ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ: ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਦਿਓ

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦੀਆਂ ਨਾਮਜ਼ਦ ਖਿਡਾਰਨਾਂ
ਫੋਟੋ ਕੈਪਸ਼ਨ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦੀਆਂ ਨਾਮਜ਼ਦ ਖਿਡਾਰਨਾਂ

ਬੀਬੀਸੀ ਪਹਿਲੀ ਵਾਰ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ' ਐਵਾਰਡ ਦੇ ਰਿਹਾ ਹੈ ਅਤੇ ਨਾਮਜ਼ਦ ਖਿਡਾਰਨਾਂ ਦਾ ਐਲਾਨ ਕਰ ਦਿੱਤਾ ਹੈ।

'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਾ ਈਅਰ' ਲਈ ਨਾਮਜਦ ਪੰਜ ਖਿਡਾਰਨਾਂ ਦੇ ਨਾਵਾਂ ਦਾ ਐਲਾਨ ਬੀਬੀਸੀ ਦੀ ਭਾਰਤੀ ਭਾਸ਼ਾਵਾਂ ਦੀ ਸੰਪਾਦਕ ਰੂਪਾ ਝਾਅ ਅਤੇ ਏਸ਼ੀਆ ਪੈਸਫਿਰ ਰਿਜ਼ਨ ਦੇ ਬਿਜ਼ਨਸ ਇੰਚਾਰਜ ਇੰਦੂ ਸ਼ੇਖ਼ਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਸ ਮੌਕੇ ਕੌਮਾਂਤਰੀ ਪਹਿਲਵਾਨ ਸੋਨਮ ਮਲਿਕ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਹੋਏ ਸਨ।

ਵੋਟ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ:

ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਭਾਸ਼ਾਵਾਂ ਦੀ ਸੰਪਾਦਕ ਰੂਪਾ ਝਾਅ ਨੇ ਕਿਹਾ ਕਿ ਭਾਰਤੀ ਔਰਤਾਂ ਇਤਿਹਾਸ ਰਚ ਰਹੀਆਂ ਹਨ, ਪਰ ਅਸੀਂ ਅਜੇ ਵੀ ਉਨ੍ਹਾਂ ਵੱਲ ਖਿੱਚ ਪੈਦਾ ਨਹੀਂ ਕਰ ਪਾ ਰਹੇ।

ਉਨ੍ਹਾਂ ਦਾ ਕਹਿਣਾ ਹੈ, "ਇਹ ਸਾਡੇ ਲਈ ਅਤੇ ਬੀਬੀਸੀ ਲਈ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਨੂੰ ਆਵਾਜ਼ ਅਤੇ ਜਗ੍ਹਾ ਦੇਇਏ ਜਿਨ੍ਹਾਂ ਨੂੰ ਮੌਕਾ ਨਹੀਂ ਮਿਲ ਪਾਉਂਦਾ। ਬੀਬੀਸੀ ਇਸ ਬਾਰੇ ਬਹੁਤ ਮਜ਼ਬੂਤੀ ਨਾਲ ਸੋਚਦਾ ਹੈ ਅਤੇ ਸਾਡੀ ਇਸ ਪ੍ਰਤੀ ਵਚਨਬੱਧਤਾ ਹੈ। ਅਸੀਂ ਇਸ ਦੇ ਦੁਆਲੇ ਭਾਰਤ ਵਿੱਚ ਗੱਲ ਸ਼ੁਰੂ ਕਰਨਾ ਚਾਹੁੰਦੇ ਹਾਂ ਅਤੇ ਇਹ ਪਹਿਲਾ ਕਦਮ ਹੈ। "

