ਭਾਰਤ ਨੂੰ ਕੌਮਾਂਤਰੀ ਖੇਡਾਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਤੋਂ ਮੈਡਲ ਦੀਆਂ ਉਮੀਦਾਂ ਕਿਉਂ ਵੱਧ ਹਨ

ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ Image copyright Getty Images
ਫੋਟੋ ਕੈਪਸ਼ਨ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੂੰ ਪਿਛਲੀਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਮਿਲਿਆ

ਇਸ ਵਾਰ ਦੀਆਂ ਟੋਕਿਓ ਓਲੰਪਿਕਸ ਵਿੱਚ ਭਾਰਤੀ ਖਿਡਾਰਨਾਂ 'ਤੇ ਵਧੀਆ ਖੇਡਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਤੋਂ ਰੀਓ ਡੀ ਜਨੇਰੀਓ ਵਿੱਚ ਹੋਏ ਪਿਛਲੇ ਓਲੰਪਿਕ ਖੇਡਾਂ ਨਾਲੋਂ ਵਧੀਆ ਖੇਡਣ ਦੀ ਉਮੀਦ ਬੰਨੀ ਜਾ ਰਹੀ ਹੈ।

2016 ਵਿੱਚ ਸਿਰਫ਼ ਦੋ ਮੈਡਲ ਭਾਰਤ ਦੇ ਹਿੱਸੇ ਆਏ ਸਨ। ਇੱਕ ਬੈਡਮਿੰਟਨ ਵਿੱਚ ਪੀ ਵੀ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਦੂਜਾ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ। ਇਹ ਤਗਮੇ ਭਾਰਤ ਵਰਗੇ ਦੇਸ ਲਈ ਵੀ ਕਾਫ਼ੀ ਘੱਟ ਸਨ ਜੋ ਰਵਾਇਤੀ ਤੌਰ 'ਤੇ ਇਨ੍ਹਾਂ ਖੇਡਾਂ ਵਿੱਚ ਮਾੜਾ ਪ੍ਰਦਰਸ਼ਨ ਕਰਦਾ ਰਿਹਾ ਹੈ।

ਜੇ ਸਾਲ 2019 ਵਿੱਚ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਸਿੰਧੂ ਭਾਰਤ ਲਈ ਤਗਮਾ ਜਿੱਤਣ ਦੀ ਸਭ ਤੋਂ ਮੋਢੀ ਉਮੀਦਵਾਰ ਹੈ ਤਾਂ ਇਹ ਭਾਰਤੀ ਖਿਡਾਰਨਾਂ ਦਾ ਕਈ ਸਾਲਾਂ ਦੌਰਾਨ ਕੀਤੀ ਤਰੱਕੀ ਦਾ ਪ੍ਰਤੀਬਿੰਬ ਹੈ।

ਸ਼ੂਟਿੰਗ, ਤੀਰਅੰਦਾਜ਼ੀ, ਕੁਸ਼ਤੀ, ਬੈਡਮਿੰਟਨ, ਜਿਮਨਾਸਟਿਕ, ਟਰੈਕ ਅਤੇ ਫੀਲਡ ਸਮੇਤ ਕਈ ਓਲੰਪਿਕ ਖੇਡਾਂ ਵਿੱਚ, ਦੇਸ ਦੇ ਖਿਡਾਰੀਆਂ ਦੇ ਮੁਕਾਬਲੇ ਖਿਡਾਰਨਾਂ ਤਗਮਾ ਜਿੱਤਣ ਦੀਆਂ ਵਧ ਦਾਅਵੇਦਾਰ ਹਨ।

ਅਜਿਹੇ ਦੇਸ ਵਿੱਚ ਜੋ ਰਵਾਇਤੀ ਤੌਰ 'ਤੇ ਪੁਰਸ਼ਵਾਦੀ ਹੈ ਤੇ ਔਰਤਾਂ ਨੂੰ ਸੱਭਿਆਚਾਰਕ ਅਤੇ ਸਮਾਜਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਖੇਡਾਂ ਦੀਆਂ ਸਹੂਲਤਾਂ ਵੀ ਸੀਮਤ ਹੀ ਹਨ।

ਇਸ ਤੋਂ ਇਹ ਪਤਾ ਲਗਦਾ ਹੈ ਕਿ ਦੇਸ ਦੀਆਂ ਖਿਡਾਰਨਾਂ ਨੇ ਪਿਛਲੇ ਸਾਲਾਂ ਦੌਰਾਨ ਕਾਫ਼ੀ ਤਰੱਕੀ ਕੀਤੀ ਹੈ।

