ਦੂਤੀ ਚੰਦ ਦੀ ਪ੍ਰੇਰਨਾਦਾਇਕ ਕਹਾਣੀ: 'ਜਦੋਂ ਮੈਂ ਦੌੜਦੀ ਹਾਂ ਤਾਂ ਮੇਰੇ ਨਾਲ ਭਾਰਤ ਦੌੜਦਾ ਹੈ'

ਦੂਤੀ ਚੰਦ

ਜਦੋਂ ਵੀ ਕਿਸੇ ਫਰਾਟਾ ਦੌੜਾਕ ਦਾ ਜ਼ਿਕਰ ਆਉਂਦਾ ਹੈ ਤਾਂ ਇਕ ਵਧੀਆ ਕੱਦ-ਕਾਠ ਵਾਲੀ ਦੌੜਾਕ ਦੀ ਤਸਵੀਰ ਅੱਖਾਂ ਅੱਗੇ ਆਪ ਮੁਹਾਰੇ ਉਭਰ ਆਉਂਦੀ ਹੈ।

ਟ੍ਰੈਕ 'ਤੇ ਤੇਜ਼ ਸ਼ੁਰਲੀ ਦੀ ਤਰ੍ਹਾਂ ਦੌੜ ਰਹੀ ਇਸ ਫਰਾਟਾ ਦੌੜਾਕ ਦਾ ਨਾਂਅ ਦੂਤੀ ਚੰਦ ਹੈ। ਚਾਰ ਫੁੱਟ 11 ਇੰਚ ਦੀ ਇਸ ਦੌੜਾਕ ਨੂੰ ਪਹਿਲੀ ਨਜ਼ਰ 'ਚ ਵੇਖ ਕੇ ਨਹੀਂ ਲੱਗਦਾ ਕਿ ਉਹ ਏਸ਼ੀਆ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਹੈ।

ਦੂਤੀ ਮੁਸਕਰਾਉਂਦੀ ਹੋਈ ਦੱਸਦੀ ਹੈ ਕਿ ਉਸ ਦੀ ਤੇਜ਼ ਦੌੜਨ ਦੀ ਖਾਸੀਅਤ ਦੇ ਕਾਰਨ ਹੀ ਉਸ ਦੇ ਸਾਥੀ ਖਿਡਾਰੀ ਉਸ ਨੂੰ 'ਸਪ੍ਰਿੰਟ ਕਵੀਨ' ਦੇ ਨਾਂਅ ਨਾਲ ਬੁਲਾਉਂਦੇ ਹਨ।

ਇਹ ਵੀ ਪੜ੍ਹੋ:

ਉਹ ਅੱਗੇ ਦੱਸਦੀ ਹੈ ਕਿ "ਸਾਲ 2012 'ਚ ਮੈਂ ਇਕ ਛੋਟੀ ਕਾਰ ਜਿੱਤੀ ਸੀ, ਜਿਸ ਤੋਂ ਬਾਅਦ ਮੇਰੇ ਦੋਸਤਾਂ ਨੇ ਮੈਨੂੰ ਨੈਨੋ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਜਦੋਂ ਮੈਂ ਉਮਰ 'ਚ ਵੱਡੀ ਹੋ ਗਈ ਹਾਂ ਤਾਂ ਸਾਰੇ ਮੈਨੂੰ ਦੀਦੀ ਕਹਿਣ ਲੱਗ ਪਏ ਹਨ।

ਐਥਲੀਟ ਬਣਨ ਬਾਰੇ ਕਿੰਝ ਸੋਚਿਆ?

