‘ਮੈਂ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਲਈ 150 ਰੁਪਏ ਵਿੱਚ ਆਪਣੇ ਵਾਲ ਵੇਚ ਦਿੱਤੇ’

ਪ੍ਰੇਮਾ ਆਪਣੇ ਮੁੰਡੋ ਨਾਲ
ਫੋਟੋ ਕੈਪਸ਼ਨ ਪ੍ਰੇਮਾ ਨੇ ਆਪਣੇ ਪਤੀ ਦੀ ਮੌਤ ਮਗਰੋਂ ਆਪਣੇ ਬੱਚਿਆਂ ਨੂੰ ਵਾਲ ਵੇਚ ਕੇ ਖਾਣਾ ਖਵਾਇਆ

"ਮੇਰਾ ਸੱਤ ਸਾਲਾਂ ਦਾ ਪੁੱਤਰ ਕਾਲਿਆਪਨ ਜਦੋਂ ਸਕੂਲ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਮੇਰੇ ਤੋਂ ਕੁਝ ਖਾਣ ਨੂੰ ਮੰਗਿਆ। ਤੇ ਫਿਰ ਉਹ ਭੁੱਖ ਕਰਕੇ ਰੋਣ ਲੱਗ ਪਿਆ।" ਇਹ ਕਹਿਣਾ ਹੈ 31 ਸਾਲਾਂ ਦੀ ਮਜ਼ਬੂਰ ਮਾਂ ਪ੍ਰੇਮਾ ਸੇਲਵਮ ਦਾ।

ਪੁੱਤ ਦੇ ਖਾਣਾ ਮੰਗਣ 'ਤੇ ਤਾਮਿਲ ਨਾਡੂ ਦੇ ਸਲਿਮ ਜ਼ਿਲ੍ਹੇ ਵਿੱਚ ਰਹਿਣ ਵਾਲੀ ਇਹ ਮਾਂ ਨਿਰਾਸ਼ ਹੋ ਗਈ ਜਦੋਂ ਉਸ ਕੋਲ ਆਪਣੇ ਬੱਚੇ ਨੂੰ ਦੇਣ ਲਈ ਕੁਝ ਨਹੀਂ ਸੀ।

ਹਾਲਾਂਕਿ ਉਸ ਦਿਨ, ਜਨਵਰੀ 3 ਸ਼ੁਕਰਵਾਰ, ਨੂੰ ਉਸ ਨੇ ਕੁਝ ਬਣਾਇਆ ਵੀ ਨਹੀਂ ਸੀ ਕਿਉਂਕਿ ਉਸ ਦੇ ਘਰ ਵਿੱਚ ਰਾਸ਼ਨ ਮੁਕਿਆ ਹੋਇਆ ਸੀ।

ਇਨ੍ਹਾਂ ਦੁਖਦਈ ਘਟਨਾਵਾਂ ਮਗਰੋਂ ਪ੍ਰੇਮਾ ਨੇ ਕੁਝ ਕਰਨ ਦਾ ਸੋਚਿਆ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਲੋਕਾਂ ਤੋਂ ਵੀ ਬਹੁਤ ਮਦਦ ਮਿਲੀ।

'ਮੇਰਾ ਦਿਲ ਟੁੱਟ ਗਿਆ'

ਫੋਟੋ ਕੈਪਸ਼ਨ ਆਪਣੇ ਵੱਡੇ ਪੁੱਤਰ ਕਾਲਿਆਪਨ (ਲਾਲ ਕਪੜਿਆਂ ਵਿੱਚ) ਨੂੰ ਭੁੱਖਾ ਵੇਖ ਕੇ ਪ੍ਰੇਮਾ ਨੂੰ ਦੁੱਖ ਹੋਇਆ

ਪ੍ਰੇਮਾ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ ਸੀ। ਮੈਨੂੰ ਬਹੁਤ ਦੁੱਖ ਹੋਇਆ ਤੇ ਮੇਰਾ ਦਿਲ ਟੁੱਟ ਗਿਆ। ਮੈਨੂੰ ਲੱਗਿਆ ਕਿ ਜੀਣ ਦਾ ਕੀ ਫਾਇਦਾ ਜੇ ਮੈਂ ਆਪਣੇ ਬੱਚਿਆ ਨੂੰ ਖਾਣਾ ਤੱਕ ਨਹੀਂ ਖਵਾ ਸਕਦੀ?"

