ਆਰਮੀ ਦੇ ਕੁਲੀ ਦਾ ਸਿਰ ਕਲਮ ਕਰ ਕੇ ਲੈ ਗਿਆ ਪਾਕਿਸਤਾਨ?

ਆਰਮੀ ਦੇ ਕੁਲੀ ਦਾ ਸਿਰ ਕਲਮ Image copyright Majid

ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਇਰਿੰਗ ਬੰਦ ਸੀ।

ਪਰ 28 ਸਾਲ ਦੇ ਸੈਨਾ ਦੇ ਕੁਲੀ ਮੁਹੰਮਦ ਅਸਲਮ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਸਾਰਾ ਇਲਾਕਾ ਸਦਮੇ 'ਚ ਹੈ। ਪਿਛਲੇ ਸ਼ੁੱਕਰਵਾਰ ਨੂੰ ਪੁੰਛ ਜ਼ਿਲ੍ਹੇ ਦੇ ਕਸਾਲੀਅਨ ਪਿੰਡ ਦਾ ਮੁਹੰਮਦ ਅਸਲਮ ਕੰਟਰੋਲ ਰੇਖਾ 'ਤੇ ਮਾਰਿਆ ਗਿਆ ਸੀ।

ਪਿਛਲੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਬਾਰਡਰ ਐਕਸ਼ਨ ਟੀਮ ਵੱਲੋਂ ਅਸਲਮ ਸਮੇਤ ਪੰਜ ਕੁਲੀਆਂ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ।

ਉਸ ਵੇਲੇ ਉਹ ਭਾਰਤੀ ਫੌਜ ਲਈ ਕੁਝ ਸਮਾਨ ਲੈ ਕੇ ਜਾ ਰਹੇ ਸਨ। ਇਸ ਹਮਲੇ ਵਿੱਚ ਦੋ ਕੁਲੀ ਮੁਹੰਮਦ ਅਸਲਮ ਅਤੇ ਅਲਤਾਫ਼ ਹੁਸੈਨ ਮਾਰੇ ਗਏ ਸਨ ਅਤੇ ਬਾਕੀ ਦੇ ਤਿੰਨ ਜ਼ਖਮੀ ਹੋ ਗਏ ਸਨ।

ਇਹ ਵੀਪੜ੍ਹੋ:-

Image copyright Majid
ਫੋਟੋ ਕੈਪਸ਼ਨ ਅਸਲਮ ਦਾ ਪਿੰਡ ਕੰਟਰੋਲ ਰੇਖਾ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਜਦੋਂ ਮੈਂ ਸੋਮਵਾਰ ਨੂੰ ਮੁਹੰਮਦ ਅਸਲਮ ਦੇ ਪਿੰਡ ਪਹੁੰਚਿਆ ਤਾਂ ਭਾਰੀ ਬਾਰਸ਼ ਹੋ ਰਹੀ ਸੀ। ਉਸਦਾ ਪਿੰਡ ਕੰਟਰੋਲ ਰੇਖਾ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਅਸਲਮ ਦੇ ਘਰ ਪਸਰਿਆ ਮਾਤਮ

ਅਸਲਮ ਦਾ ਘਰ ਜਿੰਨਾ ਛੋਟਾ ਸੀ, ਉਨ੍ਹੀਂ ਵੱਡੀ ਚੁੱਪ ਉੱਥੇ ਪਸਰੀ ਹੋਈ ਸੀ। ਘਰ ਵਾਲੇ ਅਸਲਮ ਦੀ ਹੱਤਿਆ ਦੇ ਸਦਮੇ ਵਿੱਚ ਹਨ ਤਾਂ ਪਿੰਡ ਵਾਲੇ ਡਰੇ ਹੋਏ ਹਨ।

ਗੁਆਂਢ ਦੀਆਂ ਔਰਤਾਂ ਅਸਲਮ ਦੇ ਘਰ ਬੈਠੀਆਂ ਹਨ ਅਤੇ ਉਸ ਦੇ ਮਾਪਿਆਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਭ ਤੋਂ ਬੁਰੀ ਹਾਲਤ ਅਸਲਮ ਦੀ ਪਤਨੀ ਦੀ ਹੈ।