ਦੂਤੀ ਉੜੀਸਾ ਦੇ ਜਾਜਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ 'ਚ ਛੇ ਭੈਣਾਂ ਅਤੇ ਇੱਕ ਭਰਾ ਸਮੇਤ ਕੁੱਲ ਨੌਂ ਲੋਕ ਹਨ।

Image copyright Getty Images
ਫੋਟੋ ਕੈਪਸ਼ਨ ਟ੍ਰੈਕ 'ਤੇ ਤੇਜ਼ ਸ਼ੁਰਲੀ ਵਾਂਗ ਦੌੜਦੀ ਫਰਾਟਾ ਦੌੜਾਕ ਦੁਤੀ ਚੰਦ ਹੈ

ਦੁਤੀ ਦੇ ਪਿਤਾ ਪੇਸ਼ੇ ਵਜੋਂ ਕੱਪੜਾ ਬੁਣਾਈ ਦਾ ਕੰਮ ਕਰਦੇ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਿਵਾਰ 'ਚ ਖੇਡਾਂ ਨਾਲ ਦੂਰ ਦੁਰਾਡੇ ਤੱਕ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਦੁਤੀ ਨੂੰ ਇਕ ਐਥਲੀਟ ਵੱਜੋਂ ਆਪਣੀ ਪਛਾਣ ਕਾਇਮ ਕਰਨ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।

ਵੱਡੀ ਭੈਣ ਸਰਸਵਤੀ ਚੰਦ ਵੀ ਰਾਜ ਪੱਧਰੀ ਫਰਾਟਾ ਦੌੜਾਕ (ਸਪ੍ਰਿੰਟਰ) ਰਹਿ ਚੁੱਕੀ ਹੈ। ਆਪਣੀ ਭੈਣ ਨੂੰ ਦੌੜਦਿਆਂ ਵੇਖ ਕੇ ਹੀ ਦੁਤੀ ਨੇ ਦੌੜਾਕ ਬਣਨ ਦਾ ਫ਼ੈਸਲਾ ਕੀਤਾ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੂਤੀ ਚੰਦ: BBC Indian Sportswoman of the Year ਲਈ ਨਾਮਜ਼ਦ

ਦੁਤੀ ਦੱਸਦੀ ਹੈ, "ਮੇਰੀ ਭੈਣ ਨੇ ਮੈਨੂੰ ਦੌੜਨ ਲਈ ਪ੍ਰੇਰਿਆ। ਘਰ ਦੀ ਆਰਥਿਕ ਹਾਲਤ ਵਧੇਰੇ ਚੰਗੀ ਨਹੀਂ ਸੀ। ਇੱਥੋਂ ਤੱਕ ਕਿ ਪੜ੍ਹਾਈ ਲਈ ਵੀ ਪੈਸੇ ਨਹੀਂ ਸਨ।''

''ਮੇਰੀ ਭੈਣ ਨੇ ਮੈਨੂੰ ਕਿਹਾ ਕਿ ਜੇ ਮੈਂ ਖੇਡਾਂ 'ਚ ਹਿੱਸਾ ਲਵਾਂਗੀ ਤਾਂ ਸਕੂਲ ਦੀ ਚੈਂਪੀਅਨ ਬਣ ਜਾਵਾਂਗੀ ਅਤੇ ਸਕੂਲ ਵੱਲੋਂ ਹੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆ ਜਾਵੇਗਾ। ਬਾਅਦ 'ਚ ਵਧੀਆ ਪ੍ਰਦਰਸ਼ਨ ਕਰਨ ਸਦਕਾ ਖੇਡਾਂ ਦੇ ਕੋਟੇ 'ਚ ਨੌਕਰੀ ਵੀ ਮਿਲ ਜਾਵੇਗੀ।''

''ਇੰਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ, ਮੈਂ ਦੌੜਨਾ ਸ਼ੁਰੂ ਕਰ ਦਿੱਤਾ।"

ਚੁਣੌਤੀਆਂ ਪਹਾੜ ਬਣ ਖੜ੍ਹੀਆਂ ਸਨ..