ਅੰਕੜੇ ਇੱਕ ਮਿਲੀ-ਜੁਲੀ ਕਹਾਣੀ ਪੇਸ਼ ਕਰਦੇ ਹਨ। ਉਦਾਹਰਣ ਵਜੋਂ, 20 ਸਾਲ ਪਹਿਲਾਂ, ਸਿਡਨੀ ਦੀਆਂ ਓਲੰਪਿਕ ਖੇਡਾਂ ਵਿੱਚ 72 ਭਾਰਤੀ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਦੇਸ ਦੇ ਹਿੱਸੇ ਇੱਕ ਕਾਂਸੀ ਦਾ ਤਗਮਾ ਆਇਆ ਸੀ।

ਉਹ ਤਗਮਾ ਕਰਨਮ ਮਲੇਸ਼ਵਰੀ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਸੀ। ਰੀਓ ਦੀਆਂ ਖੇਡਾਂ ਵੇਲੇ, 15 ਖੇਡਾਂ ਵਿੱਚ 117 ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ 54 ਔਰਤਾਂ ਸਨ ਤੇ ਦੇਸ ਦੋ ਮੈਡਲ ਜਿੱਤ ਸਕਿਆ ਸੀ।

ਮਰਦਾਂ ਦੇ ਮੁਕਾਬਲੇ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਵੱਖੋ-ਵੱਖਰੇ ਕਾਰਨਾਂ 'ਤੇ ਨਿਰਭਰ ਕਰਦੀ ਹੈ। ਇਨ੍ਹਾਂ ਕਾਰਨਾਂ ਵਿੱਚ ਸ਼ਾਮਲ ਹੁੰਦਾ ਹੈ ਕਿ ਖਿਡਾਰਨਾਂ ਦੇ ਮਾਪੇ ਕਿੰਨੇ ਅਗਾਂਹਵਧੂ ਹਨ, ਉਹ ਕਿਸ ਖੇਤਰ ਤੋਂ ਆਉਂਦੀਆਂ ਹਨ ਸ਼ਹਿਰੀ ਜਾਂ ਪੇਂਡੂ, ਉਹ ਕਿਹੜੀ ਖੇਡ ਚੁਣਦੀਆਂ ਹਨ ਅਤੇ ਉਨ੍ਹਾਂ ਦਾ ਸਮਾਜਿਕ-ਆਰਥਿਕ ਪੱਧਰ ਕਿਹੋ ਜਿਹਾ ਹੈ।

ਹਾਲਾਂਕਿ ਹਰਿਆਣਾ ਵਰਗੇ ਸੂਬੇ ਦਾ ਲਿੰਗ ਅਨੁਪਾਤ ਬਹੁਤ ਮਾੜਾ ਹੈ। ਸੂਬਾ ਸਰਕਾਰ ਨੇ 2018 ਵਿੱਚ 924 ਦੇ ਮੁਕਾਬਲੇ 1000 ਮੁੰਡਿਆਂ ਦੇ ਹੋਣ ਦਾ ਐਲਾਨ ਕੀਤਾ ਸੀ।

ਇਸ ਸੂਬੇ ਵਿੱਚ ਔਰਤਾਂ ਖਿਲਾਫ਼ ਜੁਰਮ ਵੀ ਜ਼ਿਆਦਾ ਹੁੰਦਾ ਹੈ ਪਰ ਫਿਰ ਵੀ ਭਾਰਤ ਦੀਆਂ ਕੁਝ ਪ੍ਰਸਿੱਧ ਖਿਡਾਰਨਾਂ ਇੱਥੋਂ ਆਉਂਦੀਆਂ ਹਨ।

ਫੋਗਾਟ ਭੈਣਾਂ, ਗੀਤਾ, ਬਬੀਤਾ ਤੇ ਵਿਨੇਸ਼ ਨੇ ਕੁਸ਼ਤੀ ਵਿੱਚ ਕੌਮਾਂਤਰੀ ਪੱਧਰ ਦੇ ਕਈ ਤਗਮੇ ਜਿੱਤੇ ਅਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਬਾਲੀਵੁੱਡ ਫਿਲਮ ਵੀ ਬਣੀ ਹੈ।

Image copyright Getty Images
ਫੋਟੋ ਕੈਪਸ਼ਨ ਹਰਿਆਣਾ ਵਿੱਚ ਕੁਸ਼ਤੀ ਦਾ ਅਭਿਆਸ ਕਰ ਰਹੀਆਂ ਦੋ ਭੈਣਾਂ ਖ਼ੁਸ਼ੀ ਅਹਿਲਾਵਤ ਤੇ ਮਾਨਸੀ ਅਹਿਲਾਵਤ

ਦੂਜੇ ਪਾਸੇ, ਮਹਾਰਾਸ਼ਟਰ ਦਾ ਮੁੰਬਈ ਜੋ ਇੱਕ ਥੋੜਾ ਜ਼ਿਆਦਾ ਉਦਾਰਵਾਦੀ ਸੂਬਾ ਹੈ, ਨੇ 1990 ਦੀ ਸ਼ੁਰੂਆਤ ਤੋਂ ਹੀ ਸ਼ੂਟਿੰਗ ਵਿੱਚ ਔਰਤਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਜਿਸ ਦਾ ਫਲ ਅੱਜ ਵੀ ਵੇਖਣ ਨੂੰ ਮਿਲਦਾ ਹੈ।

