ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?

  • ਵੀ ਸੰਕਰ
  • ਬੀਬੀਸੀ ਲਈ
ਮੁਰਗੀ, ਚਿਕਨ, ਮੀਟ, ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਮੀਟ ਖਾਣ ਨਾਲ ਕੋਰੋਨਾਵਾਇਰਸ ਫੈਲਣ ਦੀ ਅਫ਼ਵਾਹ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਹੈ। ਇਸ ਕਿਸਮ ਦੇ ਪ੍ਰਚਾਰ ਦਾ ਆਂਧਰਾ ਪ੍ਰਦੇਸ਼ ਦੀ ਪੋਲਟਰੀ ਸਨਅਤ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪੋਲਟਰੀ ਸਨਅਤਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਤਿੰਨ ਹਫ਼ਤਿਆਂ ਵਿੱਚ ਪੋਲਟਰੀ ਇੰਡਸਟਰੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ ਅਤੇ ਚਿਕਨ ਦੀਆਂ ਕੀਮਤਾਂ ਅੱਧੀਆਂ ਕਰਨੀਆਂ ਪੈ ਗਈਆਂ ਹਨ।

ਪੋਲਟਰੀ ਏਜੰਸੀਆਂ ਅਤੇ ਸਥਾਨਕ ਮੀਟ ਵਿਕਰੇਤਾ ਦੋਵੇਂ ਹੀ ਇਨ੍ਹਾਂ ਅਫ਼ਵਾਹਾਂ ਕਾਰਨ ਨੁਕਸਾਨ ਝੱਲ ਰਹੇ ਹਨ। ਇਸ ਲਈ ਸਥਾਨਕ ਮੀਟ ਵਿਕਰੇਤਾ ਗਾਹਕਾਂ ਨੂੰ ਕੁੱਝ ਮੁਫ਼ਤ ਸਮਾਨ ਵੰਡ ਕੇ ਆਪਣੇ ਵੱਲ ਖਿੱਚ ਰਹੇ ਹਨ।

ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇੱਕ ਮਟਨ ਵਿਕਰੇਤਾ ਲੋਕਾਂ ਨੂੰ 5 ਕਿੱਲੋ ਮਟਨ ਖਰੀਦਣ ਉੱਤੇ ਮੁਫ਼ਤ ਹੈਲਮੇਟ ਦੇ ਰਿਹਾ ਹੈ।

ਇਹ ਵੀ ਪੜ੍ਹੋ:

ਮੁਰਗੀਆਂ ਦੀ ਮੌਤ ਕਿਉਂ

ਉੱਥੇ ਹੀ ਦੂਜੇ ਪਾਸੇ ਕਈ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਰ ਰਹੀਆਂ ਹਨ। ਇਸ ਕਾਰਨ ਲੋਕ ਕਾਫ਼ੀ ਡਰ ਗਏ ਅਤੇ ਅਸਰ ਇਹ ਹੋਇਆ ਕਿ ਮੀਟ ਦੀ ਵਿਕਰੀ ਅਤੇ ਕੀਮਤਾਂ ਦੋਵੇਂ ਡਿੱਗ ਗਈਆਂ।

ਜਨਵਰੀ ਦੇ ਅਖੀਰ ਵਿੱਚ ਇੱਕ ਕਿੱਲੋ ਬ੍ਰਾਇਲਰ ਚਿਕਨ ਦੀ ਕੀਮਤ 200 ਰੁਪਏ ਸੀ। ਪਰ ਹੁਣ ਇਹ 150 ਰੁਪਏ ਤੋਂ ਹੇਠਾਂ ਆ ਗਈ ਹੈ।

ਤਸਵੀਰ ਕੈਪਸ਼ਨ,

5 ਕਿੱਲੋ ਮਟਨ ਖਰੀਦਣ ਉੱਤੇ ਇਸ ਦੁਕਾਨ ਤੋਂ ਹੈਲਮੇਟ ਮੁਫ਼ਤ ਮਿਲਦਾ ਹੈ

ਆਂਧਰਾ ਪ੍ਰਦੇਸ਼ ਲਾਈਵ ਸਟਾਕ ਡਿਵੈਲਪਮੈਂਟ ਏਜੰਸੀ ਦੇ ਸਹਾਇਕ ਡਾਇਰੈਕਟਰ ਐੱਮ. ਸਾਈ ਬੁੱਟਕਰਾਓ ਨੇ ਬੀਬੀਸੀ ਨੂੰ ਦੱਸਿਆ ਕਿ ਮੁਰਗੀਆਂ ਦੀ ਮੌਤ ਦਾ ਕਾਰਨ ਇੱਕ ਨਵੀਂ ਭਿਆਨਕ ਬਿਮਾਰੀ ਹੈ। ਇਹ ਬ੍ਰਾਇਲਰ ਚਿਕਨ ਲਈ ਟੀਕਾਕਰਨ ਦੀ ਘਾਟ ਕਾਰਨ ਹੁੰਦਾ ਹੈ।

ਜਦੋਂ ਇਨ੍ਹਾਂ ਨੂੰ ਸਮੇਂ ਸਿਰ ਸਹੀ ਟੀਕਾਕਰਨ ਨਹੀਂ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਬੀਮਾਰੀ ਹੋ ਜਾਂਦੀ ਹੈ ਅਤੇ ਇਹ ਤੇਜ਼ੀ ਨਾਲ ਫੈਲਦਾ ਹੈ। ਇਹ ਹੀ ਆਂਧਰਾ ਪ੍ਰਦੇਸ਼ ਵਿੱਚ ਹੋ ਰਿਹਾ ਹੈ ਅਤੇ ਇਸੇ ਕਾਰਨ ਇਨ੍ਹਾਂ ਦੀ ਮੌਤ ਹੋ ਰਹੀ ਹੈ।

