ਦਿੱਲੀ ਚੋਣ ਨਤੀਜਿਆਂ 'ਤੇ ਅਮਿਤ ਸ਼ਾਹ ਨੇ ਚੁੱਪੀ ਕਿਉਂ ਵੱਟੀ

ਅਮਿਤ ਸ਼ਾਹ Image copyright AFP

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਮਿਤ ਸ਼ਾਹ ਚੁੱਪ ਹਨ। ਇਹ ਲੇਖ ਲਿਖਣ ਤੱਕ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਨਾ ਤਾਂ ਵਧਾਈ ਦਿੱਤੀ ਹੈ ਅਤੇ ਨਾ ਹੀ ਆਪਣੀ ਪਾਰਟੀ ਦੀ ਹਾਰ ਬਾਰੇ ਕੋਈ ਟਿੱਪਣੀ ਕੀਤੀ ਹੈ। ਇਹ ਸੱਚ ਹੈ ਕਿ ਹੁਣ ਪਾਰਟੀ ਦੀ ਕਮਾਂਡ ਉਨ੍ਹਾਂ ਦੇ ਹੱਥ ਵਿੱਚ ਨਹੀਂ ਰਹੀ।

ਪਰ ਜਿਸ ਢੰਗ ਨਾਲ ਉਨ੍ਹਾਂ ਨੇ ਦਿੱਲੀ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਸ਼ਾਹੀਨ ਬਾਗ ਦਾ ਮੁੱਦਾ ਚੁੱਕਿਆ, ਸੀਏਏ ਬਾਰੇ ਗੱਲ ਕੀਤੀ, ਵੋਟਰਾਂ ਨੂੰ ਸ਼ਾਹੀਨ ਬਾਗ ਤੱਕ ਕਰੰਟ ਲਿਆਉਣ ਦੀ ਅਪੀਲ ਕੀਤੀ, ਉਸ ਤੋਂ ਲੱਗਦਾ ਸੀ ਕਿ ਉਨ੍ਹਾਂ ਲਈ ਇਹ ਚੋਣਾਂ ਕਿੰਨੀਆਂ ਅਹਿਮ ਹਨ।

ਭਾਜਪਾ ਨੇ ਦਿੱਲੀ 'ਚ ਹਾਰਨਾ ਸੀ ਅਤੇ ਉਹ ਹਾਰ ਗਈ। ਪਰ ਸਵਾਲ ਇਹ ਹੈ ਕਿ ਉਸਦੀ ਹਾਰ ਦੇ ਕੀ ਕਾਰਨ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਕਿਉਂਕਿ ਦਿੱਲੀ ਵਿੱਚ ਭਾਜਪਾ ਦੀ ਇਹ ਲਗਾਤਾਰ ਛੇਵੀਂ ਹਾਰ ਹੈ।

ਦੋ ਦਹਾਕਿਆਂ ਤੋਂ ਹਾਰਨ ਦਾ ਮਤਲਬ ਹੈ ਕਿ ਦਿੱਲੀ ਭਾਜਪਾ ਵਿੱਚ ਕੁਝ ਬੁਨਿਆਦੀ ਕਮੀਆਂ ਹਨ ਪਰ ਇਸ ਹਾਰ ਨਾਲ ਬਰਾਂਡ ਅਮਿਤ ਸ਼ਾਹ ਨੂੰ ਨੁਕਸਾਨ ਪਹੁੰਚਿਆ ਹੈ।

ਪਹਿਲਾਂ ਗੱਲ ਤਾਜ਼ਾ ਚੋਣਾਂ ਬਾਰੇ ਕਰਦੇ ਹਾਂ। ਭਾਜਪਾ ਦੀ ਹਾਰ ਦੇ ਕਾਰਨਾਂ ਦੀ ਪੜਤਾਲ ਕਰੀਏ ਤਾਂ ਪੰਜ ਚੀਜ਼ਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।