ਹਾਲਾਂਕਿ ਸਕੂਲਾਂ ਵਿੱਚ ਔਰਤਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਬਾਰੇ ਜਾਣਨਾ ਇੰਨਾ ਆਸਾਨ ਨਹੀਂ, ਪਰ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਅਤੇ ਨੈਸ਼ਨਲ ਤੇ ਕੌਮਾਂਤਰੀ ਪੱਧਰਾਂ 'ਤੇ ਹੋ ਰਹੀਆਂ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਦਾ ਪਤਾ ਲਗਦਾ ਹੈ।

ਅਸਾਮ ਦੇ ਗੁਹਾਟੀ ਵਿੱਚ 10-22 ਜਨਵਰੀ ਨੂੰ ਆਯੋਜਿਤ ਖੇਲੋ ਇੰਡੀਆ ਯੂਥ ਖੇਡਾਂ ਵਿੱਚ, ਮਹਾਰਾਸ਼ਟਰ ਨੇ 591 ਖਿਡਾਰੀ ਭੇਜੇ ਜਿਨ੍ਹਾਂ ਵਿੱਚੋਂ 312 ਖਿਡਾਰਨਾਂ ਸਨ। ਮਹਾਰਾਸ਼ਟਰ ਨੇ ਸਾਰੇ ਸੂਬਿਆਂ ਨਾਲੋਂ ਵੱਧ ਤਗਮੇ ਜਿੱਤੇ ਤੇ ਹਰਿਆਣਾ ਤੱਕ ਨੂੰ ਵੀ ਪਿਛਾੜ ਦਿੱਤਾ।

ਸਾਲਾਨਾ ਸਮਾਗਮ ਟਾਟਾ ਮੁੰਬਈ ਮੈਰਾਥਨ ਇਸ ਸਾਲ 19 ਜਨਵਰੀ ਨੂੰ ਹੋਈ ਸੀ। ਇਸ ਵਿੱਚ 16 ਭਾਰਤੀ ਪੁਰਸ਼ਾਂ ਨੇ 11 ਔਰਤਾਂ ਖਿਲਾਫ਼ ਉੱਚ ਸ਼੍ਰੇਣੀ ਵਿੱਚ ਮੁਕਾਬਲਾ ਲੜਿਆ ਸੀ।

ਪਰ ਇੱਕ ਹੋਰ ਮੈਰਾਥਨ ਵਿੱਚ 9 ਔਰਤਾਂ ਤੇ 7 ਮਰਦਾਂ ਨੇ ਭਾਗ ਲਿਆ। 10 ਕਿਲੋਮੀਟਰ ਦੀ ਖੁੱਲੀ ਦੌੜ ਵਿੱਚ ਇਸ ਸਾਲ 3909 ਔਰਤਾਂ ਨੇ ਰਜਿਸਟਰ ਕੀਤਾ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ 753 ਸੀ।

ਅਥਲੀਟ ਅਤੇ ਟ੍ਰੇਨਰ ਵਧਦੀ ਹਿੱਸੇਦਾਰੀ ਦਾ ਸਿਹਰਾ ਸਮੁੱਚੀ ਜਾਗਰੂਕਤਾ, ਸਮਾਜਿਕ ਨਿਯਮਾਂ ਵਿੱਚ ਆਈ ਢਿੱਲ, ਟੈਲੀਵਿਜ਼ਨ ਅਤੇ ਇੰਟਰਨੈੱਟ ਕਰਕੇ ਵਧੀ ਜਾਗਰੂਕਤਾ, ਜ਼ਿਆਦਾ ਇਨਾਮ ਦੀ ਰਾਸ਼ੀ ਅਤੇ ਮਾਪਿਆਂ ਦੇ ਵਧੇ ਜੋਸ਼ ਨੂੰ ਬੰਨਦੇ ਹਨ।

ਭਾਰਤੀ ਜੂਨਿਅਰ ਟੀਮ ਦੀ ਕੋਚ ਤੇ 1990-2000 ਦੇ ਦਹਾਕੇ ਦੀ ਮਹਾਰਾਸ਼ਟਰ ਦੀ ਸ਼ੂਟਿੰਗ ਸਟਾਰ, ਸੁਮਾ ਸ਼ਿਰੂਰ ਦਾ ਕਹਿਣਾ ਹੈ, "ਵਧੇਰੇ ਮਾਪੇ ਆਪਣੀਆਂ ਧੀਆਂ ਨੂੰ ਸ਼ੂਟਿੰਗ ਵਿੱਚ ਭੇਜਣਾ ਚਾਹੁੰਦੇ ਹਨ। ਜੇ ਤੁਸੀਂ ਹਾਲ ਹੀ ਵਿੱਚ ਹੋਏ ਨੈਸ਼ਨਲ ਚੈਂਪਿਅਨਸ਼ਿਪ ਦੀ ਗੱਲ ਕਰੋ ਤਾਂ ਇਨ੍ਹਾਂ ਵਿੱਚ ਔਰਤਾਂ ਤੇ ਮਰਦਾਂ ਨੇ ਬਰਾਬਰ ਹਿੱਸਾ ਲਿਆ ਹੈ।"

ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲਿਗ ਦੀ ਵਧੀ ਪ੍ਰਸਿੱਧੀ ਮਗਰੋਂ ਭਾਰਤ ਵਿੱਚ ਜ਼ਿਆਦਾ ਔਰਤਾਂ ਨੇ ਖੇਡਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਹੈ।

ਕੇਪੀਐਮਜੀ, ਬਿਜ਼ਨੈਸ ਆਫ਼ ਸਪੋਰਟਸ ਦੀ ਸਤੰਬਰ 2016 ਦੀ ਰਿਪੋਰਟ ਅਨੁਸਾਰ, 2016 'ਚ 41% ਆਈਪੀਐਲ ਵੇਖਣ ਵਾਲੇ, 2015 'ਚ 50% ਕਬੱਡੀ ਲੀਗ ਵੇਖਣ ਵਾਲੇ ਤੇ 2014 ਵਿੱਚ 57% ਇੰਡੀਅਨ ਸੁਪਰ ਲੀਗ ਫੁੱਟਬਾਲ ਵੇਖਣ ਵਾਲੇ ਔਰਤਾਂ ਤੇ ਬੱਚੇ ਸਨ।

ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ, ਸਿੰਧੂ ਦੇ ਰੀਓ ਵਿੱਚ ਹੋਏ ਓਲੰਪਿਕ ਫਾਇਨਲ ਨੂੰ 6.65 ਕਰੋੜ ਲੋਕਾਂ ਨੇ ਵੇਖਿਆ ਸੀ, ਜੋ ਕੋਈ ਵੀ ਓਲੰਪਿਕ ਨਾਲੋਂ ਜ਼ਿਆਦਾ ਸੀ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਭਾਰਤੀ ਜੂਨਿਅਰ ਟੀਮ ਦੀ ਕੋਚ ਤੇ 1990-2000 ਦੇ ਦਹਾਕੇ ਦੀ ਮਹਾਰਾਸ਼ਟਰ ਦੀ ਸ਼ੂਟਿੰਗ ਸਟਾਰ, ਸੁਮਾ ਸ਼ਿਰੂਰ

ਹਾਲਾਤ ਵਿੱਚ ਆਇਆ ਸੁਧਾਰ

ਅੱਜ ਕੱਲ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਸਮਾਜ ਦੀਆਂ ਰਵਾਇਤੀ ਕਦਰਾਂ-ਕੀਮਤਾਂ ਦਾ ਘੱਟ ਦਬਾਅ ਮਹਿਸੂਸ ਕਰਦੀਆਂ ਹਨ। ਹੁਣ ਭਾਈਚਾਰੇ ਦੋ ਲੋਕ ਘੱਟ ਪ੍ਰਸ਼ਨ ਪੁੱਛਦੇ ਹਨ ਅਤੇ ਮਾਪੇ ਆਪ ਵੀ ਵਧੇਰੇ ਉਤਸ਼ਾਹਜਨਕ ਹੋ ਗਏ ਹਨ।

ਸ਼ਿਰੂਰ ਨੇ ਹੁਣ ਦੀਆਂ ਖਿਡਾਰਨਾਂ ਦੀ ਤੁਲਨਾ ਆਪਣੇ ਸ਼ੂਟਿੰਗ ਵੇਲੇ ਦਾਖਲ ਹੋਣ ਦੇ ਸਮੇਂ ਨਾਲ ਕਰਦਿਆਂ ਕਿਹਾ, "ਇਹ ਕੁੜੀਆਂ ਪੱਕੇ ਤੌਰ 'ਤੇ ਅੱਗੇ ਵਧ ਰਹੀਆਂ ਹਨ, ਉਹ ਜ਼ਿਆਦਾ ਹੌਂਸਲੇ ਵਾਲੀਆਂ ਹਨ ਅਤੇ ਆਤਮਵਿਸ਼ਵਾਸ ਵੀ ਪਹਿਲਾਂ ਨਾਲੋਂ ਵੱਧ ਹੈ।"

