ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ

ਸੈਕਸ ਵਰਕਰ Image copyright Getty Images
ਫੋਟੋ ਕੈਪਸ਼ਨ ਸੈਕਸ ਵਰਕਰਾਂ ਦੀਆਂ ਜ਼ਿੰਦਗੀਆਂ ਵਿੱਚ ਬੇਹੱਦ ਮਾੜੇ ਹਾਲਾਤ ਵਿੱਚ ਹਨ (ਸੰਕੇਤਕ ਤਸਵੀਰ)

ਛੋਟੀ ਜਿਹੀ ਬੱਚੀ ਦੀ ਕਾਪੀ ਦੇ ਇੱਕ ਵਰਕੇ 'ਤੇ ਬਣਿਆ ਹੋਇਆ ਇੱਕ ਚਿੱਤਰ ਹੈ ਜਿਸ ਵਿੱਚ ਦੋ ਕੁੜੀਆਂ ਰੋ ਰਹੀਆਂ ਹਨ।

ਮੁੰਬਈ ਦੇ ਕਮਾਠੀਪੁਰਾ ਦੇ ਇੱਕ ਸਥਾਨਕ ਨਗਰਪਾਲਿਕਾ ਸਕੂਲ ਦੀ ਤੀਜੀ ਜਮਾਤ ਦੀ ਸਾਇਮਾ ਇਨ੍ਹਾਂ ਕੁੜੀਆਂ ਦੇ ਗੱਲਾਂ 'ਤੇ ਹੁਣ ਅੱਥਰੂਆਂ ਦੀਆਂ ਤਿੰਨ ਬੂੰਦਾਂ ਬਣਾ ਰਹੀ ਹੈ ਅਤੇ ਉਨ੍ਹਾਂ ਬੂੰਦਾਂ ਨੂੰ ਥੋੜਾ ਗੂੜਾ ਕਰ ਰਹੀ ਹੈ।

ਲਤਿਕਾ ਦੱਸਦੀ ਹੈ, "ਇਨ੍ਹਾਂ ਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਹੋ ਰਹੀ ਹੈ।" ਇਸ ਮਗਰੋਂ ਸਾਇਮਾ ਮੁੜ ਵਰਕਿਆਂ 'ਤੇ ਚਿੱਤਰ ਬਣਾਉਣ ਵਿੱਚ ਲੱਗ ਗਈ। ਹੁਣ ਉਹ ਇੱਕ ਜਨਮਦਿਨ ਪਾਰਟੀ ਦਾ ਚਿੱਤਰ ਬਣਾ ਰਹੀ ਹੈ। ਇੱਕ ਵੱਡਾ ਕੇਕ, ਮੋਮਬਤੀਆਂ, ਗਿਫ਼ਟ, ਪੱਖਾ ਤੇ ਖ਼ੁਸ਼ੀ ਨਾਲ ਚਹਿਕਦੇ ਬੱਚਿਆਂ ਨਾਲ ਭਰਿਆ ਕਮਰਾ।

ਇੱਕ ਹੋਰ ਛੋਟੀ ਬੱਚੀ ਵੀ ਆਪਣੀ ਕਾਪੀ ਖੋਲ੍ਹਦੀ ਹੈ। ਉਸ ਵਿੱਚ ਦਿਲ ਦਾ ਚਿੱਤਰ ਬਣਿਆ ਹੋਇਆ ਹੈ, ਇੱਕ ਲਾਈਨ ਨਾਲ ਉਹ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਹੈ। ਇਨ੍ਹਾਂ ਬੱਚਿਆਂ ਨੇ ਆਪਣੀਆਂ ਕਾਪੀਆਂ ਵਿੱਚ ਜੋ ਬਣਾਇਆ ਹੈ, ਉਸ ਵਿੱਚ ਕੋਈ ਘਰ ਨਹੀਂ ਹੈ ਅਤੇ ਨਾ ਹੀ ਘਰ ਦੇ ਬਾਹਰ ਕੋਈ ਚਾਰਦਿਵਾਰੀ ਹੈ।

ਉਸ ਸ਼ਾਮ 50 ਦੇ ਕਰੀਬ ਬੱਚੇ ਰਾਤ ਵਿੱਚ ਚੱਲਣ ਵਾਲੇ ਸ਼ੈਲਟਰ ਵਿੱਚ ਵਾਪਸ ਆਏ। ਇਹ ਸ਼ੈਲਟਰ ਮੁੰਬਈ ਦੇ ਬਦਨਾਮ ਇਲਾਕੇ ਕਮਾਠੀਪੁਰਾ ਵਿੱਚ ਗ਼ੈਰ-ਸਰਕਾਰੀ ਸੰਗਠਨ ਪ੍ਰਰੇਨਾ ਵਲੋਂ ਚਲਾਇਆ ਜਾ ਰਿਹਾ ਹੈ। ਇਸ ਸ਼ੈਲਟਰ ਵਿੱਚ ਸਕੈਸ ਵਰਕਰਾਂ ਦੇ ਬੱਚਿਆਂ ਨੂੰ ਰਾਤ ਭਰ ਰੱਖਣ ਦਾ ਪ੍ਰਬੰਧ ਹੈ।