ਦੁਤੀ ਨੇ ਜਿਸ ਘੜੀ ਬਤੌਰ ਦੌੜਾਕ ਖੇਡਾਂ 'ਚ ਹਿੱਸਾ ਲੈਣ ਬਾਰੇ ਸੋਚਿਆ ਸੀ, ਉਸ ਵੇਲੇ ਹੀ ਉਸ ਦੇ ਰਾਹ 'ਚ ਕਈ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਸਨ।

Image copyright Getty Images
ਫੋਟੋ ਕੈਪਸ਼ਨ 'ਸ਼ੁਰੂਆਤ 'ਚ ਮੈਂ ਇੱਕਲੀ ਹੀ ਦੌੜ ਲਗਾਉਂਦੀ ਸੀ, ਜੁੱਤੇ ਨਹੀਂ ਸਨ'

ਘਰ 'ਚ ਪਹਿਲਾਂ ਹੀ ਪੈਸਿਆਂ ਦੀ ਮਾਰਾ ਮਾਰੀ ਸੀ। ਦੌੜਨ ਲਈ ਜੁੱਤੇ ਨਹੀਂ ਸਨ ਅਤੇ ਨਾ ਕੋਈ ਕੋਚ ਸੀ ਜੋ ਦੌੜ ਦੀਆਂ ਬਾਰੀਕਿਆਂ ਦੱਸ ਸਕੇ।

ਦੁਤੀ ਨੂੰ ਹਰ ਹਫ਼ਤੇ 2-3 ਦਿਨਾਂ ਲਈ ਆਪਣੇ ਪਿੰਡ ਤੋਂ ਭੁਵਨੇਸ਼ਵਰ ਆਉਣਾ ਪੈਂਦਾ ਸੀ ਅਤੇ ਇਸ ਲਈ ਹਰ ਹੀਲਾ ਲਗਭਗ ਬਹੁਤ ਮੁਸ਼ਕਲ ਸੀ।

ਕਈ ਰਾਤਾਂ ਰੇਲਵੇ ਪਲੇਟਫਾਰਮ 'ਤੇ ਬਿਤਾਈਆਂ

ਦੁਤੀ ਦੱਸਦੀ ਹੈ, ''ਸ਼ੁਰੂਆਤ 'ਚ ਮੈਂ ਇੱਕਲੀ ਹੀ ਦੌੜ ਲਗਾਉਂਦੀ ਸੀ। ਜੁੱਤੇ ਨਹੀਂ ਸਨ ਅਤੇ ਨੰਗੇ ਪੈਰ ਕਦੇ ਮੈਂ ਸੜਕ ਅਤੇ ਕਦੇ ਪਿੰਡ ਦੀ ਨਹਿਰ ਕੰਢੇ ਦੌੜ ਲਗਾਉਂਦੀ ਸੀ।''

''ਫਿਰ ਮੇਰੀ ਮਿਹਨਤ ਰੰਗ ਲਿਆਈ ਅਤੇ ਸਾਲ 2005 'ਚ ਮੇਰੀ ਚੋਣ ਸਰਕਾਰੀ ਸੈਕਟਰ ਦੇ ਇਕ ਸਪੋਰਟਸ ਹੋਸਟਲ 'ਚ ਹੋ ਗਈ।ਉੱਥੇ ਹੀ ਸਭ ਤੋਂ ਪਹਿਲਾਂ ਚਿਤਰੰਜਨ ਮਹਾਪਾਤਰਾ ਬਤੌਰ ਕੋਚ ਮੈਨੂੰ ਮਿਲੇ। ਇਸ ਖੇਡ ਦੇ ਸ਼ੁਰੂਆਤੀ ਗੁਰ ਉਨ੍ਹਾਂ ਨੇ ਹੀ ਮੈਨੂੰ ਸਿਖਾਏ।''

ਜ਼ਿੰਦਗੀ ਦਾ ਪਹਿਲਾ ਮੈਡਲ ਕੀ ਮਾਅਨੇ ਰੱਖਦਾ ਸੀ?

