Nikhat Zareen ਨਾਲ ਜੁੜੇ ਵਿਵਾਦ ਬਾਰੇ ਮੈਰੀ ਕੌਮ ਨੇ ਕਿਹਾ, ਗੱਲਾਂ ਕਰਨ ਤੋਂ ਪਹਿਲਾਂ ਪਰਫੌਰਮ ਕਰੋ

ਨਿਖਿਤ ਜ਼ਰੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1996 ਨੂੰ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਪੈਦੀ ਹੋਈ ਸੀ ਨਿਖਤ ਜ਼ਰੀਨ

ਛੇ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਰਹੀ ਐਮ.ਸੀ. ਮੈਰੀ ਕੌਮ ਨੂੰ ਨਿਖਤ ਜ਼ਰੀਨ ਨੇ ਚੁਣੌਤੀ ਦਿੱਤੀ ਸੀ ਪਰ ਮੈਰੀ ਕੌਮ ਨੇ ਮੁਕਾਬਲਾ ਜਿੱਤ ਕੇ ਆਪਣੀ ਵਧਦੀ ਉਮਰ ਦੇ ਬਾਵਜੂਦ ਖੁਦ ਨੂੰ ਸਾਬਤ ਕੀਤਾ।

ਸ਼ਨਿੱਚਰਵਾਰ ਨੂੰ ਮੈਰੀ ਕੌਮ ਅਤੇ ਨਿਖਤ ਜ਼ਰੀਨ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਗਿਆ ਜਿਸ ਤੋਂ ਬਾਅਦ ਇਹ ਤੈਅ ਹੋਇਆ ਕਿ ਟੋਕੀਓ 2020 ਓਲੰਪਿਕਸ ਕੁਆਲੀਫਾਈਰਜ਼ ਵਿੱਚ ਕੌਣ ਖੇਡੇਗਾ।

ਇਸ ਤੋਂ ਪਹਿਲਾਂ ਟ੍ਰਾਇਲ ਵਿੱਚ 37-ਸਾਲਾ ਮੈਰੀ ਕੌਮ ਨੇ ਰਿਤੂ ਗਰੇਵਾਲ ਨੂੰ ਹਰਾਇਆ ਹੈ। ਦੂਜੇ ਪਾਸੇ 23-ਸਾਲਾ ਨਿਖਤ ਜ਼ਰੀਨ, ਜੋਤੀ ਗੁਲੀਆ ਨੂੰ ਮਾਤ ਦੇ ਕੇ ਫਾਈਨਲ ਮੁਕਾਬਲੇ ਵਿੱਚ ਪਹੁੰਚੀ ਸੀ।

ਜਿੱਤਣ ਤੋਂ ਬਾਅਦ ਸਾਹਮਣੇ ਆਏ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਮੈਰੀ ਨੇ ਖਿਝ ਕੇ ਨਿਖਤ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕਰ ਦਿੱਤਾ।

ਇੱਕ ਸੀਨੀਅਰ ਪੱਤਰਕਾਰ ਨੇ ਟਵਿੱਟਰ ਉੱਤੇ ਵੀਡੀਓ ਸਾਂਝਾ ਕੀਤਾ:

ਇਸ ਬਾਰੇ ਮੈਰੀ ਕੌਮ ਨੇ ਕੀ ਕਿਹਾ?

ਮੈਰੀ ਕੌਮ ਨੇ ਪੀਟੀਆਈ ਨੂੰ ਕਿਹਾ ਹੈ ਕਿ ਉਹ ਜ਼ਰੀਨ ਬਾਰੇ ਗੁੱਸੇ ਵਿੱਚ ਸਨ। ਪਰ ਹੁਣ ਸਭ ਸਹੀ ਹੈ ਤੇ ਹੁਣ ਉਹ ਅੱਗੇ ਵੱਧ ਗਏ ਹਨ।

ਪੀਟੀਆਈ ਨਾਲ ਗੱਲਬਾਤ ਵਿੱਚ ਮੈਰੀ ਕੌਮ ਨੇ ਕਿਹਾ, "ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਪਰਫੌਰਮ ਕਰੋ ਫਿਰ ਗੱਲ ਕਰੋ। ਜੋ ਤੁਸੀਂ ਰਿੰਗ ਵਿੱਚ ਕਰਦੇ ਹੋ, ਉਹ ਹਰ ਕੋਈ ਵੇਖਦਾ ਹੈ।"

