ਭਾਰਤੀ ਡਾਕਟਰਾਂ ਨੇ ਮਰਦਾਂ ਲਈ ਗਰਭ ਨਿਰੋਧਕ ਟੀਕਾ ਤਾਂ ਬਣਾ ਲਿਆ ਪਰ ਕੀ ਉਹ ਲਗਵਾਉਣਗੇ?

ਡਾ਼ ਆਰਐੱਸ ਸ਼ਰਮਾ
ਤਸਵੀਰ ਕੈਪਸ਼ਨ,

ਵਿਗਿਆਨਕ ਡਾ਼ ਆਰਐੱਸ ਸ਼ਰਮਾ ਦੱਸਦੇ ਹਨ ਕਿ ਇਹ ਟੀਕਾ ਸਿਰਫ਼ ਇੱਕ ਵਾਰ ਲਾਇਆ ਜਾਂਦਾ ਹੈ।

ਭਾਰਤੀ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਨੀਆਂ ਦਾ ਅਜਿਹਾ ਪਹਿਲਾ ਟੀਕਾ ਬਣਾ ਲਿਆ ਹੈ ਜੋ ਪੁਰਸ਼ਾਂ ਨੂੰ ਪਿਤਾ ਬਣਨ ਤੋਂ ਰੋਕ ਸਕੇਗਾ।

ਦਾਅਵੇ ਦੇ ਮੁਤਾਬਕ ਟੀਕਾ 13 ਸਾਲ ਤੱਕ ਇੱਕ ਗਰਭ ਰੋਧਕ ਵਾਂਗ ਕੰਮ ਕਰੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇੱਕ ਹੋਰ ਦਵਾਈ ਰਾਹੀਂ ਇਸ ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਜਿਸ ਨਾਲ ਪੁਰਸ਼ ਮੁੜ ਤੋਂ ਪਿਤਾ ਬਣ ਸਕਣਗੇ।

ਇਸ ਟੀਕੇ ਨੂੰ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਯਾਨਿ ਆਈਸੀਐੱਮਆਰ ਨੇ ਵਿਕਸਿਤ ਕੀਤਾ ਹੈ।

ਆਈਸੀਐੱਮਆਰ ਦੇ ਵਿਗਿਆਨੀ ਡਾ਼ ਆਰਐੱਸ ਸ਼ਰਮਾ ਨੇ ਦੱਸਿਆ ਕਿ ਕਲੀਨਿਕਲ ਟ੍ਰਾਇਲ ਲਈ 25-45 ਸਾਲ ਉਮਰ ਵਰਗ ਦੇ ਸਿਹਤਮੰਦ ਪੁਰਸ਼ਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਪੁਰਸ਼ਾਂ ਦੇ ਘੱਟੋ-ਘੱਟ ਦੋ ਬੱਚੇ ਸਨ ਤੇ ਨਸਬੰਦੀ ਕਰਵਾਉਣੀ ਚਾਹੁੰਦੇ ਸਨ।

ਇਹ ਵੀ ਪੜ੍ਹੋ:

ਪੁਰਸ਼ਾਂ ਦੇ ਨਾਲ ਉਨ੍ਹਾਂ ਦੀਆਂ ਪਤਨੀਆਂ ਦੇ ਵੀ ਹਿਮੋਗ੍ਰਾਮ, ਅਲਟ੍ਰਾਸਾਊਂਡ ਆਦਿ ਟੈਸਟ ਕੀਤੇ ਗਏ। ਕੁੱਲ 700 ਲੋਕ ਟ੍ਰਾਇਲ ਵਿੱਚ ਸ਼ਾਮਲ ਹੋਣ ਆਏ ਪਰ ਉਨ੍ਹਾਂ ਵਿੱਚੋਂ ਸਿਰਫ਼ 315 ਹੀ ਸਾਇੰਸਦਾਨਾਂ ਦੀ ਕਸੌਟੀ 'ਤੇ ਖਰੇ ਉੱਤਰ ਸਕੇ।

ਵਿਗਿਆਨੀ ਡਾ਼ ਆਰਐੱਸ ਸ਼ਰਮਾ ਨੇ ਦੱਸਿਆ ਕਿ ਇਸ ਟੀਕੇ ਲਈ ਪੰਜ ਸੂਬਿਆਂ— ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ, ਪੰਜਾਬ ਤੇ ਰਾਜਸਥਾਨ ਦੇ ਲੋਕਾਂ 'ਤੇ ਮੈਡੀਕਲ ਟ੍ਰਾਇਲ ਕੀਤੇ ਗਏ।

