ਅੰਮ੍ਰਿਤਸਰ ’ਚ ਕੁਝ ਪੁਲਿਸ ਵਾਲਿਆਂ ਨੇ ਕੀ ਕੀਤਾ ਸੀ ਕਿ 5 ਜਣਿਆਂ ਨੇ ਖ਼ੁਦਕੁਸ਼ੀ ਕਰ ਲਈ

9 ਮਾਰਚ 2016 ਨੂੰ ਅੰਮ੍ਰਿਤਸਰ ਸਮੂਹਿਕ ਖ਼ੁਦਕੁਸ਼ੀ ਕੇਸ ਦੇ ਮੁੱਖ ਮੁਲਜ਼ਮ ਕੁਲਤਾਰ ਸਿੰਘ (ਲਾਲ ਪੱਗ) ਹਰਦੇਵ ਸਿੰਘ (ਅਸਮਾਨੀ ਪੱਗ) ਸੁਣਵਾਈ ਤੋਂ ਬਾਅਦ ਅੰਮ੍ਰਿਤਸਰ ਦੀ ਇੱਕ ਆਦਾਲਤ ਵਿੱਚੋਂ ਬਾਹਰ ਆਉਂਦੇ ਹੋਏ Image copyright Getty Images
ਫੋਟੋ ਕੈਪਸ਼ਨ ਕੁਲਤਾਰ ਸਿੰਘ (ਲਾਲ ਪੱਗ), ਹਰਦੇਵ ਸਿੰਘ (ਅਸਮਾਨੀ ਪੱਗ) ਮਾਮਲੇ ’ਚ ਮੁੱਖ ਮੁਜਰਮ ਹਨ। (ਫਾਈਲ ਫ਼ੋਟੋ)

ਅੰਮ੍ਰਿਤਸਰ ਦੀ ਇੱਕ ਅਦਾਲਤ ’ਚ ਪੰਜਾਬ ਦੇ ਇੱਕ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਇੱਕ ਮੌਜੂਦਾ ਡੀਐੱਸਪੀ ਹਰਦੇਵ ਸਿੰਘ ਤੇ ਚਾਰ ਹੋਰਾਂ ਨੂੰ ਸਾਲ 2004 ਦੇ ਇੱਕ ਸਮੂਹਿਕ ਖ਼ੁਦਕੁਸ਼ੀ ਮਾਮਲੇ ਵਿੱਚ ਸਜ਼ਾ ਹੋ ਗਈ ਹੈ।

ਖ਼ੁਦਕੁਸ਼ੀ ਲਈ ਉਕਸਾਉਣ ਨਾਲ ਜੁੜੀ ਧਾਰਾ 306 ਸਮੇਤ ਹੋਰਨਾਂ ਧਾਰਾਵਾਂ ਤਹਿਤ ਕੁਲਤਾਰ ਸਿੰਘ ਨੂੰ ਅੱਠ ਸਾਲ ਅਤੇ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਾਕੀ ਸਾਰਿਆਂ ਨੂੰ ਅੱਠ-ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਾਲ 2004 ਵਿੱਚ 30 ਤੇ 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹਰਦੀਪ ਸਿੰਘ ਨੇ ਆਪਣੀ ਮਾਂ ਜਸਵੰਤ ਕੌਰ, ਪਤਨੀ ਰਾਣੀ ਤੇ ਦੋ ਛੋਟੇ ਬੱਚਿਆਂ ਇਸ਼ਮੀਤ ਤੇ ਸਨਮੀਤ ਸਮੇਤ ਖ਼ੁਦਕੁਸ਼ੀ ਕਰ ਲਈ ਸੀ।

ਸੋਮਵਾਰ ਨੂੰ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਕੁਲਤਾਰ, ਹਰਦੇਵ ਸਿੰਘ, ਪੀੜਤ ਹਰਦੀਪ ਸਿੰਘ ਦੀ ਭੈਣ ਪਰਮਿੰਦਰ ਕੌਰ, ਜੀਜਾ ਪਲਵਿੰਦਰ ਪਾਲ ਸਿੰਘ ਅਤੇ ਦੋ ਹੋਰ ਰਿਸ਼ਤੇਦਾਰਾਂ (ਮੋਹਿੰਦਰ ਸਿੰਘ ਅਤੇ ਸਬਰੀਨ) ਨੂੰ ਮੁਜਰਮ ਕਰਾਰ ਦਿੰਦਿਆਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ:

