ਭਾਰਤ 'ਚ ਕੁੜੀਆਂ ਦੀ ਫੁੱਟਬਾਲ ਲੀਗ: ਨਾ ਟੀਵੀ ਨੇ ਮੈਚ ਦਿਖਾਏ ਨਾ ਕਿਸੇ ਨੇ ਟਿਕਟਾਂ ਖਰੀਦੀਆਂ

ਮਹਿਲਾ ਫੁੱਟਬਾਲ ਲੀਗ
ਫੋਟੋ ਕੈਪਸ਼ਨ ਮਹਿਲਾ ਫੁੱਟਬਾਲ ਲੀਗ

ਪਿਛਲੇ ਕੁਝ ਸਾਲਾਂ ਤੋਂ, ਭਾਰਤ ਵਿੱਚ ਕਈ ਖੇਡਾਂ ਦੇ ਲੀਗ ਟੂਰਨਾਮੈਂਟਸ ਦੀ ਬਹਾਰ ਲੱਗੀ ਹੋਈ ਹੈ। ਪਹਿਲਾਂ ਕ੍ਰਿਕਟ ਦੀ ਆਈਪੀਐਲ, ਉਸ ਤੋਂ ਬਾਅਦ ਹਾਕੀ ਇੰਡੀਆ ਲੀਗ, ਪੁਰਸ਼ ਫੁੱਟਬਾਲ ਦਾ ਆਈਐਸਐਲ, ਪ੍ਰੀਮੀਅਰ ਬੈਡਮਿੰਟਨ ਲੀਗ, ਪ੍ਰੋ ਕਬੱਡੀ ਲੀਗ, ਟੈਨਿਸ ਲੀਗ, ਕੁਸ਼ਤੀ ਲੀਗ, ਮੁੱਕੇਬਾਜ਼ੀ ਲੀਗ ਅਤੇ ਟੇਬਲ ਟੈਨਿਸ ਲੀਗ ਵੀ ਸ਼ੁਰੂ ਹੋਈ।

ਹਾਲਾਂਕਿ, ਹੁਣ ਹਾਕੀ ਇੰਡੀਆ ਲੀਗ ਦਾ ਆਯੋਜਨ ਨਹੀਂ ਕੀਤਾ ਜਾਂਦਾ।

ਪਰ ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹੁਣ ਭਾਰਤੀ ਖੇਡਾਂ ਵਿੱਚ ਲੀਗ ਟੂਰਨਾਮੈਂਟਸ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ।

ਭਾਰਤ ਵਿੱਚ ਜਿਸ ਤਰ੍ਹਾਂ ਔਰਤਾਂ ਦੇ ਫੁੱਟਬਾਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਕੁਝ ਸਾਲ ਪਹਿਲਾਂ ਇਹ ਸੋਚਣਾ ਮੁਸ਼ਕਲ ਸੀ ਕਿ ਕਦੇ ਕੋਈ ਮਹਿਲਾ ਫੁੱਟਬਾਲ ਲੀਗ ਵੀ ਹੋਵੇਗੀ।

ਪਰ ਇੰਡੀਅਨ ਮਹਿਲਾ ਲੀਗ ਦਾ ਚੌਥਾ ਐਡੀਸ਼ਨ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਖ਼ਤਮ ਹੋਇਆ।

ਫੋਟੋ ਕੈਪਸ਼ਨ ਇੰਡੀਅਨ ਮਹਿਲਾ ਲੀਗ ਦਾ ਚੌਥਾ ਐਡੀਸ਼ਨ ਬੈਂਗਲੁਰੂ ਵਿੱਚ ਹੋਇਆ

ਇਹ ਜਾਣਿਆ-ਪਛਾਣਿਆ ਮੈਚ ਗੋਕੂਲਮ ਕੇਰਲਾ ਨੇ ਕ੍ਰਿਫਸਾ ਕਲੱਬ ਨੂੰ 3-2 ਨਾਲ ਹਰਾ ਕੇ ਜਿੱਤਿਆ। ਗੋਕੂਲਮ ਕੇਰਲਾ ਦੀ ਟੀਮ ਪਹਿਲੀ ਵਾਰ ਇਸ ਲੀਗ ਦੀ ਚੈਂਪੀਅਨ ਬਣੀ ਹੈ। ਜੇਤੂ ਟੀਮ ਲਈ ਪਰਮੇਸ਼ਵਰੀ ਦੇਵੀ, ਕਮਲਾ ਦੇਵੀ ਅਤੇ ਸਬਿਤਰਾ ਭੰਡਾਰੀ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਸੇਤੂ ਫੁੱਟਬਾਲ ਕਲੱਬ, ਸਟੂਡੈਂਟਸ ਫੁੱਟਬਾਲ ਕਲੱਬ ਅਤੇ ਈਸਟਰਨ ਸਪੋਰਟਿੰਗ ਯੂਨੀਅਨ ਚੈਂਪਿਅਨ ਟੀਮ ਰਹੀਆਂ।

