ਕੀ ਪੰਜਾਬ ਵਿੱਚ ਵਾਕਈ ਟਿੱਡੀ ਦਲ ਦਾ ਖ਼ਤਰਾ ਹੈ

ਟਿੱਡੀ ਦਲ Image copyright Getty Images
ਫੋਟੋ ਕੈਪਸ਼ਨ ਪੰਜਾਬ ਸਰਕਾਰ ਦਾ ਕਹਿਣਾ ਹੈ ਫ਼ਾਜ਼ਿਲਕਾ ਅਤੇ ਮੁਕਤਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਹਾਪਰ ਜਾਂ ਛੋਟੇ ਸਮੂਹ ਪਾਏ ਗਏ ਹਨ (ਸੰਕੇਤਕ ਤਸਵੀਰ)

ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਦੇ ਕੁੱਝ ਪਿੰਡਾਂ 'ਚ ਆਹਣ, ਜਿਸ ਨੂੰ 'ਟਿੱਡੀ ਦਲ' ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਦੀ ਆਮਦ ਨੇ ਕਿਸਾਨਾਂ ਨੂੰ ਦੀ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਨੇ ਹਾਲ ਹੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਖੂਈਆਂ ਸਰਵਰ ਦੇ ਪਿੰਡਾਂ 'ਚ ਟਿੱਡੀ ਦਲ ਦੇ ਕੁਝ ਕੁ ਟਿੱਡੀਆਂ ਦੇ ਫ਼ਸਲਾਂ 'ਤੇ ਬੈਠਣ ਦੀ ਪੁਸ਼ਟੀ ਕੀਤੀ ਹੈ।

ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕੇ ਜ਼ਿਲ੍ਹੇ ਦੇ 10 ਕੁ ਪਿੰਡਾਂ 'ਚੋਂ ਕਿਸਾਨਾਂ ਨੇ "ਟਿੱਡੀ ਦਲ" ਦੇ ਹਮਲੇ ਸਬੰਧੀ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਮਨਜੀਤ ਸਿੰਘ ਮੁਤਾਬਕ, "ਸਾਡੀਆਂ ਟੀਮਾਂ ਪਿਛਲੇ 15 ਦਿਨਾਂ ਤੋਂ ਰਾਜਸਥਾਨ ਦੀ ਸਰਹੱਦ 'ਤੇ ਬਾਕਾਇਦਾ ਤੌਰ 'ਤੇ ਤਾਇਨਾਤ ਹਨ। ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਬੋਹਰ ਤੇ ਖੂਈਆਂ ਸਰਵਰ ਦੇ ਖੇਤਾਂ 'ਚ 40 ਤੋਂ 50 ਦੇ ਕਰੀਬ ਟਿੱਡੀਆਂ ਪ੍ਰਤੀ ਏਕੜ 'ਚ ਆਈਆਂ ਹਨ।"

ਉਹ ਅੱਗੇ ਕਹਿੰਦੇ ਹਨ, "ਜਦੋਂ ਤੱਕ ਪ੍ਰਤੀ ਏਕੜ 4 ਹਜ਼ਾਰ ਟਿੱਡੀਆਂ ਦਾ ਹਮਲਾ ਨਹੀਂ ਹੁੰਦਾ, ਉਦੋਂ ਤੱਕ ਕਿਸੇ ਵੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।"

ਪੰਜਾਬ ਸਰਕਾਰ ਨੇ ਕੀ ਕਿਹਾ

ਪੰਜਾਬ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਟਿੱਡੀ ਦਲ ਵਾਸਤੇ ਸਰਵੇਖਣ ਕਰ ਰਿਹਾ ਹੈ। ਅਜੇ ਤੱਕ ਪੰਜਾਬ ਵਿੱਚ ਕਿਸੇ ਵੀ ਥਾਂ ਉੱਤੇ ਟਿੱਡੀ ਦਲ ਦਾ ਨੁਕਸਾਨ ਵੇਖਣ ਵਿੱਚ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਅਤੇ ਮੁਕਤਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਹਾਪਰ ਜਾਂ ਛੋਟੇ ਸਮੂਹ (5-20 ਟਿੱਡੇ) ਪਾਏ ਗਏ ਹਨ।