ਬਿਜ਼ਨੇਸ ਡਿਵੇਲਪਮੇਂਟ ਏਸ਼ੀਆ ਐਂਡ ਪੈਸਿਫਿਕ ਰੀਜਨ ਦੇ ਮੁਖੀ ਇੰਦੂ ਸ਼ੇਖਰ ਸਿਨਹਾ ਦਾ ਕਹਿਣਾ ਹੈ ਕਿ ਨੌਜਵਾਨ ਮਹਿਲਾ ਖਿਡਾਰੀਆਂ ਵਿੱਚ ਆਤਮਵਿਸ਼ਵਾਸ ਵਧਾਉਣ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਹ ਪ੍ਰੋਗਰਾਮ ਸਾਡੇ ਦਰਸ਼ਕਾਂ ਨਾਲ ਲਗਾਤਾਰ ਜੁੜੇ ਰਹਿਣ ਦਾ ਸੰਕੇਤ ਹੈ। ਇਸੇ ਲਈ ਬੀਬੀਸੀ ਇਸ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਅਵਾਰਡ ਦੀ ਸ਼ੁਰੂਆਤ ਕਰ ਰਿਹਾ ਹੈ।"

ਫੋਟੋ ਕੈਪਸ਼ਨ ਇੰਦੂ ਸ਼ੇਖਰ ਸਿਨਹਾ, ਸੋਨਮ ਮਲਿਕ ਅਤੇ ਰੂਪਾ ਝਾਅ

ਰੂਪਾ ਝਾਅ ਨੇ ਨਾਮਜਦ ਕੀਤੀਆਂ ਗਈਆਂ ਖਿਡਾਰਨਾਂ ਦੀ ਚੋਣ ਬਾਰੇ ਦੱਸਿਆ ਕਿ ਇਨ੍ਹਾਂ ਦੀ ਚੋਣ ਇੱਕ ਖੁਦਮੁਖ਼ਤਿਆਰ ਜਿਊਰੀ ਵਲੋਂ ਕੀਤੀ ਗਈ ਹੈ।

ਇੱਕ ਸਵਾਲ ਦੇ ਜਵਾਬ ਵਿਚ ਰੂਪਾ ਝਾਅ ਨੇ ਕਿਹਾ, ''ਇਹ ਇੱਕ ਸਾਲ ਦਾ ਐਵਾਰਡ ਲਈ ਨਹੀਂ ਬਲਕਿ ਸੰਪਾਦਕੀ ਵਚਨਬੱਧਤਾ ਹੈ ਅਤੇ ਇਹ ਹਰ ਸਾਲ ਹੋਵੇਗਾ। ਇਸ ਪਹਿਲ ਦਾ ਮਕਸਦ ਖਿਡਾਰਨਾਂ ਦੀਆਂ ਖੇਡ ਮੈਦਾਨ ਵਿਚਲੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਹੈ''।

ਰੂਪਾ ਨੇ ਕਿਹਾ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਸੀਂ ਇਸ ਵਿਚ ਆਪਣਾ ਯੋਗਦਾਨ ਪਾਈਏ ਅਤੇ ਖਿਡਾਰਨਾਂ ਨੂੰ ਉਤਸ਼ਾਹਿਤ ਕਰੀਏ।

ਈਵੈਂਟ ਵਿਚ ਮੌਜੂਦ ਕੁਸ਼ਤੀ ਦੀ ਪਹਿਲਵਾਨ ਸੋਨਮ ਮਲਿਕ ਨੇ ਹਾਲ ਹੀ ਵਿੱਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਹਰਾਇਆ ਸੀ।

ਇਸ 'ਤੇ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਕਸ਼ੀ ਨੂੰ ਬਿਲਕੁਲ ਹਰਾਉਣ ਬਾਰੇ ਨਹੀਂ ਸੋਚਿਆ ਸੀ ਲੇਕਿਨ ਇਸਦੇ ਲਈ ਪੂਰੀ ਤਿਆਰੀ ਕੀਤੀ ਸੀ।

ਉਨ੍ਹਾਂ ਕਿਹਾ, "ਮੈਂ ਹਮੇਸ਼ਾਂ ਆਪਣੇ ਦੇਸ਼ ਲਈ ਖੇਡਣਾ ਚਾਹੁੰਦੀ ਸੀ ਅਤੇ ਜਿੱਤਣਾ ਚਾਹੁੰਦੀ ਸੀ।"