ਘਟਨਾ ਅੰਮ੍ਰਿਤਸਰ ਦੇ ਚੌਕ ਮੋਨੀ ਇਲਾਕੇ ਵਿੱਚ ਵਾਪਰੀ ਸੀ। ਹਰਦੀਪ ਸਿੰਘ ਦੀ ਦੇਹ ਬਾਲਕਨੀ ਵਿੱਚ ਪਈ ਮਿਲੀ ਸੀ, ਜਦਕਿ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ ਸੀ। ਹਰਦੀਪ ਸਿੰਘ ਦੀ ਮਾਂ ਜਸਪਾਲ ਕੌਰ ਤੇ ਪੁੱਤਰਾਂ ਦੀਆਂ ਲਾਸ਼ਾਂ ਕਮਰਿਆਂ ਵਿੱਚ ਪਈਆਂ ਸਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅੰਮ੍ਰਿਤਸਰ: 5 ਖ਼ੁਦਕੁਸ਼ੀਆਂ ਮਾਮਲੇ ’ਚ 6 ਨੂੰ ਸਜ਼ਾ, ਪੁਲਿਸ ਵਾਲੇ ਵੀ ਸ਼ਾਮਿਲ

ਇਹ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਕਾਰਨ ਮਰਹੂਮ ਹਰਦੀਪ ਸਿੰਘ ਨੇ ਕਮਰੇ ਦੀ ਕੰਧ 'ਤੇ ਲਿਖੇ ਸਨ। ਖ਼ੁਦਕੁਸ਼ੀ ਨੋਟ ਦੀਆਂ ਕੁਝ ਕਾਪੀਆਂ ਆਪਣੇ ਜਾਣਕਾਰਾਂ ਨੂੰ ਵੀ ਭੇਜੀਆਂ ਸਨ। ਪੁਲਿਸ ’ਤੇ ਫਿਰੌਤੀ ਦੇ ਇਲਜ਼ਾਮ ਲਾਏ ਸਨ।

ਗੈਰ-ਸਰਕਾਰੀ ਸੰਗਠਨ ਪੰਜਾਬ ਹਿਊਮਨ ਰਾਈਟਸ ਔਰਗਨਾਈਜ਼ੇਸ਼ਨ ਵੱਲੋਂ ਮਾਮਲੇ ਨੂੰ ਅਗਾਂਹ ਵਧਾਉਣ ਵਾਲੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਹਰਦੀਪ ਸਿੰਘ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦਾ ਕਤਲ ਕੀਤਾ ਸੀ।

ਕਥਿਤ ਤੌਰ ’ਤੇ ਲਾਸ਼ ਨੂੰ ਖੁਰਦਬੁਰਦ ਕਰਦੇ ਨੂੰ ਹਰਦੀਪ ਦੀ ਰਿਸ਼ਤੇਦਾਰ ਸਬਰੀਨ ਨੇ ਦੇਖ ਲਿਆ, ਜਿਸ ਨੇ ਇਹ ਵਾਕਿਆ ਆਪਣੇ ਸਹੁਰੇ ਨੂੰ ਦੱਸ ਦਿੱਤਾ। ਉਸ ਨੇ ਮਰਹੂਮ ਤੋਂ ਸਵਾ ਸੱਤ ਲੱਖ ਰੁਪਏ ਤਿੰਨ ਕਿਸ਼ਤਾਂ ਵਿੱਚ ਉਗਰਾਹੇ।

ਜਦੋਂ ਪੁਲਿਸ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਕੁਝ ਪੁਲਿਸ ਵਾਲਿਆਂ ਨੇ ਵੀ ਹਰਦੀਪ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਵੀ ਹਰਦੀਪ ਤੋਂ ਪੰਜ ਲੱਖ ਰੁਪਏ ਕਢਾ ਲਏ। ਉਹ ਸੱਤ ਲੱਖ ਰੁਪਏ ਹੋਰ ਮੰਗ ਰਹੇ ਸਨ।

ਪਹਿਲੀ ਨਵੰਬਰ 2004 ਨੂੰ ਤਤਕਾਲੀ ਐੱਸਪੀ ਸਿਟੀ, ਅੰਮ੍ਰਿਤਸਰ, ਪੀਕੇ ਰਾਏ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ।

ਕੁਝ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਉਭਰਨ ਤੋਂ ਬਾਅਦ ਤਤਕਾਲੀ ਜਲੰਧਰ ਆਈਜੀ ਨੇ 23 ਦਸੰਬਰ 2004 ਨੂੰ ਜਾਂਚ ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ ਦੇ ਹਵਾਲੇ ਕਰਨ ਦੇ ਹੁਕਮ ਦੇ ਦਿੱਤੇ।

ਪੰਜਾਬ ਹਿਊਮਨ ਰਾਈਟਸ ਔਰਗਨਾਈਜ਼ੇਸ਼ਨ ਦੇ ਕਾਰਕੁਨ, ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਨੇ ਜਾਂਚ ਤੇ ਸਵਾਲ ਚੁੱਕੇ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਅਫ਼ਸਰ ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੀ ਚਿੱਠੀ ਤੇ ਕਾਰਵਾਈ ਕਰਦਿਆਂ ਇਹ ਜਾਂਚ ਆਈਜੀ, ਲੋਕਪਾਲ, ਜਸਮਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਸੀ।

ਇਹ ਵੀ ਪੜ੍ਹ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ

ਵੀਡੀਓ: ਸਮਰਥਕ ਕਹਿੰਦੇ, 'ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)