ਇਹ ਵੀ ਪੜ੍ਹੋ-

ਇੱਕ, ਪਾਰਟੀ ਦੀ ਚੋਣ ਰਣਨੀਤੀ ਅਰਵਿੰਦ ਕੇਜਰੀਵਾਲ ਨੇ ਨਾਕਾਮਯਾਬ ਕਰ ਦਿੱਤੀ। ਦੂਜਾ, ਸੰਗਠਨ ਦੀ ਅਸਮਰੱਥਤਾ, ਤੀਜਾ- ਬਾਹਰੀ ਆਗੂਆਂ/ ਵਰਕਰਾਂ 'ਤੇ ਭਰੋਸਾ। ਚੌਥਾ, ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਵਿੱਚ ਨਾਕਾਮਯਾਬੀ। ਪੰਜਵਾਂ, ਸੂਝ ਦੀ ਲੜਾਈ ਹਾਰ ਜਾਣਾ।

ਸ਼ਾਹੀਨ ਬਾਗ ਦਾ ਮਸਲਾ ਕੰਮ ਨਹੀਂ ਆਇਆ

ਭਾਜਪਾ ਦੀ ਚੋਣ ਰਣਨੀਤੀ ਕਿਵੇਂ ਨਾਕਾਮਯਾਬ ਰਹੀ? ਪਾਰਟੀ ਨੇ ਇੱਕ ਮੁੱਦੇ 'ਤੇ ਲੋੜ ਤੋਂ ਵੱਧ ਭਰੋਸਾ ਕੀਤਾ। ਇਹ ਮੁੱਦਾ ਮੁਸਲਮਾਨ ਔਰਤਾਂ ਦੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਧਰਨੇ ਦਾ ਸੀ। ਭਾਜਪਾ ਨੂੰ ਇਸ ਵਿੱਚ ਇੱਕ ਮੌਕਾ ਨਜ਼ਰ ਆਇਆ।

ਇੱਕ, ਇਸ ਰਾਹੀਂ ਫਿਰਕੂ ਧਰੁਵੀਕਰਨ ਕੀਤਾ ਜਾ ਸਕਦਾ ਹੈ। ਦੂਜਾ, ਇਸ ਧਰਨੇ ਕਾਰਨ ਸੜਕ ਬੰਦ ਹੋਣ 'ਤੇ ਰੋਜ਼ਾਨਾ ਲਗਭਗ 25-30 ਲੱਖ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਦਾ ਗੁੱਸਾ ਹੈ। ਦੋਵੇਂ ਉਲਟੇ ਪੈ ਗਏ।

ਸੜਕ ਦੇ ਬੰਦ ਹੋਣ ਕਾਰਨ ਲੋਕਾਂ ਵਿੱਚ ਗੁੱਸਾ ਤਾਂ ਸੀ ਪਰ ਉਹ ਸਮਝ ਗਏ ਕਿ ਕੇਂਦਰ ਸਰਕਾਰ ਯਾਨਿ ਕਿ ਭਾਜਪਾ ਜਾਣ ਬੁੱਝ ਕੇ ਧਰਨੇ 'ਤੇ ਬੈਠੇ ਲੋਕਾਂ ਨੂੰ ਨਹੀਂ ਹਟਾ ਰਹੀ।

Image copyright AFP

ਲੋਕ ਇਹ ਵੀ ਕਹਿਣ ਲੱਗੇ ਸਨ ਕਿ ਜਿਸ ਸਰਕਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਵਿੱਚ ਦੇਰ ਨਹੀਂ ਲੱਗੀ, ਉਨ੍ਹਾਂ ਨੂੰ ਧਰਨੇ 'ਤੇ ਬੈਠੇ ਲੋਕਾਂ ਨੂੰ ਹਟਾਉਣਾ ਕਿਹੜਾ ਮੁਸ਼ਕਲ ਕੰਮ ਹੈ।

ਇਸ ਲਈ ਇਹ ਨਰਾਜ਼ ਲੋਕ ਜਾਂ ਤਾਂ ਵੋਟ ਦੇਣ ਨਹੀਂ ਗਏ ਅਤੇ ਜਿਹੜੇ ਗਏ ਉਨ੍ਹਾਂ ਨੇ ਭਾਜਪਾ ਦੇ ਖਿਲਾਫ਼ ਵੋਟ ਪਾਈ।

