ਸ਼ਾਹੀਨ ਬਾਗ: ਅਮਿਤ ਸ਼ਾਹ ਨੇ ਮਿਲਣ ਦਾ ਵਾਅਦਾ ਕੀਤਾਂ ਤਾਂ ਪੁਲਿਸ ਨੇ ਕਿਉਂ ਰੋਕਿਆ

ਸ਼ਾਹੀਨ ਬਾਗ਼
ਫੋਟੋ ਕੈਪਸ਼ਨ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਵੱਡੀ ਗਿਣਤੀ ਵਿਚ ਲੱਗੇ ਪੁਲਿਸ ਬੈਰੀਕੇਡਾਂ ਕਾਰਨ ਆਪਣੇ ਵਿਰੋਧ ਸਥਾਨ 'ਤੇ ਪਰਤਣਾ ਪਿਆ, ਤਾਂ ਇਨ੍ਹਾਂ ਲੋਕਾਂ ਨੇ ਅਸਮਾਨ ਵਿਚ ਗੁਬਾਰੇ ਉਡਾਏ

ਐਤਵਾਰ ਦੁਪਹਿਰ ਨੂੰ ਸ਼ਾਹੀਨ ਬਾਗ ਵਿੱਚ ਪੁਲਿਸ ਕਰਮਚਾਰੀਆਂ ਕੋਲ ਅੱਥਰੂ ਗੈਸ ਵਾਲੇ ਬਕਸੇ ਪਏ ਸਨ। ਇਸ 'ਤੇ ਚੇਤਾਵਨੀ ਦੇ ਤੌਰ ਤੇ ਲਿਖਿਆ ਗਿਆ ਸੀ, ਡੂ ਨੋਟ ਡਰਾਪ ਯਾਨਿ ਸੁੱਟੋ ਨਹੀਂ। ਇਹ ਵੀ ਛਪਿਆ ਹੋਇਆ ਸੀ, ਹੈਂਡਲ ਵਿਦ ਕੇਅਰ ਯਾਨਿ ਧਿਆਨ ਨਾਲ ਸੰਭਾਲੋ।

ਉਥੇ ਮੌਜੂਦ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਹ ਇਨ੍ਹਾਂ ਅੱਥਰੂ ਗੈਸਾਂ ਦਾ ਪਿਆਰ ਨਾਲ ਸਾਹਮਣਾ ਕਰਨਗੇ। ਹਾਲਾਂਕਿ, ਇਹ ਲੋਕ ਉਨ੍ਹਾਂ ਮੁੱਦਿਆਂ 'ਤੇ ਨਹੀਂ ਬੋਲ ਰਹੇ ਸਨ ਜੋ ਉਨ੍ਹਾਂ ਦੇ ਅਨੁਸਾਰ ਮਹੱਤਵਪੂਰਨ ਨਹੀਂ ਸਨ।

ਗੈਰ-ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਮੁੱਖ ਗੱਲ ਇਹ ਹੈ ਕਿ ਗੁੱਸਾ ਆਉਣ 'ਤੇ ਮੌਨ ਰੱਖਿਆ ਜਾਵੇਗਾ। ਇਥੋਂ ਦੇ ਪ੍ਰਦਰਸ਼ਨਕਾਰੀ ਵੀ ਇਸ ਗੱਲ ਨੂੰ ਜਾਣਦੇ ਹਨ।

ਜਦੋਂ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਲੱਗੇ ਪੁਲਿਸ ਬੈਰੀਕੇਡਾਂ ਕਾਰਨ ਆਪਣੇ ਧਰਨੇ ਵਾਲੀ ਥਾਂ 'ਤੇ ਪਰਤਣਾ ਪਿਆ, ਤਾਂ ਇਨ੍ਹਾਂ ਲੋਕਾਂ ਨੇ ਅਸਮਾਨ ਵਿਚ 1111 ਲਾਲ ਗੁਬਾਰੇ ਉਡਾਏ, ਜਿਨ੍ਹਾਂ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਸੁਨੇਹੇ ਲਿਖੇ ਗਏ। ਜਦੋਂ ਉਨ੍ਹਾਂ ਗੁਬਾਰਿਆਂ ਨੂੰ ਉਡਾਇਆ ਜਾ ਰਿਹਾ ਸੀ, ਤਾਂ ਸ਼ਾਹੀਨ ਬਾਗ ਦੀਆਂ ਮੁਜ਼ਾਹਰਾਕਾਰੀ ਔਰਤਾਂ ਨਾਅਰੇ ਲਗਾ ਰਹੀਆਂ ਸਨ ਕਿ ਗ੍ਰਹਿ ਮੰਤਰੀ ਕਦੋਂ ਮਿਲੋਗੇ।

