ਕਹਾਣੀ ਵਿਨੇਸ਼ ਫੋਗਾਟ ਦੀ ਜਿਸ ਨੇ ਭਲਵਾਨੀ ਤੋਂ ਪਹਿਲਾਂ ਸਮਾਜ ਦੀ ਸੋਚ ਨਾਲ 'ਦੰਗਲ' ਕੀਤਾ: BBC Indian Sportswoman of the Year ਲਈ ਨਾਮਜ਼ਦ

ਵਿਨੇਸ਼ ਫੋਗਾਟ

90 ਦੇ ਦਹਾਕੇ ਦੇ ਬੌਲੀਵੁੱਡ ਦੇ ਗੀਤਾਂ ਦੀ ਧੁਨ 'ਤੇ ਵਾਰਮ-ਅੱਪ ਕਰਦੀ ਛੋਟੇ-ਛੋਟੇ ਵਾਲਾਂ ਵਾਲੀ ਖਿਡਾਰਨ ਕੁਸ਼ਤੀ ਦੇ ਦਾਅ ਪੇਚ ਤੋਂ ਪਹਿਲਾਂ ਖ਼ੁਦ ਨੂੰ ਤਿਆਰ ਕਰ ਰਹੀ ਸੀ, ਲਖਨਊ ਦੇ ਇਨਡੋਰ ਸਟੇਡੀਅਮ ਦਾ ਇਹ ਨਜ਼ਾਰਾ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰ ਰਿਹਾ ਸੀ।

ਜਨਵਰੀ ਦੀ ਇੱਕ ਸਰਦ ਸਵੇਰੇ ਅਸੀਂ ਲਖਨਊ ਵਿੱਚ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮਿਲਣ ਪਹੁੰਚੇ। ਵਿਨੇਸ਼ ਸਵੇਰੇ-ਸਵੇਰੇ ਇੱਥੇ ਪੂਰੇ ਜੋਸ਼-ਖਰੋਸ਼ ਨਾਲ ਟਰੇਨਿੰਗ ਵਿੱਚ ਲੱਗੀ ਹੋਈ ਸੀ।

ਸਾਨੂੰ ਦੇਖ ਕੇ ਹਲਕਾ ਜਿਹਾ ਮੁਸਕਰਾਈ, ਹੱਥ ਮਿਲਾਇਆ ਅਤੇ ਫਿਰ ਪ੍ਰੈਕਟਿਸ ਵਿੱਚ ਲੱਗ ਗਈ, ਕੋਚ ਦੀ ਇੱਕ-ਇੱਕ ਗੱਲ ਨੂੰ ਧਿਆਨ ਨਾਲ ਸੁਣਦੇ ਹੋਏ- ਜਿਵੇਂ ਅਗਲੇ ਮੈਚ ਦੀ ਹਾਰ-ਜਿੱਤ ਦਾ ਫ਼ੈਸਲਾ ਇਸ ਹੀ 'ਤੇ ਟਿਕਿਆ ਹੋਇਆ ਹੈ।

ਇਸ ਦੌਰਾਨ ਉਹ ਆਪਣੇ ਪਸੰਦੀਦਾ ਗੀਤ ਲਗਾਉਣ ਲਈ ਰੁਕਦੀ ਸੀ- ਕੁਝ ਪੰਜਾਬੀ ਅਤੇ ਕੁਝ ਹਿੰਦੀ। ਉਸ ਦਿਨ ਦਾ ਥੀਮ ਸੀ ਉਦਾਸ ਲਵ ਸੌਂਗਜ਼।

ਹਰਿਆਣਾ ਦੀ ਬਹਾਦਰ ਛੋਰੀ

25 ਅਗਸਤ, 1994 ਨੂੰ ਹਰਿਆਣਾ ਦੇ ਬਲਾਲੀ ਪਿੰਡ ਵਿੱਚ ਪੈਦਾ ਹੋਈ ਇਹ ਅਜਿਹੀ ਖਿਡਾਰਨ ਦੀ ਕਹਾਣੀ ਹੈ ਜੋ ਆਪਣੀ ਸਖ਼ਤ ਮਿਹਨਤ, ਹਿੰਮਤ, ਹੌਸਲੇ ਦੇ ਬਲਬੂਤੇ 'ਤੇ ਹੁਣ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਪਹਿਲਵਾਨਾਂ ਵਿੱਚ ਗਿਣੀ ਜਾਂਦੀ ਹੈ।

ਫੋਟੋ ਕੈਪਸ਼ਨ ਹਰਿਆਣਾ ਦੇ ਬਲਾਲੀ ਪਿੰਡ ਵਿੱਚ ਪੈਦਾ ਹੋਈ ਇਹ ਖਿਡਾਰਨ ਆਪਣੀ ਸਖ਼ਤ ਮਿਹਨਤ, ਹਿੰਮਤ, ਹੌਸਲੇ ਦੇ ਬਲਬੂਤੇ 'ਤੇ ਹੁਣ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਪਹਿਲਵਾਨਾਂ ਵਿੱਚ ਗਿਣੀ ਜਾਂਦੀ ਹੈ।

ਲਗਭਗ ਤਿੰਨ ਘੰਟੇ ਦੀ ਟਰੇਨਿੰਗ ਦੇ ਬਾਅਦ ਵਿਨੇਸ਼ ਇੰਟਰਵਿਊ ਲਈ ਮੈਟ 'ਤੇ ਬੈਠਦੇ ਹੋਏ ਕਹਿੰਦੀ ਹੈ ਕਿ ਪਹਿਲਵਾਨੀ ਕਰਨਾ ਤਾਂ ਉਸਦੀ ਕਿਸਮਤ ਵਿੱਚ ਸ਼ਾਇਦ ਪਹਿਲਾਂ ਤੋਂ ਹੀ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ

ਵਿਨੇਸ਼ ਦਾ ਇਸ਼ਾਰਾ ਆਪਣੇ ਤਾਇਆ ਜੀ ਮਹਾਵੀਰ ਫੋਗਾਟ ਵੱਲ ਸੀ। ਸ਼ੁਰੂਆਤੀ ਦਿਨਾਂ ਬਾਰੇ ਵਿਨੇਸ਼ ਨੇ ਦੱਸਿਆ, ''ਮੇਰੇ ਤਾਇਆ ਜੀ ਖ਼ੁਦ ਵੀ ਇੱਕ ਪਹਿਲਵਾਨ ਸਨ। ਮੇਰੇ ਦਾਦਾ ਜੀ ਵੀ ਪਹਿਲਵਾਨ ਸਨ। ਜਦੋਂ ਅਸੀਂ ਬੱਚੇ ਸੀ ਉਦੋਂ ਹੀ ਤਾਇਆ ਜੀ ਨੇ ਠਾਣ ਲਿਆ ਸੀ ਕਿ ਘਰ ਦੀਆਂ ਲੜਕੀਆਂ ਨੂੰ ਪਹਿਲਵਾਨੀ ਸਿਖਾਉਣੀ ਹੈ, ਮੈਂ ਤਾਂ ਉਦੋਂ ਸਿਰਫ਼ ਛੇ ਸਾਲ ਦੀ ਸੀ।''

ਗੀਤਾ, ਬਬੀਤਾ ਮਹਾਵੀਰ ਫੋਗਾਟ ਦੀਆਂ ਬੇਟੀਆਂ ਹਨ ਅਤੇ ਵਿਨੇਸ਼ ਉਨ੍ਹਾਂ ਦੀ ਭਤੀਜੀ।

ਫੋਟੋ ਕੈਪਸ਼ਨ ਜੂਝਣ ਅਤੇ ਭਿੜਨ ਦੀ ਸਮਰੱਥਾ ਨੇ ਵਿਨੇਸ਼ ਨੂੰ ਵੱਡੇ ਮੁਕਾਬਲਿਆਂ ਵਿੱਚ ਸਫ਼ਲਤਾ ਦਿਵਾਈ ਹੈ।

ਔਖ਼ੇ ਰਾਹਾਂ ’ਤੇ ਤੁਰਦੀ ਗਈ ਵਿਨੇਸ਼

ਪਰ ਇਹ ਓਨਾ ਆਸਾਨ ਨਹੀਂ ਸੀ, ਵਿਨੇਸ਼ ਦੱਸਦੀ ਹੈ, ''20 ਸਾਲ ਪਹਿਲਾਂ ਹਰਿਆਣਾ ਦੇ ਪਿੰਡ ਵਿੱਚ ਲੜਕੀਆਂ ਨੂੰ ਕੁਸ਼ਤੀ ਸਿਖਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਸੋਚ ਮਰਦ ਪ੍ਰਧਾਨ ਅਤੇ ਰੂੜੀਵਾਦੀ ਸੀ। ਲੋਕਾਂ ਨੇ ਤਾਇਆ ਜੀ ਨੂੰ ਬਹੁਤ ਬੁਰਾ ਭਲਾ ਕਿਹਾ। ਸਾਡੇ ਭੈਣਾਂ ਦੇ ਵਾਲ ਛੋਟੇ ਛੋਟੇ ਸਨ, ਮੁੰਡਿਆਂ ਦੀ ਤਰ੍ਹਾਂ। ਅਸੀਂ ਨਿੱਕਰ ਪਹਿਨ ਕੇ ਪਿੰਡ ਵਿੱਚ ਪ੍ਰੈਕਟਿਸ ਕਰਨ ਜਾਂਦੀਆਂ ਸੀ। ਗੁਆਂਢ ਦੀਆਂ ਔਰਤਾਂ ਮਾਂ ਕੋਲ ਆ ਕੇ ਕਹਿੰਦੀਆਂ ਸਨ ਕਿ ਆਪਣੀ ਬੇਟੀ ਨੂੰ ਕਹੋ ਕਿ ਘੱਟ ਤੋਂ ਘੱਟ ਫੁੱਲ ਪੈਂਟ ਪਹਿਨ ਕੇ ਨਿਕਲੇ, ਸ਼ੁਰੂ-ਸ਼ੁਰੂ ਵਿੱਚ ਮਾਂ ਨੂੰ ਵੀ ਸ਼ਰਮ ਆਉਂਦੀ ਸੀ, ਇਹ ਸਭ ਸੁਣਕੇ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵਿਨੇਸ਼ ਫੋਗਾਟ: BBC Indian Sportswoman of the Year ਲਈ ਨਾਮਜ਼ਦ

ਗੱਲ ਕਰਦੇ-ਕਰਦੇ ਵਿਨੇਸ਼ ਦੇ ਚਿਹਰੇ ਦੇ ਭਾਵ ਬਦਲ ਜਾਂਦੇ ਹਨ। ਗੱਲ ਜਾਰੀ ਰੱਖਦੇ ਹੋਏ ਵਿਨੇਸ਼ ਹਰਿਆਣਵੀ ਲਹਿਜ਼ੇ ਨਾਲ ਦੱਸਦੀ ਹੈ, ''ਪਰ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਸੀ ਅਤੇ ਉਲਟਾ ਜਵਾਬ ਦਿੰਦੀ। ਮਾਂ ਨੂੰ ਕਹਿੰਦੀ ਕਿ ਉਨ੍ਹਾਂ ਨੂੰ ਕਹੋ ਕਿ ਜ਼ਿਆਦਾ ਪਰੇਸ਼ਾਨੀ ਹੈ ਤਾਂ ਆਪਣੀਆਂ ਬੇਟੀਆਂ ਨੂੰ ਪਹਿਨਾ ਦੇਣ। ਮੇਰੇ ਕੱਪੜਿਆਂ 'ਤੇ ਕੁਮੈਂਟ ਨਾ ਕਰਨ। ਤਾਇਆ ਜੀ ਦੀ ਟਰੇਨਿੰਗ ਨਾਲ ਸਾਡੇ ਅੰਦਰ ਇਹ ਗੱਲ ਘਰ ਕਰ ਚੁੱਕੀ ਸੀ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।''

ਜੂਝਣ ਅਤੇ ਭਿੜਨ ਦੀ ਇਸ ਸਮਰੱਥਾ ਨੇ ਵਿਨੇਸ਼ ਨੂੰ ਵੱਡੇ ਮੁਕਾਬਲਿਆਂ ਵਿੱਚ ਸਫ਼ਲਤਾ ਦਿਵਾਈ ਹੈ।

ਫੋਟੋ ਕੈਪਸ਼ਨ ਹਰ ਖਿਡਾਰੀ ਦੀ ਤਰ੍ਹਾਂ ਵਿਨੇਸ਼ ਵੀ ਇਹੀ ਕਹਿੰਦੀ ਹੈ ਕਿ ਹਾਰਨਾ ਮੈਨੂੰ ਬਿਲਕੁਲ ਪਸੰਦ ਨਹੀਂ।