ਮਰੇ ਹੋਏ ਪੰਛੀਆਂ ਨੂੰ ਸਹੀ ਤਰ੍ਹਾਂ ਦਫ਼ਨਾਉਣ ਦੀ ਜ਼ਰੂਰਤ ਹੈ। ਪਰ ਕਈ ਪੋਲਟਰੀ ਫਾਰਮ ਮਾਲਕ ਹਜ਼ਾਰਾਂ ਹੀ ਅਜਿਹੀਆਂ ਮੁਰਗੀਆਂ ਨੂੰ ਸੜਕ ਕੰਢੇ ਸੁੱਟ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਤਸਵੀਰ ਸਰੋਤ, Getty Images

ਸਾਵਧਾਨੀ ਦੇ ਤੌਰ 'ਤੇ ਅਧਿਕਾਰੀਆਂ ਨੇ ਆਂਧਰਾ ਪ੍ਰਦੇਸ਼ ਦੇ ਕੁੱਝ ਸ਼ਹਿਰਾਂ ਵਿੱਚ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾਈ ਹੈ, ਇਸ ਡਰ ਤੋਂ ਕਿ ਖਰਾਬ ਚਿਕਨ ਖਾਣ ਨਾਲ ਬੀਮਾਰ ਹੋਣ ਦਾ ਖਦਸ਼ਾ ਹੈ।

ਬਦਲੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਚਿਕਨ ਦੀ ਬਰਾਮਦ ਵੀ ਰੁੱਕ ਗਈ ਹੈ। ਇਸ ਕਾਰਨ ਪੋਲਟਰੀ ਮਾਰਕੀਟ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਅਫ਼ਵਾਹ ਜਾਂ ਸੱਚਾਈ

ਡਾਕਟਰ ਸਪੱਸ਼ਟ ਕਰ ਰਹੇ ਹਨ ਕਿ ਕੋਰੋਨਾਵਾਇਰਸ ਚਿਕਨ ਜਾਂ ਮਟਨ ਖਾਣ ਨਾਲ ਨਹੀਂ ਫੈਲ ਸਕਦਾ।

ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਹਸਪਤਾਲਾਂ ਦੇ ਕੋਆਰਡੀਨੇਟਰ ਡਾਕਟਰ ਰਮੇਸ਼ ਕਿਸ਼ੋਰ ਦਾ ਕਹਿਣਾ ਹੈ, ''ਇਹ ਸਿਰਫ਼ ਅਫ਼ਵਾਹ ਹੈ। ਮੁਰਗੀ 'ਤੇ ਕੋਰੋਨਾਵਾਇਰਸ ਦਾ ਕੋਈ ਅਸਰ ਨਹੀਂ ਪਿਆ ਹੈ।''

''ਪਰ ਇਨ੍ਹਾਂ ਮੁਰਗੀਆਂ ਦੀ ਮੌਤ ਨੂੰ ਕੋਰੋਨਵਾਇਰਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕ ਗਲਤ ਖ਼ਬਰਾਂ ਫੈਲਾ ਰਹੇ ਹਨ। ਇਹ ਸਿਰਫ਼ ਮਿੱਥ ਹੈ। ਸਹੀ ਢੰਗ ਨਾਲ ਪਕਾਏ ਗਏ ਮੀਟ ਦਾ ਸਿਹਤ ਉੱਤੇ ਕੋਈ ਮਾੜਾ ਅਸਰ ਨਹੀਂ ਪਏਗਾ।"

ਸਿਰਫ਼ ਆਂਧਰਾ ਪ੍ਰਦੇਸ਼ ਹੀ ਨਹੀਂ ਇਨ੍ਹਾਂ ਅਫ਼ਵਾਹਾਂ ਦਾ ਨਕਾਰਾਤਮਕ ਅਸਰ ਦੇਸ ਦੇ ਵੱਖ ਵੱਖ ਸੂਬਿਆਂ ਉੱਤੇ ਪਿਆ ਹੈ।

ਇਹ ਵੀ ਪੜ੍ਹੋ:

ਰਾਇਟਰਜ਼ ਮੁਤਾਬਕ ਇਸੇ ਕਾਰਨ ਸੋਇਆਬੀਨ ਅਤੇ ਮੱਕੇ ਦੀ ਖੇਤੀ ਕਰਨ ਵਾਲਿਆਂ ਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਇਨ੍ਹਾਂ ਦੀ ਵਰਤੋਂ ਪਸ਼ੂਆਂ ਦੀ ਖਾਦ ਵਿੱਚ ਕੀਤੀ ਜਾਂਦੀ ਹੈ। ਪਿਛਲੇ ਤਿੰਨ ਹਫ਼ਤਿਆਂ ਵਿੱਚ 8 ਫੀਸਦ ਦੀ ਗਿਰਾਵਟ ਆਈ ਹੈ।

ਮਹਾਰਾਸ਼ਟਰ ਵਿੱਚ ਪੋਲਟਰੀ ਬ੍ਰੀਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਸੰਤ ਕੁਮਾਰ ਸ਼ੈੱਟੀ ਨੇ ਕਿਹਾ, "ਘੱਟ ਕੀਮਤਾਂ ਕਾਰਨ ਉਦਯੋਗ ਨੂੰ ਪ੍ਰਤੀ ਦਿਨ 120 ਮਿਲੀਅਨ ਰੁਪਏ ਦਾ ਘਾਟਾ ਪੈ ਰਿਹਾ ਹੈ।"

ਤਸਵੀਰ ਸਰੋਤ, MoHFW_INDIA

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)