ਬਿਆਨ ਵਿੱਚ ਕਿਹਾ ਗਿਆ ਕਿ ਇਸ ਸਮੇਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਨਾ ਕਿ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਕੁੱਝ ਖ਼ਬਰਾਂ ਤੋਂ ਘਬਰਾ ਕੇ ਛਿੜਕਾਅ ਕਰਨ ਦੀ। ਟਿੱਡੀ ਦਲ ਦੇ ਬਾਲਗ ਕੀੜੇ ਦੀ ਪਹਿਚਾਣ ਇਸ ਦੇ ਪੀਲੇ ਰੰਗ ਦੇ ਸ਼ਰੀਰ ਉਪਰ ਕਾਲੇ ਰੰਗ ਦੇ ਨਿਸ਼ਾਨਾਂ ਅਤੇ ਜਬਾੜੇ ਗੂੜ੍ਹੇ ਜਾਮਣੀ ਤੋਂ ਕਾਲੇ ਰੰਗ ਤੋਂ ਹੁੰਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਡਾ. ਪਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਮੌਜੂਦਾ ਟਿੱਡੀ ਦਲ ਦੇ ਕੁੱਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਫ਼ਸਲਾਂ ਦਾ ਆਰਥਿਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ।

ਉਨ੍ਹਾਂ ਦੱਸਿਆ ਕਿ ਰਾਜਸਥਾਨ ਵੱਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ 'ਤੇ ਕਾਬੁ ਪਾ ਲਿਆ ਗਿਆ ਹੈ। ਕਿਸਾਨਾਂ ਇਸ ਕੀੜੇ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ਵਿੱਚ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ ਏ ਯੂ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ।

ਪੰਜਾਬ ਦੇ ਕਿਸਾਨ ਕਮਿਸ਼ਨ ਦੇ ਚੈਅਰਮੈਨ ਨੇ ਵੀ ਟਵੀਟ ਕਰਕੇ ਇਸ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਮੌਜਗੜ੍ਹ ਵਿੱਚ ਉਨ੍ਹਾਂ ਦੇ ਕਿੰਨੂਆਂ ਦੇ ਦਰਖ਼ਤਾਂ ਤੇ ਕੁਝ ਟਿੱਡੇ ਦੇਖੇ ਗਏ ਹਨ।

ਕਿੱਥੋਂ ਆਇਆ ਟਿੱਡੀ ਦਲ

ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ 'ਟਿੱਡੀ ਦਲ' ਦਾ ਅਸਲ ਜਨਮ ਸਾਉਦੀ ਅਰਬ, ਅਫਗਾਨਿਸਤਾਨ ਵਰਗੇ ਰੇਤਲੇ ਤੇ ਪਾਣੀ ਰਹਿਤ ਖੇਤਰਾਂ 'ਚ ਹੁੰਦਾ ਹੈ।

"ਪਾਣੀ ਤੇ ਹਰਿਆਵਲ ਦੀ ਭਾਲ 'ਚ ਇਹ ਟਿੱਡੀਆਂ ਕਰੋੜਾਂ ਦੀ ਗਿਣਤੀ 'ਚ ਪਰਵਾਸ ਕਰਦੀਆਂ ਹਨ ਤੇ ਜਿੱਥੇ ਵੀ ਹਰੀ ਫ਼ਸਲ ਜਾਂ ਦਰੱਖਤ ਤੇ ਪੌਦੇ ਮਿਲਦੇ ਹਨ, ਉਸ ਨੂੰ ਚੱਟ ਜਾਂਦੀਆਂ ਹਨ।"