ਸ਼ੁਰੂਆਤ ’ਚ ਸੰਘਰਸ਼ ਦਾ ਉਹ ਦੌਰ

ਪਰ ਸ਼ੁਰੂਆਤੀ ਸੰਘਰਸ਼ ਨੂੰ ਵਿਨੇਸ਼ ਭੁੱਲੀ ਨਹੀਂ ਹੈ। ਵਿਨੇਸ਼ ਨੇ ਦੱਸਿਆ, ''ਜਦੋਂ ਬੱਚੇ ਸੀ ਤਾਂ ਸ਼ੁਰੂ-ਸ਼ੁਰੂ ਵਿੱਚ ਤਾਂ ਇੱਕ-ਦੋ ਮਹੀਨੇ ਬਹੁਤ ਵਧੀਆ ਲੱਗਿਆ ਜਦੋਂ ਤਾਇਆ ਜੀ ਕੁਸ਼ਤੀ ਲਈ ਲੈ ਜਾਂਦੇ। ਖੇਡਣਾ ਕਿਸ ਬੱਚੇ ਨੂੰ ਚੰਗਾ ਨਹੀਂ ਲੱਗਦਾ। ਹੌਲੀ-ਹੌਲੀ ਉਨ੍ਹਾਂ ਨੂੰ ਲੱਗਣ ਲੱਗਿਆ ਕਿ ਇਨ੍ਹਾਂ ਲੜਕੀਆਂ ਵਿੱਚ ਅਸਲ ਵਿੱਚ ਪਹਿਲਵਾਨ ਬਣਨ ਦਾ ਦਮ ਹੈ। ਉਸਦੇ ਬਾਅਦ ਸਾਡੀ ਸਖ਼ਤ ਟਰੇਨਿੰਗ ਸ਼ੁਰੂ ਹੋ ਗਈ। ਸਾਨੂੰ ਸਵੇਰੇ ਸਾਢੇ ਤਿੰਨ ਵਜੇ ਉੱਠਣਾ ਪੈਂਦਾ। ਟਰੇਨਿੰਗ ਕਿੰਨੇ ਘੰਟੇ ਚੱਲੇਗੀ, ਇਹ ਤੈਅ ਨਹੀਂ ਹੁੰਦਾ ਸੀ। ਜੇਕਰ ਅੱਜ ਦੇ ਬੱਚਿਆਂ ਨੂੰ ਅਜਿਹੀ ਸਖ਼ਤ ਟਰੇਨਿੰਗ ਕਰਨੀ ਪਏ ਤਾਂ ਉਹ ਪਹਿਲੇ ਹੀ ਦਿਨ ਭੱਜ ਜਾਣ।''

ਉਸਨੇ ਕਿਹਾ, ''ਜੇਕਰ ਕੋਈ ਗ਼ਲਤੀ ਹੋਈ ਤਾਂ ਟਰੇਨਿੰਗ ਅੱਗੇ ਤੱਕ ਖਿੱਚੀ ਜਾਂਦੀ ਅਤੇ ਜੋ ਜ਼ਬਰਦਸਤ ਮਾਰ ਪੈਂਦੀ ਉਹ ਅਲੱਗ। ਇਸਦੇ ਬਾਅਦ ਅਸੀਂ ਸਕੂਲ ਜਾਂਦੇ। ਕਲਾਸ ਵਿੱਚ ਤਾਂ ਅਸੀਂ ਸੌਂਦੇ ਹੀ ਸੀ ਬਸ (ਹੱਸਦੇ ਹੋਏ)। ਉਦੋਂ ਜ਼ਿੰਦਗੀ ਦਾ ਮਤਲਬ ਸੀ ਕੁਸ਼ਤੀ ਕਰੋ, ਖਾਓ ਅਤੇ ਚੁੱਪਚਾਪ ਸੌਂ ਜਾਓ ਬਸ!”

ਉਸ ਨੇ ਅੱਗੇ ਕਿਹਾ, “ਵਾਲ ਲੰਬੇ ਕਰਨ ਤੱਕ ਦੀ ਆਗਿਆ ਨਹੀਂ ਸੀ ਕਿਉਂਕਿ ਤਾਇਆ ਜੀ ਨੂੰ ਲੱਗਦਾ ਸੀ ਕਿ ਇਸ ਨਾਲ ਧਿਆਨ ਭਟਕੇਗਾ। ਲੋਕ ਉਨ੍ਹਾਂ ਨੂੰ ਕਾਫ਼ੀ ਕੁਝ ਬੋਲਦੇ ਸਨ, ਪਰ ਤਾਇਆ ਜੀ ਦੀ ਨਜ਼ਰ ਸਿਰਫ਼ ਓਲੰਪਿਕ ਮੈਡਲ 'ਤੇ ਸੀ।''

ਫੋਟੋ ਕੈਪਸ਼ਨ ਬਚਪਨ ’ਚ ਵਿਨੇਸ਼ ਨੂੰ ਪਤਾ ਤੱਕ ਨਹੀਂ ਸੀ ਕਿ ਆਖ਼ਿਰ ਓਲੰਪਿਕ ਹੁੰਦਾ ਕੀ ਹੈ

ਆਖ਼ਿਰ ਓਲੰਪਿਕ ਹੁੰਦਾ ਕੀ ਹੈ…

ਉਸ ਵਕਤ ਪਿੰਡ ਵਿੱਚ ਨੰਨ੍ਹੀ ਵਿਨੇਸ਼ ਨੂੰ ਪਤਾ ਤੱਕ ਨਹੀਂ ਸੀ ਕਿ ਆਖ਼ਿਰ ਓਲੰਪਿਕ ਹੁੰਦਾ ਕੀ ਹੈ…

''ਅਸੀਂ ਟਰੇਨਿੰਗ ਤੋਂ ਇੰਨਾ ਤੰਗ ਆ ਚੁੱਕੇ ਸਾਂ ਕਿ ਸਾਨੂੰ ਲੱਗਦਾ ਸੀ ਭਾਈ ਕੌਣ ਹੈ ਇਹ ਓਲੰਪਿਕ, ਕਿੱਥੇ ਮਿਲਦਾ ਹੈ, ਕੋਈ ਇਨ੍ਹਾਂ ਨੂੰ ਲਿਆ ਕੇ ਦੇ ਦਿਓ ਤਾਂ ਸਾਡਾ ਪਿੱਛਾ ਛੁੱਟੇ। ਸਿਰਫ਼ ਤਾਇਆ ਜੀ ਨੂੰ ਹੀ ਪਤਾ ਸੀ ਕਿ ਉਹ ਕਿੰਨਾ ਅੱਗੇ ਦੀ ਸੋਚ ਰਹੇ ਸਨ।'' ਕਹਿੰਦੇ ਹੋਏ ਵਿਨੇਸ਼ ਦੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ।

