ਤਾਪਸੀ ਪਨੂੰ ਦੀ ਫ਼ਿਲਮ 'ਚ ਵੱਡੇ ਐਕਟਰ ਕੰਮ ਕਿਉਂ ਨਹੀਂ ਕਰਦੇ?

  • ਸੁਪਰੀਆ ਸੋਗਲੇ
  • ਮੁੰਬਈ ਤੋਂ ਬੀਬੀਸੀ ਲਈ
ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੂਰਮਾ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ

ਪਿੰਕ, ਮੁਲਕ, ਬਦਲਾ, ਸਾਂਡ ਕੀ ਆਂਖ ਵਰਗੀਆਂ ਫ਼ਿਲਮਾਂ ਵਿੱਚ ਸਮਰੱਥ ਔਰਤਾਂ ਦੇ ਕਿਰਦਾਰ ਨਿਭਾਉਣ ਵਾਲੀ ਦਿੱਲੀ ਦੀ ਪੰਜਾਬਣ ਤਾਪਸੀ ਪਨੂੰ ਨੌਜਵਾਨ ਅਦਾਕਾਰਾਂ 'ਚ ਔਰਤ ਪ੍ਰਧਾਨ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਦੇ ਰੂਪ 'ਚ ਆਪਣੀ ਪਛਾਣ ਕਾਇਮ ਕਰ ਰਹੀ ਹੈ।

ਪਰ ਤਾਪਸੀ ਦਾ ਕਹਿਣਾ ਹੈ ਕਿ ਔਰਤ ਪ੍ਰਧਾਨ ਫ਼ਿਲਮਾਂ ਨੂੰ ਲੈ ਕੇ ਕਲਾਕਾਰ ਕੁੜੀਆਂ ਵਿਚਾਲੇ ਮੁਕਾਬਲੇਬਾਜ਼ੀ ਘੱਟ ਹੈ ਕਿਉਂਕਿ ਫ਼ਿਲਮ ਇੰਡਸਟਰੀ 'ਚ ਕਈ ਕੁੜੀਆਂ ਫ਼ਿਲਮਾਂ ਦਾ ਭਾਰ ਆਪਣੇ ਮੋਢਿਆ 'ਤੇ ਨਹੀਂ ਲੈਣਾ ਚਾਹੁੰਦੀਆਂ।

ਤਾਪਸੀ ਕਹਿੰਦੀ ਹੈ, ''ਜੇ ਫ਼ਿਲਮ ਫਲੌਪ ਹੋਈ ਤਾਂ ਬਿੱਲ ਉਨ੍ਹਾਂ ਦੇ ਨਾਮ 'ਤੇ ਫਟੇਗਾ, ਇਸ ਲਈ ਕਈ ਕੁੜੀਆਂ ਇਸ ਨੂੰ ਸੁਰੱਖਿਅਤ ਨਹੀਂ ਮੰਨਦੀਆਂ।''

ਹਾਲਾਂਕਿ, ਤਾਪਸੀ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਵੱਡੇ ਸਟਾਰ ਦੇ ਨਾਲ ਫ਼ਿਲਮਾਂ ਨਹੀਂ ਮਿਲੀਆਂ, ਇਸ ਲਈ ਉਸ ਕੋਲ ਸਿਰਫ਼ ਅਜਿਹੀਆਂ ਫ਼ਿਲਮਾਂ ਕਰਨ ਦਾ ਹੀ ਬਦਲ ਰਹਿ ਗਿਆ।