ਫੋਟੋ ਕੈਪਸ਼ਨ ਸਾਇਮਾ ਦੁਆਰਾ ਬਣਿਆ ਹੋਇਆ ਇੱਕ ਚਿੱਤਰ ਹੈ, ਜਿਸ ਵਿੱਚ ਦੋ ਕੁੜੀਆਂ ਰੋ ਰਹੀਆਂ ਹਨ

ਇਹ ਵੀ ਪੜ੍ਹੋ:

ਸ਼ੈਲਟਰ ਦੇ ਕਮਰੇ ਪੂਰੀ ਤਰ੍ਹਾਂ ਸਜਾਏ ਹੋਏ ਹਨ। ਕੰਧਾਂ 'ਤੇ ਕ੍ਰਿਸਮਸ ਦੀ ਸਜਾਵਟ ਦਿਖ ਰਹੀ ਹੈ। ਇੱਥੇ ਇੱਕ ਕਾਲਾ ਬੋਰਡ ਹੈ ਅਤੇ ਇੱਕ ਛੋਟਾ ਜਿਹਾ ਸਮੁੰਦਰ ਦਾ ਤੱਟ ਵੀ ਬਣਾਇਆ ਹੋਇਆ ਹੈ।

ਦੂਜੇ ਪਾਸੇ ਚਟਾਈ ਅਤੇ ਬੈੱਡਸ਼ੀਟਾਂ ਰੱਖੀਆਂ ਹੋਈਆਂ ਹਨ। ਉੱਥੇ ਇੱਕ ਛੋਟਾ ਜਿਹਾ ਗੁਸਲਖਾਨਾ ਹੈ। ਇੱਕ ਰਸੋਈ ਵੀ ਹੈ ਜਿੱਥੇ ਇਨ੍ਹਾਂ ਬੱਚਿਆਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ। ਫਿਲਹਾਲ ਇਹ ਇਨ੍ਹਾਂ ਬੱਚਿਆਂ ਦਾ ਘਰ ਹੈ।

ਉਹ ਆਪਣੇ ਨਾਲ ਸਕੂਲ ਬੈਗ ਤੇ ਰਾਤ ਨੂੰ ਬਦਲਣ ਲਈ ਕਪੜੇ ਲੈ ਕੇ ਆਏ ਹਨ, ਪਰ ਉਨ੍ਹਾਂ ਦਾ ਬਾਕੀ ਸਮਾਨ ਕਿਤੇ ਹੋਰ ਹੈ। ਉਸ ਗੰਦੇ ਜਿਹੇ ਕਮਰੇ ਵਿੱਚ ਜਿੱਥੇ ਉਨ੍ਹਾਂ ਦੀ ਮਾਂ ਰਹਿੰਦੀ ਹੈ। ਉਹ ਆਪਣੇ ਇਸ ਘਰ ਵਿੱਚ ਆਉਂਦੇ ਹਨ ਪਰ ਇੱਥੇ ਜ਼ਿਆਦਾ ਦੇਰ ਨਹੀਂ ਰਹਿ ਪਾਉਂਦੇ।

ਜੀਨਸ ਤੇ ਇੱਕ ਧਾਰੀਦਾਰ ਕਮੀਜ਼ ਪਾਈ ਇੱਕ ਜਵਾਨ ਮਾਂ ਗਲੀ ਦੇ ਬਾਹਰ ਖੜੀ ਹੈ। ਉਸਨੇ ਲਾਲ ਰੰਗ ਦੀ ਲਿਪਸਟਿਕ ਲਾਈ ਹੋਈ ਹੈ ਅਤੇ ਬਹੁਤ ਸਾਰਾ ਮੇਕਅਪ ਕੀਤਾ ਹੋਇਆ ਹੈ।

ਉਸਦਾ ਤਿੰਨ ਸਾਲ ਦਾ ਬੱਚਾ ਸੈਂਟਰ ਵਿੱਚ ਆਉਂਦੇ ਹੋਏ ਰੋ ਰਿਹਾ ਹੈ। ਹਾਲਾਂਕਿ ਉਹ ਪਿੱਛੇ ਮੁੜ ਕੇ ਆਪਣੀ ਮਾਂ ਨੂੰ ਨਹੀਂ ਵੇਖਦਾ, ਉਹ ਮਾਂ ਜਿਸ ਨੂੰ ਆਪਣੇ ਕੰਮ 'ਤੇ ਵਾਪਸ ਜਾਣਾ ਹੈ। ਪੈਸਿਆਂ ਦੇ ਬਦਲੇ ਮਰਦਾਂ ਨਾਲ ਸੈਕਸ ਕਰਨ ਦਾ ਕੰਮ।