ਡਾ. ਬਰਾੜ ਨੇ ਦੱਸਿਆ, "ਆਹਣ ਦਾ ਲੱਖਾਂ ਟਿੱਡੀਆਂ ਦਾ ਝੁੰਡ 70 ਤੋਂ 100 ਕਿਲੋਮੀਟਰ ਦੀ ਰਫ਼ਤਾਰ ਨਾਲ ਉਡਦਾ ਹੈ ਤੇ ਹਰੀਆਂ ਫ਼ਸਲਾਂ ਨੂੰ ਖਾ ਜਾਂਦਾ ਹੈ।"

ਕਿੱਥੇ ਕਰਦਾ ਹੈ 'ਟਿੱਡੀ ਦਲ' ਹਮਲਾ

ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ 'ਟਿੱਡੀ ਦਲ' ਹਰੇ ਭਰੇ ਖੇਤਾਂ ਤੋਂ ਇਲਾਵਾ ਛੋਟੇ ਤੋਂ ਲੈ ਕੇ ਵੱਢੇ ਰੁੱਖਾਂ ਤੱਕ ਦਾ ਨਾਸ਼ 4 ਤੋਂ 5 ਮਿੰਟ ਦੇ ਹਮਲੇ 'ਚ ਹੀ ਕਰ ਦਿੰਦਾ ਹੈ।

ਪੰਜਾਬ ਦੇ ਖੇਤੀਬਾੜੀ ਵਿਭਾਗ ਦਾ ਮੰਨਣਾ ਹੈ ਕਿ 'ਟਿੱਡੀ ਦਲ' ਨੇ ਇਸ ਵਾਰ ਪਾਕਿਸਤਾਨ ਦੇ ਰਸਤੇ ਪਹਿਲਾਂ ਰਾਜਸਥਾਨ 'ਚ ਫ਼ਸਲਾਂ 'ਤੇ ਹਮਲਾ ਕੀਤਾ ਅਤੇ ਫਿਰ ਪੰਜਾਬ 'ਚ ਕੁੱਝ ਕੁ ਟਿੱਡੀਆਂ ਦਲ ਤੋਂ ਵਿੱਛੜ ਕੇ ਆ ਗਈਆਂ।

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਦਾ ਦਾਅਵਾ ਹੈ, "ਪੰਜਾਬ ਦੇ ਕਿਸੇ ਪਿੰਡ 'ਚ 'ਟਿੱਡੀ ਦਲ' ਦਾ ਅਜਿਹਾ ਹਮਲਾ ਨਹੀਂ ਹੋਇਆ ਜਿਸ ਨਾਲ ਫ਼ਸਲ ਦਾ ਕੋਈ ਨੁਕਸਾਨ ਹੋ ਸਕਦਾ ਹੋਵੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

ਕਿਵੇਂ ਭਜਾ ਸਕਦੇ ਹਾਂ 'ਟਿੱਡੀ ਦਲ'

ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਆਹਣ ਨੂੰ ਖੇਤਾਂ 'ਚੋਂ ਭਜਾਉਣ ਲਈ ਕਿਸਾਨਾਂ ਨੂੰ ਪੀਪੇ ਤੇ ਢੋਲ ਖੜਕਾਉਣੇ ਚਾਹੀਦੇ ਹਨ ਕਿਉਂਕਿ 'ਟਿੱਡੀ ਦਲ' ਖੜਕੇ ਤੋਂ ਡਰ ਕੇ ਭੱਜਦਾ ਹੈ।

ਅਬੋਹਰ ਦੇ ਪਿੰਡ ਗੋਬਿੰਦਗੜ੍ਹ ਦੇ ਇੱਕ ਕਿਸਾਨ ਗਮਦੂਰ ਸਿੰਘ ਬਰਾੜ ਨੇ ਕਿਹਾ, "ਅਸੀਂ ਆਪਣੇ ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਗੀਤ ਵਜਾ ਕੇ ਦਿਨ-ਰਾਤ ਖੇਤਾਂ ਦੀ ਰਾਖੀ ਕਰ ਰਹੇ ਹਾਂ। ਰਾਤਾਂ ਠੰਡੀਆਂ ਹਨ ਪਰ ਮਜ਼ਬੂਰੀ ਹੈ, ਕੀ ਕਰੀਏ।"