ਇਹ ਵੀ ਪੜ੍ਹੋ

ਦਰਅਸਲ ਇਸ ਤੋਂ ਪਹਿਲਾਂ ਇਹ ਵਿਵਾਦ ਸਾਹਮਣੇ ਆਇਆ ਸੀ। ਮੈਰੀ ਕੌਮ ਨੂੰ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸਾ ਤਮਗਾ ਜਿੱਤਿਆ ਸੀ ਅਤੇ ਇਸੇ ਦੇ ਆਧਾਰ 'ਤੇ ਉਨ੍ਹਾਂ ਨੂੰ ਓਲੰਪਿਕਸ ਕੁਆਲੀਫਾਈਅਰ ਵਿੱਚ ਭੇਜਣ ਦੀ ਗੱਲ ਹੋ ਰਹੀ ਸੀ।

ਨਿਯਮਾਂ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਜਾਂ ਚਾਂਦੀ ਤਮਗਾ ਜਿੱਤਣ ਵਾਲੇ ਨੂੰ ਹੀ ਮੁੱਕੇਬਾਜ਼ੀ ਓਲੰਪਿਕਸ ਕੁਆਲੀਫਾਈਅਰ ਵਿੱਚ ਸਿੱਧੀ ਐਂਟਰੀ ਮਿਲਦੀ ਹੈ। ਬਾਕੀਆਂ ਨੂੰ ਟ੍ਰਾਇਲ ਮੈਚ ਖੇਡਣੇ ਪੈਂਦੇ ਹਨ।

ਤਸਵੀਰ ਸਰੋਤ, Getty Images

ਇਸ ਤੋਂ ਬਾਅਦ ਨਿਖਤ ਜ਼ਰੀਨ ਨੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਟ੍ਰਾਇਲ ਲਈ ਚਿੱਠੀ ਵੀ ਲਿਖ ਕੇ ਕਿਹਾ ਸੀ, "ਮੈਂ ਬਚਪਨ ਤੋਂ ਹੀ ਮੈਰੀ ਕੌਮ ਤੋਂ ਬੇਹੱਦ ਪ੍ਰਭਾਵਿਤ ਰਹੀ ਹਾਂ ਅਤੇ ਆਪਣੀ ਪ੍ਰੇਰਣਾ ਨਾਲ ਨਿਆਂ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਵਾਂਗ ਇੱਕ ਮਹਾਨ ਮੁੱਕੇਬਾਜ਼ ਬਣਨ ਦੀ ਕੋਸ਼ਿਸ਼ ਕਰਾਂ। ਕੀ ਮੈਰੀ ਕੌਮ ਇੰਨੀ ਵੱਡੀ ਸ਼ਖ਼ਸੀਅਤ ਹੈ ਕਿ ਉਨ੍ਹਾਂ ਨੂੰ ਮੁਕਾਬਲੇ ਤੋਂ ਦੂਰ ਰੱਖਣ ਦੀ ਲੋੜ ਹੈ?"

ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੈਰੀ ਕੌਮ ਨੇ ਟ੍ਰਾਇਲ ਲਈ ਇਨਕਾਰ ਨਹੀਂ ਕੀਤਾ ਸੀ।

ਕੌਣ ਹੈ ਨਿਖਤ ਜ਼ਰੀਨ

1996 ਨੂੰ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਜੰਮੀ ਨਿਖਤ ਜ਼ਰੀਨ ਇੱਕ ਨੌਜਵਾਨ ਕੌਮਾਂਤਰੀ ਮੁੱਕੇਬਾਜ਼ਾਂ ਵਿੱਚ ਉਭਰਦੀ ਚੈਂਪੀਅਨ ਹੈ।

ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੀ ਵੈੱਬਸਾਈਟ ਮੁਤਾਬਕ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਨਿਖਤ ਜ਼ਰੀਨ “ਮੁੱਕੇਬਾਜ਼ ਬਣਨ ਵਾਲੀ ਪਹਿਲੀ ਭਾਰਤੀ ਮੁਸਲਮਾਨ ਔਰਤ ਹੈ”।

ਸਾਲ 2011 ਵਿੱਚ ਵਿਸ਼ਵ ਜੂਨੀਅਰ ਚੈਂਪੀਅਨ ਨਿਖਤ ਜ਼ਰੀਨ ਨੂੰ ਇੱਕ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਮੁਕਾਬਲੇ ਦੌਰਾਨ ਮੋਢੋ ਦੀ ਸੱਟ ਲੱਗਣ ਕਾਰਨ ਨਿਖਤ ਨੂੰ ਕਰੀਬ ਇੱਕ ਸਾਲ ਤੱਕ ਰਿੰਗ ਤੋਂ ਬਾਹਰ ਵੀ ਰਹਿਣਾ ਪਿਆ। ਨਿਖਤ ਨੇ ਵਾਪਸੀ ਕਰਦਿਆਂ ਸਰਬੀਆ ਵਿੱਚ ਮੁਕਾਬਲਾ ਖੇਡਿਆ ਅਤੇ ਸੋਨ ਤਮਗਾ ਹਾਸਿਲ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