ਐਤਵਾਰ ਦੁਪਹਿਰ ਕਰੀਬ ਦੋ ਵਜੇ ਗ੍ਰਹਿ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਵਾਲੀਆਂ ਔਰਤਾਂ ਇਕੱਠੀਆਂ ਹੋ ਚੁੱਕੀਆਂ ਸਨ। ਆਦਮੀਆਂ ਦੀ ਇੱਕ ਟੀਮ ਉਨ੍ਹਾਂ ਸਾਰਿਆਂ ਨੂੰ ਕਤਾਰਾਂ ਵਿੱਚ ਸੰਗਠਿਤ ਕਰਨ ਵਿੱਚ ਲੱਗੀ ਹੋਈ ਸੀ।ਮੁਜ਼ਾਹਰਾਕਾਰੀਆਂ ਵਿਚੋਂ ਇਕ ਸ਼ਾਹਨਵਾਜ਼ ਖ਼ਾਨ ਮਾਈਕ ਤੋਂ ਲਗਾਤਾਰ ਔਰਤਾਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਨਾਅਰੇਬਾਜ਼ੀ ਨਾ ਕਰਨ ਦੀ ਤਾਕੀਦ ਕਰ ਰਹੇ ਸਨ। ਇਸ ਸਮੇਂ ਦੌਰਾਨ, ਉਨ੍ਹਾਂ ਦੀ ਨਜ਼ਰ ਇਸ 'ਤੇ ਵੀ ਸੀ ਕਿ ਕੋਈ ਅਣਸੁਖਾਵਾਂ ਹਾਲਾਤ ਨਹੀਂ ਬਣਨਾ ਚਾਹੀਦਾ।

ਇਹ ਵੀ ਪੜੋ

ਸਵੇਰੇ ਸਵੇਰੇ, ਇਨ੍ਹਾਂ ਨੇ ਉਨ੍ਹਾਂ ਔਰਤਾਂ ਦੀ ਚੋਣ ਕੀਤੀ, ਜਿਨ੍ਹਾਂ ਨੇ ਗ੍ਰਹਿ ਮੰਤਰੀ ਦੇ ਘਰ ਤੱਕ ਮਾਰਚ ਕਰਨਾ ਸੀ। ਹਾਲਾਂਕਿ, ਮੁਜ਼ਾਹਰੇ ਵਿੱਚ ਸ਼ਾਮਲ ਹਿਨਾ ਅਹਿਮਦ ਨੇ ਕਿਹਾ ਕਿ ਇਹ ਬਿਨਾਂ ਲੀਡਰਸ਼ਿਪ ਤੋਂ ਚੱਲ ਰਿਹਾ ਧਰਨਾ ਹੈ, ਇਸ ਲਈ ਸਾਰਿਆਂ ਨੂੰ ਇਸ ਮਾਰਚ 'ਤੇ ਚੱਲਣਾ ਚਾਹੀਦਾ ਹੈ।

ਫੋਟੋ ਕੈਪਸ਼ਨ ਪ੍ਰਦਰਸ਼ਨਕਾਰੀਆਂ ਨੇ ਸ਼ਾਹੀਨ ਬਾਗ ਤੋਂ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਐਤਵਾਰ ਲਈ 5,000 ਪ੍ਰਦਰਸ਼ਨਕਾਰੀਆਂ ਦੇ ਜਾਣ ਦੀ ਆਗਿਆ ਦੀ ਮੰਗ ਕਰਦਿਆਂ ਦਿੱਲੀ ਪੁਲਿਸ ਨੂੰ ਅਰਜ਼ੀ ਦਿੱਤੀ ਸੀ

ਪੁਲਿਸ ਨੇ ਕਿਉਂ ਰੋਕਿਆ?