ਕਮਾਠੀਪੁਰਾ ਦੀ ਗਲੀ ਨੰਬਰ ਨੌ ਵਿੱਚ ਬਣੇ ਸੈਂਟਰ ਦੀ ਸੁਪਰਵਾਈਜ਼ਰ ਮੁਗਧੀ ਦੱਸਦੇ ਹਨ, "ਨਵਾਂ ਬੱਚਾ ਹੈ। ਉਸ ਨੂੰ ਪਤਾ ਹੈ ਕਿ ਉਸ ਨੂੰ ਇੱਥੇ ਆਉਣਾ ਪਏਗਾ ਪਰ ਰੋ ਰਿਹਾ ਹੈ। ਉਹ ਹੌਲੀ ਹੌਲੀ ਠੀਕ ਹੋ ਜਾਵੇਗਾ। ਸਾਰੇ ਬੱਚੇ ਕਰ ਲੈਂਦੇ ਹਨ। ਇਨ੍ਹਾਂ ਪਰਿਵਾਰਾਂ ਕੋਲ ਕੋਈ ਬਦਲ ਨਹੀਂ ਹੁੰਦਾ।"

ਕਮਾਠੀਪੁਰਾ ਦੇਸ ਵਿੱਚ ਪੁਰਾਣੇ ਸਮੇਂ ਤੋਂ ਹੀ ਵੇਸਵਾਗਮਨੀ ਲਈ ਜਾਣਿਆ ਜਾਂਦਾ ਹੈ। ਇਹ ਲੋਕ ਜ਼ਿਆਦਾ ਕਮਾਈ ਨਹੀਂ ਕਰ ਪਾਉਂਦੇ ਪਰ ਖੇਤਰ ਵਿੱਚ ਮੁੜ ਵਿਕਾਸ ਦੀਆਂ ਯੋਜਨਾਵਾਂ ਕਾਰਨ ਕਿਰਾਇਆ ਵਧਿਆ ਹੈ। ਹੁਣ ਬਹੁਤ ਸਾਰੇ ਵੇਸਵਾ ਘਰ ਵੀ ਨਹੀਂ ਹਨ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਮੁੰਬਈ ਦੇ ਬਦਨਾਮ ਇਲਾਕੇ ਕਮਾਠੀਪੁਰਾ ਦਾ ਦ੍ਰਿਸ਼

ਅਜਿਹੇ ਵਿੱਚ ਸੈਕਸ ਵਰਕਰ ਔਰਤਾਂ ਨੂੰ ਔਖੇ ਹਾਲਾਤਾਂ ਵਿੱਚ ਰਹਿਣਾ ਪੈਂਦਾ ਹੈ। ਛੋਟੇ ਕਮਰਿਆਂ ਵਿੱਚ ਉਨ੍ਹਾਂ ਨੂੰ ਕਿਰਾਏ 'ਤੇ ਬੈੱਡ ਲੈਣੇ ਪੈਂਦੇ ਹਨ। ਅਜਿਹੇ ਕਮਰਿਆਂ ਵਿੱਚ ਛੇ-ਛੇ ਬੈੱਡ ਲੱਗੇ ਹੁੰਦੇ ਹਨ। ਨੀਚੇ ਉਹ ਭੋਜਨ ਬਣਾਉਂਦੇ ਹਨ ਤੇ ਮੰਜਿਆਂ ਦੇ ਹੇਠਾਂ ਆਪਣਾ ਸਮਾਨ ਰੱਖਦੇ ਹਨ।

ਇਹ ਹੀ ਕਾਰਨ ਹੈ ਬੱਚਿਆਂ ਦੀ ਡਰਾਇੰਗ ਵਿੱਚ ਘਰ ਦੇ ਚਿੱਤਰ ਨਹੀਂ ਹਨ। ਇਨ੍ਹਾਂ ਬੱਚਿਆਂ ਦਾ ਘਰ ਨਹੀਂ ਹੈ। ਇਨ੍ਹਾਂ ਬੱਚਿਆਂ ਦੀਆਂ ਮਾਂਵਾਂ ਸੈਕਸ ਵਰਕਰ ਦੇ ਤੌਰ 'ਤੇ ਕੰਮ ਕਰਦੀਆਂ ਹਨ ਪਰ ਆਪਣੇ ਬੱਚਿਆਂ ਨੂੰ ਸਕੂਲ ਭੇਜਦੀਆ ਹਨ ਤਾਂ ਕਿ ਉਨ੍ਹਾਂ ਨੂੰ ਇਸ ਦਲਦਲ ਵਿੱਚ ਨਾ ਰਹਿਣਾ ਪਵੇ।