ਤਾਪਸੀ ਮੰਨਦੀ ਹੈ ਕਿ ਅੱਜ ਵੀ ਉਸ ਕੋਲ ਜ਼ਿਆਦਾ ਬਦਲ ਨਹੀਂ ਹੈ।

ਉਹ ਕਹਿੰਦੀ ਹੈ, ''ਮੈਂ ਕਦੇ ਨਹੀਂ ਕਿਹਾ ਕਿ ਮੈਂ ਹੀਰੋ ਤੋਂ ਛੋਟਾ ਰੋਲ ਨਹੀਂ ਕਰਾਂਗੀ ਜਦਕਿ ਕਈ ਕਲਾਕਾਰ ਮੁੰਡਿਆਂ ਨੇ ਮੈਨੂੰ ਕਿਹਾ ਕਿ ਉਹ ਉਨ੍ਹਾਂ ਫ਼ਿਲਮਾਂ ਦਾ ਹਿੱਸਾ ਨਹੀਂ ਬਣਨਗੇ ਜਿਸ 'ਚ ਹੀਰੋ ਦਾ ਰੋਲ ਹੀਰੋਇਨ ਤੋਂ ਘੱਟ ਹੋਵੇ। ਇਹ ਸੰਘਰਸ਼ ਮੇਰੀ ਹਰ ਫ਼ਿਲਮ ਦੇ ਨਾਲ ਹੈ ਕਿਉਂਕਿ ਮੇਰੀ ਹਰ ਫ਼ਿਲਮ 'ਚ ਔਰਤ ਦਾ ਕਿਰਦਾਰ ਸਮਰੱਥ ਹੁੰਦਾ ਹੈ ਅਤੇ ਉਹ ਮਰਦ ਕਲਾਕਾਰਾਂ ਲਈ ਖ਼ਤਰਾ ਹੈ।''

''ਕਈ ਕਲਾਕਾਰਾਂ ਨੇ ਇਹ ਗੱਲ ਖ਼ੁਦ ਮੈਨੂੰ ਕਹੀ ਹੈ ਕਿ ਅਸੀਂ ਉਹ ਫ਼ਿਲਮਾਂ ਨਹੀਂ ਕਰ ਸਕਦੇ ਜਿਸ 'ਚ ਔਰਤ ਦਾ ਕਿਰਦਾਰ ਸਟਰੋਂਗ ਹੋਵੇ ਅਤੇ ਦੂਜੇ ਕਿਰਦਾਰਾਂ 'ਚੇ ਹਾਵੀ ਹੋ ਜਾਵੇ।''

ਫ਼ਿਲਮ ਇੰਡਸਟਰੀ ਦੇ ਦੋਗਲੇਪਨ ਅਤੇ ਮਿਸੋਜਿਨਿਸਟ ਰਵੱਈਏ 'ਤੇ ਤਾਪਸੀ ਦੁੱਖ ਜਤਾਉਂਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤਾਪਸੀ ਦਾ ਸਬੰਧ ਦਿੱਲੀ ਦੇ ਇੱਕ ਸਿੱਖ ਪਰਿਵਾਰ ਤੋਂ ਹੈ

ਤਾਪਸੀ ਕਹਿੰਦੀ ਹੈ ਕਿ ਲੰਬੇ ਅਰਸੇ ਤੋਂ ਕਲਾਕਾਰ ਕੁੜੀਆਂ ਮਰਦ ਪ੍ਰਧਾਨ ਫ਼ਿਲਮਾਂ ਦਾ ਹਿੱਸਾ ਬਣਦੀਆਂ ਆਈਆਂ ਹਨ, ਜਿਸ 'ਚ ਚਾਰ ਗਾਣੇ ਅਤੇ ਦੋ ਸੀਨ ਹੁੰਦੇ ਸੀ। ਇਸ ਦੇ ਬਾਵਜੂਦ ਕੁੜੀਆਂ ਫ਼ਿਲਮਾਂ 'ਚ ਆਪਣੀ ਮੌਜੂਦਗੀ ਦਰਜ ਕਰਵਾਉਂਦੀਆਂ ਸਨ ਪਰ ਅੱਜ ਜਦੋਂ ਚੀਜ਼ਾਂ ਬਦਲ ਰਹੀਆਂ ਹਨ ਤਾਂ ਹੀਰੋ ਘਬਰਾ ਰਹੇ ਹਨ।

ਕਈ ਔਰਤ ਪ੍ਰਧਾਨ ਫ਼ਿਲਮਾਂ ਆਈਆਂ ਅਤੇ ਦਰਸ਼ਕਾਂ ਨੇ ਪਸੰਦ ਵੀ ਕੀਤਾ ਪਰ ਔਰਤ ਪ੍ਰਧਾਨ ਫ਼ਿਲਮਾਂ 'ਚ ਸਟਾਰ ਐਕਟਰ ਨਜ਼ਰ ਨਹੀਂ ਆਉਂਦੇ।