ਪ੍ਰੇਮਾ ਕੋਲ ਨਾ ਤਾਂ ਕੋਈ ਜਾਇਦਾਦ ਸੀ, ਨਾ ਗਹਿਣੇ ਜਾਂ ਕੋਈ ਹੋਰ ਮਹਿੰਗੀ ਚੀਜ਼ ਜਿਸ ਨੂੰ ਉਹ ਪੈਸਿਆਂ ਲਈ ਵਟਾ ਸਕੇ।

ਉਸ ਨੇ ਕਿਹਾ, "ਮੇਰੇ ਕੋਲ ਤਾਂ ਦਸ ਰੁਪਏ ਤੱਕ ਦਾ ਵੀ ਨੋਟ ਨਹੀਂ ਸੀ...ਬਸ ਸਿਰਫ਼ ਕੁਝ ਪਲਾਸਟਿਕ ਦੀਆਂ ਬਾਲਟੀਆਂ ਹੀ ਸਨ।"

ਪਰ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਓਦੇ ਕੋਲ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਉਹ ਵੇਚ ਸਕਦੀ ਹੈ।

ਇਹ ਵੀ ਪੜ੍ਹੋ:-

'ਤੋਲ ਕੇ ਵਾਲ ਵੇਚੇ'

ਪ੍ਰੇਮਾ ਨੇ ਕਿਹਾ, "ਮੈਨੂੰ ਇੱਕ ਦੁਕਾਨ ਦਾ ਧਿਆਨ ਆਇਆ ਜਿੱਥੇ ਵਾਲ ਖਰੀਦੇ ਜਾਂਦੇ ਸਨ। ਮੈਂ ਉੱਥੇ ਜਾ ਕੇ ਆਪਣੇ ਸਿਰ ਦੇ ਸਾਰੇ ਵਾਲ 150 ਰੁਪਏ ਵਿੱਚ ਵੇਚ ਦਿੱਤੇ।"

ਦੁਨੀਆਂ ਭਰ ਵਿੱਚ ਮਨੁੱਖਾਂ ਦੇ ਵਾਲਾਂ ਦਾ ਵਪਾਰ ਕੀਤਾ ਜਾਂਦਾ ਹੈ ਤੇ ਭਾਰਤ ਇਨ੍ਹਾਂ ਦੀ ਸਭ ਤੋਂ ਵਧ ਬਰਾਮਦ ਕਰਦਾ ਹੈ।

ਵਾਲਾਂ ਨੂੰ ਵੇਚ ਕੇ ਨਕਲੀ ਵਾਲ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਤੇ ਅਸਲੀ ਵਾਲਾਂ ਨਾਲ ਜੋੜਨ ਲਈ ਐਕਸਟੈਂਸ਼ਨ ਬਣਾਈ ਜਾਂਦੀ ਹੈ।

ਕਈ ਹਿੰਦੂ ਭਗਤ ਦੁਆਵਾਂ ਪੂਰੀਆਂ ਹੋਣ 'ਤੇ ਮੰਦਰਾਂ ਵਿੱਚ ਵਾਲ ਕਟਵਾ ਕੇ ਚੜਾਉਂਦੇ ਹਨ। ਡੀਲਰ ਇਨ੍ਹਾਂ ਵਾਲਾਂ ਨੂੰ ਖਰੀਦ ਕੇ, ਵਿਦੇਸ਼ ਵਿੱਚ ਵੇਚ ਦਿੰਦੇ ਹਨ।

'ਪਤੀ ਨੇ ਕੀਤੀ ਆਤਮ-ਹੱਤਿਆ'

ਫੋਟੋ ਕੈਪਸ਼ਨ ਗਰੀਬਾਂ ਲਈ ਚਲਾਈਆਂ ਗਈਆਂ ਸਰਕਾਰੀ ਸਕੀਮਾਂ ਅਕਸਰ ਪ੍ਰੇਮਾ ਵਰਗੇ ਲੋਕਾਂ ਤੱਕ ਪਹੁੰਚਣ ਨਹੀਂ ਪਾਉਂਦੀਆਂ

