ਸੁਖਜਿੰਦਰ ਰੰਧਾਵਾ ਨੇ ਆਪਣੇ ਕਥਿਤ ਵਾਇਰਲ ਵੀਡੀਓ ਬਾਰੇ ਕੀ ਕਿਹਾ

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਜੁੜਿਆ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਸੁਖਜਿੰਦਰ ਰੰਧਾਵਾ ਕਥਿਤ ਤੌਰ 'ਤੇ ਗੁਰੂ ਨਾਨਕ ਦੇਵ ਦੀ ਤਸਵੀਰ ਬਾਰੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

ਸੁਖਜਿੰਦਰ ਰੰਧਾਵਾ ਨੇ ਇਸ ਵੀਡੀਓ ਨੂੰ ਪੂਰੇ ਤਰੀਕੇ ਨਾਲ ਖਾਰਿਜ ਕਰ ਦਿੱਤਾ ਹੈ ਤੇ ਇਸ ਵੀਡੀਓ ਦੀ ਜਾਂਚ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਕਥਿਤ ਵੀਡੀਓ ਬਾਰੇ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਲਗਾਇਆ ਹੈ।

ਇਹ ਵੀ ਪੜ੍ਹੋ:

ਬੀਬੀਸੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇੱਕ ਨਿੱਜੀ ਨਿਊਜ ਚੈਨਲ ਉੱਤੇ ਇਲਜ਼ਾਮ ਲਗਾਏ ਕਿ ਚੈਨਲ ਨੇ ਉਨ੍ਹਾਂ ਦੀ ਪੁਰਾਣੀ ਵਿਡਿਓ ਨੂੰ ਗਲਤ ਤਰੀਕੇ ਨਾਲ ਐਡਿਟ ਕਰ ਕੇ ਦਿਖਾਇਆ ਹੈ ਅਤੇ ਉਨ੍ਹਾਂ ਦਾ ਪੱਖ ਵੀ ਨਹੀਂ ਲਿਆ ਗਿਆ।

ਰੰਧਾਵਾ ਨੇ ਕੁੱਝ ਨਿੱਜੀ ਨਿਊਜ ਚੈਨਲਾਂ ਦਾ ਨਾਮ ਲੈਂਦੇ ਹੋਏ ਕਿਹਾ,"ਇਸ ਵੀਡੀਓ ਦੇ ਰਾਹੀਂ ਇੱਕ ਮਿਲੀਭਗਤ ਤਹਿਤ ਪੂਰੀ ਤਿਆਰੀ ਦੇ ਨਾਲ ਮੇਰੇ ਅਕਸ ਨੂੰ ਖ਼ਰਾਬ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾਤੇ ਐਸਐਸਪੀ ਨੂੰ ਸ਼ਕਾਇਤ ਦਰਜ ਕਰਵਾਉਣ ਆਇਆ ਹਾਂ।”

“ਇਸ ਵੀਡੀਓ ਨਾਲ ਜਿੱਥੇ ਹੋਰਨਾਂ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਲੱਗੀ ਹੈ ਉਥੇ ਮੇਰੀਆਂ ਧਾਰਮਿਕ ਭਾਵਨਾਂ ਨੂੰ ਵੀ ਠੇਸ ਪਹੁੰਚੀ ਹੈ।"

ਉਨ੍ਹਾਂ ਨੇ ਬਟਾਲਾ ਪੁਲਿਸ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਚੈਨਲ ਦੇ ਖਿਲਾਫ਼ ਅਦਾਲਤ ਵਿੱਚ 100 ਕਰੋੜ ਦਾ ਮਾਨਹਾਣੀ ਦਾ ਦਾਅਵਾ ਕਰਨ ਦੀ ਗੱਲ ਵੀ ਆਖੀ।