ਸ਼ਨੀਵਾਰ ਨੂੰ ਮੁਜ਼ਾਹਰਾਕਾਰੀਆਂ ਨੇ ਸ਼ਾਹੀਨ ਬਾਗ ਤੋਂ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਐਤਵਾਰ ਲਈ 5,000 ਮੁਜ਼ਾਹਰਾਕਾਰੀਆਂ ਦੇ ਜਾਣ ਦੀ ਆਗਿਆ ਦੀ ਮੰਗ ਕਰਦਿਆਂ ਦਿੱਲੀ ਪੁਲਿਸ ਨੂੰ ਅਰਜ਼ੀ ਦਿੱਤੀ ਸੀ।

ਐਤਵਾਰ ਦੁਪਹਿਰ ਨੂੰ, ਉਹ ਰੋਸ ਮੁਜ਼ਾਹਰੇ ਵਾਲੀ ਥਾਂ 'ਤੇ ਗੱਡੇ ਗਏ ਅਸਥਾਈ ਤੰਬੂਆਂ ਵਿੱਚ ਇਕੱਠੇ ਹੋਏ ਸਨ, ਜਿਸ ਨੂੰ ਵਾਲੰਟੀਅਰਾਂ ਦੀ ਇੱਕ ਟੀਮ ਨੇ ਸੰਭਾਲਿਆ ਹੋਇਆ ਸੀ। ਇਕ ਆਦਮੀ ਔਰਤਾਂ ਨੂੰ ਤਿਰੰਗੇ ਵੰਡ ਰਿਹਾ ਸੀ। ਉਸੇ ਸਮੇਂ, ਇੱਕ ਮਹਿਲਾ ਕਨਵੀਨਰ ਪਲੇਟਫਾਰਮ ਤੋਂ ਕਹਿ ਰਹੀ ਸੀ ਕਿ ਬਜ਼ੁਰਗ ਔਰਤਾਂ ਨੂੰ ਮਾਰਚ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।

36 ਸਾਲਾ ਮਰੀਅਮ ਖ਼ਾਨ ਨੇ ਆਪਣਾ ਦੁਪੱਟਾ ਹਰੇ, ਭਗਵਾ ਅਤੇ ਚਿੱਟੇ ਰੰਗ ਵਿੱਚ ਰੰਗਿਆ ਸੀ, ਉਸਦੇ ਹੱਥ ਦੀਆਂ ਚੂੜੀਆਂ ਵੀ ਇਸ ਹੀ ਅੰਦਾਜ਼ 'ਚ ਹੀ ਸਨ। ਆਪਣੇ ਹੱਥਾਂ ਵਿੱਚ ਤਿਰੰਗਾ ਫੜਦਿਆਂ ਉਨ੍ਹਾਂ ਕਿਹਾ ਕਿ ਉਹ ਮਾਰਚ ਵਿੱਚ ਸ਼ਾਮਲ ਹੋਣ ਤੋਂ ਨਹੀਂ ਡਰਦੇ।

ਉਸਨੇ ਦੱਸਿਆ, "ਮੈਂ ਇਹ ਸਭ ਇਸ ਲਈ ਪਹਿਨਿਆ ਹੈ ਕਿਉਂਕਿ ਸਾਨੂੰ ਆਪਣੇ ਆਪ ਨੂੰ ਭਾਰਤੀ ਸਾਬਤ ਕਰਨ ਦੀ ਲੋੜ ਪੈ ਰਹੀ ਹੈ। ਮੈਂ 26 ਜਨਵਰੀ ਨੂੰ ਇਸ ਨੂੰ ਤਿਰੰਗੇ ਰੰਗ ਵਿਚ ਰੰਗਿਆ ਸੀ।"

ਸਟੇਜ ਦੇ ਨੇੜੇ, ਬਜ਼ੁਰਗ ਔਰਤਾਂ ਬੈਠੀਆਂ ਸਨ ਅਤੇ ਬੁਲਾਏ ਜਾਣ ਦੀ ਉਡੀਕ ਕਰ ਰਹੀਆਂ ਸਨ। ਵੀਰਵਾਰ ਨੂੰ ਅਮਿਤ ਸ਼ਾਹ ਨੇ ਟਾਈਮਜ਼ ਨਾਓ ਸੰਮੇਲਨ ਵਿਚ ਕਿਹਾ ਸੀ ਕਿ ਉਹ ਸ਼ਾਹੀਨ ਬਾਗ ਦੇ ਮੁਜ਼ਾਹਰਾਕਾਰੀਆਂ ਸਮੇਤ ਕਿਸੇ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਹਨ।