ਇਹ ਵੀ ਪੜ੍ਹੋ:

ਤਾਪਸੀ ਇਸ ਨੂੰ ਫ਼ਿਲਮ ਇੰਡਸਟਰੀ ਦੀ ਕੌੜੀ ਸੱਚਾਈ ਮੰਨਦੀ ਹੈ।

ਤਾਪਸੀ ਦਾ ਮੰਨਣਾ ਹੈ ਕਿ ਇਹ ਸਟਾਰ ਆਪਣੀ ਐਕਟਿੰਗ ਨੂੰ ਲੈ ਕੇ ਅਸਰੁੱਖਿਅਤ ਹਨ ਜਾਂ ਉਨ੍ਹਾਂ ਨੂੰ ਲਗਦਾ ਹੈ ਕਿ ਔਰਤ ਪ੍ਰਧਾਨ ਫ਼ਿਲਮਾਂ ਦਾ ਛੋਟਾ ਹਿੱਸਾ ਬਣ ਕੇ ਉਨ੍ਹਾਂ ਦੀ ਸਟਾਰ ਪਾਵਰ ਵਿੱਚ ਕਮੀ ਆ ਜਾਵੇਗੀ।

ਇਹ ਸਟਾਰ ਦਰਸ਼ਕਾਂ ਨੂੰ ਦੋਸ਼ ਦਿੰਦੇ ਹਨ ਕਿ ਉਨ੍ਹਾਂ ਦੇ ਦਰਸ਼ਕ ਸਟਾਰ ਨੂੰ ਅਜਿਹੇ ਕਿਰਦਾਰਾਂ 'ਚ ਨਹੀਂ ਅਪਣਾਉਗੇ।

ਤਾਪਸੀ ਨਾਰਾਜ਼ ਹੁੰਦੇ ਹੋਏ ਕਹਿੰਦੀ ਹੈ ਕਿ ਇਹ ਸਾਰੇ ਸਟਾਰ ਔਰਤਾਂ ਤੇ ਮਰਦ ਵਿਚਾਲੇ ਬਰਾਬਰੀ ਦੀਆਂ ਗੱਲਾਂ ਕਰਦੇ ਹਨ ਪਰ ਔਰਤ ਪ੍ਰਧਾਨ ਫ਼ਿਲਮਾਂ ਦਾ ਹਿੱਸਾ ਨਹੀਂ ਬਣਦੇ।

ਤਸਵੀਰ ਸਰੋਤ, fb/tapseeofficial

ਤਸਵੀਰ ਕੈਪਸ਼ਨ,

ਆਪਣੇ ਮਾਤਾ ਪਿਤਾ ਤੇ ਭੈਣ ਸ਼ਗੁਣ ਨਾਲ ਤਾਪਸੀ ਪਨੂੰ

ਤਾਪਸੀ ਅਕਸ਼ੇ ਕੁਮਾਰ ਦਾ ਬਹੁਤ ਸਤਿਕਾਰ ਕਰਦੀ ਹੈ ਕਿ ਬਤੌਰ ਸੁਪਰਸਟਾਰ ਉਹ ਮਿਸ਼ਨ ਮੰਗਲ ਵਰਗੀ ਔਰਤ ਪ੍ਰਧਾਨ ਫ਼ਿਲਮ ਦਾ ਹਿੱਸਾ ਬਣੇ ਜਿਸ 'ਚ ਵਿਦਿਆ ਬਾਲਨ ਦਾ ਕਿਰਦਾਰ ਫ਼ਿਲਮ 'ਚ ਮੁੱਖ ਸੀ।

ਤਾਪਸੀ ਪਨੂੰ ਡਾਇਰੈਕਟਰ ਅਨੁਭਨ ਸਿਨਹਾ ਦੀ ਅਗਲੀ ਫ਼ਿਲਮ ''ਥੱਪੜ'' 'ਚ ਨਜ਼ਰ ਆਵੇਗੀ ਜਿਸ 'ਚ ਘਰੇਲੂ ਹਿੰਸਾ 'ਤੇ ਸਵਾਲ ਚੁੱਕੇ ਗਏ ਹਨ।