Image copyright Majid
ਫੋਟੋ ਕੈਪਸ਼ਨ ਬਿਨਾਂ ਸਿਰ ਵਾਲੀ ਪੁੱਤਰ ਦੀ ਲਾਸ਼ ਵੇਖਣਾ ਮਾਪਿਆ ਲਈ ਬਹੁਤ ਦੁਖ਼ਦਾਈ ਸੀ

ਅਸਲਮ ਦੀ ਮਾਂ ਆਲਮ ਬੀ ਨੇ ਕਿਹਾ ਕਿ ਪਹਿਲਾਂ ਇਹ ਨਹੀਂ ਦੱਸਿਆ ਗਿਆ ਸੀ ਕਿ ਅਸਲਮ ਦੀ ਲਾਸ਼ ਬਿਨਾਂ ਸਿਰ ਦੇ ਹੈ।

ਉਸਨੇ ਕਿਹਾ, "ਜਦੋਂ ਲਾਸ਼ ਘਰ ਆਈ ਤਾਂ ਮੈਂ ਵੇਖ ਸਕਦੀ ਸੀ, ਪਰ ਲਾਸ਼ ਉਸ ਹਾਲਤ ਵਿੱਚ ਨਹੀਂ ਸੀ ਕਿ ਵੇਖੀ ਜਾਏ।"

"ਮੈਂ ਆਪਣੇ ਬੇਟੇ ਨੂੰ ਸ਼ੁੱਕਰਵਾਰ ਸਵੇਰੇ ਆਖ਼ਰੀ ਵਾਰ ਦੇਖਿਆ ਸੀ। ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਿਆ ਸੀ। ਗਰੀਬੀ ਕਾਰਨ ਉਹ ਮਜ਼ਦੂਰੀ ਕਰਨ ਜਾਂਦਾ ਸੀ। ਮੈਂ ਲਾਸ਼ ਨੂੰ ਵੇਖਣ ਦੀ ਹਾਲਤ ਵਿੱਚ ਨਹੀਂ ਸੀ।''

ਜਦੋਂ ਉਸਦੀ ਮਾਂ ਨੂੰ ਅਸਲਮ ਦੇ ਕੰਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਉਹ ਫੌਜ ਲਈ ਕੰਮ ਕਰਦਾ ਸੀ। ਉਸਨੇ ਫੌਜ ਲਈ ਆਪਣੀ ਜਾਨ ਦੇ ਦਿੱਤੀ ਪਰ ਅਜੇ ਤੱਕ ਫੌਜ ਵਿੱਚੋਂ ਕੋਈ ਵੀ ਇਸ ਸੋਗ ਦੀ ਘੜੀ ਵਿੱਚ ਸਾਡੇ ਕੋਲ ਨਹੀਂ ਆਇਆ। ਨਾ ਹੀ ਕੋਈ ਨੇਤਾ ਆਇਆ। ਮੈਂ ਆਪਣਾ ਬੇਟਾ ਵਾਪਸ ਚਾਹੁੰਦੀ ਹਾਂ। ਮੇਰੇ ਪੁੱਤਰ ਦੀ ਜ਼ਿੰਮੇਵਾਰੀ ਫੌਜ ਦੀ ਸੀ।

ਅਸਲਮ ਦੇ ਪਿਤਾ ਮੁਹੰਮਦ ਸਿਦੀਕ ਨੇ ਕਿਹਾ, "ਮੈਂ ਕਿਸੇ ਕੰਮ ਲਈ ਗਿਆ ਸੀ। ਛੋਟੇ ਬੇਟੇ ਨੇ ਮੈਨੂੰ ਫ਼ੋਨ ਕੀਤਾ ਅਤੇ ਮੈਨੂੰ ਜਲਦੀ ਘਰ ਆਉਣ ਲਈ ਕਿਹਾ। ਜਦੋਂ ਮੈਂ ਘਰ ਪਹੁੰਚਿਆ, ਮੈਨੂੰ ਦੱਸਿਆ ਗਿਆ ਕਿ ਫੌਜ ਦੇ ਕੁਝ ਕੁਲੀ ਸਰਹੱਦ 'ਤੇ ਜ਼ਖ਼ਮੀ ਹੋਏ ਹਨ।"