ਜਿੰਨੇ ਪੈਸੇ ਪ੍ਰੇਮਾ ਨੇ ਵਾਲ ਵੇਚ ਕੇ ਕਮਾਏ, ਉਸ ਰਾਸ਼ੀ ਨਾਲ ਕਿਸੇ ਵੱਡੇ ਸ਼ਹਿਰ ਵਿੱਚ ਮੱਧ ਵਰਗ ਹੋਟਲ ਵਿੱਚ ਇੱਕ ਵੇਲੇ ਦਾ ਭੋਜਨ ਖਾ ਸਕਦੇ ਹਾਂ। ਪਰ ਪਿੰਡ ਵਿੱਚ ਰਹਿਣ ਕਰਕੇ ਪ੍ਰੇਮਾ ਥੋੜਾ ਜਿਆਦਾ ਭੋਜਨ ਖਰੀਦ ਸਕੀ।

ਉਸ ਨੇ ਕਿਹਾ, "ਮੈਂ ਆਪਣੇ ਤਿੰਨ ਬੱਚਿਆਂ ਲਈ 80 ਰੁਪਏ ਵਿੱਚ ਪੱਕੇ ਹੋਏ ਚਾਵਲਾਂ ਦੇ ਤਿੰਨ ਪੈਕਟ ਲੈ ਲਏ।"

ਉਸ ਨੇ ਆਪਣੇ ਤਿੰਨੋਂ ਬੱਚਿਆਂ ਨੂੰ ਭੋਜਨ ਤਾਂ ਖਵਾ ਦਿੱਤਾ ਪਰ ਉਹ ਇੱਕ ਵੇਲੇ ਦਾ ਹੀ ਹੱਲ ਸੀ।

ਪ੍ਰੇਮਾ ਨੂੰ ਪਤਾ ਸੀ ਕਿ ਉਸ ਕੋਲ ਹੁਣ ਵੇਚਣ ਲਈ ਕੁਝ ਵੀ ਨਹੀਂ ਤੇ ਉਸ ਦੀ ਭੋਜਨ ਨੂੰ ਲੈ ਕੇ ਫ਼ਿਕਰ ਮੁੜ ਖੜੀ ਹੋ ਗਈ।

ਉਸ ਨੇ ਕਈ ਸਾਲ ਆਪਣੇ ਪਤੀ ਨਾਲ ਇੱਟਾਂ ਦੇ ਭੱਠੇ 'ਤੇ ਕੰਮ ਕੀਤਾ ਪਰ ਉਹ ਦੋਵੇਂ ਬਹੁਤਾ ਪੈਸਾ ਨਹੀਂ ਜੋੜ ਪਾਏ। ਪ੍ਰੇਮਾ ਦੇ ਪਤੀ ਦੇ ਆਪਣਾ ਇੱਟਾਂ ਦਾ ਭੱਠਾ ਸ਼ੁਰੂ ਕਰਨ ਲਈ ਕਿਸੇ ਤੋਂ ਪੈਸੇ ਵੀ ਉਧਾਰੇ ਲਏ ਪਰ ਕਦੇ ਭੱਠਾ ਸ਼ੁਰੂ ਨਹੀਂ ਕਰ ਸਕਿਆ।

ਨਿਰਾਸ਼ ਹੋ ਕੇ, ਸੱਤ ਮਹੀਨੇ ਪਹਿਲਾਂ ਪ੍ਰੇਮਾ ਦੇ ਪਤੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਾਨ ਲੈ ਲਈ।

ਵਾਲ ਵੇਚਣ ਤੋਂ ਬਾਅਦ, ਪ੍ਰੇਮਾ ਕੋਲ ਵੀ ਪੈਸੇ ਦਾ ਕੋਈ ਸਹਾਰਾ ਨਹੀਂ ਰਿਹਾ ਤੇ ਉਸ ਨੇ ਆਪਣੇ ਪਤੀ ਦੇ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:-