ਫ਼ਿਲਮ 28 ਫ਼ਰਵਰੀ ਨੂੰ ਰਿਲੀਜ਼ ਹੋਵੇਗੀ।

ਔਸਕਰ ਤੱਕ ਕਿਵੇਂ ਪਹੁੰਚਣ ਹਿੰਦੀ ਫ਼ਿਲਮਾਂ - ਗੁਨੀਤ ਮੋਂਗਾ

ਦਿੱਲੀ ਦੀ ਹੀ ਇੱਕ ਹੋਰ ਪੰਜਾਬਣ ਗੁਨੀਤ ਮੋਂਗਾ ਮੁੰਬਈ ਦੀ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਨਾਮ ਖੱਟ ਰਹੀ ਹੈ।

ਫ਼ਿਲਮ 'ਪੀਰੀਅਡ, ਐਂਡ ਆਫ਼ ਸੈਟੈਂਸ' ਲਈ 2018 ਵਿੱਚ ਅਕੈਡਮੀ ਐਵਾਰਡ ਜਿੱਤਣ ਵਾਲੀ ਨਿਰਮਾਤਾ ਗੁਨੀਤ ਮੋਂਗਾ ਦੀਆਂ ਕਈ ਫ਼ਿਲਮਾਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੀਆਂ ਹਨ ਅਤੇ ਹਿੰਦੀ ਫ਼ਿਲਮਾਂ ਦੀ ਛਾਪ ਛੱਡੀ ਹੈ। ਇਨ੍ਹਾਂ ਵਿੱਚ 'ਦਿ ਲੰਚਬਾਕਸ', 'ਪੈਡਲਰਜ਼', 'ਗੈਂਗਜ਼ ਆਫ ਵਾਸੇਪੁਰ 1-2' ਅਤੇ 'ਮਸਾਨ' ਆਦਿ ਸ਼ਾਮਲ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗੁਨੀਤ ਨੂੰ ਕਦੇ ਕੋਈ ਨਹੀਂ ਜਾਣਦਾ ਸੀ ਪਰ ਔਸਕਰ ਜਿੱਤਣ ਤੋਂ ਬਾਅਦ ਉਸ ਨੂੰ ਪਛਾਣ ਦੱਸਣ ਦੀ ਲੋੜ ਨਹੀਂ ਪੈਂਦੀ

ਪਰ ਬਤੌਰ ਮਹਿਲਾ ਨਿਰਮਾਤਾ ਗੁਨੀਤ ਦਾ ਫ਼ਿਲਮੀ ਸਫ਼ਰ ਸੌਖਾ ਨਹੀਂ ਰਿਹਾ।

ਗੁਨੀਤ ਨੇ ਦੱਸਿਆ ਕਿ ਬਤੌਰ ਮਹਿਲਾ ਨਿਰਮਾਤਾ ਉਸ ਨੂੰ ਸਵਾਲ ਨਹੀਂ ਪੁੱਛਿਆ ਗਿਆ, ਪਰ ਉਸ ਦੀ ਛੋਟੀ ਉਮਰ ਕਾਰਨ ਉਸ ਦੇ ਕੰਮ 'ਤੇ ਸਵਾਲ ਚੁੱਕੇ ਗਏ।

ਪਰ ਸ਼ਾਰਟ ਡਾਕੂਮੈਂਟਰੀ ਫ਼ਿਲਮ ਲਈ ਔਸਕਰ ਜਿੱਤਣ ਤੋਂ ਬਾਅਦ ਉਸ ਨੂੰ ਹੁਣ ਆਪਣੀ ਪਛਾਣ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ।

ਜਿੱਥੇ ਇਸ ਸਾਲ ਕੋਰੀਅਨ ਫ਼ਿਲਮ 'ਪੈਰਾਸਾਈਟ' ਨੇ ਔਸਕਰ ਜਿੱਤ ਕੇ ਇਤਿਹਾਸ ਰਚਿਆ ਹੈ, ਉੱਥੇ ਹਿੰਦੀ ਫ਼ਿਲਮਾਂ ਔਸਕਰ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ।