ਹੌਲੀ-ਹੌਲੀ ਵਿਨੇਸ਼ ਦੀ ਮਿਹਨਤ ਅਤੇ ਟਰੇਨਿੰਗ ਰੰਗ ਲਿਆਉਣ ਲੱਗੀ। ਉਹ ਪਿੰਡ ਤੋਂ ਨਿਕਲ ਕੇ ਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਲੱਗੀ। ਜ਼ਿੰਦਗੀ ਵਿੱਚ ਟਰਨਿੰਗ ਪੁਆਂਇੰਟ ਉਦੋਂ ਆਇਆ ਜਦੋਂ 19 ਸਾਲ ਦੀ ਉਮਰ ਵਿੱਚ ਵਿਨੇਸ਼ ਨੇ ਕਾਮਨਵੈਲਥ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ। ਇਹ ਅੰਤਰਰਾਸ਼ਟਰੀ ਮੰਚ 'ਤੇ ਇੱਕ ਨਵੀਂ ਮਹਿਲਾ ਪਹਿਲਵਾਨ ਦੀ ਦਸਤਕ ਸੀ।

ਹਰ ਖਿਡਾਰੀ ਦੀ ਤਰ੍ਹਾਂ ਵਿਨੇਸ਼ ਵੀ ਇਹੀ ਕਹਿੰਦੀ ਹੈ ਕਿ ਹਾਰਨਾ ਮੈਨੂੰ ਬਿਲਕੁਲ ਪਸੰਦ ਨਹੀਂ।

Image copyright facebook/vinesh
ਫੋਟੋ ਕੈਪਸ਼ਨ ਵਿਨੇਸ਼ ਆਪਣੀ ਸਫ਼ਲਤਾ ਲਈ ਤਾਇਆ ਜੀ ਅਤੇ ਆਪਣੀ ਮਾਂ ਨੂੰ ਹੀ ਸਿਹਰਾ ਦਿੰਦੀ ਹੈ।

ਵਿਨੇਸ਼ ਦੀ ਮਾਂ ਦਾ ਪਿਆਰ ਅਤੇ ਤਾਇਆ ਦੀ ਮਿਹਨਤ

ਜੂਝਣ ਦੀ ਇਹ ਸਮਰੱਥਾ ਸ਼ਾਇਦ ਵਿਨੇਸ਼ ਨੂੰ ਮਾਂ ਪ੍ਰੇਮਲਤਾ ਤੋਂ ਮਿਲੀ ਹੈ। ਆਪਣੀ ਸਫ਼ਲਤਾ ਲਈ ਉਹ ਤਾਇਆ ਜੀ ਅਤੇ ਆਪਣੀ ਮਾਂ ਨੂੰ ਹੀ ਸਿਹਰਾ ਦਿੰਦੀ ਹੈ।

ਵਿਨੇਸ਼ ਬਹੁਤ ਛੋਟੀ ਸੀ ਜਦੋਂ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਹਰਿਆਣਾ ਦੇ ਰੂੜੀਵਾਦੀ ਸਮਾਜ ਵਿੱਚ ਉਸਦੀ ਮਾਂ ਨੇ ਬਤੌਰ ਸਿੰਗਲ ਮਦਰ ਵਿਨੇਸ਼ ਨੂੰ ਪਾਲਿਆ।

ਉਹ ਦੱਸਦੀ ਹੈ, ''ਜਦੋਂ ਤੱਕ ਪਿਤਾ ਜੀ ਜ਼ਿੰਦਾ ਸਨ, ਸਭ ਕੁਝ ਠੀਕ ਸੀ। ਉਹ ਮੈਨੂੰ ਖੇਡਦੀ ਦੇਖ ਕੇ ਬਹੁਤ ਖੁਸ਼ ਹੁੰਦੇ ਸਨ, ਪਰ ਉਨ੍ਹਾਂ ਦੀ ਮੌਤ ਦੇ ਬਾਅਦ ਸਭ ਕੁਝ ਬਦਲ ਗਿਆ। ਪਿੰਡ ਦੇ ਲੋਕ ਮੰਮੀ ਨੂੰ ਬੋਲਣ ਲੱਗੇ ਕਿ ਬਿਨਾਂ ਪਿਓ ਦੀ ਧੀ ਹੈ, ਉਸਦਾ ਵਿਆਹ ਕਰਵਾ ਦਿਓ ਬਸ। ਗੀਤਾ-ਬਬੀਤਾ ਇਸ ਲਈ ਖੇਡ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਹਨ। ਪਿੰਡ ਵਿੱਚ ਕਿਸੇ ਨੂੰ ਨਹੀਂ ਲੱਗਦਾ ਸੀ ਕਿ ਮੈਂ ਕੁਝ ਕਰ ਸਕਾਂਗੀ, ਪਰ ਮੰਮੀ ਨੇ ਸਾਫ਼ ਕਹਿ ਦਿੱਤਾ ਕਿ ਮੇਰੀ ਬੇਟੀ ਖੇਡੇਗੀ। ਹਾਲਾਤ ਚੰਗੇ ਨਹੀਂ ਸਨ, ਪਰ ਸਾਨੂੰ ਸੁਵਿਧਾਵਾਂ ਦੇਣ ਲਈ ਮਾਂ ਨੇ ਬਹੁਤ ਸੰਘਰਸ਼ ਕੀਤਾ।''