ਇਨ੍ਹਾਂ ਪਰਿਵਾਰਾਂ ਵਿੱਚ ਮਾਂਵਾਂ ਹਨ, ਉਨ੍ਹਾਂ ਦੇ ਬੱਚੇ ਹਨ ਤੇ ਬਹੁਤ ਹੋਇਆ ਤਾਂ ਐਨਜੀਓ ਵਾਲੇ ਜੋ ਇਨ੍ਹਾਂ ਬੱਚਿਆਂ ਦੀ ਦੇਖ-ਭਾਲ ਕਰਦੇ ਹਨ। ਪਿਤਾ ਦਾ ਜ਼ਿਕਰ ਨਹੀਂ ਕੀਤਾ ਜਾਂਦਾ।

ਸੈਕਸ ਵਰਕਰ ਹਮੇਸ਼ਾ ਆਪਣੇ ਦਮ 'ਤੇ ਜਿਉਣ ਨੂੰ ਜ਼ੋਰ ਦਿੰਦੇ ਹਨ ਕਿਉਂਕਿ ਉਨ੍ਹਾਂ ਅਨੁਸਾਰ ਸਾਰੇ ਮਰਦ ਦੁਰਵਿਵਹਾਰ, ਵਿਸ਼ਵਾਸਘਾਤ ਤੇ ਸੋਸ਼ਣ ਕਰਦੇ ਹਨ।

ਜਿਹੜੀਆਂ ਮਾਵਾਂ ਆਈਵੀਐਫ ਨਾਲ ਬੱਚਿਆਂ ਨੂੰ ਜਨਮ ਦਿੰਦੀਆਂ ਹਨ, ਤਲਾਕ ਜਾਂ ਅਲੱਗ ਹੋਣ ਤੋਂ ਬਾਅਦ ਬੱਚਾ ਗੋਦ ਲੈਂਦੀਆਂ ਹਨ, ਉਹ ਵੀ ਸਿੰਗਲ ਮਾਂਵਾਂ ਹੀ ਹੁੰਦੀਆਂ ਹਨ, ਪਰ ਉਨ੍ਹਾਂ ਦੇ ਮੁਕਾਬਲੇ, ਸੈਕਸ ਵਰਕਰਾਂ ਨੂੰ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਕ ਤਾਂ ਉਨ੍ਹਾਂ ਨੂੰ ਵੇਸਵਾਗਮਨੀ ਵਾਲੇ ਇਲਾਕੇ ਵਿੱਚ ਰਹਿਣਾ ਪੈਂਦਾ ਹੈ। ਅਸੁਰੱਖਿਅਤ ਵਾਤਾਵਰਨ ਅਤੇ ਘਰ ਦੀ ਕਮੀ ਹੋਣ ਦੇ ਨਾਲ, ਉਨ੍ਹਾਂ ਨੂੰ ਇੱਕ ਕਲੰਕ ਸਹਿਣਾ ਪੈਂਦਾ ਹੈ।

ਦੁਨੀਆਂ ਭਰ ਦੀਆਂ ਸੈਕਸ ਵਰਕਰਾਂ ਨੂੰ ਮਾਪਿਆਂ ਵਜੋਂ ਵਿਤਕਰੇ ਅਤੇ ਕਲੰਕ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਅਤੇ ਸਮਾਜ ਦੇ ਨੈਤਿਕ ਦਬਾਅ ਕਾਰਨ ਕੁਝ ਦੇਸਾਂ ਵਿੱਚ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਅਧਿਕਾਰ ਵੀ ਛੱਡਣੇ ਪੈਂਦੇ ਹਨ।

ਇਹ ਵੀ ਪੜ੍ਹੋ:

ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਸੈਕਸ ਵਰਕਰ ਚੰਗੇ ਰਖਵਾਲਿਆਂ ਦੀ ਭੂਮਿਕਾ ਨਹੀਂ ਨਿਭਾ ਸਕਦੇ। ਇਨ੍ਹਾਂ ਧਾਰਨਾਵਾਂ ਦੇ ਕਾਰਨ, ਉਨ੍ਹਾਂ ਦੇ ਕੰਮ ਦੀ ਕੋਈ ਇੱਜ਼ਤ ਨਹੀਂ ਹੁੰਦੀ ਅਤੇ ਸੈਕਸ ਵਰਕਰਾਂ ਨਾਲ ਨੈਤਿਕਤਾ ਦੀ ਗੱਲ ਕੀਤੀ ਜਾਂਦੀ ਹੈ।