ਪ੍ਰੇਮਾ ਦੀ ਜਾਨ ਲੈਣ ਦੀ ਕੋਸ਼ਿਸ਼

ਪ੍ਰੇਮਾ ਨੇ ਦੱਸਿਆ, "ਮੈਂ ਇੱਕ ਦੁਕਾਨ 'ਤੇ ਜਾ ਕੇ ਕੀਟਨਾਸ਼ਕ ਮੰਗਿਆ।"

ਪਰ ਉਸ ਦੀ ਬੁਰੀ ਹਾਲਾਤ ਵੇਖ ਕੇ ਦੁਕਾਨਦਾਰ ਨੇ ਉਸ ਨੂੰ ਭਜਾ ਦਿੱਤਾ।

ਉਹ ਘਰ ਆਈ ਤੇ ਉਸ ਨੇ ਹੋਰ ਤਰੀਕਿਆਂ ਨਾਲ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਨੇਰ ਦੇ ਪੌਦੇ ਦੇ ਬੀਜ ਲੈ ਕੇ ਪੀਸੇ। ਪਰ ਗੁਆਂਢ ਵਿੱਚ ਰਹਿ ਰਹੀ ਉਸ ਦੀ ਭੈਣ ਮੌਕੇ 'ਤੇ ਆ ਗਈ ਤੇ ਉਸ ਨੇ ਪ੍ਰੇਮਾ ਦੀ ਜਾਨ ਬਚਾਈ।

ਪ੍ਰੇਮਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੁਆਰਾ ਲਿਆ ਗਿਆ ਕਰਜ਼ਾ ਉਸ ਨੂੰ ਸਭ ਤੋਂ ਜਿਆਦਾ ਪਰੇਸ਼ਾਨ ਕਰਦਾ ਹੈ।

ਭਾਰੀ ਕੰਮ

ਫੋਟੋ ਕੈਪਸ਼ਨ ਵਾਲ ਵੇਚ ਕੇ ਪ੍ਰੇਮਾ ਨੇ ਪੈਸੇ ਕਮਾਏ

ਪ੍ਰੇਮਾ ਆਪਣੇ ਪਤੀ ਦੀ ਮੌਤ ਮਗਰੋਂ ਪਰਿਵਾਰ ਨੂੰ ਪਾਲਣ ਵਾਲੀ ਇੱਕਲੌਤੀ ਮੈਂਬਰ ਹੈ। ਉਸ ਨੇ ਇੱਟਾਂ ਦੇ ਭੱਠੇ ਵਿੱਚ ਕੰਮ ਕੀਤਾ ਤੇ ਇੱਥੇ ਉਸ ਨੂੰ ਖੇਤੀ ਨਾਲੋਂ ਵੱਧ ਪੈਸੇ ਮਿਲਦੇ ਸਨ।

ਪ੍ਰੇਮਾ ਨੇ ਦੱਸਿਆ, "ਜਦੋਂ ਮੈਂ ਕੰਮ 'ਤੇ ਜਾਂਦੀ ਹਾਂ ਤਾਂ ਮੈਨੂੰ 200 ਰੁਪਏ ਦਿਹਾੜੀ ਮਿਲਦੀ ਹੈ, ਜੋ ਪਰਿਵਾਰ ਨੂੰ ਪਾਲਣ ਲਈ ਬਹੁਤ ਹਨ।"

ਉਹ ਦੋ ਛੋਟੇ ਮੁੰਡਿਆਂ ਨੂੰ ਆਪਣੇ ਨਾਲ ਕੰਮ 'ਤੇ ਲੈ ਜਾਂਦੀ ਹੈ ਕਿਉਂਕਿ ਅਜੇ ਉਹ ਸਕੂਲ ਨਹੀਂ ਜਾ ਸਕਦੇ। ਪਰ ਪਿਛਲੇ ਤਿੰਨ ਮਹੀਨਿਆਂ ਵਿੱਚ ਬਿਮਾਰ ਹੋਣ ਕਰਕੇ ਉਹ ਕੰਮ 'ਤੇ ਨਹੀਂ ਜਾ ਸਕੀ।

ਪ੍ਰੇਮਾ ਨੇ ਕਿਹਾ, "ਬੁਖਾਰ ਹੋਣ ਕਰਕੇ ਮੈਂ ਇੱਟਾਂ ਦਾ ਬਹੁਤਾ ਭਾਰ ਨਹੀਂ ਚੁੱਕ ਸਕਦੀ ਸੀ।"