ਇਸ ਵਾਰ ਇਸ ਲੀਗ ਵਿੱਚ ਕੁੱਲ 12 ਟੀਮਾਂ ਨੇ ਭਾਗ ਲਿਆ। ਉਨ੍ਹਾਂ ਨੂੰ ਛੇ ਟੀਮਾਂ ਦੇ ਦੋ ਪੂਲ ਵਿੱਚ ਵੰਡਿਆ ਗਿਆ ਸੀ।

ਇਨ੍ਹਾਂ ਟੀਮਾਂ ਵਿੱਚ ਮਨੀਪੁਰ, ਗੁਜਰਾਤ, ਮਹਾਰਾਸ਼ਟਰ, ਗੋਆ, ਤਾਮਿਲ ਨਾਡੂ, ਓਡੀਸ਼ਾ, ਪੱਛਮੀ ਬੰਗਾਲ ਅਤੇ ਰੈਸਟ ਆਫ਼ ਇੰਡੀਆ ਜ਼ੋਨ ਦੀਆਂ ਟੀਮਾਂ ਸ਼ਾਮਲ ਸਨ।

ਇਹ ਵੀ ਪੜ੍ਹੋ:

ਹਾਲਾਂਕਿ, 2016-17 ਵਿੱਚ, ਲੀਗ ਦੇ ਪਹਿਲੇ ਐਡੀਸ਼ਨ ਵਿੱਚ ਸਿਰਫ਼ ਛੇ ਟੀਮਾਂ ਨੇ ਹਿੱਸਾ ਲਿਆ ਸੀ। ਫਿਰ ਦੂਜੀ ਵਾਰ, ਕੁਝ ਵਿਦੇਸ਼ੀ ਮਹਿਲਾ ਫੁੱਟਬਾਲ ਖਿਡਾਰਨਾਂ ਵੀ ਕਲੱਬ ਵਿੱਚ ਸ਼ਾਮਲ ਹੋ ਗਈਆਂ।

ਯੁਗਾਂਡਾ ਦੇ ਫਜੀਲਾ ਇਕਵਾਪੁਤ ਅਤੇ ਰਿਤਾਹ ਨਾਬਬੋਸਾ ਨੂੰ ਗੋਕੂਲਮ ਫੁੱਟਬਾਲ ਕਲੱਬ ਕੇਰਲਾ ਤੋਂ ਖੇਡਣ ਦਾ ਮੌਕਾ ਮਿਲਿਆ। ਸੇਤੂ ਫੁੱਟਬਾਲ ਕਲੱਬ ਤੋਂ ਇੰਗਲੈਂਡ ਦੀ ਟੇਨਵੀ ਹੰਸ ਤੋਂ ਇਲਾਵਾ ਬੰਗਲਾਦੇਸ਼ ਦੀਆਂ ਦੋ ਖਿਡਾਰਨਾਂ ਸਬੀਨਾ ਖਾਤੂਨ ਅਤੇ ਕ੍ਰਿਸ਼ਨਾ ਰਾਣੀ ਨੂੰ ਖੇਡਣ ਦਾ ਮੌਕਾ ਮਿਲਿਆ।

ਫੋਟੋ ਕੈਪਸ਼ਨ ਗੋਕੁਲਮ ਕੇਰਲਾ ਨੇ ਕ੍ਰਿਫਸਾ ਕਲੱਬ ਨੂੰ 3-2 ਨਾਲ ਹਰਾ ਕੇ ਜਿੱਤਿਆ ਇਸ ਵਾਰ ਦਾ ਮਹਿਲਾ ਫੁੱਟਬਾਲ ਲੀਗ