ਮਿਤਾਲੀ (ਨਾਮ ਬਦਲਿਆ ਹੈ) ਕਹਿੰਦੀ ਹੈ ਕਿ ਉਸ ਦੇ ਕਮਰੇ ਵਿੱਚ ਇੱਕੋ ਮੰਜਾ ਹੈ ਅਤੇ ਮੰਜੇ ਦੇ ਹੇਠਾਂ ਦੀ ਜਗ੍ਹਾਂ ਹੈ। ਇੱਕ ਪੁਰਾਣੀ ਇਮਾਰਤ ਹੈ ਜਿਸ ਦੀਆਂ ਪੌੜੀਆਂ ਟੁੱਟੀਆਂ ਹੋਈਆਂ ਹਨ ਅਤੇ ਕੰਧਾਂ ਵੀ ਖ਼ਰਾਬ ਹਨ।

ਮਿਤਾਲੀ 15 ਸਾਲ ਪਹਿਲਾਂ ਕਮਾਠੀਪੁਰਾ ਆਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹ ਆਪਣੇ ਦੋ ਬੱਚਿਆਂ ਨੂੰ ਪਾਲਣ ਲਈ ਪੱਛਮੀ ਬੰਗਾਲ ਵਿੱਚ ਆਪਣੀ ਮਾਂ ਦੇ ਘਰ ਗਈ, ਪਰ ਉਸਦੇ ਮਾਪੇ ਬਹੁਤ ਗਰੀਬ ਸਨ।

ਮਿਤਾਲੀ ਦੇ ਦੱਸਿਆ, "ਉਹ ਇੰਨੇ ਗਰੀਬ ਸੀ ਕਿ ਸਾਨੂੰ ਭੋਜਨ ਦੇ ਲਾਲੇ ਪੈ ਗਏ।"

ਇੱਕ ਜਾਣਕਾਰ ਰਾਹੀਂ ਉਹ ਕਮਾਠੀਪੁਰਾ ਆਈ ਸੀ ਜਿਸਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੂੰ ਘਰ ਵਿੱਚ ਸਫ਼ਾਈ ਕਰਨ ਦਾ ਕੰਮ ਮਿਲ ਜਾਵੇਗਾ। ਪਰ ਹੋਰਾਂ ਦੀ ਤਰ੍ਹਾਂ ਉਹ ਵੀ ਵੇਸਵਾ ਘਰ ਪਹੁੰਚ ਗਈ।

ਫਿਰ ਉਹ ਆਪਣੇ ਧੀ-ਪੁੱਤਰ ਨੂੰ ਵੀ ਪਿੰਡੋਂ ਲੈ ਆਈ ਅਤੇ ਉਨ੍ਹਾਂ ਨੂੰ ਕਈ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਚਲਾਏ ਡੇ-ਕੇਅਰ ਸੈਂਟਰ ਤੇ ਨਗਰ ਪਾਲਿਕਾ ਦੀ ਤੀਜੀ ਮੰਜ਼ਲ 'ਤੇ ਚੱਲ ਰਹੇ ਨਾਈਟ ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ।

ਫੋਟੋ ਕੈਪਸ਼ਨ ਕਮਾਠੀਪੁਰਾ

ਬੱਚੇ ਆਪਣੀ ਮਾਂ ਨੂੰ ਦੋ ਵਾਰ ਮਿਲ ਸਕਦੇ ਹਨ - ਪਹਿਲਾਂ ਸਵੇਰੇ, ਨਾਈਟ ਸ਼ੈਲਟਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਅਤੇ ਨਾਸ਼ਤੇ ਤੋਂ ਬਾਅਦ ਸਕੂਲ ਜਾਣ ਵੇਲੇ।

ਮਿਤਾਲੀ ਸਵੇਰੇ ਪੰਜ ਵਜੇ ਉੱਠਦੀ ਹੈ ਅਤੇ ਆਪਣੇ ਪੁੱਤਰ ਲਈ ਟਿਫਿਨ ਤਿਆਰ ਕਰਦੀ ਹੈ। ਮੁੰਡਾ 12 ਸਾਲਾਂ ਦਾ ਹੈ ਅਤੇ ਸਕੂਲ ਵਿੱਚ ਪੜ੍ਹਦਾ ਹੈ। ਇਸ ਤੋਂ ਬਾਅਦ, ਮਿਤਾਲੀ ਸੌਂ ਜਾਂਦੀ ਹੈ ਅਤੇ ਫਿਰ ਦੁਪਹਿਰ ਵੇਲੇ ਉੱਠ ਕੇ ਆਪਣੇ ਪੁੱਤਰ ਲਈ ਭੋਜਨ ਪਕਾਉਂਦੀ ਹੈ। ਉਸ ਦਾ ਪੁੱਤਰ ਕਰੀਬ ਚਾਰ ਵਜੇ ਵਾਪਸ ਆਉਂਦਾ ਹੈ ਅਤੇ ਖਾਣਾ-ਖਾਣ ਤੋਂ ਬਾਅਦ ਨਾਈਟ ਸ਼ੈਲਟਰ ਵਿੱਚ ਚਲਾ ਜਾਂਦਾ ਹੈ।