ਇਹ ਵੀ ਪੜ੍ਹੋ:-

ਵਧਦਾ ਉਧਾਰ

ਪ੍ਰੇਮਾ ਦੇ ਸਿਰ 'ਤੇ ਕਾਫ਼ੀ ਕਰਜ਼ਾ ਸੀ। ਜਦੋਂ ਲੈਣ ਦਾਰ ਉਸ ਕੋਲ ਵਾਰ-ਵਾਰ ਪੈਸੇ ਮੰਗਣ ਆਉਂਦੇ ਤਾਂ ਉਹ ਬਹੁਤ ਪਰੇਸ਼ਾਨ ਹੁੰਦੀ। ਅਨਪੜ੍ਹ ਹੋਣ ਕਰਕੇ ਉਸ ਨੂੰ ਗਰੀਬਾਂ ਲਈ ਬਣੀਆਂ ਸਰਕਾਰੀ ਸਕੀਮਾਂ ਬਾਰੇ ਵੀ ਕੁਝ ਨਹੀਂ ਪਤਾ ਸੀ।

ਭਾਰਤ ਵਿੱਚ ਬੈਂਕਾਂ ਤੋਂ ਲੋਨ ਲੈਣ ਦਾ ਤਰੀਕਾ ਗਰੀਬਾਂ ਲਈ ਬਹੁਤਾ ਸੌਖਾ ਨਹੀਂ ਹੈ ਜਿਸ ਕਰਕੇ ਪ੍ਰੇਮਾ ਤੇ ਉਸ ਦੇ ਪਤੀ ਨੇ ਸਥਾਨਕ ਪੈਸਾ ਦੇਣ ਵਾਲੇ ਲੋਕਾਂ ਤੋਂ ਪੈਸਾ ਉਧਾਰ ਲਿਆ। ਜਿਸ ਕਰਕੇ ਉਨ੍ਹਾਂ ਨੂੰ ਵੱਧ ਵਿਆਜ 'ਤੇ ਪੈਸਾ ਉਧਾਰਾ ਲੈਣਾ ਪਿਆ।

ਲਗਾਤਾਰ ਬਿਮਾਰ ਹੋਣ ਕਰਕੇ ਤੇ ਉਧਾਰ ਲਏ ਪੈਸੇ ਤੋਂ ਛੁਟਕਾਰਾ ਪਾਉਣ ਲਈ ਪ੍ਰੇਮਾ ਨੇ ਵਾਲ ਵੇਚਣ ਦਾ ਸੋਚਿਆ।

ਅਣਜਾਣ ਨੇ ਕੀਤੀ ਮਦਦ

ਫੋਟੋ ਕੈਪਸ਼ਨ ਬਾਲਾ ਮੁਰੁਗਨ ਨੇ ਪ੍ਰੇਮਾ ਲਈ ਪੈਸਾ ਇੱਕਠਾ ਕੀਤਾ

ਪ੍ਰੇਮਾ ਦੇ ਸਭ ਤੋਂ ਮਾੜੇ ਸਮੇਂ ਵਿੱਚ ਇੱਕ ਸਾਮਰੀ ਨੇ ਆ ਕੇ ਮਦਦ ਕੀਤੀ ਜਿਸ ਨਾਲ ਪ੍ਰੇਮਾ ਦੀ ਕਿਸਮਤ ਬਦਲ ਗਈ।

ਸਾਮਰੀ, ਬਾਲਾ ਮੁਰੁਗਨ ਨੇ ਕਿਹਾ, "ਮੈਨੂੰ ਆਪਣੇ ਦੋਸਤ ਪ੍ਰਭੂ ਤੋਂ ਪ੍ਰੇਮਾ ਬਾਰੇ ਪਤਾ ਲੱਗਿਆ।"