ਉਨ੍ਹਾਂ ਇਸ ਸਮਾਗਮ ਵਿਚ ਕਿਹਾ, "ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ਾਹੀਨ ਬਾਗ ਦੇ ਮੁਜ਼ਾਹਰਾਕਾਰੀਆਂ ਨੂੰ ਮੇਰੇ ਦਫ਼ਤਰ ਤੋਂ ਸਮਾਂ ਮੰਗਣਾ ਚਾਹੀਦਾ ਹੈ। ਤਿੰਨ ਦਿਨਾਂ ਦੇ ਅੰਦਰ ਮੈਂ ਸਮਾਂ ਦੇਵਾਂਗਾ। ਮੈਂ ਕਿਹਾ ਹੈ ਕਿ ਮੈਂ ਕਿਸੇ ਨੂੰ ਵੀ ਮਿਲ ਸਕਦਾ ਹਾਂ ਪਰ ਗੱਲਬਾਤ ਨਹੀਂ ਕਰਨਾ ਚਾਹੁੰਦਾ।"

ਕੀ ਤਿੰਨ ਦਿਨਾਂ ਦੇ ਅੰਦਰ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਮਿਲੇਗਾ?

ਮਰੀਅਮ ਦੇ ਅਨੁਸਾਰ, ਇਹ ਉਨ੍ਹਾਂ ਲਈ ਇੱਕ ਮੌਕਾ ਹੈ। ਇਹ ਲੋਕ ਹੱਡ ਚੀਰਵੀਂ ਠੰਢ ਅਤੇ ਮੀਂਹ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਦੀ ਬਜਾਏ ਉਸ ਕੋਲ ਜਾਣ ਲਈ ਵੀ ਤਿਆਰ ਹਨ।

ਮਰੀਅਮ ਨੇ ਕਿਹਾ, "ਜੇ ਉਹ ਡਰਦੇ ਹਨ ਤਾਂ ਅਸੀਂ ਸ਼ਾਹੀਨ ਬਾਗ ਦੀਆਂ ਔਰਤਾਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੀਆਂ ਹਾਂ ਕਿ ਅਸੀਂ ਇੱਥੇ ਉਨ੍ਹਾਂ ਦਾ ਵਿਰੋਧ ਕਰਾਂਗੇ ਪਰ ਸ਼ਾਂਤਮਈ ਢੰਗ ਨਾਲ ਗੱਲ ਕਰਾਂਗੇ। ਹੁਣ ਜਦੋਂ ਉਨ੍ਹਾਂ ਨੇ ਸਾਨੂੰ ਬੁਲਾਇਆ ਹੈ, ਅਸੀਂ ਇਸ ਲਈ ਵੀ ਤਿਆਰ ਹਾਂ।"

ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਨਿਯੂਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਸ਼ਾਹੀਨ ਬਾਗ ਤੋਂ ਕਿਸੇ ਮੁਲਾਕਾਤ ਲਈ ਸਮਾਂ ਮੰਗੇ ਜਾਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਫੋਟੋ ਕੈਪਸ਼ਨ ਮਰੀਅਮ ਨੇ ਕਿਹਾ, "ਜੇ ਉਹ ਡਰਦੇ ਹਨ ਤਾਂ ਅਸੀਂ ਸ਼ਾਹੀਨ ਬਾਗ ਦੀਆਂ ਔਰਤਾਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੀਆਂ ਹਾਂ ਕਿ ਅਸੀਂ ਇੱਥੇ ਉਨ੍ਹਾਂ ਦਾ ਵਿਰੋਧ ਕਰਾਂਗੇ ਪਰ ਸ਼ਾਂਤਮਈ ਢੰਗ ਨਾਲ ਗੱਲ ਕਰਾਂਗੇ।"

ਜ਼ਾਕਿਰ ਨਗਰ ਤੋਂ ਆਪਣੇ ਪੁੱਤਰ ਨਾਲ ਮੁਜ਼ਾਹਰੇ 'ਚ ਸ਼ਾਹੀਨ ਬਾਗ਼ ਸ਼ਾਮਲ ਹੋਣ ਆਈ ਤਬੁੱਸਮ ਨੇ ਦੱਸਿਆ,"ਅਸੀਂ ਇਥੇ ਇੰਤਜ਼ਾਰ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਮਾਰਚ ਕਰਾਂਗੇ। ਜੋ ਉਹ ਸਾਨੂੰ ਕੁੱਟਣਗੇ, ਅਸੀਂ ਉਸ ਲਈ ਵੀ ਤਿਆਰ ਹਾਂ। ਜਦੋਂ ਤੋਂ ਅਸੀਂ ਆਪਣੇ ਘਰ ਤੋਂ ਬਾਹਰ ਨਿਕਲੇ, ਅਸੀਂ ਜਾਣਦੇ ਹਾਂ ਕਿ ਕੁਝ ਵੀ ਹੋ ਸਕਦਾ ਹੈ।