ਜਨਵਰੀ 19 ਨੂੰ ਹੋਏ ਟਾਟਾ ਮੁੰਬਈ ਮੈਰਾਥਨ ਵਿੱਚ ਤੀਸਰੇ ਸਾਲ ਲਗਾਤਾਰ ਜੇਤੂ ਰਹੀ ਸੁਧਾ ਸਿੰਘ ਨੇ ਕਿਹਾ, "2010 ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਸਭ ਬਦਲ ਗਿਆ। ਪੁਰਾਣੇ ਦਿਨਾਂ ਦੇ ਮੁਕਾਬਲੇ ਕਈ ਚੀਜ਼ਾਂ ਬਦਲੀਆਂ ਹਨ। ਹੁਣ ਉਹੀ ਲੋਕ ਤੇ ਗੁਆਂਢੀ, ਜੋ ਸਾਡੀਆਂ ਚੋਣਾਂ ਬਾਰੇ ਸਵਾਲ ਕਰਦੇ ਸਨ, ਕੁਝ ਜ਼ਿਆਦਾ ਨਹੀਂ ਕਹਿੰਦੇ।"

"ਕੁੜੀਆਂ ਛੋਟੀ ਉਮਰ ਤੋਂ ਹੀ ਸ਼ੁਰੂਆਤ ਕਰਨ ਲਗ ਪਈਆਂ ਹਨ। ਉਨ੍ਹਾਂ ਦੇ ਮਾਪੇ ਵੀ ਹੋਰ ਖਿਡਾਰਨਾਂ ਨੂੰ ਵੇਖ ਕੇ ਉਨ੍ਹਾਂ ਨੂੰ ਉਤਸ਼ਾਹਤ ਕਰਦੇ ਹਨ।ਸਾਨੀਆ ਮਿਰਜ਼ਾ, ਸਿੰਧੂ, ਫੋਗਾਟ ਭੈਣਾਂ, ਮੁੱਕੇਬਾਜ਼ ਮੈਰੀ ਕੌਮ, ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਵਰਗੀਆਂ ਰੋਲ ਮਾਡਲਾਂ ਕਰਕੇ ਹੁਣ ਖੇਡਾਂ ਨਾਲ ਸ਼ਰਮ ਤੇ ਪ੍ਰੇਸ਼ਾਨੀ ਦੇ ਘੱਟ ਵਿਸ਼ੇ ਜੁੜੇ ਰਹਿ ਗਏ ਹਨ।

ਸ਼ਿਰੂਰ ਨੇ ਕਿਹਾ," ਆਪਣੇ ਸਮੇਂ ਵਿੱਚ, ਮੈਂ 18 ਸਾਲਾਂ ਦੀ ਉਮਰ ਵਿੱਚ ਸ਼ੁਰੂਆਤ ਕੀਤੀ ਸੀ।"

"ਜਦੋਂ ਮੈਂ ਆਪਣੇ ਖੇਡ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ ਓਦੋਂ ਵਿਆਹ ਅਤੇ ਬੱਚੇ ਪੈਦਾ ਕਰਨ ਦਾ ਸਮਾਂ ਆ ਗਿਆ ਸੀ। ਮੇਰੀ ਖੇਡ ਮੇਰੇ ਪਹਿਲੇ ਬੱਚੇ ਤੋਂ ਬਾਅਦ ਵਧੀਆ ਹੋ ਗਈ। ਹੁਣ ਬੱਚੇ 17-18 ਸਾਲ ਦੀ ਉਮਰ ਵਿੱਚ ਹੀ ਵਧੀਆ ਕਰ ਰਹੇ ਹਨ।"

ਇਹ ਵੀ ਪੜ੍ਹੋ:

ਸ਼ਿਰੂਰ ਵਰਗੀਆਂ ਔਰਤਾਂ ਦੀ ਕੋਚ ਵਜੋਂ ਸ਼ੁਰੂਆਤ ਨੇ ਵੀ ਅਸਰ ਪਾਇਆ ਹੈ। ਹੁਣ ਪਿਤਾ ਮੁਕਾਬਲੇ ਅਤੇ ਟੂਰਾਂ ਦੌਰਾਨ ਆਪਣੇ ਬੱਚਿਆਂ ਨੂੰ ਕੋਚਾਂ ਦੀ ਦੇਖਭਾਲ ਵਿੱਚ ਛੱਡ ਕੇ ਫ਼ਿਕਰਮੰਦ ਨਹੀਂ ਹੁੰਦੇ ਹਨ।

ਭਾਰਤ ਦੀ ਵਧ ਰਹੀ ਆਰਥਿਕਤਾ, ਲੋਕਾਂ ਦੀ ਵੱਧ ਕਮਾਉਣ ਦੀ ਤਾਕਤ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦਾ ਵੱਧ ਪਤਾ ਲਗਣ ਕਰਕੇ, ਮਾਪੇ ਆਪਣੇ ਬੱਚਿਆਂ ਦੇ ਖੇਡ ਕਰੀਅਰ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।

ਮੁੰਡਿਆਂ ਨੂੰ ਅਜੇ ਵੀ ਪਰਿਵਾਰ ਚਲਾਉਣ ਵਾਲਾ ਮੋਢੀ ਸਮਝਿਆ ਜਾਂਦਾ ਹੈ, ਇਸ ਲਈ ਕੁੜੀਆਂ 'ਤੇ ਇੰਜੀਨੀਅਰ ਜਾਂ ਡਾਕਟਰ ਬਣਨ ਦਾ ਦਬਾਅ ਘੱਟ ਹੋਇਆ ਹੈ।