ਤਸਵੀਰ ਕੈਪਸ਼ਨ,

ਡਾਕਟਰਾਂ ਦਾ ਕਹਿਣਾ ਹੈ ਕਿ ਪੁਰਸ਼ਾਂ ਦੀ ਤੁਲਨਾ ਵਿੱਚ ਔਰਤਾਂ ਕੋਲ ਪਰਿਵਾਰ ਨਿਯੋਜਨ ਲਈ ਵਧੇਰੇ ਰਸਤੇ ਹਨ।

ਟ੍ਰਾਇਲ ਦੇ ਲਈ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਪੜਾਅ ਵਿੱਚ ਟੀਕੇ ਲਾਏ ਗਏ ਜਿਵੇਂ ਸਾਲ 2008 ਵਿੱਚ ਇੱਕ ਸਮੂਹ ਦੇ ਲੋਕਾਂ ਨੂੰ ਟੀਕਾ ਲਾਇਆ ਗਿਆ ਤੇ ਉਨ੍ਹਾਂ ਤੇ 2017 ਤੱਕ ਨਜ਼ਰ ਰੱਖੀ ਗਈ। ਦੂਸਰੇ ਗੇੜ ਵਿੱਚ 2012 ਤੋਂ 2017 ਤੱਕ ਟ੍ਰਾਇਲ ਹੋਏ ਜਿਨ੍ਹਾਂ 'ਤੇ ਜੁਲਾਈ 2020 ਤੱਕ ਨਜ਼ਰ ਰੱਖੀ ਜਾਵੇਗੀ।

ਆਈਸੀਐੱਮਆਰ ਵਿੱਚ ਵਿਗਿਆਨਕ ਡਾ਼ ਆਰਐੱਸ ਸ਼ਰਮਾ ਦੱਸਦੇ ਹਨ ਕਿ ਇਹ ਟੀਕਾ ਸਿਰਫ਼ ਇੱਕ ਵਾਰ ਲਾਇਆ ਜਾਂਦਾ ਹੈ। ਉਨ੍ਹਾਂ ਮੁਤਾਬਤਕ ਇਹ ਟੀਕਾ 97.3 ਫ਼ੀਸਦੀ ਕਾਰਗਰ ਹੈ।

ਉਹ ਦੱਸਦੇ ਹਨ ਕਿ ਪੁਰਸ਼ਾਂ ਦੇ ਅੰਡਕੋਸ਼ ਦੀ ਨਲੀ ਨੂੰ ਬਾਹਰ ਕੱਢ ਕੇ ਉਸ ਵਿੱਚ ਪੌਲੀਮਰ ਦਾ ਟੀਕਾ ਲਾਇਆ ਜਾਂਦਾ ਹੈ ਤੇ ਫਿਰ ਇਹ ਸ਼ੁਕਰਾਣੂਆਂ ਦੀ ਗਿਣਤੀ ਨੂੰ ਘਟਾਉਂਦਾ ਰਹਿੰਦਾ ਹੈ।

ਇਸ ਇੰਜੈਕਸ਼ਨ ਦੇ ਟ੍ਰਾਇਲ ਦੌਰਾਨ ਕੁਝ ਮਾੜੇ ਅਸਰ ਵੀ ਦੇਖਣ ਨੂੰ ਮਿਲੇ ਜਿਵੇਂ ਸਕ੍ਰੋਟਲ (ਪਤਾਲੂ ਥੈਲੀ) ਵਿੱਚ ਸੋਜਿਸ਼ ਦਿਖਾਈ ਦਿੱਤੀ। ਹਾਲਾਂਕਿ ਸਕ੍ਰੋਟਲ ਸਪੋਰਟ ਦੇਣ ਤੋਂ ਬਾਅਦ ਇਹ ਸੋਜਿਸ਼ ਦੂਰ ਹੋ ਗਈ। ਇਸ ਤੋਂ ਇਲਾਵਾ ਕੁਝ ਪੁਰਸ਼ਾਂ ਦੀਆਂ ਪਤਾਲੂ ਥੈਲੀਆਂ ਵਿੱਚ ਗੰਢਾਂ ਬਣ ਗਈਆਂ ਜੋ ਕਿ ਸਮਾਂ ਪਾ ਕੇ ਠੀਕ ਹੋ ਗਈਆਂ।