ਇੰਡੀਅਨ ਮਹਿਲਾ ਲੀਗ ਵਿੱਚ ਇਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਮਨੀਪੁਰ ਪੁਲਿਸ ਸਪੋਰਟਸ ਕਲੱਬ ਦੇ ਫਾਰਵਰਡ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਨਾਂਗੋਮ ਬਾਲਾ ਦੇਵੀ ਦੇ ਨਾਮ ਹੈ।

ਉਨ੍ਹਾਂ ਨੇ 2018-19 ਦੇ ਤੀਜੇ ਸੀਜ਼ਨ ਵਿੱਚ 26 ਗੋਲ ਕੀਤੇ।

ਪੂਰਬੀ ਸਪੋਰਟਿੰਗ ਯੂਨੀਅਨ ਦੀ ਯਮੁਨਾ ਕਮਲਾ ਦੇਵੀ ਨੇ 2016-17 ਦੇ ਪਹਿਲੇ ਸੀਜ਼ਨ ਵਿੱਚ ਅਤੇ ਨਾਂਗੋਮ ਬਾਲਾ ਦੇਵੀ ਨੇ 2017-18 ਦੇ ਦੂਜੇ ਸੀਜ਼ਨ ਵਿੱਚ 12-12 ਗੋਲ ਕੀਤੇ ਸਨ। ਨਾਂਗੋਮ ਬਾਲਾ ਦੇਵੀ ਸਾਲ 2017-18 ਵਿੱਚ ਕ੍ਰਿਫਸਾ ਫੁੱਟਬਾਲ ਕਲੱਬ ਲਈ ਖੇਡੇ ਸਨ।

ਲੀਗ ਬਾਰੇ ਫੁੱਟਬਾਲ ਆਲੋਚਕ ਨੋਵੀ ਕਪਾਡੀਆ ਦਾ ਕਹਿਣਾ ਹੈ ਕਿ ਆਖਰਕਾਰ ਇੰਡੀਅਨ ਫੁੱਟਬਾਲ ਐਸੋਸੀਏਸ਼ਨ ਨੇ ਸਾਲ 2016-17 ਵਿੱਚ ਕਈ ਸਾਲਾਂ ਤੋਂ ਨਜ਼ਰਅੰਦਾਜ਼ ਹੋਏ ਔਰਤਾਂ ਦੇ ਫੁੱਟਬਾਲ ਲਈ ਪਹਿਲੀ ਵਾਰ ਅਜਿਹੀ ਲੀਗ ਕਰਵਾਉਣ ਦਾ ਫੈਸਲਾ ਕੀਤਾ।

ਇਸ ਸਾਲ, ਭਾਰਤ ਵਿੱਚ ਅੰਡਰ -19 ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਹੋਵੇਗਾ।ਇਸ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਨੋਵੀ ਕਪਾਡੀਆ ਨੇ ਅੱਗੇ ਦੱਸਿਆ ਕਿ ਜੇਕਰ ਫੁੱਟਬਾਲ ਭਾਰਤੀ ਔਰਤਾਂ ਵਿੱਚ ਮਕਬੂਲ ਕਰਨਾ ਹੈ, ਤਾਂ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਉਣੇ ਪੈਣਗੇ।

ਵਿਦੇਸ਼ਾਂ ਵਿੱਚ ਤਾਂ ਆਰਸੇਨਲ ਅਤੇ ਚੇਲਸੀ ਵਰਗੇ ਵੱਡੇ ਫੁੱਟਬਾਲ ਕਲੱਬਾਂ ਵਿੱਚ ਔਰਤਾਂ ਦੀਆਂ ਟੀਮਾਂ ਹਨ। ਇਸਦੇ ਉਲਟ, ਭਾਰਤ ਦੇ ਪ੍ਰਮੁੱਖ ਫੁੱਟਬਾਲ ਕਲੱਬਾਂ, ਜਿਵੇਂ ਕਿ ਮੋਹਨ ਬਾਗਾਨ, ਪੂਰਬੀ ਬੰਗਾਲ ਜਾਂ ਆਈਐਸਐਲ ਵਿੱਚ ਕਦੇ ਵੀ ਔਰਤਾਂ ਦੇ ਫੁੱਟਬਾਲ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ।