"ਅਮਿਤ ਸ਼ਾਹ ਨੇ ਕਿਹਾ ਕਿ ਉਹ ਸਾਡੇ ਨਾਲ ਮਿਲਣਾ ਚਾਹੁੰਦੇ ਹਨ। ਅਸੀਂ ਵੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ। ਪਰ ਉਹ ਨਹੀਂ ਆਏ। ਸਰਦੀ ਦੇ ਇਸ ਮੌਸਮ 'ਚ ਉਨ੍ਹਾਂ ਨੂੰ ਉਡੀਕਦਿਆਂ ਸਾਨੂੰ ਦੋ ਮਹੀਨੇ ਬੀਤ ਗਏ ਹਨ।"

ਵਿਰੋਧ ਪ੍ਰਦਰਸ਼ਨ ਤੋਂ ਥੋੜ੍ਹੀ ਦੂਰੀ 'ਤੇ ਵਾਧੂ ਪੁਲਿਸ ਫ਼ੋਰਸ ਦੀ ਤਾਇਨਾਤੀ ਵੀ ਸਾਫ਼ ਨਜ਼ਰ ਆਉਂਦੀ ਹੈ। ਸੀਆਰਪੀਐੱਫ ਦੇ ਕਰਮਚਾਰੀ ਹੈਲਮੇਟ ਅਤੇ ਹੋਰ ਸੁਰੱਖਿਆ ਯੰਤਰਾਂ ਨਾਲ ਲੈੱਸ ਸਨ। ਮਹਿਲਾ ਪੁਲਿਸ ਅਧਿਕਾਰੀਆਂ ਦੀ ਇਕ ਕੰਪਨੀ ਵੀ ਸਾਹਮਣੇ ਤੈਨਾਤ ਸੀ।

ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ

ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਆਰ ਕੇ ਮੀਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਸਿਰਫ਼ ਇਕ ਦਿਨ ਪਹਿਲਾਂ ਪ੍ਰਾਪਤ ਹੋਈ ਹੈ। ਇੰਨੇ ਘੱਟ ਸਮੇਂ ਵਿਚ ਇਸ ਦੀ ਆਗਿਆ ਦੇਣਾ ਸੰਭਵ ਨਹੀਂ ਹੈ ਕਿਉਂਕਿ ਇਸ ਵਿਚ ਦੋ ਹੋਰ ਜ਼ਿਲ੍ਹੇ ਵੀ ਸ਼ਾਮਲ ਹਨ।

ਮੀਣਾ ਦੇ ਅਨੁਸਾਰ ਬਿਨੈ ਪੱਤਰ ਦਿੱਲੀ ਪੁਲਿਸ ਹੈਡਕੁਆਰਟਰ ਅਤੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ। ਮੀਣਾ ਨੇ ਇਹ ਵੀ ਦੱਸਿਆ ਕਿ ਪੁਲਿਸ ਭੀੜ ਨੂੰ ਸ਼ਾਂਤਮਈ ਢੰਗ ਨਾਲ ਹਟਾਉਣ ਦੀ ਕੋਸ਼ਿਸ਼ ਕਰੇਗੀ ਜਿਵੇਂ ਕਿ ਇਹ ਹਮੇਸ਼ਾ ਕਰਦੀ ਹੈ।

ਫੋਟੋ ਕੈਪਸ਼ਨ ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਆਰ ਕੇ ਮੀਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਸਿਰਫ਼ ਇਕ ਦਿਨ ਪਹਿਲਾਂ ਪ੍ਰਾਪਤ ਹੋਈ ਹੈ

ਉਨ੍ਹਾਂ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਪਿੱਛੇ ਹਟਣ ਲਈ ਕਹਾਂਗੇ।"

ਹਾਲਾਂਕਿ, ਅੱਗੇ ਪੁਲਿਸ ਵਾਲੇ ਅੱਥਰੂ ਗੈਸ ਦੇ ਨਾਲ ਦਿਖਾਈ ਦਿੱਤੇ। ਇੱਕ ਵਲੰਟੀਅਰ ਪੁਲਿਸ ਵਾਲਿਆਂ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਬੋਤਲਬੰਦ ਪਾਣੀ ਵੰਡਦਾ ਨਜ਼ਰ ਆਇਆ।