"ਇਸ ਤੋਂ ਬਾਅਦ ਅਸੀਂ ਪਿੰਡ ਤੋਂ ਮੌਕੇ ਵਾਲੀ ਜਗ੍ਹਾਂ 'ਤੇ ਪਹੁੰਚ ਗਏ। ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਹਮਲੇ ਦੌਰਾਨ ਉਹ ਮਦਦ ਲਈ ਪੁਕਾਰ ਰਹੇ ਸਨ, ਪਰ ਕੋਈ ਅੱਗੇ ਨਹੀਂ ਆਇਆ। ਮੇਰੇ ਬੇਟੇ ਦਾ ਸਿਰ ਨਹੀਂ ਸੀ। ਉਹ ਲੈ ਕੇ ਚਲੇ ਗਏ ਸਨ। ਮੈਂ ਕੀ ਕਰਦਾ?"

Image copyright Majid
ਫੋਟੋ ਕੈਪਸ਼ਨ ਅਸਲਮ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਸਿਰ ਕਲਮ ਕਰਕੇ ਪਾਕਿਸਤਾਨ ਲੈ ਗਏ

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਸਦਾ ਸਿਰ ਕੌਣ ਕਲਮ ਕਰ ਕੇ ਲੈ ਗਿਆ? ਉਸਨੇ ਕਿਹਾ, "ਪਾਕਿਸਤਾਨ ਲੈ ਗਿਆ। ਪਾਕਿਸਤਾਨ ਅਜਿਹਾ ਕਰ ਸਕਦਾ ਹੈ। ਜਿਸ ਜਗ੍ਹਾ 'ਤੇ ਇਹ ਹੋਇਆ, ਉੱਥੇ ਅਜਿਹਾ ਹੋਰ ਕੌਣ ਕਰ ਸਕਦਾ ਹੈ? ਅਸਲਮ ਦੀ ਕਮਾਈ ਨਾਲ ਹੀ ਪੂਰੇ ਪਰਿਵਾਰ ਦੀ ਰੋਜ਼ੀ-ਰੋਟੀ ਚਲ ਰਹੀ ਸੀ।"

ਸਿਦਿਕ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਸ ਦਾ ਬੇਟਾ ਫੌਜ ਲਈ ਕੰਮ ਕਰ ਰਿਹਾ ਸੀ।

ਉਹ ਕਹਿੰਦੇ ਹਨ, "ਇਹ ਸੱਚ ਹੈ ਕਿ ਮੇਰਾ ਬੇਟਾ ਇੱਕ ਕੁਲੀ ਸੀ ਪਰ ਉਹ ਕਿਸੇ ਨਿਯਮਤ ਜਵਾਨ ਨਾਲੋਂ ਵਧੇਰੇ ਕੰਮ ਕਰ ਰਿਹਾ ਸੀ। ਜਦੋਂ ਔਰੰਗਜ਼ੇਬ ਨੂੰ ਲੋਕਾਂ ਨੇ ਮਾਰਿਆ ਸੀ ਤਾਂ ਪੂਰਾ ਸਨਮਾਨ ਮਿਲਿਆ ਸੀ, ਪਰ ਮੇਰੇ ਪੁੱਤਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।"

"ਕੁਲੀ ਵੀ ਸਿਰਫ਼ ਫੌਜ ਲਈ ਹੀ ਕੰਮ ਕਰਦੇ ਹਨ। ਸਰਕਾਰ ਨੂੰ ਦੁਸ਼ਮਣ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਪਰ ਮੈਨੂੰ ਪਤਾ ਹੈ ਕਿ ਅਜਿਹਾ ਨਹੀਂ ਹੋਵੇਗਾ।"

ਅਸਲਮ ਦੀ ਪਤਨੀ ਨਸੀਮਾ ਅਖ਼ਤਰ ਨੇ ਬੀਬੀਸੀ ਨੂੰ ਦੱਸਿਆ, "ਮੌਤ ਤੋਂ ਬਾਅਦ ਵੀ ਮੈਂ ਆਪਣੇ ਪਤੀ ਦਾ ਚਿਹਰਾ ਨਹੀਂ ਵੇਖ ਸਕੀ। ਇਸਦਾ ਦਰਦ ਮੇਰੇ ਅੰਦਰ ਉਮਰ ਭਰ ਰਹੇਗਾ। ਮੇਰੇ ਦੋ ਬੱਚੇ ਹਨ, ਉਨ੍ਹਾਂ ਨੂੰ ਹੁਣ ਕਿਵੇਂ ਪਾਲਿਆ ਜਾਵੇਗਾ?"