ਸ਼ਿਰੂਰ ਦੀ ਨਾਲ ਦੀ ਖਿਡਾਰਨ ਦੀਪਾਲੀ ਦੇਸ਼ਪਾਂਡੇ ਹੁਣ ਰਾਸ਼ਟਰੀ ਰਾਈਫਲ ਟੀਮ ਦੀ ਮੁੱਖ ਕੋਚ ਹੈ।

ਉਨ੍ਹਾਂ ਨੇ ਕਿਹਾ, "ਜੇ ਤੁਹਾਡਾ ਪੁੱਤਰ ਪੜ੍ਹਾਈ ਵਿੱਚ ਤੇਜ਼ ਹੈ, ਤਾਂ ਉਸ ਨੂੰ ਕਰੀਅਰ ਬਣਾਉਣ ਲਈ ਇੰਜੀਨੀਅਰਿੰਗ ਵਿੱਚ ਧੱਕਿਆ ਜਾਂਦਾ ਹੈ। ਇਹ ਔਰਤਾਂ ਨਾਲ ਨਹੀਂ ਹੁੰਦਾ।"

ਮੁੰਬਈ ਦੀ ਇੱਕ ਟਰੈਕ ਐਥਲੀਟ, ਸਪੋਰਟਸ ਟ੍ਰੇਨਰ ਆਈਸ਼ਾ ਬਿਲੀਮੋਰੀਆ ਕਹਿੰਦੀ ਹੈ, "ਇਹ ਇੱਕ ਸੋੜੀ ਸੋਚ ਵਾਲਾ ਸਮਾਜ ਹੁੰਦਾ ਸੀ ਪਰ ਹੁਣ ਅਸੀਂ ਇਸ ਵਿੱਚ ਆਈ ਤਬਦੀਲੀ ਨੂੰ ਦੇਖ ਸਕਦੇ ਹਾਂ।”

“ਸੋਸ਼ਲ ਮੀਡੀਆ ਬਹੁਤ ਵਿਸ਼ਾਲ ਹੈ। ਇਹ ਦੂਜਿਆਂ ਦੇ ਜੀਵਨ ਢੰਗ ਅਤੇ ਸੱਭਿਆਚਾਰ ਵੇਖਣ ਤੋਂ ਇਲਾਵਾ ਲੋਕਾਂ ਦੀਆਂ ਆਦਤਾਂ ਅਪਣਾਉਣ ਦਾ ਮੌਕਾ ਵੀ ਦਿੰਦਾ ਹੈ।"

"ਮੈਂ ਵੇਖਦੀ ਹਾਂ ਕਿ ਕੌਮੀ ਮੁਕਾਬਲਿਆਂ ਵਿੱਚ ਹੁਣ ਕੁੜੀਆਂ ਛੋਟੇ ਪਹਿਰਾਵਾ ਪਾ ਕੇ ਮੌਜੂਦ ਹੁੰਦੀਆਂ ਹਨ ਜੋ ਪਹਿਲਾਂ ਆਮ ਨਹੀਂ ਸੀ।"

ਹਰ ਖੇਡ ਵਿੱਚ ਨਵੀਆਂ ਲੀਗਜ਼ ਆਉਣ ਦੇ ਨਾਲ, ਵੱਡੀਆਂ ਕੰਪਨੀਆਂ ਅਤੇ ਟੈਲੀਵਿਜ਼ਨ ਦੁਆਰਾ ਨਿਵੇਸ਼ ਕਰਕੇ ਖਿਡਾਰੀਆਂ ਦੀਆਂ ਕਮਾਈਆਂ ਵਿੱਚ ਵੀ ਵਾਧਾ ਹੋਇਆ ਹੈ।

ਫੋਰਬਸ ਵੱਲੋਂ ਅਗਸਤ 2019 ਵਿੱਚ ਜਾਰੀ ਕੀਤੀ ਸੂਚੀ ਅਨੁਸਾਰ ਸਿੰਧੂ ਵਿਸ਼ਵ ਵਿੱਚ 13ਵੇਂ ਨੰਬਰ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਐਥਲੀਟ ਹੈ। ਮੁੰਬਈ ਦੀ ਮੈਰਾਥਨ ਮੁਕਾਬਲੇ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਨੂੰ 3.5 ਕਰੋੜ ਦੀ ਕਮਾਈ ਹੋਈ ਸੀ।

Image copyright Getty Images
ਫੋਟੋ ਕੈਪਸ਼ਨ ਸ਼ੂਟਰ ਦੀਪਾਲੀ ਦੇਸ਼ਪਾਂਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਤੋਂ ਅਰਜੁਨ ਅਵਾਰਡ ਲੈਂਦੇ ਹੋਏ