ਦੁਤੀ ਦੀ ਮਿਹਨਤ ਜਲਦ ਹੀ ਰੰਗ ਲਿਆਈ ਅਤੇ ਸਾਲ 2007 'ਚ ਉਨ੍ਹਾਂ ਨੇ ਆਪਣਾ ਪਹਿਲਾ ਨੈਸ਼ਨਲ ਪੱਧਰ ਦਾ ਤਗਮਾ ਜਿੱਤਿਆ। ਹਾਲਾਂਕਿ ਅੰਤਰਰਾਸ਼ਟਰੀ ਮੈਡਲ ਉਨ੍ਹਾਂ ਦੀ ਝੋਲੀ 6 ਸਾਲਾਂ ਬਾਅਦ ਪਿਆ।

ਸਾਲ 2013 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਜੂਨੀਅਰ ਖਿਡਾਰੀ ਹੋਣ ਦੇ ਬਾਵਜੂਦ ਸੀਨੀਅਰ ਗਰੁੱਪ 'ਚ ਹਿੱਸਾ ਲਿਆ ਅਤੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ।

ਦੁਤੀ ਦਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਸੀ। ਜਿਸ 'ਚ ਹਿੱਸਾ ਲੈਣ ਲਈ ਉਹ ਤੁਰਕੀ ਗਈ ਸੀ।

ਦੁਤੀ ਉਸ ਤਜ਼ਰਬੇ ਨੂੰ ਯਾਦ ਕਰਦਿਆਂ ਦੱਸਦੀ ਹੈ, "ਮੈਂ ਬਹੁਤ ਖੁਸ਼ ਸੀ। ਉਸ ਤੋਂ ਪਹਿਲਾਂ ਮੈਂ ਆਪਣੇ ਪਿੰਡ 'ਚ ਕੋਈ ਕਾਰ ਨਹੀਂ ਵੇਖੀ ਸੀ, ਪਰ ਖੇਡਾਂ ਦੀ ਬਦੌਲਤ ਹੀ ਮੈਨੂੰ ਕੌਮਾਂਤਰੀ ਉਡਾਣ 'ਚ ਸਫ਼ਰ ਕਰਨ ਦਾ ਮੌਕਾ ਮਿਲਿਆ। ਇਹ ਸਭ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ।"

Image copyright Getty Images
ਫੋਟੋ ਕੈਪਸ਼ਨ ਦੁਤੀ ਦਾ ਸਭ ਤੋਂ ਵੱਡਾ ਇਮਤਿਹਾਨ ਅਜੇ ਜਿਵੇਂ ਬਾਕੀ ਸੀ

''ਜਿਵੇਂ ਹੀ ਮੇਰੀ ਝੋਲੀ ਤਗਮਾ ਪਿਆ, ਲੋਕਾਂ ਦਾ ਮੇਰੇ ਪ੍ਰਤੀ ਰਵੱਈਆ ਬਦਲਣ ਲੱਗਿਆ। ਜੋ ਲੋਕ ਪਹਿਲਾਂ ਮੇਰੀ ਆਲੋਚਨਾ ਕਰਦੇ ਸਨ, ਉਹੀ ਲੋਕ ਹੁਣ ਮੈਨੂੰ ਹੱਲਾਸ਼ੇਰੀ ਦੇ ਰਹੇ ਸਨ।''

ਹਾਰਮੋਨਜ਼ ਨੂੰ ਲੈ ਕੇ ਉੱਠਿਆ ਵਿਵਾਦ

ਦੁਤੀ ਦਾ ਸਭ ਤੋਂ ਵੱਡਾ ਇਮਤਿਹਾਨ ਅਜੇ ਜਿਵੇਂ ਬਾਕੀ ਸੀ। ਸਾਲ 2014 'ਚ ਰਾਸ਼ਟਮੰਡਲ ਖੇਡਾਂ ਦੌਰਾਨ ਅਚਾਨਕ ਹੀ ਭਾਰਤੀ ਟੀਮ 'ਚੋਂ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ ਸੀ।