Image copyright Majid
ਫੋਟੋ ਕੈਪਸ਼ਨ ਅਸਲਮ ਦੀ ਪਤਨੀ ਨਸੀਮਾ ਅਖ਼ਤਰ ਆਪਣੇ ਦੋਹਾਂ ਬੱਚਿਆਂ ਨਾਲ ਇਨਸਾਫ਼ ਦੀ ਮੰਗ ਕਰ ਰਹੀ ਹੈ

ਅਸਲਮ ਦੇ ਚਾਚੇ ਨੇ ਕਿਹਾ, "ਜੇਕਰ ਫੌਜ ਆਪਣੇ ਕੁਲੀਆ ਦੀ ਜਾਨ ਨਹੀਂ ਬਚਾ ਸਕਦੀ ਤਾਂ ਉਹ ਦੇਸ਼ ਦੀ ਰੱਖਿਆ ਕਿਵੇਂ ਕਰੇਗੀ?"

ਜ਼ਖ਼ਮੀ ਕੁਲੀ ਦੇ ਸਾਹਮਣੇ ਕਲਮ ਕੀਤਾ ਗਿਆ ਸੀ ਅਸਲਮ ਦਾ ਸਿਰ?

ਇੱਕ ਜ਼ਖਮੀ ਕੁਲੀ ਨੇ ਕਿਹਾ, "ਅਸੀਂ ਸਮਾਨ ਲੈ ਕੇ ਜਾ ਰਹੇ ਸੀ ਤਾਂ ਅਚਾਨਕ ਬਾਰੂਦੀ ਸੁਰੰਗ ਫਟ ਗਿਆ। ਇਸ ਤੋਂ ਪਹਿਲਾਂ ਤਿੰਨ ਲੋਕ ਫੌਜ ਦੀ ਵਰਦੀ ਵਿੱਚ ਆਏ ਸੀ। ਇੱਕ ਕੁਲੀ ਜ਼ਮੀਨ 'ਤੇ ਡਿੱਗ ਪਿਆ।"

ਉਸ ਨੇ ਕਿਹਾ, "ਅਸਲਮ ਮੇਰੇ ਵੱਲ ਵੇਖਣ ਲੱਗ ਪਿਆ। ਉਹ ਤਿੰਨੇ ਇੱਕ ਕੁਲੀ ਵੱਲ ਵਧੇ ਅਤੇ ਕਿਹਾ ਕਿ ਗਰਦਨ ਵੱਢ ਦਿਓ। ਉਹ ਹੱਥ ਜੋੜ ਕੇ ਗਿੜਗਿੜਾਉਂਦਾ ਰਿਹਾ ਅਤੇ ਕਿਹਾ ਕਿ ਉਸ ਨੂੰ ਛੱਡ ਦਿਓ।"

"ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਮਾਰਨ ਤੋਂ ਬਾਅਦ ਉਹ ਅਸਲਮ ਵੱਲ ਵਧੇ। ਤੱਦ ਅਸਲਮ ਦੇ ਮੋਢੇ 'ਤੇ ਫੌਜ ਦਾ ਸਮਾਨ ਬੰਨ੍ਹਿਆ ਹੋਇਆ ਸੀ। ਅਸਮਲ ਬਹੁਤ ਡਰਿਆ ਹੋਇਆ ਸੀ। ਉਹ ਉਸਨੂੰ ਉਥੋਂ ਸੰਘਣੇ ਜੰਗਲ ਵਿੱਚ ਲੈ ਗਏ ਅਤੇ ਉਸਦੇ ਸਿਰ ਨੂੰ ਸਰੀਰ ਤੋਂ ਵੱਖ ਕਰ ਦਿੱਤਾ।''

ਕੀ ਅਜਿਹਾ ਪਹਿਲੀ ਵਾਰ ਹੋਇਆ ਹੈ?

ਪੁੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਕਿਹਾ, "ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਆਮ ਨਾਗਰਿਕ ਦਾ ਸਿਰ ਕਲਮ ਕੀਤਾ ਗਿਆ ਹੋਵੇ। ਫੌਜ ਲਈ ਉਹ ਕੁਲੀਆਂ ਦਾ ਕੰਮ ਕਰ ਰਹੇ ਸਨ, ਉਮ ਆਮ ਲੋਕ ਹੀ ਹੁੰਦੇ ਹਨ।"

ਉਨ੍ਹਾਂ ਅੱਗੇ ਕਿਹਾ, "ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਕਿਸੇ ਆਮ ਨਾਗਰਿਕ ਦਾ ਸਿਰ ਕਲਮ ਨਹੀਂ ਹੋਇਆ। ਮੈਂ ਹਮੇਸ਼ਾਂ ਕਹਿੰਦਾ ਹਾਂ ਕਿ ਜਿਹੜੇ ਲੋਕ ਸਰਹੱਦ 'ਤੇ ਰਹਿੰਦੇ ਹਨ, ਉਹ ਬਿਨਾਂ ਵਰਦੀਆਂ ਦੇ ਸਿਪਾਹੀ ਹਨ।"

ਜਦੋਂ ਪਾਕਿਸਤਾਨ ਦੇ ਬਾਰਡਰ ਐਕਸ਼ਨ ਫੋਰਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ।

Image copyright Majid
ਫੋਟੋ ਕੈਪਸ਼ਨ ਅਸਲਮ ਦੇ ਘਰ ਮਾਤਮ ਛਾਇਆ ਹੈ। ਇੱਕ ਚੁੱਪੀ ਹਰ ਪਾਸੇ ਪਸਰੀ ਵਿਖਾਈ ਦਿੱਤੀ

ਕੌਣ ਹੁੰਦੇ ਹਨ ਫੌਜ ਲਈ ਕੰਮ ਕਰਨ ਵਾਲੇ ਕੁਲੀ?

ਕੰਟਰੋਲ ਰੇਖਾ ਦੇ ਆਸ ਪਾਸ ਦੇ ਪਿੰਡ ਭਾਰਤੀ ਫੌਜ ਦੀ ਸਖ਼ਤ ਨਿਗਰਾਨੀ ਹੇਠ ਰਹਿੰਦੇ ਹਨ। ਫੌਜ ਚੌਕਸ ਰਹਿੰਦੀ ਹੈ। ਫੌਜ ਨੇ ਪਿੰਡ ਤੱਕ ਸੜਕ ਨੂੰ ਵੀ ਬਿਲਕੁਲ ਠੀਕ ਕਰ ਦਿੱਤਾ ਹੈ।

ਇਹ ਪਿੰਡ ਕੰਟਰੋਲ ਰੇਖਾ ਦੇ ਨਾਲ-ਨਾਲ ਅਕਸਰ ਜੰਗਬੰਦੀ ਦੀ ਉਲੰਘਣਾ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਦੀ ਜ਼ਿੰਦਗੀ ਹਮੇਸ਼ਾਂ ਉਨ੍ਹਾਂ ਦੀ ਹਥੇਲੀ 'ਤੇ ਰਹਿੰਦੀ ਹੈ।

ਫੌਜ ਦੇ ਕੁਲੀ ਦਾ ਕੰਮ ਉਨ੍ਹਾਂ ਦੇ ਸਾਮਾਨ ਨੂੰ ਬਿਨਾਂ ਕਿਸੇ ਵਰਦੀ ਦੇ ਸਰਹੱਦ 'ਤੇ ਪਹੁੰਚਾਉਣਾ ਹੁੰਦਾ ਹੈ। ਉਨ੍ਹਾਂ ਨੂੰ ਹਰ ਮਹੀਨੇ ਪੇਮੇਂਟ ਅਦਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)