ਪਾਕਿਸਤਾਨ ਤੋਂ ਪਰਤੇ ਭਾਰਤੀ ਕਬੱਡੀ ਖਿਡਾਰੀਆਂ ਦੀਆਂ ਮੁਸ਼ਕਲਾਂ ਵਧੀਆਂ, ਜਾਂਚ ਦੇ ਹੁਕਮ

ਪਾਕਿਸਤਾਨ ਤੋਂ ਪਰਤੇ ਭਾਰਤੀ ਕਬੱਡੀ ਖਿਡਾਰੀਆਂ ਦੀਆਂ ਮੁਸ਼ਕਲਾਂ ਵਧੀਆਂ, ਜਾਂਚ ਦੇ ਹੁਕਮ

ਭਾਰਤ ਤੋਂ ਪਾਕਿਸਤਾਨ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਖਿਡਾਰੀ ਭਾਰਤ ਵਾਪਸ ਪਰਤ ਆਏ ਹਨ। ਜਿਵੇਂ ਹੀ ਉਹ ਭਾਰਤ ਪਹੁੰਚੇ ਕੁਝ ਦੇਰ ਬਾਅਦ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਨਿਰਦੇਸ਼ ਦਿੱਤੇ ਕਿ ਇਸ ਗੈਰਮਾਨਤਾ ਪ੍ਰਾਪਤ ਟੀਮ ਦੀ ਪਾਕਿਸਤਾਨ ਵਿੱਚ ਖੇਡੇ ਗਏ ਟੂਰਨਾਮੈਂਟ ਦੀ ਜਾਂਚ ਕੀਤੀ ਜਾਵੇ।

8 ਫਰਵਰੀ ਨੂੰ ਭਾਰਤੀ ਕਬੱਡੀ ਫੈਡਰੇਸ਼ਨ ਨੇ ਪਾਕਿਸਤਾਨ ਗਏ ਇਨ੍ਹਾਂ ਖਿਡਾਰੀਆਂ 'ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਏਕੇਐੱਫਆਈ ਮੁਤਾਬਕ ਉਨ੍ਹਾਂ ਅਜਿਹੀ ਕਿਸੇ ਕਬੱਡੀ ਟੀਮ ਨੂੰ ਪਾਕਿਸਤਾਨ ਜਾ ਕੇ ਮੈਚ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਸੀ। ਵਾਪਸੀ ’ਤੇ ਇਸ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਤੇ ਕੋਚ ਹਰਪ੍ਰੀਤ ਸਿੰਘ ਨੇ ਸਫ਼ਾਈ ਵੀ ਦਿੱਤੀ।

ਭਾਰਤ ਤੋਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਇਨ੍ਹਾਂ ਖਿਡਾਰੀਆਂ ਦੀ ਟੀਮ ਦੂਜੇ ਨੰਬਰ ਤੇ ਆਈ। ਇਸ ਬਾਬਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ 17 ਫਰਵਰੀ ਨੂੰ ਇੱਕ ਟਵੀਟ ਕਰਕੇ ਪਾਕਿਸਤਾਨ ਨੂੰ ਪਹਿਲੇ ਨੰਬਰ ਤੇ ਆਉਣ ਤੇ ਵਧਾਈ ਵੀ ਦਿੱਤੀ। ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਮਰਾਨ ਖ਼ਾਨ ਦੇ ਇਸ ਟਵੀਟ ਬਾਰੇ ਬੋਲਦਿਆਂ ਕਿਹਾ ਕਿ ਇਸ ਅਹੁਦੇ ਤੇ ਬੈਠੇ ਸ਼ਖਸ ਨੂੰ ਅਜਿਹੇ ਬਿਆਨ ਸੋਭਾ ਨਹੀਂ ਦਿੰਦੇ, ਇਮਰਾਨ ਖ਼ਾਨ ਖੁਦ ਇੱਕ ਖਿਡਾਰੀ ਰਹਿ ਚੁੱਕੇ ਹਨ, ਉਨ੍ਹਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।

ਦਰਅਸਲ ਇਹ ਖਿਡਾਰੀ ਪਾਕਿਸਤਾਨ ਵਿੱਚ ਹੋਏ 'ਆਪਣੀ ਮਿੱਟੀ ਆਪਣਾ ਖੇਲ' ਨਾਮ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸੀ। ਇਹ ਖਿਡਾਰੀ, ਪ੍ਰੋਮੋਟਰ ਅਤੇ ਉਨ੍ਹਾਂ ਕੋਚ ਇਹ ਵੀ ਕਹਿੰਦੇ ਹਨ ਕਿ ਇਹ ਟੂਰਨਾਮੈਂਟ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ।

ਜਦੋਂ ਇਹ ਵਿਵਾਦ ਉੱਠਿਆ ਸੀ ਤਾਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਸੀ ਕਿ ਇਹ ਖਿਡਾਰੀ ਨਿੱਜੀ ਤੌਰ ’ਤੇ ਖੇਡਣ ਗਏ ਸੀ ਅਤੇ ਭਾਰਤ ਨੇ ਕੋਈ ਟੀਮ ਨਹੀਂ ਭੇਜੀ। ਨਿੱਜੀ ਤੌਰ ’ਤੇ ਹਿੱਸਾ ਲੈਣ ਲਈ ਇਨ੍ਹਾਂ ਕਿਵੇਂ ਰੋਕਿਆ ਜਾ ਸਕਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)