ਡਾ਼ ਸ਼ਰਮਾ ਦੱਸਦੇ ਹਨ ਕਿ ਇਸ ਟੀਕੇ 'ਤੇ ਆਈਸੀਐੱਮਆਰ 1984 ਤੋਂ ਹੀ ਕੰਮ ਕਰ ਰਿਹਾ ਸੀ ਅਤੇ ਇਸ ਟੀਕੇ ਵਿੱਚ ਵਰਤੇ ਜਾਣ ਵਾਲੇ ਪੌਲੀਮਰ ਨੂੰ ਪ੍ਰੋਫ਼ੈਸਰ ਐੱਸ ਕੇ ਗੁਪਤਾ ਨੇ ਵਿਕਸਿਤ ਕੀਤਾ ਹੈ।

ਤਸਵੀਰ ਕੈਪਸ਼ਨ,

ਪੁਰਸ਼ਾਂ ਦੇ ਅੰਡਕੋਸ਼ ਦੀ ਨਲੀ ਵਿੱਚ ਪੌਲੀਮਰ ਦਾ ਟੀਕਾ ਲਾਇਆ ਜਾਂਦਾ ਹੈ ਜੋ ਸ਼ੁਕਰਾਣੂਆਂ ਦੀ ਸੰਖਿਆ ਨੂੰ ਘਟਾਉਂਦਾ ਰਹਿੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਹ ਪੌਲੀਮਰ ਹਰੀ ਝੰਡੀ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਕੋਲ ਗਿਆ ਹੋਇਆ ਹੈ ਜਿਸ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਜਾਵੇਗਾ ਕਿ ਇਸ ਨੂੰ ਕਿਹੜੀ ਕੰਪਨੀ ਬਣਾਵੇਗੀ ਤੇ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਭਾਰਤ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਸ ਨੇ ਸਾਲ 1952 ਵਿੱਚ ਕੋਮੀ ਪਰਿਵਾਰ ਨਿਯੋਜਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਜਨਮ ਕੰਟਰੋਲ ਕਰਨ ਲਈ ਗੋਲੀਆਂ, ਨਸਬੰਦੀ, ਕੰਡੋਮ ਵਰਗੇ ਤਰੀਕੇ ਭਾਰਤ ਵਿੱਚ ਗਰਭ ਰੋਕਣ ਲਈ ਸਭ ਤੋਂ ਵਧੇਰੇ ਵਰਤੇ ਜਾਂਦੇ ਹਨ।

ਜੇ ਪਰਿਵਾਰ ਨਿਯੋਜਨ ਲਈ ਅਪਣਾਈਆਂ ਗਈਆਂ ਵਿਧੀਆਂ ਵਜੋਂ ਨਸਬੰਦੀ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਸਾਲ 2010-2011 ਵਿੱਚ 95.6 ਫ਼ੀਸਦੀ ਔਰਤਾਂ ਨੇ ਨਸਬੰਦੀ ਕਰਵਾਈ ਜਦਕਿ ਇਸ ਦੇ ਮੁਕਾਬਲੇ ਮਹਿਜ਼ 4.4 ਫ਼ੀਸਦੀ ਪੁਰਸ਼ਾਂ ਨੇ ਹੀ ਨਸਬੰਦੀ ਕਰਵਾਈ।

ਅੰਤਰਾ ਤੇ ਛਾਇਆ

ਪਰਿਵਾਰ ਨਿਯੋਜਨ ਲਈ ਵਰਤੇ ਗਏ ਤਰੀਕਿਆਂ ਦੀ ਗੱਲ ਕਰੀਏ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਪੁਰਸ਼ਾਂ ਦੀ ਤੁਲਨਾ ਵਿੱਚ ਔਰਤਾਂ ਕੋਲ ਵਧੇਰੇ ਰਸਤੇ ਹਨ।