ਫੋਟੋ ਕੈਪਸ਼ਨ ਖੇਤਾਂ ਵਿੱਚ ਕੰਮ ਕਰਦੀ ਵਿਨੇਸ਼ ਦੀ ਮਾਂ

ਵਿਨੇਸ਼ ਨੇ ਦੱਸਿਆ, ''ਤਾਇਆ ਜੀ ਦੀ ਟ੍ਰੇਨਿੰਗ ਬਹੁਤ ਮੁਸ਼ਕਿਲ ਹੁੰਦੀ ਸੀ। ਕਈ ਵਾਰ ਸੋਚਦੀ ਸੀ ਸਭ ਛੱਡ ਦਿਆਂ, ਪਰ ਜਦੋਂ ਮੰਮੀ ਨੂੰ ਮਿਹਨਤ ਕਰਦੇ ਹੋਏ ਦੇਖਦੀ ਸੀ ਤਾਂ ਮੈਂ ਵੀ ਆਪਣੇ ਆਪ ਨੂੰ ਅੰਦਰ ਤੋਂ ਮਜ਼ਬੂਤ ਕਰਨਾ ਸਿੱਖ ਲਿਆ।''

ਜਿੱਤ ਵੀ, ਹਾਰ ਵੀ

ਕਾਮਨਵੈਲਥ ਦੇ ਬਾਅਦ ਜਦੋਂ 2016 ਰੀਓ ਓਲੰਪਿਕ ਵਿੱਚ ਭਾਰਤੀ ਟੀਮ ਗਈ ਤਾਂ 21 ਸਾਲ ਦੀ ਵਿਨੇਸ਼ ਨਾਲ ਮੈਡਲ ਪੱਕਾ ਮੰਨਿਆ ਜਾ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਕੁਆਰਟਰ ਫਾਈਨਲ ਵਿੱਚ ਅਚਾਨਕ ਵਿਨੇਸ਼ ਨੂੰ ਗੰਭੀਰ ਸੱਟ ਲੱਗ ਗਈ। ਦੇਖਦੇ ਦੇਖਦੇ ਗੇਮ ਬਦਲ ਗਈ। ਦਰਦ ਨਾਲ ਤੜਫ਼ਦੀ ਵਿਨੇਸ਼ ਨੂੰ ਸਟਰੈਚਰ 'ਤੇ ਲੈ ਕੇ ਜਾਣਾ ਪਿਆ ਅਤੇ ਓਲੰਪਿਕ ਦਾ ਸੁਪਨਾ ਟੁੱਟ ਗਿਆ।

ਵਿਨੇਸ਼ ਦੱਸਦੀ ਹੈ ਕਿ ਇਹ ਉਸਦੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਦੌਰ ਸੀ ਜਿੱਥੋਂ ਉਹ ਆਪਣੀ ਸਮਰੱਥਾ 'ਤੇ ਸ਼ੱਕ ਕਰਨ ਲੱਗੀ।

ਫੋਟੋ ਕੈਪਸ਼ਨ ਵਿਨੇਸ਼ ਨੇ ਇਹ ਘਰ ਆਪਣੀ ਮਾਂ ਨੂੰ ਬਣਾ ਕੇ ਦਿੱਤਾ ਹੈ

ਵਿਨੇਸ਼ ਨੇ ਦੱਸਿਆ, ''ਮੈਂ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਸੀ ਕਿ ਜੇਕਰ ਖਿਡਾਰੀ ਇੱਕ ਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਏ ਤਾਂ ਸਮਝੋ ਕਰੀਅਰ ਖ਼ਤਮ। ਮੈਂ ਖ਼ੁਦ ਦੇਖਿਆ ਵੀ ਸੀ। ਤਿੰਨ ਸਾਲ ਤੱਕ ਮੇਰੀ ਖ਼ੁਦ ਨਾਲ ਲੜਾਈ ਚੱਲਦੀ ਰਹੀ ਕਿ ਕੀ ਮੈਂ ਓਲੰਪਿਕ ਵਿੱਚ ਵਾਪਸੀ ਕਰ ਸਕਾਂਗੀ?'

ਇੰਟਰਵਿਊਦਾ ਮੂਡ ਅਚਾਨਕ ਬਦਲ ਜਿਹਾ ਜਾਂਦਾ ਹੈ। ਇੱਕ ਸੈਕਿੰਡ ਲਈ ਹੀ ਸਹੀ ਵਿਨੇਸ਼ ਦੀਆਂ ਅੱਖਾਂ ਭਰ ਜਾਂਦੀਆਂ ਹਨ, ਪਰ ਇਸਤੋਂ ਪਹਿਲਾਂ ਕਿ ਤੁਹਾਨੂੰ ਅਹਿਸਾਸ ਹੋਵੇ, ਉਹ ਖ਼ੁਦ ਨੂੰ ਸੰਭਾਲਦੇ ਹੋਏ ਅੱਗੇ ਵਧ ਜਾਂਦੀ ਹੈ- ਬਿਲਕੁਲ ਆਪਣੀ ਗੇਮ ਦੀ ਤਰ੍ਹਾਂ।

ਜਦੋਂ ਇੱਕ ਸਫਲ ਖਿਡਾਰੀ ਇਸ ਤਰ੍ਹਾਂ ਦੇ ਦੌਰ ਵਿੱਚੋਂ ਜਾਂ ਦਬਾਅ ਜਾਂ ਨਾਕਾਮੀ ਤੋਂ ਗੁਜ਼ਰਦਾ ਹੈ ਤਾਂ ਉਹ ਖ਼ੁਦ ਨੂੰ ਕਿਵੇਂ ਸੰਭਾਲਦਾ ਹੈ?