ਤਕਰੀਬਨ ਦੋ ਵਜੇ ਔਰਤਾਂ ਬੈਰੀਕੇਡ ਦੀਆਂ ਦੋ ਲਾਈਨਾਂ ਵੱਲ ਮਾਰਚ ਕਰਨ ਲੱਗੀਆਂ ਜਿਨ੍ਹਾਂ ਦੇ ਅੱਗੇ ਪੁਲਿਸ ਮੁਲਾਜ਼ਮ ਤੈਨਾਤ ਸਨ।

ਵਾਪਸ ਪਰਤੀਆਂ ਔਰਤਾਂ

ਇਸ ਤੋਂ ਬਾਅਦ ਇਹ ਵੀ ਐਲਾਨ ਕੀਤਾ ਗਿਆ ਕਿ ਦੋ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ 'ਤੇ ਬੈਠੀਆਂ ਸ਼ਾਹੀਨ ਬਾਗ ਦੀ ਦਾਦੀਆਂ ਅਤੇ ਮਾਵਾਂ ਮਾਰਚ ਦੀ ਅਗਵਾਈ ਕਰਨਗੀਆਂ। 90 ਸਾਲਾ ਅੱਸਮਾ ਖ਼ਾਤੂਨ, 82 ਸਾਲਾ ਬਿਲਕਿਸ ਬਾਨੋ, 75 ਸਾਲਾ ਸਰਵਾਰੀ ਅਤੇ 75 ਸਾਲਾ ਨੂਰੂਨਿਸਾ ਬੈਰੀਕੇਡ ਦੇ ਸਾਹਮਣੇ ਖੜੇ ਹੋ ਗਈਆਂ ਅਤੇ ਅੱਗੇ ਜਾਣ ਦੀ ਇਜਾਜ਼ਤ ਲਈ ਪੁਲਿਸ ਨਾਲ ਗੱਲਬਾਤ ਕਰਨ ਲੱਗੀਆਂ।

ਨੂਰੂਨਿਸਾ ਨੇ ਕਿਹਾ, "ਅਸੀਂ ਕੁਝ ਗਲਤ ਨਹੀਂ ਕਰ ਰਹੇ। ਅਸੀਂ ਪਹਿਲਾਂ ਆਗਿਆ ਲੈਣੀ ਚਾਹੁੰਦੇ ਹਾਂ। ਉਨ੍ਹਾਂ ਨੇ ਸਾਨੂੰ ਮਿਲਣ ਲਈ ਕਿਹਾ ਹੈ। ਅਸੀਂ ਤਾਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਰਹੇ ਹਾਂ।"

ਸਰਵਰੀ ਨੇ ਕਿਹਾ ਕਿ ਉਹ ਮਾਰਚ ਲਈ ਵਚਨਬੱਧ ਹਨ ਪਰ ਪੁਲਿਸ ਦੇ ਆਦੇਸ਼ਾਂ ਦੀ ਉਲੰਘਣਾ ਨਹੀਂ ਕਰਨਗੇ, ਸਿਰਫ਼ ਪੁਲਿਸ ਨੂੰ ਬੇਨਤੀ ਕੀਤੀ ਜਾਵੇਗੀ। ਮਾਰਚ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ, ਭੀੜ ਨੇ ਇਕ ਐਂਬੂਲੈਂਸ ਲੰਘਣ ਲਈ ਰਸਤਾ ਵੀ ਦਿੱਤਾ।

ਫੋਟੋ ਕੈਪਸ਼ਨ ਦੋ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ 'ਤੇ ਬੈਠੀਆਂ ਸ਼ਾਹੀਨ ਬਾਗ ਦੀ ਦਾਦੀਆਂ ਅਤੇ ਮਾਵਾਂ ਮਾਰਚ ਦੀ ਅਗਵਾਈ ਕਰ ਰਹੀਆਂ ਹਨ

ਇਸ ਤੋਂ ਬਾਅਦ, ਸਾਰੇ ਬੈਰੀਕੇਡ ਦੇ ਨੇੜੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਜਿੱਥੇ ਦਾਦੀਆਂ ਅਤੇ ਮਾਵਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀਆਂ ਸਨ।