ਸ਼ਾਹੀਨ ਬਾਗ ਦਾ ਮੁੱਦਾ ਫਿਰਕੂ ਧਰੁਵੀਕਰਨ ਲਈ ਜ਼ਰੂਰੀ ਸੀ ਕਿ ਇਸ ਵਿੱਚ ਅਰਵਿੰਦ ਕੇਜਰੀਵਾਲ ਵੀ ਪੈ ਜਾਣ। ਪਰ ਭਾਜਪਾ ਦੀਆਂ ਸਾਰੀਆਂ ਕੋਸ਼ੀਸ਼ਾਂ ਦੇ ਬਾਵਜੂਦ ਕੇਜਰੀਵਾਲ ਨੇ ਸ਼ਾਹੀਨ ਬਾਗ ਜਾਣਾ ਤਾਂ ਦੂਰ ਇਸ ਮੁੱਦੇ 'ਤੇ ਕੁਝ ਬੋਲਿਆ ਹੀ ਨਹੀਂ।

ਇੰਨਾ ਹੀ ਨਹੀਂ ਉਹ ਖੁੱਲ੍ਹ ਕੇ ਸੀਏਏ ਦੇ ਖਿਲਾਫ਼ ਵੀ ਨਹੀਂ ਬੋਲੇ। ਧਾਰਾ 370 ਅਤੇ ਤਿੰਨ ਤਲਾਕ 'ਤੇ ਤਾਂ ਕੇਜਰੀਵਾਲ ਨੇ ਮੋਦੀ ਸਰਕਾਰ ਦਾ ਸਾਥ ਦਿੱਤਾ।

ਭਾਜਪਾ ਨੇ ਕੇਜਰੀਵਾਲ ਨੂੰ ਹਰੇਕ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਾਹੀਨ ਬਾਗ ਦੇ ਮੁੱਦੇ 'ਤੇ ਖੁੱਲ੍ਹ ਕੇ ਸਾਹਮਣੇ ਆਉਣ। ਇਸ ਦੇ ਨਤੀਜੇ ਵਜੋਂ, ਧਰੁਵੀਕਰਨ ਨਾ ਹੋਣ ਕਾਰਨ ਭਾਜਪਾ ਦੀ ਨਿਰਾਸ਼ਾ ਵਧਣੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ-

ਅਜਿਹੀ ਹਾਲਤ ਵਿੱਚ ਉਨ੍ਹਾਂ ਦੇ ਆਗੂ ਭਾਰਤ-ਪਾਕਿਸਤਾਨ, ਗੱਦਾਰਾਂ ਨੂੰ ਗੋਲੀ ਮਾਰੋ, ਅੱਤਵਾਦੀ ਅਤੇ ਹੋਰ ਵੀ ਬਹੁਤ ਕੁਝ ਕਹਿਣ ਲੱਗੇ। ਇਸ ਦਾ ਲਾਭ ਹੋਣ ਦੀ ਥਾਂ ਨੁਕਸਾਨ ਹੀ ਹੋਇਆ ਸੀ।

ਜਦੋਂ ਵੀ ਕਿਸੇ ਮਸ਼ਹੂਰ ਆਗੂ 'ਤੇ ਕੋਈ ਨਿੱਜੀ ਹਮਲਾ ਹੁੰਦਾ ਹੈ, ਤਾਂ ਹਮਲਾਵਰ ਨੂੰ ਨੁਕਸਾਨ ਹੁੰਦਾ ਹੈ। ਇਸ ਗੱਲ ਨੂੰ ਭਾਜਪਾ ਨਾਲੋਂ ਬਿਹਤਰ ਕੌਣ ਸਮਝ ਸਕਦਾ ਹੈ।

ਮੋਦੀ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ਜਿੰਨਾ ਮਾੜਾ ਕਿਹਾ ਉਸ ਦਾ ਫਾਇਦਾ ਮੋਦੀ ਨੂੰ ਹੀ ਹੋਇਆ। ਇਹ ਜਾਣਦੇ ਹੋਏ ਵੀ ਭਾਜਪਾ ਨੇ ਕੇਜਰੀਵਾਲ 'ਤੇ ਨਿੱਜੀ ਹਮਲੇ ਕਿਉਂ ਕੀਤੇ, ਇਹ ਸਮਝ ਤੋਂ ਬਾਹਰ ਹੈ।