"ਮੁੱਕੇਬਾਜ਼ ਬਣਨ ਵਾਲੀ ਪਹਿਲੀ ਭਾਰਤੀ ਮੁਸਲਮਾਨ ਔਰਤ ਹੈ"

  • ਨਿਖਤ ਨੇ ਸਾਲ 2011 ਵਿੱਚ ਏਆਈਬੀਏ ਵੂਮੈਨਸ ਜੂਨੀਅਰ ਐਂਡ ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਤੁਰਕੀ ਵਿੱਚ ਸੋਨ ਤਮਗਾ ਜਿੱਤਿਆ।
  • ਇਸ ਤੋਂ ਬਾਅਤ 2014 ਵਿੱਚ ਏਆਈਬੀਏ ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਬਲਗਾਰੀਆ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਇਸੇ ਸਾਲ ਹੀ ਥਰਡ ਨੇਸ਼ਨ ਕੱਪ, ਸਰਬੀਆ, ਵਿੱਚ ਸੋਨ ਤਮਗਾ ਹਾਸਿਲ ਕੀਤਾ
  • ਸਾਲ 2016 ਵਿੱਚ ਨਿਖਿਤ ਨੇ 16 ਸੀਨੀਅਰ ਵੂਮੈਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਗੁਹਾਟੀ (ਅਸਾਮ) ਵਿੱਚ ਸੋਨ ਤਮਗਾ ਜਿੱਤਿਆ।
  • 2018 ਵਿੱਚ 56 ਬੈਲਗ੍ਰੇਡ ਵਿਨਰ ਇੰਟਰਨੈਸ਼ਲ ਚੈਂਪੀਅਨਸ਼ਿਪ ਸਰਬੀਆ ਵਿੱਚ ਸੋਨ ਤਮਗਾ ਅਤੇ ਇਸੇ ਸਾਲ ਹੀ ਵੂਮੈਨ ਸੀਨੀਅਰ ਨੈਸ਼ਨਲ ਰੋਹਤਕ (ਹਰਿਆਣਾ) ਵਿੱਚ ਕਾਂਸਾ ਤਮਗਾ ਹਾਸਿਲ ਕੀਤਾ।

6 ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀ ਕੌਮ

ਮੈਰੀ ਕੌਮ ਦੀ ਜ਼ਿੰਦਗੀ 'ਤੇ ਇੱਕ ਝਾਤ ਪਾਈਏ ਤਾਂ ਸਵੇਰੇ-ਸਵੇਰੇ ਜੇ ਉਹ ਦਿੱਲੀ ਦੇ ਨੈਸ਼ਨਲ ਕੈਂਪ ਵਿੱਚ ਟ੍ਰੈਨਿੰਗ ਕਰਦੇ ਹਨ, ਉਥੋਂ ਸਿੱਧਾ ਸੰਸਦ ਦੇ ਸੈਸ਼ਨ ਪਹੁੰਚਦੇ ਹਨ, ਤਾਂ ਜੋ ਬਤੌਰ ਸੰਸਦ ਮੈਂਬਰ ਉਹ ਰਾਜ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈ ਸਕਣ ਅਤੇ ਉਨ੍ਹਾਂ ਦੇ ਨਾਮ ਦੇ ਅੱਗੇ ਗ਼ੈਰ-ਹਾਜ਼ਰ ਨਾ ਲਿਖਿਆ ਜਾਵੇ।

ਉਨ੍ਹਾਂ ਨੂੰ ਐਂਵੇ ਹੀ 'ਆਈਰਨ ਲੇਡੀ' ਨਹੀਂ ਕਿਹਾ ਜਾਂਦਾ। ਉਨ੍ਹਾਂ ਨੇ ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਵੀ ਉਨ੍ਹਾਂ ਨੇ ਡਟ ਕੇ ਸਾਹਮਣੇ ਕੀਤਾ ਹੈ।

ਤਸਵੀਰ ਸਰੋਤ, Getty Images

2011 ਵਿੱਚ ਮੈਰੀ ਕੌਮ ਦੇ ਸਾਢੇ ਤਿੰਨ ਸਾਲ ਦੇ ਬੇਟੇ ਦੇ ਦਿਲ ਦਾ ਆਪਰੇਸ਼ਨ ਹੋਣਾ ਸੀ। ਇਸ ਦੌਰਾਨ ਹੀ ਮੈਰੀ ਕੌਮ ਨੇ ਚੀਨ ਵਿੱਚ ਏਸ਼ੀਆ ਦੇ ਕੱਪ ਲਈ ਜਾਣਾ ਸੀ।