ਅਜੇ ਵੀ ਲੰਮਾ ਸਫ਼ਰ ਬਾਕੀ

ਹਲਾਂਕਿ ਮਾਪਿਆਂ ਦਾ ਸਾਥ ਇੱਕ ਚੰਗੀ ਚੀਜ਼ ਹੈ ਪਰ ਇਹ ਇੱਕ ਚਣੌਤੀ ਵੀ ਬਣ ਸਕਦਾ ਹੈ। ਮਾਪੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਲਈ ਜ਼ਿਆਦਾ ਫ਼ਿਕਰਮੰਦ ਹੁੰਦੇ ਹਨ ਕਿਉਂਕਿ ਮੁਕਾਬਲਿਆਂ ਕਰਕੇ ਕਾਫ਼ੀ ਥਾਵਾਂ ’ਤੇ ਜਾਣਾ ਵੀ ਪੈਂਦਾ ਹੈ।

ਦੇਸ਼ਪਾਂਡੇ ਨੇ ਅੱਗੇ ਦੱਸਿਆ, "ਅੱਜ-ਕੱਲ ਦੇ ਸਮੇਂ ਵਿੱਚ ਮਾਪੇ ਜ਼ਿਆਦਾ ਆਪਣੇ ਬੱਚਿਆਂ ਦਾ ਫ਼ਿਕਰ ਕਰਦੇ ਹਨ ਤੇ ਇਸ ਕਰਕੇ ਵੱਧ ਰੋਕ-ਟੋਕ ਵੀ ਕਰਦੇ ਹਨ। ਉਹ ਕੁੜੀਆਂ ਨੂੰ ਇਕੱਲੇ ਨਹੀਂ ਛੱਡਦੇ ਤੇ ਲੋੜ ਨਾਲੋਂ ਜ਼ਿਆਦਾ ਫ਼ਿਕਰ ਕਰਦੇ ਹਨ।"

ਰੂੜੀਵਾਦੀ ਸਮਾਜ ਵਿੱਚ ਅੱਜ ਵੀ ਉਮੀਦ ਕੀਤੀ ਜਾਂਦੀ ਹੈ ਕਿ ਔਰਤਾਂ ਘਰ ਵਿੱਚ ਰਹਿਣ।

ਦੇਸ਼ਪਾਂਡੇ ਆਪਣੇ ਨਾਲ ਆਰਕੀਟੈਕਚਰ ਦੀ ਪੜ੍ਹਾਈ ਕਰਨ ਵਾਲੀਆਂ ਕੁੜੀਆਂ ਜੋ ਗੁਜਰਾਤੀ ਤੇ ਮਾਰਵਾਡੀ ਪਰਿਵਾਰਾਂ ਤੋਂ ਆਉਂਦੀਆਂ ਸਨ, ਬਾਰੇ ਦੱਸਦੀ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਮਗਰੋਂ ਨੌਕਰੀ ਕਰਨ ਦੀ ਇਜ਼ਾਜਤ ਨਹੀਂ ਸੀ।

ਉਹ ਕਹਿੰਦੇ ਹਨ ਕਿ ਔਰਤਾਂ ਨੂੰ ਸਾਰੇ ਕਿਤੇ ਬਰਾਬਰ ਮੌਕੇ ਮਿਲਦੇ ਹਨ ਪਰ ਜਦੋਂ ਸਰਕਾਰੀ ਨੌਕਰੀਆਂ ਦੀ ਗੱਲ ਆਵੇ ਤਾਂ ਸਪੋਰਟਸ ਕੋਟੇ ਹੇਠਾਂ ਮਰਦਾਂ ਨੂੰ ਜ਼ਿਆਦਾ ਮੌਕੇ ਮਿਲਦੇ ਹਨ।

ਦੇਸ਼ਪਾਂਡੇ ਅਨੁਸਾਰ, "ਬੁਨਿਆਦੀ ਢਾਂਚੇ ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਦਲਾਅ ਤਾਂ ਆਇਆ ਹੈ ਪਰ ਕੌਮਾਂਤਰੀ ਪੱਧਰ ਦੇ ਮੁਕਾਬਲੇ ਇਹ ਅਜੇ ਵੀ ਘੱਟ ਹਨ।"

17 ਸਾਲਾ ਦੀ ਮਨੂ ਜੋ ਸ਼ੂਟਿੰਗ ਵਿੱਚ ਕਈ ਕੌਮਾਂਤਰੀ ਤਗਮੇ ਜਿੱਤ ਚੁੱਕੀ ਹੈ, ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਕਿਹਾ, "ਖੇਡਾਂ ਦਾ ਪੂਰਾ ਰੁੱਖ ਬਦਲ ਚੁੱਕਾ ਹੈ।"