ਜਦੋਂ ਅਮਿਤ ਸ਼ਾਹ ਨੇ ਕਮਾਂਡ ਸੰਭਾਲੀ

ਇਸ ਰਣਨੀਤੀ ਨੂੰ ਨਾਮਕਾਮਯਾਬ ਹੁੰਦਿਆਂ ਦੇਖ ਕੇ ਅਮਿਤ ਸ਼ਾਹ ਨੇ ਚੋਣ ਦੀ ਕਮਾਂਡ ਆਪਣੇ ਹੱਥ ਵਿੱਚ ਸੰਭਾਲੀ। ਉਨ੍ਹਾਂ ਨੂੰ ਲੱਗਿਆ ਕਿ ਜੇ ਉਹ ਸ਼ਾਹੀਨ ਬਾਗ ਦੇ ਮੁੱਦੇ 'ਤੇ ਬੋਲਣਗੇ ਤਾਂ ਵੋਟਰਾਂ ਉੱਤੇ ਅਸਰ ਪਏਗਾ। ਇਹ ਵੀ ਕੰਮ ਨਹੀਂ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਆਪਣੀਆਂ ਰੈਲੀਆਂ ਦੀ ਗਿਣਤੀ ਵਧਾ ਦਿੱਤੀ ਸਗੋਂ ਨੁੱਕੜ ਸਭਾਵਾਂ ਵੀ ਕੀਤੀਆਂ।

Image copyright AFP

ਪਾਰਟੀ ਦੇ ਹੋਰ ਆਗੂਆਂ ਨੂੰ ਵੀ ਕਿਹਾ ਗਿਆ ਕਿ ਉਹ ਵੱਡੀਆਂ ਰੈਲੀਆਂ ਦੀ ਥਾਂ ਨੁੱਕੜ ਸਭਾਵਾਂ 'ਤੇ ਧਿਆਨ ਦੇਣ। ਉਨ੍ਹਾਂ ਨੇ ਚੋਣ ਨੂੰ ਕੇਜਰੀਵਾਲ ਬਨਾਮ ਅਮਿਤ ਸ਼ਾਹ ਬਣਾ ਦਿੱਤਾ। ਫਿਰ ਵੀ ਭਾਜਪਾ ਦਾ 22 ਸਾਲਾਂ ਦਾ ਸੋਕਾ ਖ਼ਤਮ ਨਹੀਂ ਹੋਇਆ। ਖੇਤਰੀ ਪਾਰਟੀਆਂ ਨਾਲ ਚੋਣ ਲੜਾਈ ਵਿੱਚ ਭਾਜਪਾ ਦੀ ਹਾਰ ਦਾ ਇਕ ਨਵਾਂ ਪਹਿਲੂ ਹੈ।

ਅਮਿਤ ਸ਼ਾਹ ਦਾ ਕੋਈ ਦਾਅ-ਪੇਚ ਨਤੀਜਾ ਬਦਲਣ ਤਾਂ ਦੂਰ ਸਗੋਂ ਲੜਾਈ ਨੂੰ ਨੇੜੇ ਬਣਾਉਣ ਵਿੱਚ ਵੀ ਕਾਮਯਾਬ ਨਹੀਂ ਹੋਇਆ। ਇਹ ਹਾਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਚੁਭੇਗੀ।

ਦਿੱਲੀ ਵਿੱਚ ਭਾਜਪਾ ਦਾ ਸੰਗਠਨ ਉਸਦੀ ਪੁਰਾਣੀ ਦੁਖਦੀ ਰਗ ਹੈ। ਇੱਥੇ ਆਗੂ ਆਪਣੇ ਸਿਆਸੀ ਵਿਰੋਧੀਆਂ ਨਾਲੋਂ ਆਪਣੇ ਲੋਕਾਂ ਨਾਲ ਲੜਦੇ ਹਨ।

ਜਿਨ੍ਹਾਂ ਦੀ ਵਿਧਾਨ ਸਭਾ ਸੀਟ ਜਿੱਤਣ ਦੀ ਹੈਸੀਅਤ ਨਹੀਂ ਹੈ, ਉਨ੍ਹਾਂ ਦੀ ਇੱਛਾ ਅਸਮਾਨ ਨੂੰ ਛੂਹਣ ਦੀ ਹੈ। ਸਾਲ 2015 ਵਿੱਚ ਹੋਈ ਹਾਰ ਤੋਂ ਬਾਅਦ ਭਾਜਪਾ ਨੇ ਕੋਈ ਸਬਕ ਨਹੀਂ ਸਿੱਖਿਆ।