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਹਾਈ ਅਲਰਟ 'ਤੇ ਹੈ ਤੇ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹੈ।

"ਸਾਡੀਆਂ ਵਿਸ਼ੇਸ਼ ਟੀਮਾਂ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਟਿੱਡੀ ਦਲ ਦੇ ਮੁੱਦੇ ਨੂੰ ਲੈ ਕੇ ਰਾਜਸਥਾਨ ਦੀ ਸਰਹੱਦ 'ਤੇ ਵਸੇ ਪੰਜਾਬ ਦੇ ਪਿੰਡਾਂ ਦੀ ਨਿਗਰਾਨੀ ਕਰ ਰਹੀਆਂ ਹਨ।"

ਸਿਰਸਾ ਵਿੱਚ ਕੰਟਰੋਲ ਰੂਮ ਸਥਾਪਤ

ਕੁਝ ਅਜਿਹਾ ਹੀ ਹਾਲ ਰਾਜਸਥਾਨ ਦੇ ਨਾਲ ਲੱਗਦੇ ਸਿਰਸਾ ਜ਼ਿਲ੍ਹੇ ਵਿੱਚ ਵੀ ਹੈ। ਜ਼ਿਲ੍ਹਾ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਲੋੜ ਨਹੀਂ ਹੈ।

ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਸਾ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿੱਚ ਖੇਤੀ ਮਹਿਕਮੇ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਕੰਟਰੋਲ ਰੂਮ ਦੇ ਮੋਬਾਈਲ ਨੰਬਰ 94162-51690 ਅਤੇ 94162-49481 ਅਤੇ 94666-12403 ਜਾਰੀ ਕੀਤੇ ਗਏ ਹਨ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਅਧਿਕਾਰੀ ਡਾ. ਬਾਬੂ ਲਾਲ ਨੇ ਦੱਸਿਆ, "ਰਾਜਸਥਾਨ ਤੋਂ ਸਿਰਸਾ ਦੇ ਪਿੰਡ ਚੌਟਾਲਾ, ਭਾਰੂਖੇੜਾ ਅਤੇ ਮੰਮੜਖੇੜਾ ਵਿੱਚ ਇੱਕਾ-ਦੁੱਕਾ ਟਿੱਡੀਆਂ ਵੇਖੀਆਂ ਗਈਆਂ ਹਨ। ਇਹ ਟਿੱਡੀਆਂ ਟਿੱਡੀ ਦਲ 'ਚੋਂ ਤੇਜ਼ ਹਵਾ ਨਾਲ ਆਈਆਂ ਲੱਗਦੀਆਂ ਹਨ। ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਇਸ ਲਈ ਹਾਲੇ ਤੱਕ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈ।"

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ ਲੱਗਦੇ ਪਿੰਡ ਚੱਠਾ, ਫੁੱਲੋ ਅਤੇ ਦੇਸੂਜੋਧਾ ਦੇ ਕੁਝ ਖੇਤਾਂ ਵਿੱਚ ਟਿੱਡੀਆਂ ਵੇਖੀਆਂ ਗਈਆਂ ਹਨ। ਟਿੱਡੀਆਂ ਬਹੁਤ ਘੱਟ ਹਨ, ਇਸ ਲਈ ਹਾਲੇ ਸਪਰੇਅ ਦੀ ਲੋੜ ਨਹੀਂ ਹੈ। ਖੇਤੀ ਵਿਭਾਗ ਦੇ ਅਧਿਕਾਰੀ ਰਾਜਸਥਾਨ ਦੇ ਖੇਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਖੇਤੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਟੀਮਾ ਕਿਸਾਨਾਂ ਦੇ ਸੰਪਰਕ ਵਿੱਚ ਹਨ।