ਇਹੋ ਜਿਹੇ ਮਾੜੇ ਸਮੇਂ ਵਿੱਚੋਂ ਨਿਕਲਣ ਕਰਕੇ, ਬਾਲਾ, ਪ੍ਰੇਮਾ ਦਾ ਦੁੱਖ ਜਿਆਦਾ ਸਮਝ ਰਿਹਾ ਸੀ।

"ਜਦੋਂ ਮੈਂ 10 ਸਾਲਾ ਦਾ ਸੀ, ਮੇਰੇ ਪਰਿਵਾਰ ਕੋਲ ਭੋਜਨ ਨਹੀਂ ਸੀ। ਮੇਰੀ ਮਾਂ ਨੇ ਪੁਰਾਣੀ ਕਿਤਾਬਾਂ ਤੇ ਅਖਬਾਰਾਂ ਵੇਚ ਕੇ ਚਾਵਲ ਖਰੀਦੇ।"

ਪਰੇਸ਼ਾਨ ਹੋ ਕੇ ਬਾਲਾ ਦੀ ਮਾਂ ਨੇ ਵੀ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।

"ਮੈਨੂੰ ਯਾਦ ਹੈ ਕਿ ਮੇਰੀ ਮਾਂ ਨੇ ਪਹਿਲਾਂ ਆਪ ਗੋਲੀਆਂ ਖਾਧੀਆਂ, ਪਰ ਜਦੋਂ ਮੇਰੀ ਭੈਣ ਖਾਣ ਲੱਗੀ ਤਾਂ ਉਸ ਨੂੰ ਰੋਕ ਲਿਆ।"

ਉਨ੍ਹਾਂ ਨੇ ਆਖਰੀ ਘੜੀ ਆਪਣਾ ਵਿਚਾਰ ਬਦਲ ਲਿਆ। ਇਸ ਘਟਨਾ ਤੋਂ ਕਈ ਸਾਲ ਬਾਅਦ ਹੁਣ ਬਾਲਾ ਮਿਹਨਤ ਕਰਕੇ ਗਰੀਬੀ ਨੂੰ ਦੂਰ ਕਰ ਸਕਿਆ ਤੇ ਹੁਣ ਉਸ ਦੀ ਕੰਪਿਊਟਰ ਗਰਾਫਿਕ ਦੀ ਦੁਕਾਨ ਹੈ।

ਇੱਕ ਚੰਗੀ ਸਲਾਹ

ਫੋਟੋ ਕੈਪਸ਼ਨ ਗਰੀਬਾਂ ਲਈ ਚਲਾਈਆਂ ਗਈਆਂ ਸਰਕਾਰੀ ਸਕੀਮਾਂ ਅਕਸਰ ਪ੍ਰੇਮਾ ਵਰਗੇ ਲੋਕਾਂ ਤੱਕ ਪਹੁੰਚਣ ਨਹੀਂ ਪਾਉਂਦੀਆਂ

ਬਾਲਾ ਨੇ ਪ੍ਰੇਮਾ ਨੂੰ ਆਪਣੇ ਸਫ਼ਰ ਬਾਰੇ ਦੱਸਿਆ ਤੇ ਸਕਾਰਤਮਕ ਸੋਚ ਅਪਣਾਉਣ ਲਈ ਕਿਹਾ।

ਬਾਲਾ ਨੇ ਉਸ ਨੂੰ ਭੋਜਨ ਖਰੀਦਣ ਲਈ ਕੁਝ ਪੈਸੇ ਵੀ ਦਿੱਤੇ ਤੇ ਉਸ ਬਾਰੇ ਫੇਸਬੁੱਕ 'ਤੇ ਵੀ ਪੋਸਟ ਕੀਤਾ।

"ਇੱਕ ਦਿਨ ਵਿੱਚ ਹੀ ਮੈਂ 1 ਲੱਖ 20 ਹਜ਼ਾਰ ਰੁਪਏ ਇੱਕਠੇ ਕਰ ਲਏ। ਜਦੋਂ ਮੈਂ ਪ੍ਰੇਮਾ ਨੂੰ ਇਸ ਬਾਰੇ ਦੱਸਿਆ ਤਾਂ ਉਹ ਬਹੁਤ ਖ਼ੁਸ਼ ਹੋਈ ਤੇ ਉਸ ਨੇ ਦੱਸਿਆ ਕਿ ਇਸ ਰਕਮ ਨਾਲ ਉਸ ਦਾ ਉਧਾਰ ਉਤਰ ਜਾਵੇਗਾ।"

