ਪੰਜਾਬ ਸਰਕਾਰ : ਬਿਜਲੀ ਰੇਟਾਂ 'ਤੇ ਤਿੱਖੀ ਆਲੋਚਨਾ ਤੋਂ ਬਾਅਦ ਸਮਝੌਤਿਆਂ ਦੀ ਨਜ਼ਰਸਾਨੀ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, NARINDER NANU/AFP/GETTY IMAGES

ਤਸਵੀਰ ਕੈਪਸ਼ਨ,

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ ਸਰਕਾਰ ਵਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਪਾਵਰ ਪਰਚੇਸ ਐਗਰੀਮੇਂਟ (ਪੀਪੀਏ) 'ਤੇ ਮੁੜ ਵਿਚਾਰ ਕਰਨ ਦਾ ਐਲਾਨ ਕੀਤਾ ਹੈ

ਲਗਾਤਾਰ ਵੱਧ ਰਹੇ ਬਿਜਲੀ ਦੇ ਰੇਟਾਂ ਨੂੰ ਨੱਥ ਪਾਉਣ ਲਈ ਕੈਪਟਨ ਸਰਕਾਰ ਹੁਣ ਬਿਜਲੀ ਸਮਝੌਤਿਆਂ ਦਾ ਮੁਲਾਂਕਣ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ ਸਰਕਾਰ ਵਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਪਾਵਰ ਪਰਚੇਜ਼ ਐਗਰੀਮੇਂਟ (ਪੀਪੀਏ) 'ਤੇ ਮੁੜ ਵਿਚਾਰ ਕਰਨ ਦਾ ਐਲਾਨ ਕੀਤਾ ਹੈ।

'ਦ ਟ੍ਰਿਬਿਊਨ' ਅਖ਼ਬਾਰ ਦੇ ਮੁਤਾਬ਼ਕ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਿਜਲੀ ਨੂੰ ਲੈ ਕੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ 'ਤੇ ਨਵੇਂ ਸਿਰੇ ਤੋਂ ਗੌਰ ਕੀਤਾ ਜਾਵੇਗਾ ਅਤੇ ਬਿਜਲੀ ਸਸਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਲ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ 13000 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਵੀ ਪੂਰਾ ਕੀਤਾ ਜਾਵੇ।

ਇਸ ਤੋਂ ਪਹਿਲਾਂ ਕੈਪਟਨ ਪਾਵਰ ਪਰਚੇਜ਼ ਐਗਰੀਮੇਂਟ ਨੂੰ ਲੈ ਕੇ 'ਵਾਈਟ ਪੇਪਰ' ਲਿਆਉਣ ਦੀ ਪੇਸ਼ਕਸ਼ ਵੀ ਕਰ ਚੁੱਕੇ ਹਨ।

ਇਹ ਵੀ ਪੜੋ

ਵੀਡੀਓ ਕੈਪਸ਼ਨ,

ਪਾਕਿਸਤਾਨ ਤੋਂ ਪਰਤੇ ਭਾਰਤੀ ਹਾਕੀ ਖਿਡਾਰੀਆਂ ਦੀਆਂ ਮੁਸ਼ਕਲਾਂ ਵਧੀਆਂ, ਜਾਂਚ ਦੇ ਹੁਕਮ

ਪਾਕਿਸਤਾਨ ਤੋਂ ਪਰਤੇ ਭਾਰਤੀ ਕਬੱਡੀ ਖਿਡਾਰੀਆਂ ਦੀਆਂ ਮੁਸ਼ਕਲਾਂ ਵਧੀਆਂ, ਜਾਂਚ ਦੇ ਹੁਕਮ

ਭਾਰਤ ਤੋਂ ਪਾਕਿਸਤਾਨ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਖਿਡਾਰੀ ਭਾਰਤ ਵਾਪਸ ਪਰਤ ਆਏ ਹਨ। ਜਿਵੇਂ ਹੀ ਉਹ ਭਾਰਤ ਪਹੁੰਚੇ ਕੁਝ ਦੇਰ ਬਾਅਦ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਨਿਰਦੇਸ਼ ਦਿੱਤੇ ਕਿ ਇਸ ਗੈਰਮਾਨਤਾ ਪ੍ਰਾਪਤ ਟੀਮ ਦੀ ਪਾਕਿਸਤਾਨ ਵਿੱਚ ਖੇਡੇ ਗਏ ਟੂਰਨਾਮੈਂਟ ਦੀ ਜਾਂਚ ਕੀਤੀ ਜਾਵੇ।