ਸਮਾਗਮ ਦੀ ਆਖ਼ਰ ਵਿਚ ਸੋਨਮ ਮਲਿਕ ਨੇ ਕਿਹਾ ਕਿ ਕੁੜੀਆਂ ਦਾ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਕਾਹਲੀ ਨਹੀਂ ਕਰਨੀ ਚਾਹਿਦੀ ਅਤੇ ਉਨ੍ਹਾਂ ਦੀ ਅੱਗੇ ਵਧਣ ਵਿੱਚ ਮਦਦ ਕੀਤੀ ਜਾਣੀ ਚਾਹਿਦੀ ਹੈ।

ਪਸੰਦੀਦਾ ਭਾਰਤੀ ਖਿਡਾਰਨ ਨੂੰ ਵੋਟ ਕਰੋ

ਤੁਸੀਂ ਬੀਬੀਸੀ ਦੀ ਕਿਸੇ ਵੀ ਭਾਰਤੀ ਭਾਸ਼ਾਵਾਂ ਦੀ ਵੈੱਬਸਾਈਟ 'ਤੇ ਲੌਗ-ਇਨ ਕਰਕੇ ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਵੋਟ ਦੇ ਸਕਦੇ ਹੋ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ 'ਤੇ ਆਓ ਅਤੇ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਪਾਓ

ਤੁਹਾਡੇ ਲਈ ਵੋਟਿੰਗ ਲਾਈਨਾਂ 24 ਫਰਵਰੀ, 2020 ਨੂੰ ਰਾਤ 11.30 ਵਜੇ ਤੱਕ ਖੁੱਲ੍ਹੀਆਂ ਹਨ। ਜੇਤੂ ਦਾ ਐਲਾਨ 8 ਮਾਰਚ, 2020 ਨੂੰ ਦਿੱਲੀ ਵਿਖੇ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਕੀਤਾ ਜਾਵੇਗਾ।

ਇਸ ਸਬੰਧੀ ਸਾਰੇ ਨਿਯਮ, ਸ਼ਰਤਾਂ ਅਤੇ ਗੋਪਨੀਅਤਾ ਨੋਟਿਸ ਵੈੱਬਸਾਈਟ 'ਤੇ ਹਨ। ਇਸ ਦੇ ਨਤੀਜੇ ਬੀਬੀਸੀ ਭਾਰਤੀ ਭਾਸ਼ਾਵਾਂ ਦੀਆਂ ਸਾਈਟਸ ਅਤੇ ਬੀਬੀਸੀ ਸਪੋਰਟਸ ਦੀ ਵੈੱਬਸਾਈਟ 'ਤੇ ਐਲਾਨੇ ਜਾਣਗੇ।

ਜਨਤਾ ਦੀਆਂ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੀ ਖਿਡਾਰਨ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਹੋਵੇਗੀ।

ਬੀਬੀਸੀ ਸਮਾਗਮ ਦੌਰਾਨ ਇੱਕ ਪ੍ਰਸਿੱਧ ਭਾਰਤੀ ਖਿਡਾਰਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਤ ਕਰੇਗਾ।

ਇਹ ਵੀ ਪੜ੍ਹੋ:

ਭਾਰਤ ਦੇ ਪ੍ਰਸਿੱਧ ਖੇਡ ਪੱਤਰਕਾਰਾਂ, ਮਾਹਿਰਾਂ ਅਤੇ ਲੇਖਕਾਂ ਦੀ ਇੱਕ ਜਿਊਰੀ ਵੱਲੋਂ ਸ਼ਾਰਟਲਿਸਟ ਕਰਕੇ ਪੰਜ ਖਿਡਾਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਨਤਕ ਵੋਟਿੰਗ ਦੇ ਆਧਾਰ 'ਤੇ ਜਿਊਰੀ ਵੱਲੋਂ ਜ਼ਿਆਦਾ ਨਾਮਜ਼ਦਗੀਆਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਉਹ ਖਿਡਾਰਨਾਂ ਹਨ:

1. ਦੂਤੀ ਚੰਦ

ਉਮਰ : 23, ਖੇਡ : ਅਥਲੀਟ

ਔਰਤਾਂ ਦੇ 100 ਮੀਟਰ ਦੇ ਮੁਕਾਬਲੇ ਵਿੱਚ ਦੂਤੀ ਚੰਦ ਮੌਜੂਦਾ ਭਾਰਤੀ ਰਾਸ਼ਟਰੀ ਚੈਂਪੀਅਨ ਹੈ। ਉਹ 2016 ਦੀਆਂ ਸਮਰ ਓਲੰਪਿਕਸ ਵਿੱਚ ਔਰਤਾਂ ਦੇ 100 ਮੀਟਰ ਦੇ ਮੁਕਾਬਲੇ ਵਿੱਚ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਤੀਜੀ ਮਹਿਲਾ ਬਣੀ।

ਦੂਤੀ ਚੰਦ ਨੇ 2018 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ ਔਰਤਾਂ ਦੇ 100 ਮੀਟਰ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ। 1998 ਦੇ ਬਾਅਦ ਇਹ ਇਸ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਮੈਡਲ ਸੀ। ਆਪਣੇ ਕਰੀਅਰ ਵਿੱਚ ਕਈ ਵਿਵਾਦਾਂ ਨਾਲ ਜੂਝਦਿਆਂ ਦੂਤੀ ਚੰਦ ਭਾਰਤ ਦੀਆਂ ਸਭ ਤੋਂ ਹੋਣਹਾਰ ਖਿਡਾਰਨਾਂ ਵਿੱਚੋਂ ਇੱਕ ਹੈ।

2. ਮਾਨਸੀ ਜੋਸ਼ੀ

ਉਮਰ : 30, ਖੇਡ : ਪੈਰਾ ਬੈਡਮਿੰਟਨ

ਮਾਨਸੀ ਜੋਸ਼ੀ ਨੇ ਬੇਸਲ, ਸਵਿਟਜ਼ਰਲੈਂਡ ਵਿਖੇ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ, 2019 ਵਿੱਚ ਗੋਲਡ ਮੈਡਲ ਜਿੱਤਿਆ। ਉਹ ਇਸ ਸਮੇਂ ਦੁਨੀਆ ਦੀਆਂ ਚੋਟੀਆਂ ਦੀਆਂ ਪੈਰਾ-ਬੈਡਮਿੰਟਨ ਖਿਡਾਨਾਂ ਵਿੱਚ ਸ਼ਾਮਲ ਹੈ।

2018 ਵਿੱਚ ਮਾਨਸੀ ਜੋਸ਼ੀ ਨੇ ਜਕਾਰਤਾ ਵਿੱਚ ਏਸ਼ੀਅਨ ਪੈਰਾ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ। 2011 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਉਸਦੀ ਖੱਬੀ ਲੱਤ ਚਲੇ ਗਈ ਸੀ, ਪਰ ਇਹ ਦੁਰਘਟਨਾ ਉਸਦੀ ਦੁਨੀਆ ਦੀਆਂ ਸਰਵੋਤਮ ਬੈਡਮਿੰਟਨ ਖਿਡਾਰਨਾਂ ਵਿੱਚ ਆਉਣ ਦੀ ਇੱਛਾ ਨੂੰ ਨਹੀਂ ਰੋਕ ਸਕੀ।

3. ਮੈਰੀ ਕੋਮ

ਉਮਰ : 36, ਖੇਡ : ਮੁੱਕੇਬਾਜ਼ੀ (ਫਲਾਈਵੇਟ ਕੈਟੇਗਰੀ)

ਮੈਂਗ ਚੁੰਗਨੀਜੈਂਗ ਜਿਸਨੂੰ ਮੇਰੀ ਕੋਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅੱਠ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਇਕਲੌਤੀ ਮੁੱਕੇਬਾਜ਼ (ਪੁਰਸ਼ ਜਾਂ ਮਹਿਲਾ) ਹੈ। ਉਸਨੇ ਆਪਣੀਆਂ ਪਹਿਲੀਆਂ ਸੱਤ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਰੇਕ ਵਿੱਚ ਮੈਡਲ ਜਿੱਤਿਆ ਹੈ।