ਇਸ ਤੋਂ ਬਾਅਦ ਮਾਰਚ ਕਰਨ ਵਾਲੀਆਂ ਔਰਤਾਂ ਵਾਪਸ ਆਉਣ ਲੱਗ ਪਈਆਂ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਦੀ ਬੇਨਤੀ ਪੁਲਿਸ ਹੈੱਡਕੁਆਰਟਰ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਦੂਜੇ ਹਿੱਸੇ ਵਿਚ ਗ੍ਰਹਿ ਮੰਤਰੀ ਦੀ ਰਿਹਾਇਸ਼ ਦੇ ਆਸ ਪਾਸ ਸੁਰੱਖਿਆ ਪ੍ਰਬੰਧ ਹੋਰ ਮੁਸਤੈਦ ਹੋ ਗਏ।

ਮਾਰਚ ਰੋਕਣ ਤੋਂ ਬਾਅਦ, ਸੰਦੇਸ਼ ਲਿਖੇ ਗੁਬਾਰੇ ਹਵਾ ਵਿਚ ਦਿਖਾਈ ਦੇਣ ਲੱਗੇ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਪੁਲਿਸ ਜਾਂ ਗ੍ਰਹਿ ਮੰਤਰਾਲੇ ਵੱਲੋਂ ਕੋਈ ਜਵਾਬ ਨਹੀਂ ਮਿਲਦਾ।

ਅਗਲੀ ਰਣਨੀਤੀ ਕੀ ਹੈ?

ਐਤਵਾਰ ਨੂੰ ਦੁਪਹਿਰ 3:30 ਵਜੇ ਤਕ, ਔਰਤਾਂ ਆਪਣੇ ਵਿਰੋਧ ਸਥਾਨ 'ਤੇ ਵਾਪਸ ਪਰਤ ਗਈਆਂ ਸਨ। ਇੱਕ ਵਲੰਟੀਅਰ ਨੇ ਦੱਸਿਆ ਕਿ ਅਗਲੀ ਕਾਰਵਾਈ ਲਈ ਜਲਦੀ ਹੀ ਇੱਕ ਮੀਟਿੰਗ ਕੀਤੀ ਜਾਏਗੀ। ਵੈਸੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਕ ਬਿਨਾਂ ਕਿਸੀ ਅਗਵਾਈ ਵਾਲਾ ਵਿਰੋਧ ਪ੍ਰਦਰਸ਼ਨ ਹੈ ਅਤੇ ਕੋਈ ਵੀ ਫੈਸਲਾ ਲੋਕ ਰਾਏ ਦੇ ਅਧਾਰ 'ਤੇ ਹੀ ਲਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਵਫ਼ਦ ਦਾ ਗਠਨ ਕਰਨਾ ਮੁਸ਼ਕਲ ਹੈ।

ਨੂਰੂਨਿਸਾ ਨੇ ਦੱਸਿਆ, "ਜੇ ਅਸੀਂ ਗਏ ਤਾਂ ਅਸੀਂ ਸਾਰੇ ਹੀ ਜਾਵਾਂਗੇ।"

ਔਰਤਾਂ ਕਿਸੇ ਵੀ ਟਕਰਾਅ ਦੀ ਸਥਿਤੀ ਨਹੀਂ ਚਾਹੁੰਦੀਆਂ। ਉਹ ਜਾਣਦੀਆਂ ਹਨ ਕਿ ਜੇ ਮਾਰਚ ਪੁਲਿਸ ਦੇ ਆਦੇਸ਼ਾਂ ਦੀ ਅਣਦੇਖੀ ਕਰਕੇ ਅੱਗੇ ਵਧਾਇਆ ਜਾਂਦਾ ਹੈ, ਤਾਂ ਸਰਕਾਰ ਨੂੰ ਹਿੰਸਾ 'ਤੇ ਕਾਬੂ ਪਾਉਣ ਦੇ ਨਾਮ 'ਤੇ ਬਿਰਤਾਂਤ ਬਦਲਣ ਦਾ ਮੌਕਾ ਮਿਲੇਗਾ।