ਹਰਿਆਣਾ ਦੇ ਗੋਰੀਆ ਪਿੰਡ ਵਿੱਚ ਰਹਿਣ ਵਾਲੇ ਭਾਕਰ ਕਹਿੰਦੇ ਹਨ, "ਸਾਡੇ ਏਸ਼ੀਅਨ, ਰਾਸ਼ਟਰਮੰਡਲ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਉਹ ਰੁਤਬਾ ਨਹੀਂ ਮਿਲਦਾ ਜੋ ਕ੍ਰਿਕਟਰਾਂ ਨੂੰ ਮਿਲਦਾ ਹੈ।"

"ਨੌਜਵਾਨ ਕੁੜੀਆਂ ਕਈ ਮੈਡਲ ਜਿੱਤ ਰਹੀਆਂ ਹਨ ਪਰ ਅਖ਼ਬਾਰ ਵਾਲੇ ਹਾਰਦਿਕ ਪਾਂਡਿਆ ਦੀਆਂ ਨਿੱਜੀ ਤਸਵੀਰਾਂ ਵਿੱਚ ਜ਼ਿਆਦਾ ਦਿਲਚਸਪ ਹੁੰਦੇ ਹਨ।"

ਚਾਹੇ ਭਾਰਤ ਵਰਗੇ ਦੇਸ ਵਿੱਚ ਚਣੌਤੀਆਂ ਬਣੀਆਂ ਰਹਿਣਗੀਆਂ, ਪਰ ਖਿਡਾਰਨਾਂ ਦੇ ਵਿਕਾਸ ਵਿੱਚ ਉਸ ਵੇਲੇ ਵਾਧਾ ਹੋਵੇਗਾ ਜਦੋਂ ਬੁਨਿਆਦੀ ਵਿਕਾਸ ਪਿੰਡਾਂ ਤੱਕ ਪਹੁੰਚੇਗਾ।

ਕਈ ਮਾਹਿਰਾਂ ਦਾ ਮੰਨਣਾ ਹੈ ਕਿ ਖੇਡਾਂ ਅਜੇ ਵੀ ਵਧੀਆ ਕੋਚਿੰਗ ਤੇ ਖਾਣ-ਪੀਣ ਕਰਕੇ ਸ਼ਹਿਰੀ ਖੇਤਰਾਂ ਤੱਕ ਸੀਮਿਤ ਹਨ।

ਸ਼ਿਰੂਰ ਕਹਿੰਦੇ ਹਨ, "ਮੈਨੂੰ ਇਹ ਕਹਿਣ ਵਿੱਚ ਚੰਗਾ ਨਹੀਂ ਲਗ ਰਿਹਾ ਪਰ ਔਰਤਾਂ ਨੂੰ ਮਜ਼ਬੂਤ ਹੋਣਾ ਪਵੇਗਾ ਅਤੇ ਮਰਦ ਜੋ ਕਰ ਸਕਦੇ ਹਨ, ਉਹ ਕਰ ਸਕਣ ਦੇ ਯੋਗ ਬਣਨ ਲਈ ਲੜਨਾ ਪਵੇਗਾ। ਔਰਤਾਂ ਨੂੰ ਸੱਭਿਆਚਾਰਕ ਪਰੰਪਰਾਵਾਂ ਅਤੇ ਤਰੀਕਿਆਂ ਨੂੰ ਤੋੜਨਾ ਪਵੇਗਾ।"

ਇਹ ਵੀ ਦੇਖੋ:

ਵੀਡਿਓ: CAA-NRC ਦੇ ਮਸਲੇ 'ਤੇ US, UK 'ਚ ਮੁਜ਼ਾਹਰੇ

ਵੀਡਿਓ: LIC ਦੀ ਵਿਗੜਦੀ ਹਾਲਤ ਦਾ ਲੋਕਾਂ 'ਤੇ ਪਏਗਾ ਅਸਰ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਭਾਰਤ ਨੂੰ ਚੇਤਾਵਨੀ ਦੇਣ ਤੋਂ ਬਾਅਦ, ਹੁਣ ਟਰੰਪ ਨੇ ਕੀਤੀ ਮੋਦੀ ਦੀ ਤਾਰੀਫ਼, ਪੰਜਾਬ 'ਚ 10ਵੀਂ ਮੌਤ ਦੀ ਪੁਸ਼ਟੀ

ਕੋਰੋਨਾਵਾਇਰਸ: ਮੋਦੀ ਨੇ ਕੀਤਾ ਇਸ਼ਾਰਾ, ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ

'ਕੋਈ ਖਾਸ ਭਾਈਚਾਰਾ ਕੋਰੋਨਾਵਾਇਰਸ ਲਈ ਜ਼ਿੰਮੇਵਾਰ ਨਹੀਂ'

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’

ਦਿੱਲੀ ਤੇ ਯੂਪੀ ਦੇ ਹੌਟਸਪੌਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਰੈੱਡ ਜ਼ੋਨ ਐਲਾਨੇ ਇਸ ਪਿੰਡ ਵਿੱਚ ਹੁਣ ਕੋਈ ਆ ਤੇ ਜਾ ਨਹੀਂ ਸਕਦਾ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?