ਅਜਿਹੇ ਵਿੱਚ ਅਜਿਹੀ ਲੀਗ ਦਾ ਹੋਣਾ ਬਹੁਤ ਸਕਾਰਾਤਮਕ ਹੈ ਕਿਉਂਕਿ ਖਿਡਾਰੀ ਸਿਰਫ਼ ਟੂਰਨਾਮੈਂਟ ਵਿੱਚ ਇੱਕ ਸੰਘਰਸ਼ਸ਼ੀਲ ਮੈਚ ਖੇਡਣ ਨਾਲ ਹੀ ਵਿਕਾਸ ਕਰਦਾ ਹੈ।

ਫੋਟੋ ਕੈਪਸ਼ਨ ਗੋਕੂਲਮ ਕੇਰਲਾ ਟੀਮ ਦੀ ਸਬੀਤਰਾ ਭੰਡਾਰੀ ਨੂੰ ਮਿਲਿਆ ਸਭ ਤੋਂ ਵੱਧ ਸਕੋਰ ਬਣਾਉਣ ਲਈ ਅਵਾਰਡ

ਇਸ ਲੀਗ ਦੇ ਸਾਰੇ ਮੈਚ ਬੈਂਗਲੁਰੂ ਵਿੱਚ ਖੇਡੇ ਗਏ, ਕੀ ਇਸ ਨਾਲ ਲੀਗ ਦੀ ਪ੍ਰਸਿੱਧੀ ਘੱਟ ਗਈ?

ਇਸ ਦੇ ਜਵਾਬ ਵਿੱਚ ਨੋਵੀ ਕਪਾਡੀਆ ਕਹਿੰਦੇ ਹਨ ਕਿ ਔਰਤਾਂ ਦੇ ਮੈਚ ਟੈਲੀਵਿਜ਼ਨ 'ਤੇ ਨਹੀਂ ਦਿਖਾਏ ਜਾਂਦੇ ਤੇ ਟਿਕਟਾਂ ਵੀ ਬਹੁਤ ਘੱਟ ਵਿਕਦੀਆਂ ਹਨ। ਇਹ ਇਕ ਕਿਸਮ ਦੀ ਸਮਝੌਤੇ ਵਾਲੀ ਸਥਿਤੀ ਸੀ ਕਿ ਘੱਟੋ-ਘੱਟ ਮੈਚ ਤਾਂ ਹੋ ਰਹੇ ਹਨ।

ਦੂਜਾ, ਇਹ ਪੁਰਸ਼ਾਂ ਦੀ ਲੀਗ ਵਾਂਗ ਸਥਾਪਿਤ ਲੀਗ ਨਹੀਂ ਹੈ। ਫਿਲਹਾਲ ਇਹ ਲੀਗ ਸ਼ੁਰੂਆਤੀ ਪੜਾਅ 'ਤੇ ਹੈ, ਇਸ ਲਈ ਅਜਿਹਾ ਹੋਣਾ ਸੁਭਾਵਕ ਹੈ।

ਕਪਾਡੀਆ ਦਾ ਮੰਨਣਾ ਹੈ ਕਿ ਲੀਗ ਵਿੱਚੋਂ ਪ੍ਰਤਿਭਾ ਨਿਖਰ ਕੇ ਸਾਹਮਣੇ ਆਉਣ ਲੱਗੀ ਹੈ। ਆਸ਼ਾਲਤਾ ਦੇਵੀ ਨੂੰ ਸਾਲ 2018-19 ਵਿੱਚ ਭਾਰਤੀ ਫੁੱਟਬਾਲ ਐਸੋਸੀਏਸ਼ਨ ਨੇ ਸਾਲ ਦੀ ਸਰਵੋਤਮ ਮਹਿਲਾ ਫੁੱਟਬਾਲਰ ਚੁਣਿਆ ਸੀ।

ਇਸ ਤੋਂ ਇਲਾਵਾ, ਦਿੱਲੀ ਦੀ ਫ੍ਰੀ-ਕਿੱਕ ਲਈ ਮਸ਼ਹੂਰ ਡਾਲਿਮਾ ਛਿੱਬਰ, ਭਾਰਤ ਦੀ ਗੋਲਕੀਪਰ ਅਦਿਤੀ ਚੌਹਾਨ ਅਤੇ ਮਨੀਪੁਰ ਦੀ ਓਬੰਡੋ ਦੇਵੀ ਨੇ ਵੀ ਨਾਮ ਕਮਾਇਆ। ਚੰਗੀ ਗੱਲ ਇਹ ਹੈ ਕਿ ਬਿਹਾਰ ਅਤੇ ਓਡੀਸ਼ਾ ਵਰਗੇ ਕਬਾਇਲੀ ਖੇਤਰਾਂ ਤੋਂ ਵੀ ਮਹਿਲਾ ਫੁੱਟਬਾਲਰਾਂ ਆ ਰਹੀ ਹਨ।

