਆਖ਼ਰ ਹਨੇਰੀਆਂ ਨੁਕਰਾਂ ਦੇ ਵਾਸੀਆਂ ਨੇ ਆਪਣੀਆਂ ਨੁਕਰਾਂ ਦੀ ਰਾਖੀ ਆਪ ਹੀ ਕਰਨੀ ਹੈ।

ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ ਕਿਸੇ ਹੋਰ ਗ਼ੈਰਾਂ ਦੀ ਜ਼ਮੀਨ

ਕ੍ਰਿਸਮਸ ਤੋਂ ਬਾਅਦ ਦੀ ਸਵੇਰ ਬੱਤੀਆਂ ਵਾਲੇ ਚੌਂਕ ਦੀ ਬੰਨੀ ਉੱਤੇ ਖੰਭੇ ਅਤੇ ਬੋਰਡ ਵਿਚਕਾਰ ਰੱਸੀ ਬੰਨ੍ਹੀ ਹੋਈ ਹੈ। ਰਾਤ ਦੇ ਫੇਰੀਆਂ ਵਾਲਿਆਂ ਦੇ ਹੋਣ ਜਾਂ ਨਾ ਹੋਣ ਦੀ ਇਹੋ ਨਿਸ਼ਾਨੀ ਹੈ।

ਬੋਰਡ ਉੱਤੇ ਲਿਖਿਆ ਹੈ, "ਇੱਥੇ ਡੀਜ਼ਲ ਅਤੇ ਪੈਟਰੋਲ ਪੰਜਾਬ ਅਤੇ ਹਰਿਆਣਾ ਨਾਲੋਂ ਸਸਤਾ ਮਿਲਦਾ ਹੈ।" ਬਿਜਲੀ ਦਾ ਖੰਭਾ ਅਤੇ ਸਸਤਾ ਪੈਟਰੋਲ-ਡੀਜ਼ਲ ਚੰਡੀਗੜ੍ਹ ਦੀਆਂ ਸੁੱਖ-ਸਹੂਲਤਾਂ ਦੀ ਦੱਸ ਪਾਉਂਦੇ ਹਨ।

ਇਨ੍ਹਾਂ ਦੇ ਵਿਚਕਾਰ ਬੰਨ੍ਹੀ ਹੋਈ ਰੱਸੀ ਸਮੁੱਚੀ ਵਿਉਂਤ ਵਿੱਚ ਖ਼ਲਲ ਪਾਉਂਦੀ ਹੈ।

ਇਹ ਸ਼ਹਿਰ ਤੈਅ ਕਰਦਾ ਹੈ ਕਿ ਇਸ ਰੱਸੀ ਨੂੰ 'ਨਾਜਾਇਜ਼ ਕਬਜ਼ਾ' ਕਰਾਰ ਦਿੱਤਾ ਜਾਵੇ ਜਾਂ 'ਘੁੱਸਪੈਠ'।

ਇਸੇ ਦੌਰਾਨ ਸ਼ਹਿਰ ਵਿੱਚ ਮਿਊਂਸੀਪਲ ਕਮੇਟੀ ਨੇ ਬੇਘਰ ਲੋਕਾਂ ਦਾ ਅੰਕੜਾ ਜੋੜਨ ਦਾ ਤਰੱਦਦ ਕੀਤਾ ਹੈ। ਬੇਘਰਾਂ ਨੂੰ ਠੰਢ ਤੋਂ ਬਚਾਉਣ ਲਈ 'ਆਰਜ਼ੀ ਆਸਰੇ' ਬਣਾਏ ਹਨ।

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ,ਜਾ ਰਹੇ ਨੇ ਬਸਤੀਆਂ ਨੂੰ ਫੁੱਟਪਾਥ

ਲੀ ਕਾਰਬੁਜ਼ੀਅਰ ਸੈਂਟਰ ਵਿੱਚ ਗਵਰਨਰ ਹਾਉਸ ਦਾ ਅਸਲੀ ਨਮੂਨਾ ਨੁਮਾਇਸ਼ ਵਿੱਚ ਸ਼ਾਮਿਲ ਹੈ ਜਿਸ ਨੂੰ ਜਵਾਹਰਲਾਲ ਨਹਿਰੂ ਨੇ ਰੱਦ ਕਰ ਦਿੱਤਾ ਸੀ ਕਿ ਜਮਹੂਰੀਅਤ ਵਿੱਚ ਇਸ ਤਰ੍ਹਾਂ ਦੀ ਸ਼ਾਹਖ਼ਰਚੀ ਦੀ ਥਾਂ ਨਹੀਂ ਹੈ। ਦਲੀਲ ਸੀ ਕਿ ਹੁਕਮਰਾਨ ਅਤੇ ਆਵਾਮ ਵਿੱਚ ਵਿਤਕਰਾ ਘਟਾਉਣਾ ਜਮਹੂਰੀਅਤ ਦਾ ਤਕਾਜ਼ਾ ਹੈ।

ਇਸ ਸਾਲ ਚੰਡੀਗੜ੍ਹ ਦੇ ਰਿਹੜੀ-ਫੇਰੀ ਵਾਲਿਆਂ ਨੂੰ 'ਸੁੰਦਰਤਾ ਅਤੇ 'ਲਾ ਕਰਬੁਜ਼ੀਅਰ' ਦੀ ਵਿਰਾਸਤ ਦੇ ਹਵਾਲੇ ਨਾਲ ਹਟਾਇਆ ਗਿਆ ਹੈ।

ਇਸ ਹਵਾਲੇ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਜਾਨਕੀ ਸ਼੍ਰੀਨਿਵਾਸਨ ਨੇ ਟਿੱਪਣੀ ਕੀਤੀ ਹੈ, "ਗ਼ਰੀਬ ਨਾਲ ਹਿਕਾਰਤ ਅਤੇ ਕਾਰਾਂ ਨਾਲ ਪਿਆਰ ਇਸ ਸ਼ਹਿਰ ਦੀ ਵਿਉਂਤਬੰਦੀ ਵਿੱਚ ਨਿਹਿਤ ਹੈ।"

ਕ੍ਰਿਸਮਸ ਤੋਂ ਅਗਲੀ ਸਵੇਰ ਚੰਡੀਗੜ੍ਹ ਦੇ ਅਖ਼ਬਾਰ ਵਿੱਚ ਤਿੰਨ ਅਹਿਮ ਖ਼ਬਰਾਂ ਹਨ:

  • ਭੀੜ੍ਹ ਕਾਰਨ ਟ੍ਰਿਬਿਊਨ ਚੌਕ ਦੁਆਲੇ ਲੱਗ ਜਾਂਦੇ ਨੇ ਨੌ ਮਿੰਟ
  • ਸ਼ਹਿਰ ਵਿੱਚ ਕੜਾਕੇਦਾਰ ਠੰਢ; ਪਾਰਾ ਨੌ ਡਿਗਰੀ
  • ਨਾਬਾਲਗ਼ ਨੂੰ ਬਲਾਤਕਾਰ ਮਾਮਲੇ ਵਿੱਚ ਜ਼ਮਾਨਤ

ਅਗਲੇ ਦਿਨ ਕੁਝ ਨਾਜਾਇਜ਼ ਕਬਜ਼ਿਆਂ ਨੂੰ ਹਟਾਏ ਜਾਣ ਦੀ ਖ਼ਬਰ ਛਪੀ ਹੈ ਪਰ ਉਹ ਰੱਸੀ ’ਤੇ ਹਾਲੇ ਕਿਸੇ ਦੀ ਨਜ਼ਰ ਨਹੀਂ ਪਈ।

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)