ਇਸ ਤੋਂ ਬਾਅਦ ਮਿਤਾਲੀ ਆਪਣੇ ਕੰਮ ਲਈ ਤਿਆਰ ਹੁੰਦੀ ਹੈ।

ਉਹ ਦੱਸਦੀ ਹੈ, "ਮੈਂ ਆਪਣੇ ਪੁੱਤ ਲਈ ਜੋ ਕੁਝ ਕਰ ਸਕਦੀ ਹਾਂ, ਉਹ ਸਭ ਕਰ ਰਹੀ ਹਾਂ। ਮੈਂ ਵੀ ਇੱਕ ਮਾਂ ਹਾਂ ਅਤੇ ਆਪਣੇ ਬੱਚੇ ਨੂੰ ਸਭ ਤੋਂ ਵਧੀਆ ਸਹੂਲਤਾਂ ਦੇਣਾ ਚਾਹੁੰਦੀ ਹਾਂ।"

ਪਰ ਇਸ ਇਲਾਕੇ ਦੀਆਂ ਆਪਣੀਆਂ ਮੁਸ਼ਕਿਲਾਂ ਹਨ। ਬੱਚਿਆਂ ਨੂੰ ਪਹਿਲਾਂ ਲੱਗਦਾ ਹੈ ਕਿ ਉਨ੍ਹਾਂ ਦੀ ਮਾਂ ਕਿਸੇ ਹੋਰ ਬੱਚੇ ਦੀ ਮਾਂ ਦੀ ਤਰ੍ਹਾਂ ਕੰਮ ਕਰਦੀ ਹੈ। ਬਾਅਦ ਵਿੱਚ ਉਨ੍ਹਾਂ ਨੂੰ ਆਪਣੀ ਮਾਂ ਦੇ ਕੰਮ ਬਾਰੇ ਪਤਾ ਲੱਗਦਾ ਹੈ ਪਰ ਇਸ ਸਥਿਤੀ ਨੂੰ ਨਹੀਂ ਬਦਲਿਆ ਜਾ ਸਕਦਾ।

ਮਿਤਾਲੀ ਕਹਿੰਦੀ ਹੈ ਕਿ ਘਰ ਦੇ ਤੌਰ 'ਤੇ ਇਹ ਹੀ ਸਾਡੇ ਕੋਲ ਹੈ ਤੇ ਮੇਰੇ ਬੱਚੇ ਹੀ ਮੇਰਾ ਪਰਿਵਾਰ ਹਨ।

ਪਹਿਲਾਂ, ਜਦੋਂ ਕਮਾਠੀਪੁਰਾ ਅਤੇ ਫਾਕਲੈਂਡ ਰੋਡ 'ਤੇ ਕੋਈ ਰੈਣ ਬਸੇਰਾ ਨਹੀਂ ਸੀ ਤਾਂ ਇਹ ਮਾਵਾਂ ਆਪਣੇ ਬੱਚਿਆਂ ਨੂੰ ਬਿਸਤਰੇ ਜਾਂ ਅਲਮਾਰੀ ਦੇ ਪਿੱਛੇ ਛੁਪਾਉਂਦੀਆਂ ਸਨ ਜਾਂ ਉਨ੍ਹਾਂ ਨੂੰ ਪੌੜੀਆਂ' ਤੇ ਭੇਜਦੀਆਂ ਸਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਬਾਰੇ ਪਤਾ ਨਾ ਲੱਗੇ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਕਮਾਠੀਪੁਰਾ ਵਿੱਚ ਇੱਕ ਸੈਕਸ ਵਰਕਰ ਦਾ ਘਰ

ਮਿਤਾਲੀ ਦੀ ਧੀ ਵੀ ਇਸ ਖੇਤਰ ਵਿੱਚ ਕੁਝ ਸਾਲਾਂ ਲਈ ਰਹੀ ਅਤੇ ਉਸ ਤੋਂ ਬਾਅਦ ਉਸ ਨੂੰ ਨਾਨਾ-ਨਾਨੀ ਨੂੰ ਲੈ ਗਏ। ਹੁਣ ਉਸਦਾ ਵਿਆਹ ਹੋ ਚੁੱਕਿਆ ਹੈ।

ਮਿਤਾਲੀ ਦੇ ਮੁਤਾਬਕ ਇੱਥੇ ਬੱਚੀ ਨੂੰ ਰੱਖਣਾ ਬਹੁਤ ਮੁਸ਼ਕਲ ਸੀ। ਹੁਣ ਸਾਲ ਵਿੱਚ ਇੱਕ ਵਾਰ ਮਿਤਾਲੀ ਆਪਣੇ ਪਿੰਡ ਜਾਂਦੀ ਹੈ ਅਤੇ ਆਪਣੀ ਧੀ ਨੂੰ ਮਿਲਦੀ ਹੈ ਜਦਕਿ ਉਸ ਦਾ ਬੇਟਾ ਉਸ ਦੇ ਨਾਲ ਹੀ ਰਹਿੰਦਾ ਹੈ।