ਫੋਟੋ ਕੈਪਸ਼ਨ ਰਤਨਬਾਲਾ ਦੇਵੀ ਨੂੰ ਮਿਲਿਆ 'Most Valuable Player' ਦਾ ਅਵਾਰਡ

ਲੀਗ ਵਿੱਚ ਕੁਝ ਸਟਾਰ ਖਿਡਾਰੀਆਂ ਨੂੰ ਚੰਗਾ ਪੈਸਾ ਵੀ ਮਿਲਿਆ ਹੈ। ਪਰ ਮਾਹਰ ਮੰਨਦੇ ਹਨ ਕਿ ਭਾਰਤ ਵਿੱਚ ਔਰਤਾਂ ਦੀ ਫੁੱਟਬਾਲ ਦੀ ਸਥਿਤੀ ਦੇ ਮੱਦੇਨਜ਼ਰ, ਖਿਡਾਰਨਾਂ ਨੂੰ ਮਿਲਣ ਵਾਲਾ ਮੌਕਾ ਜ਼ਿਆਦਾ ਜ਼ਰੂਰੀ ਹੈ। ਟੂਰਨਾਮੈਂਟ ਵਿੱਚ ਸ਼ਾਮਲ ਬਹੁਤੀਆਂ ਖਿਡਾਰਨਾਂ ਜਾਂ ਤਾਂ ਪੜ੍ਹ ਰਹੀਆਂ ਹਨ ਜਾਂ ਛੋਟੇ-ਮੋਟੇ ਕੰਮ ਕਰ ਰਹੀਆਂ ਹਨ।

ਇਸ ਲੀਗ ਤੋਂ ਬਾਅਦ, ਮਨੀਪੁਰ ਪੁਲਿਸ, ਰੇਲਵੇ ਅਤੇ ਇਨਕਮ ਟੈਕਸ ਵਰਗੇ ਅਦਾਰਿਆਂ ਵਿੱਚ ਵੀ ਇਨ੍ਹਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਡਾਲਿਮਾ ਛਿੱਬਰ ਨੂੰ ਸਕਾਲਰਸ਼ਿਪ ਵੀ ਮਿਲੀ ਹੈ ਅਤੇ ਉਹ ਕਨੇਡਾ ਵਿੱਚ ਪ੍ਰੋਫੈਸ਼ਨਲ ਲੀਗ ਖੇਡ ਰਹੇ ਹਨ।

ਇਸ ਲੀਗ ਦਾ ਸਭ ਤੋਂ ਵੱਧ ਅਸਰ ਖਿਡਾਰਨਾਂ ਦੇ ਮਨੋਬਲ 'ਤੇ ਪਿਆ ਹੈ।

ਦਿੱਲੀ ਵਰਗੇ ਸ਼ਹਿਰ ਵਿੱਚ ਹੁਣ ਕੁੜੀਆਂ ਦੇ ਫੁੱਟਬਾਲ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਨੋਵੀ ਕਪਾਡੀਆ ਦਾ ਕਹਿਣਾ ਹੈ ਕਿ ਹੰਸ ਅਤੇ ਹਿੰਦੁਸਤਾਨ ਕਲੱਬ ਤੋਂ ਇਲਾਵਾ ਹੋਰ ਕਲੱਬ ਵੀ ਟ੍ਰੇਨਿੰਗ ਦੇ ਰਹੇ ਹਨ।

ਕੁਝ ਗੈਰ-ਸਰਕਾਰੀ ਅਦਾਰੇ ਵੀ ਸਾਹਮਣੇ ਆਏ ਹਨ। ਭਾਵ ਔਰਤਾਂ ਦੇ ਫੁੱਟਬਾਲ ਵੱਲ ਇੱਕ ਕਦਮ ਅੱਗੇ ਵਧਾਇਆ ਗਿਆ ਹੈ, ਜਿਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

ਵੀਡਿਓ: ਪਾਕਿਸਤਾਨ ਦੇ ਮੁਲਤਾਨ ਤੋਂ ਮੁਹੱਬਤ ਦੀ ਇੱਕ ਸੱਚੀ ਕਹਾਣੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)