ਭਾਰਤੀ ਐਥਲੈਟਿਕਸ ਫੈਡਰੇਸ਼ਨ ਮੁਤਾਬਕ ਦੁਤੀ ਦੇ ਸਰੀਰ 'ਚ ਪੁਰਸ਼ ਹਾਰਮੋਨਜ਼ ਦੀ ਮਾਤਰਾ ਵਧੇਰੇ ਪਾਈ ਗਈ ਸੀ, ਜਿਸ ਕਰਕੇ ਮਹਿਲਾ ਖਿਡਾਰੀ ਵਜੋਂ ਉਨ੍ਹਾਂ ਦੀ ਸ਼ਮੂਲੀਅਤ 'ਤੇ ਪਾਬੰਦੀ ਲਗਾਈ ਗਈ।

ਦੁਤੀ ਦੱਸਦੀ ਹੈ ਕਿ ਉਸ ਸਮੇਂ ਉਹ ਮਾਨਸਿਕ ਤਸ਼ਦੱਦ ਅਤੇ ਤਣਾਅ ਦਾ ਸ਼ਿਕਾਰ ਹੋਈ।

''ਮੀਡੀਆ 'ਚ ਮੇਰੇ ਬਾਰੇ ਕਈ ਗਲਤ ਖ਼ਬਰਾਂ ਨਸ਼ਰ ਹੋਈਆਂ, ਜਿਸ ਕਰਕੇ ਮੈਂ ਚਾਹੁੰਦਿਆਂ ਹੋਇਆ ਵੀ ਟ੍ਰੇਨਿੰਗ ਨਹੀਂ ਕਰ ਪਾ ਰਹੀ ਸੀ।''

ਸਾਲ 2015 'ਚ ਦੁਤੀ ਨੇ ਇਸ ਫ਼ੈਸਲੇ ਦੇ ਖ਼ਿਲਾਫ ਅਪੀਲ ਕਰਨ ਦਾ ਫ਼ੈਸਲਾ ਲਿਆ। ਭਾਵੇਂ ਨਤੀਜਾ ਦੁਤੀ ਦੇ ਹੱਕ 'ਚ ਆਇਆ ਅਤੇ ਉਹ ਮੁਕੱਦਮਾ ਵੀ ਜਿੱਤ ਗਈ ਪਰ ਉਦੋਂ ਤੱਕ ਕੁਝ ਦੇਰ ਹੋ ਗਈ ਸੀ।

2016 ਦੇ ਰੀਓ ਓਲੰਪਿਕ ਦੀਆਂ ਤਿਆਰੀਆਂ 'ਤੇ ਇਸ ਦਾ ਬਹੁਤ ਅਸਰ ਪਿਆ।

ਦੁਤੀ ਦੱਸਦੀ ਹੈ, ''ਰੀਓ ਓਲੰਪਿਕ ਦੀਆਂ ਤਿਆਰੀਆਂ ਲਈ ਮੇਰੇ ਕੋਲ ਸਿਰਫ਼ ਇੱਕ ਸਾਲ ਹੀ ਬਾਕੀ ਸੀ। ਪਰ ਮੈਂ ਹਿੰਮਤ ਨਾ ਹਾਰੀ ਅਤੇ ਰੀਓ 'ਚ ਕੁਆਲੀਫਾਈ ਕੀਤਾ।''

''ਮੈਨੂੰ ਭੁਵਨੇਸ਼ਵਰ ਤੋਂ ਹੈਦਰਾਬਾਦ ਜਾਣਾ ਪਿਆ, ਕਿਉਂਕਿ 2014 'ਚ ਪਾਬੰਦੀ ਲੱਗਣ ਤੋਂ ਬਾਅਦ ਮੈਨੂੰ ਕੈਂਪ 'ਚੋਂ ਕੱਢ ਦਿੱਤਾ ਗਿਆ ਸੀ। ਉਸ ਸਮੇਂ ਪੁਲੇਲਾ ਗੋਪੀਚੰਦ ਸਰ ਨੇ ਆਪਣੀ ਅਕੈਡਮੀ 'ਚ ਟ੍ਰੇਨਿੰਗ ਹਾਸਲ ਕਰਨ ਨੂੰ ਕਿਹਾ।''