ਹੁਣ ਤੱਕ ਭਾਰਤ ਵੱਲੋਂ ਭੇਜੀਆਂ ਹੋਈਆਂ 'ਮਦਰ ਇੰਡੀਆ' ਅਤੇ 'ਲਗਾਨ' ਹੀ ਔਸਕਰ ਨੌਮੀਨੇਸ਼ਨ ਤੱਕ ਪਹੁੰਚ ਸਕੀਆਂ ਹਨ।

ਇੱਕ ਦਹਾਕੇ ਤੋਂ ਜ਼ਿਆਦਾ ਤੋਂ ਫ਼ਿਲਮ ਕਾਰੋਬਾਰ ਦੇ ਗਣਿਤ ਨੂੰ ਸਮਝਣ ਵਾਲੀ ਗੁਨੀਤ ਮੋਂਗਾ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮਾਂ ਔਸਕਰ ਵਿੱਚ ਉਦੋਂ ਪਹੁੰਚ ਸਕਣਗੀਆਂ ਜਦੋਂ ਇੱਕ ਅਮਰੀਕੀ ਡਿਸਟਰੀਬਿਊਟਰ ਕਿਸੇ ਹਿੰਦੀ ਫ਼ਿਲਮ ਦਾ ਹਿੱਸਾ ਬਣੇਗਾ। ਔਸਕਰ ਤੱਕ ਪਹੁੰਚਣ ਦੀ ਚਾਬੀ ਉਹੀ ਹੈ।

ਉਹ ਕਹਿੰਦੀ ਹੈ, ''ਔਸਕਰ ਅਮਰੀਕੀ ਐਵਾਰਡ ਹੈ। ਤੁਹਾਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਜਾਣਦੇ ਹਨ ਕਿ ਫ਼ਿਲਮ ਨੂੰ ਉੱਥੇ ਕਿਵੇਂ ਪਹੁੰਚਾਇਆ ਜਾਵੇ? ਉੱਥੇ ਕਿਸ ਤਰ੍ਹਾਂ ਰਿਲੀਜ਼ ਕੀਤੀ ਜਾਵੇ। ਇੱਕ ਹਿੰਦੀ ਫ਼ਿਲਮ ਵਿੱਚ ਅਮਰੀਕੀ ਡਿਸਟਰੀਬਿਊਟਰ ਦਾ ਹੋਣਾ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਅਸੀਂ ਉਮੀਦ ਕਰ ਸਕਦੇ ਹਾਂ ਕਿ ਹਿੰਦੀ ਫ਼ਿਲਮਾਂ ਦੀ ਉੱਥੇ ਕੁਝ ਹਲਚਲ ਹੋਵੇ ਅਤੇ ਸਹੀ ਫ਼ਿਲਮ ਦੀ ਚੋਣ ਹੋਵੇ। ਜਿਵੇਂ 'ਦਿ ਲੰਚਬਾਕਸ' ਵਿੱਚ ਅਮਰੀਕੀ ਡਿਸਟਰੀਬਿਊਟਰ ਸੋਨੀ ਪਿਕਚਰ ਕਲਾਸਿਕ ਜੁੜਿਆ ਸੀ, ਉਸ ਤਰ੍ਹਾਂ ਹੀ 'ਪੈਰਾਸਾਈਟ' ਫ਼ਿਲਮ ਨਾਲ ਮੇਂਨਿਯੋਨ ਫ਼ਿਲਮ ਡਿਸਟਰੀਬਿਊਟਰ ਜੁੜਿਆ ਸੀ ਅਤੇ ਇਸ ਲਈ ਇਹ ਸੰਭਵ ਹੋਇਆ।''

ਤਸਵੀਰ ਸਰੋਤ, lunchboxmovie

ਤਸਵੀਰ ਕੈਪਸ਼ਨ,

ਗੁਨੀਤ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ਦਿ ਲੰਚਬੌਕਸ ਦਾ ਦ੍ਰਿਸ਼

ਗੁਨੀਤ ਮੋਂਗਾ ਨੇ ਆਪਣੇ ਕਰੀਅਰ ਵਿੱਚ ਕਰੀਬ 16 ਨਵੇਂ ਨਿਰਦੇਸ਼ਕਾਂ ਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਹੈ।