ਉਹ ਰਿਕਾਰਡ ਛੇ ਵਾਰ ਵਰਲਡ ਐਮੇਚਿਓਰ ਬਾਕਸਿੰਗ ਚੈਂਪੀਅਨ ਬਣਨ ਵਾਲੀ ਇਕਲੌਤੀ ਮਹਿਲਾ ਹੈ। ਮੇਰੀ ਕੋਮ ਓਲੰਪਿਕ ਮੈਡਲ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਵੀ ਹੈ।

ਭਾਰਤ ਦੇ ਉਪਰਲੇ ਸਦਨ ਰਾਜ ਸਭਾ ਦੀ ਨਾਮਜ਼ਦ ਮੈਂਬਰ ਮੈਰੀ ਕੋਮ ਨੂੰ ਵਿਸ਼ਵ ਓਲੰਪਿਅਨ ਐਸੋਸੀਏਸ਼ਨ (ਡਬਲਯੂਓਏ) ਵੱਲੋਂ ਆਪਣਾ ਨਾਂ ਨਾਲ 'ਓਐੱਲਵਾਈ' ਲਗਾਉਣ ਦੀ ਮਾਣ ਵੀ ਦਿੱਤਾ ਗਿਆ ਹੈ।

4. ਪੀਵੀ ਸਿੰਧੂ

ਉਮਰ : 24, ਖੇਡ : ਬੈਡਮਿੰਟਨ

ਪਿਛਲੇ ਸਾਲ ਪੀਵੀ ਸਿੰਧੂ (ਪੁਸਰਲਾ ਵੈਂਕਟ ਸਿੰਧੂ) ਬੇਸਲ, ਸਵਿਟਜ਼ਰਲੈਂਡ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਦੇ ਨਾਂ ਕੁੱਲ ਪੰਜ ਵਿਸ਼ਵ ਚੈਂਪੀਅਨਸ਼ਿਪ ਮੈਡਲ ਹਨ। ਉਹ ਸਿੰਗਲਜ਼ ਬੈਡਮਿੰਟਨ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ।

ਸਿੰਧੂ ਸਿਰਫ਼ 17 ਸਾਲ ਦੀ ਉਮਰ ਵਿੱਚ ਸਤੰਬਰ, 2012 ਵਿੱਚ ਬੀਐੱਫਡਬਲਯੂ ਵਿਸ਼ਵ ਰੈਂਕਿੰਗ ਦੇ ਚੋਟੀ ਦੇ 20 ਖਿਡਾਰੀਆਂ ਵਿੱਚ ਸ਼ਾਮਲ ਹੋਈ। ਉਹ ਪਿਛਲੇ 4 ਸਾਲਾਂ ਤੋਂ ਚੋਟੀ ਦੇ 10 ਖਿਡਾਰੀਆਂ ਵਿੱਚ ਬਣੀ ਹੋਈ ਹੈ। ਉਸਦੇ ਲੰਬੀਆਂ ਬਾਹਾਂ ਦੇ ਸਮੈਸ਼ ਨਾਲ ਉਸਦੇ ਭਾਰਤੀ ਪ੍ਰਸੰਸਕਾਂ ਨੂੰ ਟੋਕੀਓ ਓਲੰਪਿਕਸ ਵਿੱਚ ਉਸਤੋਂ ਬਹੁਤ ਉਮੀਦਾਂ ਹਨ।

5. ਵਿਨੇਸ਼ ਫੋਗਾਟ

ਉਮਰ : 25, ਖੇਡ : ਫਰੀਸਟਾਈਲ ਰੈਸਲਿੰਗ

ਅੰਤਰਰਾਸ਼ਟਰੀ ਮਹਿਲਾ ਪਹਿਲਵਾਨਾਂ ਦੇ ਉੱਘੇ ਪਰਿਵਾਰ ਨਾਲ ਸਬੰਧਿਤ ਵਿਨੇਸ਼ ਫੋਗਾਟ 2018 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ।

ਫੋਗਾਟ ਦੇ ਨਾਂ ਦੋ ਰਾਸ਼ਟਰਮੰਡਲ ਖੇਡ ਮੈਡਲ ਵੀ ਹਨ। 2019 ਵਿੱਚ ਉਨ੍ਹਾਂ ਨੇ ਕਾਂਸੀ ਦਾ ਮੈਡਲ ਜਿੱਤ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ।

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)