ਲੀਡਰਸ਼ਿਪ ਸੰਕਟ ਅਤੇ ਮਨੋਜ ਤਿਵਾੜੀ

ਭਾਜਪਾ ਨੇ ਅਗਲੀਆਂ ਚੋਣਾਂ ਦੀ ਕੋਈ ਤਿਆਰੀ ਨਹੀਂ ਕੀਤੀ। ਸੂਬੇ ਦੀ ਕਮਾਂਡ ਸਤੀਸ਼ ਉਪਾਧਿਆਏ ਦੀ ਥਾਂ ਮਨੋਜ ਤਿਵਾੜੀ ਨੂੰ ਸੌਂਪ ਦਿੱਤੀ। ਉਹੀ ਮਨੋਜ ਤਿਵਾਰੀ, ਜਿਨ੍ਹਾਂ ਨੂੰ ਅਮਰ ਸਿੰਘ ਸਿਆਸਤ ਵਿੱਚ ਲਿਆਏ ਅਤੇ ਗੋਰਖਪੁਰ ਤੋਂ ਯੋਗੀ ਆਦਿੱਤਿਆਨਾਥ ਖਿਲਾਫ਼ ਚੋਣ ਲੜਵਾਈ ਸੀ।

ਸਿਰਫ਼ ਇੰਨਾ ਹੀ ਨਹੀਂ ਕਿ ਉਹ ਕਿਸੇ ਹੋਰ ਪਾਰਟੀ ਤੋਂ ਆਏ ਹਨ, ਸਗੋਂ ਸਿਆਸਤ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਸਿਫ਼ਰ ਹੈ।

ਭਾਜਪਾ ਦੀ ਵਿਚਾਰਧਾਰਾ ਨਾਲ ਉਨ੍ਹਾਂ ਦਾ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ। ਪਾਰਟੀ ਜਾਣਦੀ ਹੈ ਕਿ ਕਾਂਗਰਸ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਝੁੱਗੀ-ਝੌਂਪੜੀ ਦੇ ਵੋਟਰਾਂ ਵਿੱਚ ਉਨ੍ਹਾਂ ਦਾ ਆਧਾਰ ਨਾ ਹੋਣਾ।

ਕਾਂਗਰਸ ਦਾ ਲੋਕ ਆਧਾਰ ਕੇਜਰੀਵਾਲ ਲੈ ਗਏ। ਭਾਜਪਾ ਨੇ ਪਿਛਲੇ ਪੰਜ ਸਾਲਾਂ ਵਿੱਚ ਉਸ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ।

Image copyright Reuters

ਇਸ ਦੇ ਬਾਵਜੂਦ ਮੋਦੀ-ਸ਼ਾਹ ਦੇ ਯੁੱਗ ਵਿੱਚ ਸ਼ਹਿਰੀ ਗਰੀਬਾਂ ਵਿੱਚ ਭਾਜਪਾ ਦੀ ਵੋਟ ਕਾਫ਼ੀ ਵੱਧ ਗਈ ਹੈ। ਪਰ ਦਿੱਲੀ ਵਿੱਚ ਇਹ ਨਾ ਹੋ ਸਕਿਆ।

ਚੋਣਾਂ ਵੇਲੇ ਝੁੱਗੀਆਂ ਝੌਂਪੜੀ ਦਾ ਦੌਰਾ ਕਰਕੇ ਨਾ ਕੁਝ ਹੋਣਾ ਸੀ ਅਤੇ ਨਾ ਹੀ ਹੋਇਆ। ਸੂਬੇ ਤੋਂ ਬਾਹਰਲੇ ਆਗੂਆਂ ਨੂੰ ਚੋਣਾਂ ਵੇਲੇ ਭੀੜ ਇਕੱਠੀ ਕਰਨ ਲਈ ਬੁਲਾਉਣਾ ਸਾਲ 2015 ਵਿੱਚ ਦਿੱਲੀ ਅਤੇ ਬਿਹਾਰ ਦੋਵਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਪਾਰਟੀ ਨੇ ਇਹ ਨੀਤੀ ਬਦਲੀ।