ਉੱਥੇ ਹੀ ਸਰਕਾਰ ਪਰਿਵਾਰ ਨਿਯੋਜਨ ਦੇ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਤਰਾ ਤੇ ਛਾਇਆ ਦੇ ਵਿਕਲਪ ਵੀ ਲੈ ਕੇ ਆਈ ਹੈ। ਅੰਤਰਾ ਇੱਕ ਟੀਕਾ ਹੈ ਜੋ ਔਰਤਾਂ ਨੇ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਲਗਵਾਉਣਾ ਹੁੰਦਾ ਹੈ। ਜਦਕਿ ਛਾਇਆ ਇੱਕ ਗੋਲੀ ਦਾ ਨਾਮ ਹੈ ਜੋ ਹਫ਼ਤੇ ਵਿੱਚ ਇੱਕ ਵਾਰ ਲਈ ਜਾਂਦੀ ਹੈ।

ਨਸਬੰਦੀ ਬਾਰੇ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਬਾਅਦ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਅਜਿਹੇ ਵਿੱਚ ਇਹ ਟੀਕਾ ਲਗਵਾਉਣ ਲਈ ਕਿੰਨੇ ਪੁਰਸ਼ ਸਾਹਮਣੇ ਆਉਣਗੇ।

ਹਾਲਾਂਕਿ ਡਾਕਟਰਾਂ ਦੀ ਰਾਇ ਹੈ ਕਿ ਨਸਬੰਦੀ ਬਾਰੇ ਫੈਲੀਆਂ ਗਲਤਫ਼ਹਿਮੀਆਂ ਕਾਰਨ ਪੁਰਸ਼ ਇਸ ਨੂੰ ਅਪਨਾਉਣ ਵਿੱਚ ਝਿੱਜਕ ਰਹੇ ਹਨ।

ਤਸਵੀਰ ਕੈਪਸ਼ਨ,

ਏਮਜ਼ ਦੇ ਇਸਤਰੀ ਰੋਗ ਵਿਭਾਗ ਦੇ ਡਾ਼ ਅਪਰਣਾ ਸਿੰਘ ਮੁਤਾਬਕ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਨਸਬੰਦੀ ਇੱਕ ਅਪ੍ਰੇਸ਼ਨ ਤੇ ਇਹ ਇੱਕ ਟੀਕਾ ਹੈ।

ਏਮਜ਼ ਦੇ ਇਸਤਰੀ ਰੋਗ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ਼ ਅਪਰਣਾ ਸਿੰਘ ਦੱਸਦੇ ਹਨ ਕਿ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਉਹ ਇੱਕ ਅਪ੍ਰੇਸ਼ਨ ਤੇ ਇਹ ਇੱਕ ਟੀਕਾ ਹੈ।

ਗਲਤ ਜਾਣਕਾਰੀਆਂ ਕਾਰਣ ਲੋਕ ਵਹਿਮ ਵਿੱਚ ਪੈ ਜਾਂਦੇ ਹਨ। ਅਜਿਹੇ ਵਿੱਚ ਜ਼ਰੂਰਤ ਹੈ ਕਿ ਸਹੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ।

ਉੱਥੇ ਹੀ ਰਾਜ ਸਭਾ ਸਾਂਸਦ ਮੈਂਬਰ ਰਾਕੇਸ਼ ਸਿਨ੍ਹਾ ਨੇ ਸੰਸਦ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਨਸੰਖਿਆ---ਬਿੱਲ, 2019' ਪੇਸ਼ ਕੀਤਾ ਸੀ। ਜਿਸ ਤਹਿਤ ਦੋ ਤੋਂ ਵਧੇਰੇ ਬੱਚੇ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਸਾਰੇ ਸਰਕਾਰੀ ਲਾਭਾਂ ਤੋਂ ਵਿਰਵੇ ਕਰਨ ਦੀ ਤਜਵੀਜ਼ ਹੈ।

ਇਸ ਬਿੱਲ ਦੀ ਆਲੋਚਨਾ ਵੀ ਹੋਈ ਸੀ। ਲੋਕਾਂ ਦਾ ਕਹਿਣਾ ਸੀ ਕਿ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਮੁੱਦਾ ਰਿਹਾ ਹੈ। ਭਾਰਤ ਵਿੱਚ ਐਮਰਜੈਂਸੀ ਦੇ ਸਮੇਂ ਦੌਰਾਨ ਸੰਜੇ ਗਾਂਧੀ ਨੇ ਵੀ ਨਸਬੰਦੀ ਦਾ ਅਭਿਆਨ ਚਲਾਇਆ ਸੀ ਜਿਸ ਦੀ ਕਾਫ਼ੀ ਆਲੋਚਨਾ ਹੋਈ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)