ਰੀਓ 'ਚ ਮਿਲੀ ਅਸਫਲਤਾ ਦੇ ਬਾਵਜੂਦ ਹੌਸਲਾ ਕਾਇਮ ਰਿਹਾ

ਸਾਲ 2016 'ਚ ਰੀਓ ਓਲੰਪਿਕ 'ਚ ਦੁਤੀ ਕਿਸੇ ਓਲੰਪਿਕ ਦੇ 100 ਮੀਟਰ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਤੀਜੀ ਭਾਰਤੀ ਮਹਿਲਾ ਦੌੜਾਕ ਬਣੀ। ਹਾਲਾਂਕਿ ਉਹ ਹੀਟਸ ਤੋਂ ਅੱਗੇ ਵੱਧ ਨਾ ਸਕੀ ਪਰ ਉਸ ਨੇ ਹਿੰਮਤ ਨਾ ਛੱਡੀ। ਉਸ ਸਮੇਂ ਦੁਤੀ ਨੇ 11.69 ਸਕਿੰਟਾਂ ਦਾ ਸਮਾਂ ਲਿਆ ਸੀ।

Image copyright Getty Images
ਫੋਟੋ ਕੈਪਸ਼ਨ 2014 'ਚ ਏਸ਼ੀਆਈ ਖੇਡਾਂ 'ਚ ਨਾ ਖੇਡ ਸਕਣ ਦੀ ਕਸਰ ਦੁਤੀ ਨੇ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ 'ਚ ਕੱਢੀ

ਦੁਤੀ ਨੇ ਫਿਰ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਆਪਣੇ ਪ੍ਰਦਰਸ਼ਨ 'ਚ ਲਗਾਤਾਰ ਨਿਖਾਰ ਲਿਆਂਦਾ। ਸਾਲ 2017 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਦੁਤੀ ਨੇ 100 ਮੀਟਰ ਅਤੇ 4 ਗੁਣਾ 100 ਮੀਟਰ ਦੌੜ 'ਚ ਦੋ ਕਾਂਸੇ ਦੇ ਮੈਡਲ ਜਿੱਤੇ।

ਇਹ ਵੀ ਪੜ੍ਹੋ:

ਸਾਲ 2014 'ਚ ਏਸ਼ੀਆਈ ਖੇਡਾਂ 'ਚ ਨਾ ਖੇਡ ਸਕਣ ਦੀ ਕਸਰ ਦੁਤੀ ਨੇ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ 'ਚ ਕੱਢੀ। ਉਸ ਨੇ 11.32 ਸਕਿੰਟਾਂ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ 200 ਮੀਟਰ ਦੌੜ 'ਚ ਵੀ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ। 1986 ਦੀਆਂ ਏਸ਼ੀਆਈ ਖੇਡਾਂ 'ਚ ਪੀ ਟੀ ਊਸ਼ਾ ਵੱਲੋਂ ਚਾਂਦੀ ਦਾ ਤਗਮਾ ਦੇਸ਼ ਦੇ ਨਾਮ ਕੀਤਾ ਗਿਆ ਸੀ ਅਤੇ ਇਹ ਦੂਜਾ ਏਸ਼ੀਆਈ ਚਾਂਦੀ ਦਾ ਤਗਮਾ ਸੀ।

ਸਮਲਿੰਗੀ ਸਬੰਧਾਂ ਦਾ ਖੁਲਾਸਾ

ਆਪਣੇ ਆਪ ਨੂੰ ਟ੍ਰੈਕ 'ਤੇ ਸਾਬਤ ਕਰਨ ਤੋਂ ਬਾਅਦ ਦੁਤੀ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਇੱਕ ਜੰਗ ਦਾ ਸਾਹਮਣਾ ਕਰਨਾ ਪਿਆ।