ਪਰ ਇਸ ਵਾਰ ਦਿੱਲੀ ਵਿੱਚ ਉਹੀ ਗ਼ਲਤੀ ਦੁਹਰਾਈ। ਜਦੋਂ ਲੋਕ ਬਾਹਰੋਂ ਆਉਂਦੇ ਹਨ ਤਾਂ ਸਥਾਨਕ ਵਰਕਰ ਅਸਮਰੱਥ ਹੋ ਜਾਂਦੇ ਹਨ। ਇਹ ਜਾਣਦੇ ਹੋਏ ਵੀ ਪਾਰਟੀ ਨੇ ਅਜਿਹਾ ਕੀਤਾ।

ਅਮਿਤ ਸ਼ਾਹ ਦੀ 15 ਦਿਨਾਂ ਵਿੱਚ ਚੋਣਾਂ ਉਲਟਾਉਣ ਦੀ ਰਣਨੀਤੀ ਇਨ੍ਹਾਂ ਬਾਹਰੀ ਲੋਕਾਂ ਦੇ ਕਾਰਨ ਫੇਲ੍ਹ ਹੋਈ। ਜਦੋਂ ਕਿ ਅਮਿਤ ਸ਼ਾਹ ਖ਼ੁਦ ਕਹਿੰਦੇ ਹਨ ਕਿ ਆਖਰੀ ਪਲ਼ ਕੋਈ ਚੋਣ ਨਹੀਂ ਬਦਲਦੀ। ਵੋਟਰ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਆਪਣਾ ਮਨ ਬਣਾ ਲੈਂਦੇ ਹਨ ਕਿ ਕਿਸ ਨੂੰ ਵੋਟ ਦੇਣੀ ਹੈ।

ਕੇਜਰੀਵਾਲ ਦੇ ਕੰਮ ਦੀ ਕਾਟ ਨਹੀਂ ਮਿਲੀ

ਆਮ ਆਦਮੀ ਪਾਰਟੀ ਨੇ ਆਪਣੀ ਚੋਣ ਤਿਆਰੀ ਅੱਠ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀ ਸੀ, ਜਦੋਂ ਮੁਫ਼ਤ ਯੋਜਨਾਵਾਂ ਦਾ ਐਲਾਨ ਹੋਣ ਲੱਗਿਆ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਨੇ ਹਾਰ ਤੋਂ ਸਬਕ ਲਿਆ ਕਿ ਮੋਦੀ 'ਤੇ ਨਿੱਜੀ ਹਮਲੇ ਦਾ ਨੁਕਸਾਨ ਹੋ ਰਿਹਾ ਹੈ।

ਉਸ ਤੋਂ ਬਾਅਦ ਮੋਦੀ 'ਤੇ ਨਿੱਜੀ ਹਮਲੇ ਛੱਡੇ, ਇੱਥੋਂ ਤੱਕ ਕਿ ਉਨ੍ਹਾਂ ਦੇ ਖਿਲਾਫ਼ ਬੋਲਣ ਤੋਂ ਵੀ ਬਚਣਾ ਸ਼ੁਰੂ ਕਰ ਦਿੱਤਾ।

ਕੇਜਰੀਵਾਲ ਸਰਕਾਰ ਨੇ ਇਸ ਗੱਲ ਦਾ ਵੱਡਾ ਪ੍ਰਚਾਰ ਕੀਤਾ ਕਿ ਬਜਟ ਦਾ 27 ਫ਼ੀਸਦ ਸਿੱਖਿਆ 'ਤੇ ਖਰਚ ਕੀਤਾ ਗਿਆ ਸੀ।

ਪਰ ਇੰਨੇ ਵੱਡੇ ਖਰਚੇ ਨਾਲ, ਪੰਜ ਸਾਲਾਂ ਵਿੱਚ ਕੋਈ ਨਵਾਂ ਸਕੂਲ ਜਾਂ ਕਾਲਜ ਨਹੀਂ ਖੋਲ੍ਹਿਆ ਗਿਆ। ਵਿਦਿਆਰਥੀਆਂ ਦੀ ਗਿਣਤੀ ਘੱਟ ਗਈ ਅਤੇ ਪ੍ਰੀਖਿਆ ਨਤੀਜੇ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਸਨ। ਫਿਰ ਪੈਸੇ ਦਾ ਕੀ ਕੀਤਾ?