Image copyright facebook/vinesh
ਫੋਟੋ ਕੈਪਸ਼ਨ ਰੀਓ ਓਲੰਪਿਕ ਦੇ ਬਾਅਦ ਸਰਜਰੀ ਹੋਈ ਅਤੇ ਵਿਨੇਸ਼ ਨੇ ਅੰਤਰਰਾਸ਼ਟਰੀ ਪੱਧਰ 'ਤੇ ਵਾਪਸੀ ਕੀਤੀ

ਇਸ ਸੁਆਲ ਦੇ ਜਵਾਬ ਵਿੱਚ ਵਿਨੇਸ਼ ਦਾ ਇੱਕ ਅਲੱਗ ਹੀ ਚਿਹਰਾ ਦੇਖਣ ਨੂੰ ਮਿਲਿਆ। ਹਮੇਸ਼ਾ ਚੁਲਬੁਲੀ ਰਹਿਣ ਵਾਲੀ ਵਿਨੇਸ਼ ਨੇ ਦੱਸਿਆ, ''ਜਦੋਂ ਵੀ ਮੈਨੂੰ ਕੋਈ ਸਵਾਲ ਪਰੇਸ਼ਾਨ ਕਰਦਾ ਹੈ ਤਾਂ ਮੈਂ ਖ਼ੁਦ ਅਤੇ ਭਗਵਾਨ ਨਾਲ ਗੱਲ ਕਰਦੀ ਹਾਂ। ਤੀਜਾ ਕੋਈ ਨਹੀਂ। ਮੈਨੂੰ ਕਿਸੇ ਨਾਲ ਦਿਲ ਦੀ ਗੱਲ ਕਰਨਾ ਪਸੰਦ ਨਹੀਂ ਹੈ। ਦਰਅਸਲ, ਮੈਂ ਕਿਸੇ ਹੋਰ ਨੂੰ ਆਪਣੇ ਮਨ ਦੀ ਗੱਲ ਸਮਝਾ ਹੀ ਨਹੀਂ ਸਕਦੀ। ਮੈਂ ਆਪਣੇ ਆਪ ਤੋਂ ਹੀ ਸਵਾਲ ਪੁੱਛਦੀ ਹਾਂ ਅਤੇ ਉਨ੍ਹਾਂ ਦੇ ਜਵਾਬ ਵੀ ਖ਼ੁਦ ਤੋਂ ਹੀ ਲੈਂਦੀ ਹਾਂ। ਮੇਰੇ ਲਈ ਇਹੀ ਕੰਮ ਕਰਦਾ ਹੈ। ਚੰਗੇ ਭਾਗੀਂ ਅਜੇ ਤੱਕ ਕੋਈ ਫ਼ੈਸਲਾ ਗ਼ਲਤ ਸਾਬਤ ਨਹੀਂ ਹੋਇਆ।''

ਖੈਰ! ਰੀਓ ਓਲੰਪਿਕ ਦੇ ਬਾਅਦ ਸਰਜਰੀ ਹੋਈ ਅਤੇ ਵਿਨੇਸ਼ ਨੇ ਅੰਤਰਰਾਸ਼ਟਰੀ ਪੱਧਰ 'ਤੇ ਵਾਪਸੀ ਕੀਤੀ। ਕਦੇ ਸਫ਼ਲਤਾ ਮਿਲੀ ਅਤੇ ਕੁਝ ਨਾਕਾਮੀਆਂ ਵੀ। 2018 ਦੀਆਂ ਏਸ਼ੀਅਨ ਗੇਮਜ਼ ਵਿੱਚ ਉਹ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ।

ਕਈ ਮੈਚ ਉਹ ਹਾਰੀ ਵੀ ਜਿਸ ਲਈ ਲੋਕ ਉਸ ਦੀਆਂ ਕਮੀਆਂ ਵੀ ਗਿਣਨ ਲੱਗੇ। ਖ਼ਾਸ ਕਰਕੇ ਇਹ ਕਿ ਵੱਡੇ ਮੈਚ ਵਿੱਚ ਸਟੈਮਿਨਾ ਵਿੱਚ ਮਾਰ ਖਾ ਜਾਂਦੀ ਹੈ, ਪਰ ਵਿਨੇਸ਼ ਦੀ ਮਿਹਨਤ, ਨਵਾਂ ਕੋਚ ਅਤੇ ਟਰੇਨਿੰਗ ਦੀ ਨਵੀਂ ਤਕਨੀਕ ਦੀ ਬਦੌਲਤ ਉਸਨੇ ਜਲਦੀ ਹੀ ਸਭ ਨੂੰ ਗ਼ਲਤ ਸਾਬਤ ਕੀਤਾ, ਵਿਸ਼ਵ ਚੈਂਪੀਅਨਸ਼ਿਪ ਜਿਸ ਵਿੱਚ ਉਹ ਹਮੇਸ਼ਾ ਹਾਰ ਜਾਂਦੀ ਸੀ, 2019 ਵਿੱਚ ਆਖ਼ਿਰਕਾਰ ਵਿਨੇਸ਼ ਨੇ ਕਾਂਸੀ ਦਾ ਮੈਡਲ ਜਿੱਤਿਆ।

Image copyright facebook/vinesh
ਫੋਟੋ ਕੈਪਸ਼ਨ ਕੁਸ਼ਤੀ ਦੇ ਦੰਗਲਾਂ ਵਿਚਕਾਰ ਸੋਮਵੀਰ ਤੇ ਵਿਨੇਸ਼ ਵਿਚਕਾਰ ਮੁਹੱਬਤ ਵੀ ਪਰਵਾਨ ਚੜ੍ਹਨ ਲੱਗੀ ਸੀ

ਸਾਲ 2020 ਦੀ ਸੁਨਹਰੀ ਸ਼ੁਰੂਆਤ

ਅੱਜ ਵਿਨੇਸ਼ ਦੁਨੀਆ ਦੀ ਚੋਟੀ ਦੀ ਖਿਡਾਰਨ ਹੈ। ਸਾਲ 2020 ਦੀ ਸ਼ੁਰੂਆਤ ਉਸਨੇ ਰੋਮ ਵਿੱਚ ਗੋਲਡ ਮੈਡਲ ਜਿੱਤ ਕੇ ਕੀਤੀ।

ਸਖ਼ਤ ਟਰੇਨਿੰਗ ਅਤੇ ਕੁਸ਼ਤੀ ਦੇ ਦਾਅ ਪੇਚ ਵਿਚਕਾਰ ਇੱਕ ਹੋਰ ਵਿਅਕਤੀ ਹੈ ਜੋ ਵਿਨੇਸ਼ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਿਹਾ- ਉਹ ਹੈ ਸੋਮਵੀਰ ਰਾਠੀ।