8 ਫਰਵਰੀ ਨੂੰ ਭਾਰਤੀ ਕਬੱਡੀ ਫੈਡਰੇਸ਼ਨ ਨੇ ਪਾਕਿਸਤਾਨ ਗਏ ਇਨ੍ਹਾਂ ਖਿਡਾਰੀਆਂ 'ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ਏਕੇਐੱਫਆਈ ਮੁਤਾਬਕ ਉਨ੍ਹਾਂ ਅਜਿਹੀ ਕਿਸੇ ਕਬੱਡੀ ਟੀਮ ਨੂੰ ਪਾਕਿਸਤਾਨ ਜਾ ਕੇ ਮੈਚ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਸੀ। ਵਾਪਸੀ 'ਤੇ ਇਸ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਤੇ ਕੋਚ ਹਰਪ੍ਰੀਤ ਸਿੰਘ ਨੇ ਸਫ਼ਾਈ ਵੀ ਦਿੱਤੀ।

ਭਾਰਤ ਤੋਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਇਨ੍ਹਾਂ ਖਿਡਾਰੀਆਂ ਦੀ ਟੀਮ ਦੂਜੇ ਨੰਬਰ ਤੇ ਆਈ। ਇਸ ਬਾਬਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ 17 ਫਰਵਰੀ ਨੂੰ ਇੱਕ ਟਵੀਟ ਕਰਕੇ ਪਾਕਿਸਤਾਨ ਨੂੰ ਪਹਿਲੇ ਨੰਬਰ ਤੇ ਆਉਣ ਤੇ ਵਧਾਈ ਵੀ ਦਿੱਤੀ। ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਮਰਾਨ ਖ਼ਾਨ ਦੇ ਇਸ ਟਵੀਟ ਬਾਰੇ ਬੋਲਦਿਆਂ ਕਿਹਾ ਕਿ ਇਸ ਅਹੁਦੇ ਤੇ ਬੈਠੇ ਸ਼ਖਸ ਨੂੰ ਅਜਿਹੇ ਬਿਆਨ ਸੋਭਾ ਨਹੀਂ ਦਿੰਦੇ, ਇਮਰਾਨ ਖ਼ਾਨ ਖੁਦ ਇੱਕ ਖਿਡਾਰੀ ਰਹਿ ਚੁੱਕੇ ਹਨ, ਉਨ੍ਹਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।

ਦਰਅਸਲ ਇਹ ਖਿਡਾਰੀ ਪਾਕਿਸਤਾਨ ਵਿੱਚ ਹੋਏ 'ਆਪਣੀ ਮਿੱਟੀ ਆਪਣਾ ਖੇਲ' ਨਾਮ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸੀ। ਇਹ ਖਿਡਾਰੀ, ਪ੍ਰੋਮੋਟਰ ਅਤੇ ਉਨ੍ਹਾਂ ਕੋਚ ਇਹ ਵੀ ਕਹਿੰਦੇ ਹਨ ਕਿ ਇਹ ਟੂਰਨਾਮੈਂਟ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ।

ਜਦੋਂ ਇਹ ਵਿਵਾਦ ਉੱਠਿਆ ਸੀ ਤਾਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਸੀ ਕਿ ਇਹ ਖਿਡਾਰੀ ਨਿੱਜੀ ਤੌਰ 'ਤੇ ਖੇਡਣ ਗਏ ਸੀ ਅਤੇ ਭਾਰਤ ਨੇ ਕੋਈ ਟੀਮ ਨਹੀਂ ਭੇਜੀ। ਨਿੱਜੀ ਤੌਰ 'ਤੇ ਹਿੱਸਾ ਲੈਣ ਲਈ ਇਨ੍ਹਾਂ ਕਿਵੇਂ ਰੋਕਿਆ ਜਾ ਸਕਦਾ ਸੀ।

ਵੀਡੀਓ ਕੈਪਸ਼ਨ,

ਸੰਗਰੂਰ ਸਕੂਲ ਵੈਨ ਹਾਦਸਾ: ‘ਮੈਂ ਸਰ ਨੂੰ ਕਿਹਾ ਵੀ ਸੀ ਕਿ ਬਦਬੂ ਆ ਰਹੀ ਹੈ’