ਕਿਸਾਨਾਂ ਦੀ ਚਿੰਤਾ

ਪਿੰਡ ਭਾਰੂਖੇੜਾ ਦੇ ਕਿਸਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ, "ਭਾਵੇਂ ਹਾਲੇ ਟਿੱਡੀ ਦਲ ਨਹੀਂ ਕੁਝ ਟਿੱਡੀਆਂ ਹੀ ਉਨ੍ਹਾਂ ਦੇ ਖੇਤਾਂ ਵਿੱਚ ਆਈਆਂ ਹਨ ਪਰ ਇਹ ਕਿਸਾਨਾਂ ਲਈ ਚਿੰਤਾ ਵਾਲੀ ਗੱਲ ਜਰੂਰ ਹੈ। ਸਾਡੇ ਪਿੰਡ ਸਾਲ 1993 ਵਿੱਚ ਟਿੱਡੀ ਦਲ ਆਇਆ ਸੀ। ਉਦੋਂ ਉਨ੍ਹਾਂ ਨੇ ਪਿੰਡ ਦੀਆਂ ਸਾਰੀਆਂ ਫ਼ਸਲਾਂ ਚੱਟ ਕਰ ਦਿੱਤੀਆਂ ਸਨ।"

ਉਨ੍ਹਾਂ ਦੱਸਿਆ ਕਿ ਟਿੱਡੀ ਦਲ ਤੋਂ ਬਚਨ ਲਈ ਕੀ-ਕੀ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ:

ਪ੍ਰਹਿਲਾਦ ਸਿੰਘ ਮੁਤਾਬਕ, "ਉਦੋਂ ਟਿਊਬਵੈੱਲ ਤੇ ਮੋਟਰਾਂ ਨਹੀਂ ਇੰਜਨ ਹੁੰਦੇ ਸਨ ਅਤੇ ਇੰਜਨ ਦਾ ਸਲੈਸੰਰ ਖੋਲ੍ਹ ਕੇ ਚਲਾਇਆ ਜਾਂਦਾ ਸੀ ਜਿਸ ਨਾਲ ਟਿੱਡੀਆਂ ਉੱਡ ਜਾਂਦੀਆਂ ਸਨ। ਥਾਲੀਆਂ ਤੇ ਢੋਲ ਵੀ ਖੜ੍ਹਕਾਏ ਜਾਂਦੇ ਸਨ। ਹੁਣ ਵੀ ਲੋਕ ਆਪਣੇ ਖੇਤਾਂ ਵਿੱਚ ਟਰੈਕਟਰਾਂ ਦੇ ਡੈੱਕ ਲਾ ਕੇ ਚਲਾ ਰਹੇ ਹਨ ਉੱਥੇ ਹੀ ਟਰੈਕਟਰਾਂ ਦੇ ਸਲੈਸੰਰ ਵੀ ਖੋਲ੍ਹ ਕੇ ਕਿਸਾਨ ਖੇਤਾਂ 'ਚ ਖੜ੍ਹੇ ਕਰ ਦਿੱਤੇ ਹਨ।"

ਹਾਲਾਂਕਿ ਪਿੰਡ ਭਾਰੂਖੇੜਾ ਦੇ ਹੀ ਕਿਸਾਨ ਰਾਏ ਸਿੰਘ ਤੇ ਵਜੀਰ ਸਿੰਘ ਨੇ ਦੱਸਿਆ ਹੈ ਕਿ ਹਾਲੇ ਤੱਕ ਇੱਕਾ-ਦੁੱਕਾ ਹੀ ਟਿੱਡੀਆਂ ਦੇਖੀਆਂ ਗਈਆਂ ਹਨ ਪਰ ਕਿਸਾਨਾਂ ਨੇ ਖੇਤਾਂ ਵਿੱਚ ਥਾਲੀਆਂ, ਖਾਲੀ ਪੀਪੇ ਰੱਖ ਦਿੱਤੇ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)