ਸਾਲ 2019 'ਚ ਉਨਾਂ ਨੇ ਪਹਿਲੀ ਵਾਰ ਆਪਣੇ ਸਮਲਿੰਗੀ ਹੋਣ ਦਾ ਖ਼ੁਲਾਸਾ ਕੀਤਾ। ਇਸ ਖੁਲਾਸੇ ਤੋਂ ਬਾਅਦ ਦੁਤੀ ਨੂੰ ਆਪਣੇ ਪਰਿਵਾਰ ਅਤੇ ਪਿੰਡ ਦਾ ਵਿਰੋਧ ਝੱਲਣਾ ਪਿਆ, ਪਰ ਉਹ ਆਪਣੇ ਫ਼ੈਸਲੇ 'ਤੇ ਡਟੀ ਰਹੀ।

ਅੱਜ ਵੀ ਉਹ ਆਪਣੀ ਪਾਰਟਨਰ ਨਾਲ ਰਹਿ ਰਹੀ ਹੈ। ਹਾਲਾਂਕਿ ਬੀਬੀਸੀ ਨਾਲ ਆਪਣੀ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਸਬੰਧ 'ਚ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ।

ਟੋਕੀਓ ਓਲੰਪਿਕ 'ਤੇ ਨਜ਼ਰਾਂ

ਦੁਤੀ ਫਿਲਹਾਲ ਆਪਣੇ ਕੋਚ ਨਾਗਪੁਰਾ ਰਮੇਸ਼ ਦੀ ਨਿਗਰਾਨੀ ਹੇਠ ਸਿਖਲਾਈ ਲੈ ਰਹੀ ਹੈ।

ਉਹ ਸਾਲ 2012 'ਚ ਕੋਚ ਰਮੇਸ਼ ਨੂੰ ਮਿਲੀ ਸੀ ਅਤੇ ਉਸ ਸਮੇਂ ਉਸ ਦਾ 100 ਮੀਟਰ ਦਾ ਸਮਾਂ 12.50 ਸਕਿੰਟ ਸੀ, ਪਰ ਹੁਣ ਉਹ 11.22 ਸਕਿੰਟ ਦਾ ਸਮਾਂ ਲੈ ਰਹੀ ਹੈ।

ਜ਼ਿਕਰ-ਏ-ਖ਼ਾਸ ਹੈ ਕਿ ਦੁਤੀ ਨੇ 10 ਵਾਰ ਆਪਣਾ ਹੀ ਨੈਸ਼ਨਲ ਰਿਕਾਰਡ ਤੋੜਿਆ ਹੈ। ਮੌਜੂਦਾ ਸਮੇਂ 'ਚ ਉਹ ਏਸ਼ੀਆ ਦੀ ਨੰਬਰ ਇੱਕ 100 ਮੀਟਰ ਮਹਿਲਾ ਫਰਾਟਾ ਦੌੜਾਕ ਹੈ।

Image copyright Getty Images
ਫੋਟੋ ਕੈਪਸ਼ਨ ਖੇਡ ਤੋਂ ਬਾਅਦ ਦੁਤੀ ਦੀ ਰਾਜਨੀਤੀ 'ਤੇ ਨਜ਼ਰ

ਦੁਤੀ ਦਾ ਹੁਣ ਪੂਰਾ ਧਿਆਨ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ 'ਤੇ ਹੈ।

ਦੁਤੀ ਦਾ ਕਹਿਣਾ ਹੈ ਕਿ ਟੋਕੀਓ ਓਲੰਪਿਕ 'ਚ ਉਸ ਨੂੰ ਸਭ ਤੋਂ ਵੱਡੀ ਚੁਣੌਤੀ ਜਮੈਕਾ, ਅਮਰੀਕਾ, ਬ੍ਰਾਜ਼ੀਲ ਦੇ ਐਥਲੀਟਾਂ ਤੋਂ ਮਿਲੇਗੀ।