ਮਿਤਾਲੀ ਕਹਿੰਦੀ ਹੈ, "ਮੇਰੇ ਕੋਲ ਇਕ ਛੋਟਾ ਜਿਹਾ ਮੰਜਾ ਹੈ ਪਰ ਇਹ ਮੇਰੇ ਲਈ ਘਰ ਵਰਗਾ ਹੀ ਹੈ। ਲੋਕਾਂ ਨੂੰ ਫੁੱਟਪਾਥ 'ਤੇ ਰਹਿਣਾ ਪੈਂਦਾ ਹੈ। ਇਸ ਸਥਿਤੀ ਵਿੱਚ ਇਹ ਘਰ ਤਾਂ ਹੈ।ਅਸੀਂ ਇਸ ਲਈ ਹੀ ਇਸਨੂੰ ਘਰ ਕਹਿੰਦੇ ਹਾਂ। ਮੇਰੇ ਪੁੱਤਰ ਨੂੰ ਪਤਾ ਹੈ ਕਿ ਉਸ ਨੂੰ ਦਿਨ-ਰਾਤ ਰੈਣ ਬਸੇਰੇ ਵਿੱਚ ਰਹਿਣਾ ਪਵੇਗਾ, ਪਰ ਉਹ ਇਹ ਵੀ ਜਾਣਦਾ ਹੈ ਕਿ ਮੈਂ ਉਸ ਦਾ ਘਰ ਹਾਂ।"

ਜਦੋਂ ਮਿਤਾਲੀ ਇਸ ਸਭ ਬਾਰੇ ਦੱਸਦੀ ਹੈ, ਤਾਂ ਉਸਦੀ ਆਵਾਜ਼ ਵਿੱਚ ਉਦਾਸੀ ਸਾਫ਼ ਦਿਖਾਈ ਦਿੰਦੀ ਹੈ। ਪਹਿਲਾਂ ਉਹ ਥੋੜਾ ਸਾਵਧਾਨੀ ਨਾਲ ਬੋਲਦੀ ਹੈ ਕਿਉਂਕਿ ਸਾਲਾਂ ਦੇ ਵਿਸ਼ਵਾਸਘਾਤ ਨੇ ਉਸ ਨੂੰ ਹਰ ਚੀਜ਼ ਦੇ ਉਦੇਸ਼ ਉੱਤੇ ਸ਼ੱਕ ਕਰਨਾ ਸਿਖਾ ਦਿੱਤਾ ਹੈ।

ਹਾਲਾਂਕਿ, ਬਾਅਦ ਵਿੱਚ ਉਹ ਇਕੱਲੇਪਨ ਅਤੇ ਨਿਰਾਸ਼ਾ ਬਾਰੇ ਗੱਲ ਕਰਦੀ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜੋ ਇੱਥੇ ਹਰੇਕ ਨਾਲ ਸਬੰਧਤ ਹੈ ਅਤੇ ਹਰ ਕੋਈ ਇਸ ਵਿੱਚ ਆਪਣੀ ਗੱਲ ਜੋੜਦਾ ਹੈ। ਇਹ ਲੋਕ ਅਜਿਹੀ ਜਗ੍ਹਾ 'ਤੇ ਰਹਿੰਦੇ ਹਨ ਜਿੱਥੇ ਉਨ੍ਹਾਂ ਦੇ ਮਾਂ ਹੋਣ 'ਤੇ ਵੀ ਪ੍ਰਸ਼ਨ ਉੱਠਣ ਲੱਗਦੇ ਹਨ।

ਕਿਸੇ ਦਿਨ ਉਹ ਆਪਣੇ ਪੁੱਤਰ ਨੂੰ ਚੌਪਾਟੀ ਲੈ ਜਾਂਦੀ ਹੈ। ਉਹ ਆਪਣੇ ਪੁੱਤਰ ਦੇ ਜਨਮ ਦਿਨ ਲਈ ਪੈਸੇ ਇਕੱਠੇ ਕਰਦੀ ਹੈ ਤਾਂ ਜੋ ਉਹ ਉਸਨੂੰ ਨਵੇਂ ਕੱਪੜੇ ਲੈ ਕੇ ਦੇ ਸਕੇ, ਕੇਕ ਖਰੀਦ ਸਕੇ ਅਤੇ ਉਸ ਨੂੰ ਜੇਬ ਖਰਚੀ ਲਈ ਕੁਝ ਪੈਸੇ ਵੀ ਦੇ ਸਕੇ।