ਸੋਮਵੀਰ ਖ਼ੁਦ ਵੀ ਇੱਕ ਪਹਿਲਵਾਨ ਹੈ ਅਤੇ ਵਿਨੇਸ਼ ਨੂੰ ਅੱਠ ਸਾਲ ਤੋਂ ਜ਼ਿਆਦਾ ਸਮੇਂ ਤੋਂ ਜਾਣਦਾ ਹੈ। ਕੁਸ਼ਤੀ ਦੇ ਦੰਗਲਾਂ ਵਿਚਕਾਰ ਦੋਵਾਂ ਵਿਚਕਾਰ ਮੁਹੱਬਤ ਵੀ ਪਰਵਾਨ ਚੜ੍ਹਨ ਲੱਗੀ ਸੀ।

ਸੋਮਵੀਰ ਵਾਰੇ ਵਿਨੇਸ਼ ਕਹਿੰਦੀ ਹੈ, ''ਮੇਰੇ ਕਰੀਅਰ ਲਈ ਉਸਨੇ ਆਪਣੇ ਕਰੀਅਰ ਦਾ ਨੁਕਸਾਨ ਕੀਤਾ ਹੈ। ਇੱਕ ਉਹ ਹੀ ਹੈ ਜੋ ਬਿਨਾਂ ਕੁਝ ਕਹੇ, ਮੇਰੇ ਦਿਲ ਦੀ ਗੱਲ ਸਮਝ ਸਕਦਾ ਹੈ।''

2018 ਵਿੱਚ ਏਸ਼ੀਅਨ ਗੇਮਜ਼ ਤੋਂ ਗੋਲਡ ਜਿੱਤਣ ਦੇ ਬਾਅਦ ਜਦੋਂ ਵਿਨੇਸ਼ ਵਾਪਸ ਆਈ ਤਾਂ ਏਅਰਪੋਰਟ 'ਤੇ ਹੀ ਸੋਮਵੀਰ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਕੁਝ ਮਹੀਨਿਆਂ ਦੇ ਅੰਦਰ ਦੋਵਾਂ ਦਾ ਵਿਆਹ ਵੀ ਹੋ ਗਿਆ, ਕੁਸ਼ਤੀ ਦੋਵਾਂ ਦਾ ਜਨੂੰਨ ਹੈ।

Image copyright facebook/vinesh
ਫੋਟੋ ਕੈਪਸ਼ਨ ਕੁਸ਼ਤੀ ਤੋਂ ਪਰੇ ਜੇਕਰ ਕਦੇ ਸਮਾਂ ਮਿਲਦਾ ਹੈ ਤਾਂ ਵਿਨੇਸ਼ ਸੰਗੀਤ ਸੁਣਨਾ ਅਤੇ ਫ਼ਿਲਮਾਂ ਦੇਖਣਾ ਪਸੰਦ ਕਰਦੀ ਹੈ

ਬੌਲੀਵੁੱਡ ਦੀ ਫੈਨ ਹੈ ਵਿਨੇਸ਼

ਉਂਝ ਕੁਸ਼ਤੀ ਤੋਂ ਪਰੇ ਜੇਕਰ ਕਦੇ ਸਮਾਂ ਮਿਲਦਾ ਹੈ ਤਾਂ ਵਿਨੇਸ਼ ਸੰਗੀਤ ਸੁਣਨਾ ਅਤੇ ਫ਼ਿਲਮਾਂ ਦੇਖਣਾ ਪਸੰਦ ਕਰਦੀ ਹੈ। ਹਾਲਾਂਕਿ ਉਹ ਦੱਸਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਉਹ ਕੁਝ ਹੀ ਫ਼ਿਲਮਾਂ ਦੇਖ ਸਕੀ ਹੈ ਜਿਸ ਵਿੱਚ ਉਸਨੂੰ 'ਬਾਹੂਬਲੀ', 'ਚੱਕ ਦੇ' ਅਤੇ 'ਅਪਨੇ' ਚੰਗੀ ਲੱਗੀ।

ਫ਼ਿਲਮਾਂ ਵਿੱਚ ਉਹ ਰਣਵੀਰ ਸਿੰਘ, ਅਕਸ਼ੈ ਕੁਮਾਰ, ਕੰਗਨਾ ਅਤੇ ਦੀਪਿਕਾ ਦੀ ਪ੍ਰਸੰਸਕ ਹੈ।

ਇਹ ਵੀ ਪੜ੍ਹੋ

ਵਿਨੇਸ਼ ਦਾ ਇੱਕ ਹੋਰ ਵੱਡਾ ਸ਼ੌਕ ਹੈ- ਖਾਣਾ। ਉਹ ਖ਼ੁਦ ਨੂੰ ਫੂਡੀ ਦੱਸਦੀ ਹੈ। ''ਮਰਨ ਤੋਂ ਪਹਿਲਾਂ ਮੈਂ ਹਰ ਤਰ੍ਹਾਂ ਦੇ ਸੰਭਵ ਖਾਣੇ ਦਾ ਸੁਆਦ ਚੱਖਣਾ ਚਾਹੁੰਦੀ ਹਾਂ। ਮੇਰੇ ਸੁਪਨਿਆਂ ਵਿੱਚੋਂ ਇੱਕ ਸੁਪਨਾ ਹੈ ਕਿ ਮੈਂ ਪੂਰੀ ਦੁਨੀਆ ਘੁੰਮਾ ਅਤੇ ਹਰ ਤਰ੍ਹਾਂ ਦੇ ਵਿਅੰਜਨ ਖਾ ਲਵਾਂ।''

ਆਪਣੇ ਉੱਪਰ ਖ਼ੁਦ ਹੀ ਜ਼ੋਰ-ਜ਼ੋਰ ਨਾਲ ਹੱਸਦੀ ਵਿਨੇਸ਼ ਬੋਲਦੀ ਜਾਂਦੀ ਹੈ।

ਤਾਂ ਲਜੀਜ਼ ਖਾਣਾ ਵਿਨੇਸ਼ ਨੂੰ ਖ਼ੁਸ਼ ਕਰਨ ਦਾ ਵਧੀਆ ਢੰਗ ਹੈ, ਪਰ ਕੀ ਇਸ ਪਹਿਲਵਾਨ ਨੂੰ ਗੁੱਸਾ ਵੀ ਆਉਂਦਾ ਹੈ?

''ਮੈਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਜਦੋਂ ਗੁੱਸਾ ਆਉਂਦਾ ਹੈ ਤਾਂ ਮੈਂ ਤੋੜ ਫੋੜ ਵੀ ਕਰ ਸਕਦੀ ਹਾਂ।'' ਖ਼ੁਰਾਫ਼ਾਤੀ ਮੁਸਕਾਨ ਨਾਲ ਵਿਨੇਸ਼ ਕਹਿੰਦੀ ਹੈ।

ਬਚਪਨ ਵਿੱਚ ਤਾਂ ਵਿਨੇਸ਼ ਨੂੰ ਵਾਲ ਵੱਡੇ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਉਹ ਹੁਣ ਆਪਣਾ ਸ਼ੌਕ ਪੂਰਾ ਕਰ ਰਹੀ ਹੈ।

ਵਿਨੇਸ਼ ਕੋਲ ਕਿੱਸਿਆਂ ਦਾ ਖ਼ਜ਼ਾਨਾ ਹੈ। ਇੱਕ ਕਿੱਸਾ ਸੁਣਾਉਂਦੇ ਹੋਏ ਵਿਨੇਸ਼ ਦੱਸਦੀ ਹੈ, ''ਨੈਸ਼ਨਲ ਕੈਂਪ ਵਿੱਚ ਇੱਕ ਵਾਰ ਲੰਬਾ ਵਕਤ ਰਹੀ ਤਾਂ ਵਾਲ ਵੱਡੇ ਹੋ ਗਏ। ਘਰ ਆਈ ਤਾਂ ਤਾਇਆ ਜੀ ਬੋਲੇ ਬੁਲਾਓ ਨਾਈ। ਮੈਂ ਘਰ ਦੀ ਅਲਮਾਰੀ ਵਿੱਚ ਛੁਪ ਗਈ ਅਤੇ ਮੰਮੀ ਨੇ ਬਾਹਰ ਤੋਂ ਬੰਦ ਕਰ ਦਿੱਤਾ ਸੀ।''

Image copyright facebook/vinesh
ਫੋਟੋ ਕੈਪਸ਼ਨ ਵਿਨੇਸ਼ ਦਾ ਫਿਲਹਾਲ ਇੱਕ ਹੀ ਟੀਚਾ ਹੈ- ਟੋਕਿਓ 2020, 2016 ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨਾ।

ਓਲੰਪਿਕ ਜਿੱਤਣ ਦਾ ਸੁਪਨਾ

ਵਿਨੇਸ਼ ਆਪਣੇ ਕਈ ਸ਼ੌਕ ਅਤੇ ਸੁਪਨੇ ਪੂਰੇ ਕਰ ਚੁੱਕੀ ਹੈ।

ਹੁਣ ਵਿਨੇਸ਼ ਦਾ ਸਭ ਤੋਂ ਵੱਡਾ ਸੁਪਨਾ ਕੀ ਹੈ?

ਬਿਨਾਂ ਪਲਕਾਂ ਝਪਕੇ ਵਿਨੇਸ਼ ਤਪਾਕ ਨਾਲ ਜਵਾਬ ਦਿੰਦੀ ਹੈ, ''ਬਹੁਤ ਘੱਟ ਲੋਕਾਂ ਨੂੰ ਜ਼ਿੰਦਗੀ ਵਿੱਚ ਦੂਜਾ ਮੌਕਾ ਮਿਲਦਾ ਹੈ। ਮੈਨੂੰ ਦੂਜਾ ਮੌਕਾ ਮਿਲਿਆ ਹੈ ਓਲੰਪਿਕ ਵਿੱਚ ਖੇਡਣ ਦਾ। ਮੈਂ ਓਲੰਪਿਕ ਮੈਡਲ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ।''

ਇਹ ਕਹਿੰਦੇ-ਕਹਿੰਦੇ ਜਿਵੇਂ ਉਹ ਆਪਣੇ ਹੀ ਖ਼ਿਆਲਾਂ ਵਿੱਚ ਖੋ ਗਈ। ਹੁਣ ਸਾਡੀ ਇੰਟਰਵਿਊ ਉਸ ਮੁਕਾਮ 'ਤੇ ਪਹੁੰਚ ਚੁੱਕੀ ਸੀ ਜਿੱਥੇ ਲੱਗਿਆ ਕਿ ਜਿਵੇਂ ਕਿਸੇ ਫ਼ਿਲਮ ਦਾ ਕਲਾਈਮੈਕਸ ਆ ਗਿਆ ਹੋਵੇ ਅਤੇ ਇੱਥੋਂ ਅੱਗੇ ਫ਼ਿਲਮ 'ਦਿ ਐੰਡ' ਹੀ ਹੋ ਸਕਦੀ ਹੈ।

ਵਿਨੇਸ਼ ਦਾ ਫਿਲਹਾਲ ਇੱਕ ਹੀ ਟੀਚਾ ਹੈ- ਟੋਕਿਓ 2020, 2016 ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨਾ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਅਮਰੀਕਾ 'ਚ ਇੱਕ ਦਿਨ 'ਚ ਸਭ ਤੋਂ ਵੱਧ ਮੌਤਾਂ, ਉੱਤਰੀ ਕੋਰੀਆ ਨੇ ਨਾਗਰਿਕਾਂ ਨੂੰ ਲਸਣ ਖਾਣ ਦੀ ਸਲਾਹ ਦਿੱਤੀ

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋਵੇਗਾ

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਟਰੰਪ ਨੇ WHO ਦੀ ਫੰਡਿੰਗ ਰੋਕਣ ਦੀ ਦਿੱਤੀ ਧਮਕੀ

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ

ਪਾਕਿਸਤਾਨ ’ਚ ਕੋਰੋਨਾ ਦੇ ਕਹਿਰ ਵਿਚਾਲੇ ਡਾਕਟਰ ਹੜਤਾਲ ’ਤੇ ਕਿਉਂ

ਕੋਰੋਨਾਵਾਇਰਸ: 'ਅਸੀਂ ਲਾਸ਼ਾਂ ਨੂੰ ਮੋਮਜਾਮੇ 'ਚ ਇੰਝ ਲਪੇਟਿਆ, ਜਿਵੇਂ ਗੁੱਡੀ ਲਪੇਟੀ ਜਾਂਦੀ'