ਪੁਰਾਣੇ ਸਕੂਲਾਂ ਵਿੱਚ ਕੁਝ ਨਵੇਂ ਕਮਰੇ ਬਣਵਾਏ, ਪੇਂਟ ਕੀਤੇ, ਫਰਨੀਚਰ ਅਤੇ ਬੱਚਿਆਂ ਦੀਆਂ ਵਰਦੀਆਂ ਬਦਲ ਦਿੱਤੀਆਂ। ਇਸੇ ਤਰ੍ਹਾਂ ਦੂਜੀਆਂ ਯੋਜਨਾਵਾਂ ਦੀਆਂ ਕਮੀਆਂ ਨੂੰ ਲੋਕਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਭਾਜਪਾ ਨਾਕਮਯਾਬ ਰਹੀ।

ਇਹ ਵੀ ਪੜ੍ਹੋ-

ਭਾਜਪਾ ਦੀ ਪੰਜਵੀਂ ਕਮੀ ਸੀ ਕੇਜਰੀਵਾਲ ਨੂੰ ਮੁਸਲਮਾਨ ਹਮਾਇਤੀ ਜਾਂ ਹਿੰਦੂ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰਨਾ, ਜਿਸ ਵਿੱਚ ਉਹ ਮੂੰਹ ਭਾਰ ਡਿੱਗ ਗਏ। ਕੇਜਰੀਵਾਲ ਨੇ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਨਰਮ ਹਿੰਦੂਤਵ ਦਾ ਜੋ ਕਾਰਡ ਖੇਡਿਆ ਉਸ ਨਾਲ ਭਾਜਪਾ ਹੈਰਾਨ ਰਹਿ ਗਈ।

ਇਸ ਮੁੱਦੇ 'ਤੇ ਉਹ ਕੇਜਰੀਵਾਲ 'ਤੇ ਜਿੰਨੀ ਜ਼ਿਆਦਾ ਹਮਲਾਵਰ ਹੋ ਗਈ, ਓਨਾ ਹੀ ਜ਼ਿਆਦਾ ਫਾਇਦਾ ਕੇਜਰੀਵਾਲ ਨੂੰ ਮਿਲਿਆ।

ਇਸ ਹਾਰ ਵਿੱਚ ਭਾਜਪਾ ਲਈ ਸੰਤੁਸ਼ਟੀ ਦੀ ਇੱਕੋ ਗੱਲ ਇਹ ਹੈ ਕਿ ਇਸ ਨੂੰ ਉਸ ਦੇ ਰਾਸ਼ਟਰਵਾਦ ਜਾਂ ਹਿੰਦੂਤਵ ਦੇ ਏਜੰਡੇ ਦੀ ਹਾਰ ਵਜੋਂ ਪੇਸ਼ ਕਰਨਾ ਵਿਰੋਧੀਆਂ ਲਈ ਮੁਸ਼ਕਲ ਹੋਵੇਗਾ।

ਕੇਜਰੀਵਾਲ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਭਾਜਪਾ ਦੇ ਇਸ ਏਜੰਡੇ ਦੇ ਵਿਰੁੱਧ ਹਨ। ਦਰਅਸਲ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ ਕੋਈ ਵਿਚਾਰਧਾਰਾ ਹੈ ਹੀ ਨਹੀਂ।

ਭਾਜਪਾ ਦੇ ਏਜੰਡੇ 'ਤੇ ਉਨ੍ਹਾਂ ਦੀ ਚੁੱਪੀ ਨੂੰ ਮਨਜ਼ੂਰੀ ਸਮਝ ਲਿਆ ਜਾਵੇ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਸੱਤ ਸਾਲ ਪਹਿਲਾਂ ਜੋ ਕੇਜਰੀਵਾਲ ਖੁਦ ਨੂੰ ਨਾਸਤਿਕ ਕਹਿੰਦੇ ਸੀ ਅੱਜ ਹਨੂੰਮਾਨ ਭਗਤ ਬਣ ਗਏ। ਇਸ ਤੋਂ ਭਾਜਪਾ ਨੂੰ ਉਦੋਂ ਤੱਕ ਫਿਕਰ ਨਹੀਂ ਹੋਵੇਗੀ, ਜਿੰਨਾ ਚਿਰ ਕੇਜਰੀਵਾਲ ਖੁਦ ਨੂੰ ਦਿੱਲੀ ਤੱਕ ਸੀਮਤ ਰੱਖਦੇ ਹਨ।

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)