ਪ੍ਰੇਮਾ ਦੇ ਕਹਿਣ 'ਤੇ ਹੁਣ ਪੈਸਾ ਇੱਕਠਾ ਕਰਨਾ ਬੰਦ ਕਰ ਦਿੱਤਾ ਗਿਆ ਹੈ।

ਬਾਲਾ ਨੇ ਕਿਹਾ, "ਪ੍ਰੇਮਾ ਨੇ ਫੈਸਲਾ ਲਿਆ ਹੈ ਕਿ ਉਹ ਮੁੜ ਕੰਮ ਕਰੇਗੀ ਤੇ ਪੈਸੇ ਕਮਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗੀ।"

ਉਸ ਨੇ ਹੁਣ ਸਿਰਫ਼ 700 ਰੁਪਏ ਵਾਪਸ ਕਰਨੇ ਹਨ।

ਜ਼ਿਲ੍ਹਾ ਅਧਿਕਾਰੀਆਂ ਨੇ ਵੀ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ।

ਪਰ ਪ੍ਰੇਮਾ ਦੀ ਕਹਾਣੀ ਅਨੋਖੀ ਨਹੀਂ ਹੈ। ਭਾਰਤ ਵਿੱਚ ਹੋ ਰਹੇ ਆਰਥਿਕ ਵਿਕਾਸ ਦੇ ਬਾਵਜੂਦ ਵੀ, ਬਹੁਤ ਲੋਕ ਰੋਟੀ ਖਾਣ ਲਈ ਪੈਸੇ ਨਹੀਂ ਜਮਾ ਕਰ ਪਾਉਂਦੇ।

ਵਰਲਡ ਬੈਂਕ ਅਨੁਸਾਰ, ਭਾਰਤ ਵਿੱਚ ਪੂਰੀ ਦੁਨੀਆਂ ਵਿੱਚੋਂ, ਨਾਇਜੀਰੀਆ ਤੋਂ ਬਾਅਦ, ਸਭ ਤੋਂ ਜਿਆਦਾ ਗਰੀਬੀ ਹੈ।

ਪ੍ਰੇਮਾ ਚਾਰ ਲੋਕਾਂ ਦਾ ਪੇਟ ਭਰਨ ਲਈ ਕੰਮ ਕਰਦੀ ਹੈ ਤੇ ਉਹ ਬਹੁਤ ਗਰੀਬ ਹੈ।

ਇਹ ਵੀ ਪੜ੍ਹੋ:-

ਨਵੀਂ ਜ਼ਿੰਦਗੀ

ਬਾਲਾ ਮੁਰੁਗਨ ਨੇ ਪ੍ਰੇਮਾ ਨੂੰ ਭੱਵਿਖ ਵਿੱਚ ਵੀ ਮਦਦ ਕਰਨ ਦਾ ਵਾਅਦਾ ਕੀਤਾ ਹੈ।

"ਮੈਨੂੰ ਹੁਣ ਲੱਗਦਾ ਹੈ ਕਿ ਮੈਂ ਕਿੰਨਾ ਗਲਤ ਕਦਮ ਚੁੱਕਣ ਜਾ ਰਹੀ ਸੀ। ਹੁਣ ਮੈਨੂੰ ਯਕੀਨ ਹੈ ਕਿ ਮੈਂ ਕੰਮ ਕਰਕੇ ਲੋਨ ਵਾਪਸ ਕਰ ਸਕਦੀ ਹਾਂ।"

ਪ੍ਰੇਮਾ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਨੇ ਉਸ ਨੂੰ ਮੁੜ ਤੋਂ ਆਸ਼ਾਵਾਦੀ ਕਰ ਦਿੱਤਾ ਹੈ।

ਵੀਡਿਓ: ਬਠਿੰਡਾ 'ਚ ਕਲਾਕਾਰਾਂ ਨੇ CAA-NRC-NPR ਮੁੱਦੇ 'ਤੇ ਕੀ-ਕੀ ਕਿਹਾ?

ਵੀਡਿਓ: ਮਸਜਿਦ ਨੇ ਖੋਲ੍ਹੇ ਹਿੰਦੂ ਵਿਆਹ ਲਈ ਬੂਹੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