ਲੌਂਗੋਵਾਲ ਵੈਨ ਹਾਦਸਾ: 'ਮੈਂ ਸ਼ੀਸ਼ਾ ਭੰਨ ਕੇ ਚਾਰ ਬੱਚੇ ਕੱਢੇ'

ਸੰਗਰੂਰ ਦੇ ਲੌਂਗੋਵਾਲ ਵਿੱਚ ਸਕੂਲ ਵੈਨ ਨੂੰ ਲੱਗੀ ਅੱਗ 'ਚੋਂ ਬੱਚਿਆਂ ਨੂੰ ਬਚਾਉਣ ਵਾਲੀ ਕੁੜੀ ਨੂੰ ਮਿਲੋ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਲਈ ਵੀਰਤਾ ਪੁਰਸਕਾਰ ਦਾ ਐਲਾਨ ਕੀਤਾ ਅਤੇ ਉਸ ਦੀ ਸਿੱਖਿਆ ਵੀ ਮੁਫ਼ਤ ਹੋਵੇਗੀ।

ਤਸਵੀਰ ਸਰੋਤ, delhi police

ਤਸਵੀਰ ਕੈਪਸ਼ਨ,

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ ਦੀ ਨਵੀਂ ਤਰੀਕ ਤੈਅ ਕੀਤੀ ਹੈ ਅਤੇ ਡੈੱਥ ਵਾਰੰਟ ਜਾਰੀ ਕੀਤਾ ਹੈ

ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦੀ ਨਵੀਂ ਤਰੀਕ ਤੈਅ

16 ਦਸੰਬਰ 2012, ਦੇਸ ਦੇ ਲਗਭਗ ਹਰੇਕ ਜ਼ਹਿਨ 'ਚ ਦਰਜ ਇਹ ਉਹੀ ਤਰੀਕ ਹੈ, ਜਦੋਂ ਨਿਰਭਿਆ ਦੇ ਨਾਲ ਗੈਂਗਰੇਪ ਹੋਇਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ ਦੀ ਨਵੀਂ ਤਰੀਕ ਤੈਅ ਕੀਤੀ ਹੈ ਅਤੇ ਡੈੱਥ ਵਾਰੰਟ ਜਾਰੀ ਕੀਤਾ ਹੈ। ਹੁਣ ਫਾਂਸੀ 3 ਮਾਰਚ ਨੂੰ ਸਵੇਰੇ 6 ਵਜੇ ਹੋਵੇਗੀ।

ਮੁਲਜ਼ਮਾਂ ਨੂੰ ਉਸੇ ਸੂਬੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ, ਜਿੱਥੇ ਉਨ੍ਹਾਂ ਨੇ ਅਪਰਾਧ ਕੀਤਾ ਹੋਵੇ, ਇਸ ਲਈ ਕਿਹਾ ਜਾ ਰਿਹਾ ਹੈ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਦਿੱਲੀ ਵਿੱਚ ਹੀ ਫਾਂਸੀ ਦਿੱਤੀ ਜਾਵੇਗੀ।

ਦਿੱਲੀ ਦੀ ਤਿਹਾੜ ਜੇਲ੍ਹ ਨੰਬਰ-3 ਵਿੱਚ ਫਾਂਸੀ ਦਿੱਤੀ ਜਾਂਦੀ ਹੈ। ਦੇਸ ਦੇ ਦੂਜੇ ਹਿੱਸਿਆਂ ਵਿੱਚ ਹੋਰ ਵੀ ਕਈ ਜੇਲ੍ਹਾਂ ਅਜਿਹੀਆਂ ਹਨ, ਜਿੱਥੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ।

ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਅਤੇ ਦਿੱਲੀ ਸੈਂਟਰ ਆਨ ਦਿ ਡੈੱਥ ਪੈਨਲਟੀ ਦੇ ਡਾਇਰੈਕਟਰ ਅਨੂਪ ਸੁਰੇਂਦਰਨਾਥ ਮੁਤਾਬਕ ਭਾਰਤ ਦੀਆਂ 30 ਤੋਂ ਵੱਧ ਜੇਲ੍ਹਾਂ ਵਿੱਚ ਫਾਂਸੀ ਦਾ ਤਖ਼ਤਾ ਹੈ ਯਾਨਿ ਇੱਥੇ ਫਾਂਸੀ ਦੇਣ ਦਾ ਇੰਤਜ਼ਾਮ ਹੈ।