ਮਿਤਾਲੀ ਕਹਿੰਦੀ ਹੈ, "ਅਸੀਂ ਜਨਮਦਿਨ ਦੀ ਪਾਰਟੀ ਨਹੀਂ ਮਨਾਉਂਦੇ ਪਰ ਬਹੁਤ ਕੁਝ ਕਰਦੇ ਹਾਂ। ਮੇਰੀ ਆਪਣੀ ਜ਼ਿੰਦਗੀ ਬਰਬਾਦ ਹੋ ਗਈ ਹੈ ਪਰ ਮੈਂ ਚਾਹੁੰਦੀ ਹਾਂ ਕਿ ਮੇਰੇ ਪੁੱਤਰ ਦੀ ਨੌਕਰੀ ਲੱਗ ਜਾਵੇ ਅਤੇ ਉਸ ਨੂੰ ਨੌਕਰੀ ਆਪਣੇ ਦਮ 'ਤੇ ਮਿਲੇ।"

ਦੂਜੇ ਸੈਕਸ ਵਰਕਰਾਂ ਦੀ ਤਰ੍ਹਾਂ, ਉਨ੍ਹਾਂ ਨੂੰ ਕੋਠੇ ਉੱਤੇ ਇੱਕ 'ਪਿੰਜਰਾ' ਕਿਰਾਏ 'ਤੇ ਲੈਣਾ ਪੈਂਦਾ ਹੈ। ਇੱਕ ਵਾਰ ਦੀ ਵਰਤੋਂ ਲਈ 20 ਰੁਪਏ ਦੇਣੇ ਪੈਂਦੇ ਹਨ। ਕਮਾਠੀਪੁਰਾ ਵਿੱਚ ਪਰਦੇ ਲੱਗੇ ਬੈੱਡ ਨੂੰ ਪਿੰਜਰਾ ਕਿਹਾ ਜਾਂਦਾ ਹੈ।

ਮਿਤਾਲੀ ਦਾ ਕਹਿਣਾ ਹੈ ਕਿ ਕੋਈ ਵੀ ਉਨ੍ਹਾਂ ਦੇ ਕਮਰੇ ਵਾਲੇ ਮੰਜੇ 'ਤੇ ਨਹੀਂ ਆਉਣਾ ਚਾਹੁੰਦਾ, ਇਸ ਲਈ ਉਨ੍ਹਾਂ ਨੂੰ ਪਿੰਜਰਾ ਕਿਰਾਏ 'ਤੇ ਲੈਣਾ ਪੈਂਦਾ ਹੈ।

ਬਹੁਤ ਸਾਰੀਆਂ ਔਰਤਾਂ ਵੱਖੋ ਵੱਖਰੇ ਕਾਰਨਾਂ ਕਰਕੇ ਇਕੱਲੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਸਹੀ ਸਾਥੀ ਨਾ ਲੱਭਣ ਦੇ ਕਾਰਨ, ਆਜ਼ਾਦੀ ਦੇ ਲਈ, ਆਪਣੀ ਇੱਛਾ ਜਾਂ ਵਿਆਹ ਵਿੱਚ ਮਿਲ ਰਹੇ ਅਪਮਾਨ ਤੋਂ ਬਚਣ ਦੇ ਕਾਰਨ ਸ਼ਾਮਲ ਹਨ।

ਇਸਦੇ ਉਲਟ, ਸੈਕਸ ਵਰਕਰਾਂ ਨਾਲ ਜੁੜੇ ਅੰਕੜਿਆਂ ਦੇ ਅਨੁਸਾਰ, ਉਹ ਮੰਨਦੀਆਂ ਹਨ ਕਿ ਮਰਦ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਇਕੱਲੇ ਰਹਿਣ ਨੂੰ ਤਰਜੀਹ ਦਿੰਦੀਆਂ ਹਨ।

ਸੱਚਾਈ ਇਹ ਹੈ ਕਿ ਸੈਕਸ ਵਰਕਰਾਂ ਦੇ ਬੱਚਿਆਂ ਨੂੰ ਸਕੂਲ ਅਤੇ ਸਮਾਜ ਵਿੱਚ ਬਹੁਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸਮਾਜ ਵਿੱਚ ਸੈਕਸ ਵਰਕਰਾਂ ਦੇ ਕੰਮਕਾਜ ਨੂੰ ਲੈ ਕੇ ਵੱਖੋ-ਵਖਰੇ ਫੈਸਲੇ ਲਏ ਜਾਂਦੇ ਹਨ।

ਇਹ ਵੀ ਦੇਖੋ:

ਵੀਡਿਓ: ਇੱਕ ਵਿਲੱਖਣ ਸਕੂਲ ਜਿੱਥੇ ਹੋਮਵਰਕ ਦੀ ਚਿੰਤਾ ਨਹੀਂ

ਵੀਡਿਓ: ਚੀਨ ਵਿੱਚ ਵਾਇਰਸ ਤੋਂ ਡਰੇ ਭਾਰਤੀ ਕੀ ਕਹਿੰਦੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)