ਉਹ ਕਹਿੰਦੀ ਹੈ, 'ਉੱਥੋਂ ਦੇ ਐਥਲੀਟ ਤਾਕਤ ਪੱਖੋਂ ਬਹੁਤ ਮਜ਼ਬੂਤ ਹਨ, ਪਰ ਫਿਰ ਵੀ ਮੈਂ ਆਪਣੀ ਪੂਰੀ ਜਾਨ ਲਗਾ ਦੇਵਾਂਗੀ।ਮੈਂ ਏਸ਼ੀਆਈ ਖੇਡਾਂ 'ਚ ਮੈਡਲ ਜਿੱਤ ਚੁੱਕੀ ਹਾਂ ਅਤੇ ਹੁਣ ਮੇਰਾ ਇੱਕੋ ਇੱਕ ਉਦੇਸ਼ ਦੇਸ਼ ਲਈ ਰਾਸ਼ਟਰਮੰਡਲ ਅਤੇ ਓਲੰਪਿਕ ਦੋਵਾਂ 'ਚ ਤਗਮਾ ਜਿੱਤਣਾ ਹੈ।'

ਖੇਡ ਤੋਂ ਬਾਅਦ ਰਾਜਨੀਤੀ 'ਤੇ ਨਜ਼ਰ

ਦੁਤੀ ਜਿੱਥੇ ਦੇਸ਼ ਦੇ ਨਾਮ ਤਗਮੇ ਕਰਨ ਦਾ ਸੁਪਨਾ ਵੇਖਦੀ ਹੈ ਉੱਥੇ ਹੀ ਖੇਡਾਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਰਾਜਨੀਤੀ 'ਚ ਕਦਮ ਰੱਖਣ ਦੀ ਖਵਾਇਸ਼ ਰੱਖਦੀ ਹੈ।

ਦੁਤੀ ਦਾ ਕਹਿਣਾ ਹੈ, " ਅਸੀਂ ਸਵੇਰ-ਸ਼ਾਮ ਟ੍ਰੈਕ 'ਤੇ ਦੌੜਦੇ ਹਾਂ। ਪਰ ਜਦੋਂ ਸਾਡਾ ਕਰੀਅਰ ਖ਼ਤਮ ਹੋ ਜਾਵੇਗਾ ਤਾਂ ਅਸੀਂ ਚਾਹੁੰਦੇ ਹੋਏ ਵੀ ਕਿਸੇ ਦਫ਼ਤਰ 'ਚ ਕੰਮ ਕਰਨ ਦੇ ਯੋਗ ਨਹੀਂ ਹੋਵਾਂਗੇ।''

''ਇਸ ਲਈ ਮੈਂ ਬੱਚਿਆਂ ਲਈ ਇਕ ਅਕੈਡਮੀ ਖੋਲ੍ਹਣਾ ਚਾਹੁੰਦੀ ਹਾਂ ਅਤੇ ਨਾਲ ਹੀ ਮੈਂ ਰਾਜਨੀਤੀ 'ਚ ਵੀ ਆਪਣਾ ਹੱਥ ਅਜ਼ਮਾਉਣਾ ਚਾਹੁੰਦੀ ਹਾਂ ਤਾਂ ਜੋ ਦੇਸ਼ ਦੀ ਸੇਵਾ ਕਰ ਸਕਾਂ।"

ਦੁਤੀ ਨੂੰ 2019 'ਚ ਇਕ ਨਾਮਵਰ ਟਾਈਮ ਮੈਗਜ਼ੀਨ 'ਚ ਵੱਖ-ਵੱਖ ਖੇਤਰਾਂ 'ਚ ਨੌਜਵਾਨਾਂ ਦੀ ਪ੍ਰੇਰਨਾ ਬਣ ਰਹੇ ਉਭਰਦੇ ਹੋਏ ਸਿਤਾਰਿਆਂ ਦੀ ਸੂਚੀ 'ਚ ਸਿਖਰਲੇ 100 ਸਥਾਨਾਂ 'ਚ ਜਗ੍ਹਾ ਮਿਲੀ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