ਤਸਵੀਰ ਸਰੋਤ, GETTY IMAGES/ ANNU PAI

ਤਸਵੀਰ ਕੈਪਸ਼ਨ,

ਸੋਸ਼ਲ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਗੌੜਾ ਨੇ ਉਸੇਨ ਬੋਲਟ ਦੇ ਓਲੰਪਿਕ ਰਿਕਾਰਡ ਨੂੰ ਵੀ ਪਛਾੜਿਆ ਹੈ

ਮਜ਼ਦੂਰ ਜਿਸ ਦੀ ਦੌੜਾਕ ਉਸੇਨ ਬੋਲਟ ਨਾਲ ਤੁਲਨਾ ਹੋ ਰਹੀ ਹੈ ਉਸ ਨੇ ਕਿਉਂ ਠੁਕਰਾਈ ਖੇਡ ਮੰਤਰਾਲੇ ਦੀ ਪੇਸ਼ਕਸ਼

ਕਰਨਾਟਕ ਦੇ ਜਿਸ ਕੰਸਟ੍ਰਕਸ਼ਨ ਮਜ਼ਦੂਰ ਦੀ ਤੁਲਨਾ ਓਲੰਪਿਕ ਗੋਲਡ ਮੈਡਲ ਜੇਤੂ ਉਸੇਨ ਬੋਲਟ ਨਾਲ ਕੀਤੀ ਜਾ ਰਹੀ ਸੀ, ਉਸ ਨੇ ਭਾਰਤੀ ਖੇਡ ਅਥਾਰਟੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਮਜ਼ਦੂਰ ਦੇ ਝੋਟਿਆਂ ਦੀ ਦੌੜ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਦੀ ਤੁਲਨਾ ਓਲੰਪਿਕ ਚੈਂਪੀਅਨ ਐਥਲੀਟ ਨਾਲ ਹੋਣ ਲੱਗੀ ਸੀ।

ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਨੂੰ ਭਾਰਤੀ ਖੇਡ ਅਥਾਰਟੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ ਸੀ।

28 ਸਾਲ ਦੇ ਸ਼੍ਰੀਨਿਵਾਸ ਗੌੜਾ ਨੇ ਝੋਨੇ ਦੇ ਖੇਤਾਂ ਵਿੱਚ ਝੋਟਿਆਂ ਦੇ ਨਾਲ 142 ਮੀਟਰ ਦੀ ਦੂਰੀ ਤੇਜ਼ੀ ਨਾਲ ਪੂਰੀ ਕੀਤੀ। ਉਹ ਕਰਨਾਟਕ ਦੇ ਸਮੁੰਦਰੀ ਕੰਢੇ ਵਸੇ ਸ਼ਹਿਰ ਮੈਂਗਲੁਰੂ ਦੇ ਇੱਕ ਪਿੰਡ ਵਿੱਚ ਰਵਾਇਤੀ ਖੇਡ 'ਕੰਬਾਲਾ' ਵਿੱਚ ਹਿੱਸਾ ਲੈ ਰਹੇ ਸਨ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੌੜਾ ਨੇ ਇਹ 13.42 ਸਕਿੰਟ ਵਿੱਚ ਤੈਅ ਕੀਤੀ ਸੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਗੌੜਾ ਨੇ ਉਸੇਨ ਬੋਲਟ ਦੇ ਓਲੰਪਿਕ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਓਲੰਪਿਕ ਖੇਡਾਂ ਵਿੱਚ ਬੋਲਟ ਦੇ ਨਾਮ 9.58 ਸੈਕੰਡ ਵਿੱਚ 100 ਮੀਟਰ ਦੀ ਦੂਰੀ ਕਰਨ ਦਾ ਰਿਕਾਰਡ ਹੈ। ਸੋਸ਼ਲ ਮੀਡੀਆ ਵਿੱਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਗੌੜਾ ਨੇ 100 ਮੀਟਰ ਦੀ ਦੂਰੀ ਤੈਅ ਕਰਨ ਦਾ 9.55 ਸਕਿੰਟ ਦਾ ਸਮਾਂ ਲਿਆ।

ਇਹ ਵੀ ਪੜੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)