ਵਿਰੋਧੀਆਂ ਨੇ ਘੇਰਿ

ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ, "ਅਸੀਂ ਸੁਖਜਿੰਦਰ ਦੀ ਵਾਇਰਲ ਵੀਡੀਓ ਦੀ ਕਰੜੀ ਨਿੰਦਾ ਕਰਦੇ ਹਾਂ। ਇਸ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਕਿ, ਉਹ ਕਿਸ ਤਰੀਕੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਨਾਨਕ ਦੇਵ ਨਾਲ ਕਰ ਰਹੇ ਹਨ।"

Image copyright fb/capt.amarindersingh

"ਅਸੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਕਰਦੇ ਹਾਂ ਕਿ ਇਸ ਵੀਡੀਓ ਬਾਰੇ ਨੋਟਿਸ ਲਿਆ ਜਾਵੇ ਤੇ ਇਸ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਦੋਸ਼ ਸਾਬਿਤ ਹੋਣ 'ਤੇ ਸਖ਼ਤ ਸਜ਼ਾ ਦਿੱਤੀ ਜਾਵੇ।"

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਮਾਮਲੇ ਵਿੱਚ ਸੁਖਜਿੰਦਰ ਰੰਧਾਵਾ ਦੀ ਨਿੰਦਾ ਕੀਤੀ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਸੁਖਜਿੰਦਰ ਰੰਧਾਵਾ ਖਿਲਾਫ਼ ਸਖਤ ਐਕਸ਼ਨ ਲੈਣ। ਉਹ ਆਪਣੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਅਜਿਹਾ ਬੋਲ ਰਹੇ ਹਨ।"

ਸੁਖਜਿੰਦਰ ਰੰਧਾਵਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੇਰੇ ਨਾਲ ਵੀਡੀਓ ਵਿੱਚ ਜੋ ਸਰਦਾਰ ਖੜ੍ਹਾ ਹੈ ਉਸ ਨਾਲ ਮੈਂ 2018 ਤੋਂ ਬਾਅਦ ਕਦੇ ਵੀ ਨਹੀਂ ਮਿਲਿਆ ਹੈ। ਮੈਂ ਡੀਜੀਪੀ ਕ੍ਰਾਈਮ ਨੂੰ ਕਹਾਂਗਾ ਕਿ ਇਸ ਵੀਡੀਓ ਦੀ ਜਾਂਚ ਸਾਈਬਰ ਕਰਾਈਮ ਤੋਂ ਕਰਵਾਈ ਜਾਵੇ।"

‘ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ’

ਉਥੇ ਹੀ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਇੱਕ ਨਿਊਜ ਚੈਨਲ ਅਤੇ ਉਸ ਦੇ ਨੁਮਾਇੰਦੇ ਦੇ ਖ਼ਿਲਾਫ "ਇੱਕ ਵਿਡੀਓ ਨੂੰ ਗਲਤ ਢੰਗ ਨਾਲ ਦਿਖਾਉਣ ਦੇ ਇਲਜ਼ਾਮ ਹਨ ਅਤੇ ਮਾਮਲੇ ਦੀ ਜਾਂਚ ਸਟੇਟ ਸਾਈਬਰ ਕ੍ਰਾਈਮ ਸੈਲ ਨੂੰ ਦੇ ਦਿੱਤੀ ਜਾਵੇਗੀ।"

"ਸਾਈਬਰ ਸੇਲ ਵਲੋਂ ਇਸ ਵਿਡਿਓ ਦੀ ਸੱਚਾਈ ਦਾ ਪਤਾ ਲਾ ਕੇ ਉਨ੍ਹਾਂ ਲੋਕਾਂ ਦਾ ਵੀ ਪਤਾ ਲਾਇਆ ਜਾਵੇਗਾ ਜਿਨ੍ਹਾਂ ਵਲੋਂ ਇਸ ਵਿਡਿਓ ਨੂੰ ਸ਼ੋਸ਼ਲ ਮੀਡਿਆ 'ਤੇ ਵਾਇਰਲ ਕੀਤਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)