ਫ਼ੈਸਲਾ ਮੁਸ਼ਕਲ ਸੀ, ਆਖ਼ਰਕਾਰ ਮੈਰੀ ਕੌਮ ਦੇ ਪਤੀ ਬੇਟੇ ਦੇ ਨਾਲ ਰਹੇ ਅਤੇ ਮੈਰੀ ਕੌਮ ਏਸ਼ੀਆ ਕੱਪ ਵਿੱਚ ਗਏ ਅਤੇ ਗੋਲਡ ਮੈਡਲ ਜਿੱਤ ਕੇ ਲਿਆਈ ਪਰ ਇਹ ਉਨ੍ਹਾਂ ਲਈ ਸੌਖਾ ਨਹੀਂ ਸੀ।

ਮੈਰੀ ਕੌਮ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ ਅਤੇ ਬਾਕਸਿੰਗ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹੈ।

2012 ਦੇ ਲੰਡਨ ਓਲੰਪਿਕ ਵਿੱਚ ਉਨ੍ਹਾਂ ਨੂੰ ਕਾਂਸਾ ਮਿਲਿਆ ਸੀ।

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਮੈਰੀ ਕੌਮ 6 ਵਾਰ ਵਿਸ਼ਵ ਚੈਂਪੀਅਨ ਰਹੀ ਹੈ

1983 ਵਿੱਚ ਮਣੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਮੈਰੀ ਕੌਮ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਬਾਕਸਿੰਗ ਵਿੱਚ ਜਾਵੇ। ਬਚਪਨ ਵਿੱਚ ਮੈਰੀ ਕੌਮ ਘਰ ਦਾ ਕੰਮ ਕਰਦੀ ਸੀ, ਖੇਤ ਜਾਂਦੀ ਸੀ, ਭੈਣ-ਭਰਾਵਾਂ ਨੂੰ ਸੰਭਾਲਦੀ ਸੀ ਅਤੇ ਪ੍ਰੈਕਟਿਸ ਕਰਦੀ ਸੀ।

ਦਰਅਸਲ ਡਿੰਕੋ ਸਿੰਘ ਨੇ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਥੋਂ ਹੀ ਮੈਰੀ ਕੌਮ ਨੂੰ ਵੀ ਬਾਕਸਿੰਗ ਦਾ ਚਸਕਾ ਲੱਗਾ।

ਕਾਫੀ ਸਮੇਂ ਤੱਕ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਹੀ ਨਹੀਂ ਸੀ ਕਿ ਮੈਰੀ ਕੌਮ ਬਾਕਸਿੰਗ ਕਰ ਰਹੀ ਹੈ।

ਸਾਲ 2000 ਵਿੱਚ ਅਖ਼ਬਾਰ ਵਿੱਚ ਛਪੀ ਸਟੇਟ ਚੈਂਪੀਅਨ ਦੀ ਫੋਟੋ ਤੋਂ ਪਤਾ ਲੱਗਾ। ਪਿਤਾ ਨੂੰ ਡਰ ਸੀ ਕਿ ਬਾਕਸਿੰਗ ਵਿੱਚ ਸੱਟ ਲੱਗ ਗਈ ਤਾਂ ਇਲਾਜ ਕਰਵਾਉਣਾ ਮੁਸ਼ਕਿਲ ਹੋਵੇਗਾ ਅਤੇ ਵਿਆਹ ਵਿੱਚ ਵੀ ਦਿੱਕਤ ਹੋਵੇਗੀ।

ਪਰ ਮੈਰੀ ਕੌਮ ਨਹੀਂ ਮੰਨੀ। ਮਾਪਿਆਂ ਨੂੰ ਹੀ ਜਿੱਦ ਮੰਨਣੀ ਪਈ।

ਮੈਰੀ ਨੇ 2001 ਤੋਂ ਬਾਅਦ 4 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ । ਇਸ ਵਿਚਾਲੇ ਮੈਰੀ ਕੌਮ ਦਾ ਵਿਆਹ ਹੋਇਆ ਅਤੇ ਦੋ ਜੌੜੇ ਬੱਚੇ ਵੀ ਹੋਏ।

ਮੈਰੀ ਕੌਮ ਦੇ ਜੀਵਨ 'ਤੇ ਬਾਲੀਵੁੱਡ 'ਚ ਬਾਓਪਿਕ ਵੀ ਬਣ ਚੁੱਕੀ ਹੈ, ਜਿਸ ਵਿੱਚ ਪ੍ਰਿਅੰਕਾ ਚੋਪੜਾ ਨੇ ਮੈਰੀ ਕੌਮ ਦੀ ਭੂਮਿਕਾ ਅਦਾ ਕੀਤੀ ਸੀ।

ਇਹ ਵੀ ਪੜ੍ਹੋ

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)