ਫੋਟੋ ਕੈਪਸ਼ਨ ਅਗਲੀ ਕਾਰਵਾਈ ਲਈ ਜਲਦੀ ਹੀ ਇੱਕ ਮੀਟਿੰਗ ਕੀਤੀ ਜਾਏਗੀ

ਇਕ ਔਰਤ ਨੇ ਸਮਾਗਮ ਵਾਲੀ ਥਾਂ 'ਤੇ ਵਾਪਸ ਆਉਂਦਿਆਂ ਕਿਹਾ, "ਸਾਨੂੰ ਪਤਾ ਹੈ ਕਿ ਉਹ ਸਾਨੂੰ ਭੜਕਾਉਣਾ ਚਾਹੁੰਦੇ ਹਨ। ਅਸੀਂ ਇੱਥੇ ਦੰਗੇ ਕਰਨ ਨਹੀਂ ਆਏ। ਅਸੀਂ ਇੱਥੇ ਇਹ ਦਰਸਾਉਣ ਲਈ ਆਏ ਹਾਂ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਇਹ ਜਾਣਦੇ ਹੋਏ ਵੀ ਕਿ ਸਾਨੂੰ ਮਾਰਚ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। "

ਇਸ ਸਮੇਂ ਦੌਰਾਨ, ਅਸਮਾਨ ਲਾਲ ਗੁਬਾਰਿਆਂ ਨਾਲ ਭਰਿਆ ਹੋਇਆ ਸੀ। ਵੈਲੇਨਟਾਈਨ ਹਫ਼ਤੇ ਦੇ ਮੌਕੇ 'ਤੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਇਸ ਦੇ ਜ਼ਰੀਏ ਅਮਿਤ ਸ਼ਾਹ ਨੂੰ 'ਪਿਆਰ ਪੱਤਰ' ਭੇਜ ਰਹੀਆਂ ਸਨ।

ਹਾਲਾਂਕਿ, ਸ਼ਾਮ ਤੱਕ, ਹੋਰ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰੇ ਸ਼ੁਰੂ ਹੋ ਗਏ। ਸੋਮਵਾਰ ਨੂੰ, ਸੁਪਰੀਮ ਕੋਰਟ ਨੇ 15 ਦਸੰਬਰ ਤੋਂ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ 'ਚ ਸ਼ਾਹੀਨ ਬਾਗ ਵਿਚ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਉਹ ਜਨਤਕ ਸੜਕ ਨੂੰ ਬੰਦ ਨਹੀਂ ਕਰ ਸਕਦੇ ਅਤੇ ਹੋਰਨਾਂ ਨੂੰ ਅਸੁਵਿਧਾ 'ਚ ਨਹੀਂ ਪਾ ਸਕਦੇ ਹਨ। ਇਸ ਮਾਮਲੇ ਵਿਚ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ।

ਸੁਪਰੀਮ ਕੋਰਟ ਨੇ ਪਿਛਲੇ ਸੋਮਵਾਰ ਨੂੰ ਕਿਹਾ ਸੀ, "ਤੁਸੀਂ ਜਨਤਕ ਸੜਕਾਂ ਨੂੰ ਬੰਦ ਨਹੀਂ ਕਰ ਸਕਦੇ। ਅਜਿਹੇ ਖੇਤਰਾਂ ਵਿੱਚ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਨਹੀਂ ਹੋ ਸਕਦੇ। ਜੇਕਰ ਤੁਸੀਂ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਰੋਧ ਕਰਨ ਵਾਲੀ ਜਗ੍ਹਾ ਦੀ ਪਛਾਣ ਕਰਨੀ ਪਵੇਗੀ।"

ਹਿਨਾ ਅਹਿਮਦ ਨੇ ਕਿਹਾ, "ਉਨ੍ਹਾਂ ਪਟੀਸ਼ਨਾਂ'ਤੇ ਸੋਮਵਾਰ ਨੂੰ ਦੁਬਾਰਾ ਸੁਣਵਾਈ ਕੀਤੀ ਜਾਏਗੀ, ਜਿਸ ਦੇ ਅਨੁਸਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। "

ਇਸਦਾ ਮਤਲਬ ਹੈ ਕਿ ਅਜੇ ਬਹੁਤ ਕੁਝ ਹੋਣਾ ਬਾਕੀ ਹੈ।

ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦਾ ਇੰਤਜ਼ਾਰ ਜਾਰੀ ਹੈ। ਹਾਲਾਂਕਿ ਇਹ ਔਰਤਾਂ ਹੁਣ ਇਸ ਵਿਚ ਮਾਹਰ ਬਣ ਗਈਆਂ ਹਨ। ਦੋ ਮਹੀਨੇ ਲੰਘ ਗਏ ਹਨ ਅਤੇ ਇੰਤਜ਼ਾਰ ਜਾਰੀ ਹੈ।

ਇਹ ਵੀ ਪੜੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)