ਉਸ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਦੀਆਂ ਕਹਾਣੀਆਂ ਅੱਜ ਦੇ ਦੌਰ ਨਾਲ ਜੁੜੀਆਂ ਹਨ, ਇਸ ਲਈ ਉਹ ਨੌਜਵਾਨ ਨਿਰਦੇਸ਼ਕਾਂ ਨਾਲ ਕੰਮ ਕਰਨਾ ਪਸੰਦ ਕਰਦੀ ਹੈ।

ਹੁਣ ਉਹ 7 ਨਵੇਂ ਨਿਰਦੇਸ਼ਕਾਂ ਨੂੰ ਸ਼ਾਰਟ ਫ਼ਿਲਮ 'ਜ਼ਿੰਦਗੀ ਇਨ ਸ਼ਾਰਟ' ਜ਼ਰੀਏ ਮੌਕਾ ਦੇ ਰਹੀ ਹੈ ਜਿਸ ਵਿੱਚ ਸੱਤ ਕਹਾਣੀਆਂ ਹੋਣਗੀਆਂ।

ਇਨ੍ਹਾਂ ਕਹਾਣੀਆਂ ਵਿੱਚ ਕਈ ਜਾਣੇ ਪਛਾਣੇ ਨਾਮ ਜਿਵੇਂ ਨੀਨਾ ਗੁਪਤਾ, ਤਾਹਿਰਾ ਕਸ਼ਿਅਪ ਖ਼ੁਰਾਨਾ, ਸਵਰੂਪ ਸੰਪਤ ਅਤੇ ਸੰਜੇ ਕਪੂਰ ਸ਼ਾਮਲ ਹਨ। ਇਹ ਫ਼ਿਲਮਾਂ ਫਲਿੱਪਕਾਰਟ ਦੇ ਡਿਜੀਟਲ ਪਲੈਟਫਾਰਮ 'ਤੇ ਰਿਲੀਜ਼ ਹੋਣਗੀਆਂ।

ਕੁਝ ਲੋਕ ਨਾਰਾਜ਼ ਹਨ ਕਿਉਂਕਿ ਮੈਂ ਨਫ਼ਰਤ, ਗੁੱਸਾ ਅਤੇ ਰੇਪ ਨਹੀਂ ਦਿਖਾਇਆ-ਵਿਧੂ ਵਿਨੋਦ ਚੋਪੜਾ

ਫ਼ਿਲਮਸਾਜ਼ ਵਿਧੂ ਵਿਨੋਦ ਚੋਪੜਾ ਦੀ ਫ਼ਿਲਮ 'ਸ਼ਿਕਾਰਾ' ਨੂੰ ਰਿਲੀਜ਼ ਤੋਂ ਬਾਅਦ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਕਾਫ਼ੀ ਲੋਕ ਫ਼ਿਲਮ ਦੀ ਤਾਰੀਫ਼ ਵੀ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਨੂੰ ਲੈ ਕੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਫ਼ਿਲਮ ਕਸ਼ਮੀਰੀ ਪੰਡਿਤਾਂ ਨੂੰ ਕੱਢਣ ਦੇ ਦਰਦ ਨੂੰ ਇਮਾਨਦਾਰੀ ਨਾਲ ਨਹੀਂ ਦਿਖਾ ਸਕੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਸ਼ਮੀਰੀ ਪੰਡਿਤਾਂ 'ਤੇ ਵਿਧੂ ਦੀ ਤਾਜ਼ਾ ਫ਼ਿਲਮ 'ਸ਼ਿਕਾਰਾ' ਚਰਚਾ 'ਚ ਹੈ

ਅਜਿਹੀਆਂ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਵਿਧੂ ਵਿਨੋਦ ਚੋਪੜਾ ਨੇ ਜਵਾਬ ਦਿੱਤਾ ਹੈ।

ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਚੋਪੜਾ ਕਹਿੰਦੇ ਹਨ, ''ਸ਼ਿਕਾਰਾ' ਮੇਰੀ ਹੁਣ ਤੱਕ ਦੀਆਂ ਸਭ ਤੋਂ ਮੁਸ਼ਕਿਲ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਦੀ ਵਜ੍ਹਾ ਇਸ ਦੀ ਲੋਕੇਸ਼ਨ ਸੀ। ਮੈਂ ਉੱਥੇ ਡੇਢ ਸਾਲ ਰਿਹਾ, ਬਹੁਤ ਕੁਝ ਦੇਖਿਆ। ਉੱਥੇ ਸ਼ੂਟਿੰਗ ਕਰਨਾ ਮੁਸ਼ਕਿਲ ਸੀ, ਪਰ ਇਹ ਫ਼ਿਲਮ ਬਣਾਉਣਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਫ਼ਿਲਮ ਜੋੜਨਾ ਸਿਖਾਉਂਦੀ ਹੈ, ਤੋੜਨਾ ਨਹੀਂ।''

''ਤੁਸੀਂ ਸਭ ਜਾਣਦੇ ਹੋ ਕਿ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਬਹੁਤ ਲੋਕਾਂ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਨਫ਼ਰਤ ਬਹੁਤ ਘੱਟ ਦਿਖਾਈ ਗਈ ਹੈ ਅਤੇ ਨਫ਼ਰਤ ਦਿਖਾਓ, ਹਿੰਸਾ ਦਿਖਾਓ, ਰੇਪ ਦ੍ਰਿਸ਼ ਦਿਖਾਓ, ਪਰ ਮੈਂ ਇਹ ਫ਼ਿਲਮ ਆਪਣੀ ਮਾਂ ਲਈ ਬਣਾਈ ਹੈ। ਮੇਰੀ ਮਾਂ ਕਸ਼ਮੀਰ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਘਰ ਲੁੱਟ ਲਿਆ ਗਿਆ ਅਤੇ ਬਹੁਤ ਸਾਲ ਬਾਅਦ ਜਦੋਂ ਉਹ ਉੱਥੇ ਗਈ ਤਾਂ ਬਸ ਇਹੀ ਕਿਹਾ ਗਿਆ ਕਿ ਸਭ ਠੀਕ ਹੋ ਜਾਵੇਗਾ।''

''ਮੇਰੀ ਮਾਂ ਸਭ ਗੁਆਂਢੀਆਂ ਨੂੰ ਮਿਲੀ, ਸਭ ਨੂੰ ਗਲ ਨਾਲ ਲਾਇਆ। ਉਨ੍ਹਾਂ ਅੰਦਰ ਜ਼ਰਾ ਵੀ ਨਫ਼ਰਤ ਨਹੀਂ ਸੀ ਤਾਂ ਮੈਂ ਉਨ੍ਹਾਂ ਦਾ ਬੇਟਾ ਨਫ਼ਰਤ ਕਿਵੇਂ ਦਿਖਾ ਸਕਦਾ ਸੀ।''

ਵਿਧੂ ਵਿਨੋਦ ਚੋਪੜਾ ਕਹਿੰਦੇ ਹਨ, ''ਮੈਨੂੰ ਜੋ ਬੁਰਾ ਲੱਗਦਾ ਹੈ ਉਹ ਇਹ ਹੈ ਕਿ ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਨਫ਼ਰਤ ਅਤੇ ਗੁੱਸਾ ਵੇਚ ਕੇ ਲੋਕ ਪੈਸੇ ਕਮਾਉਂਦੇ ਹਨ, ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਜੋ ਵੇਚ ਰਹੇ ਹਨ, ਉਹ ਉਸ ਨਾਲ ਪੈਸੇ ਤਾਂ ਕਮਾ ਲੈਣਗੇ, ਪਰ ਦੇਸ਼ ਵਿੱਚ ਕਿੰਨਾ ਜ਼ਹਿਰ ਘੋਲ ਰਹੇ ਹਨ। ਮੈਂ ਆਪਣੀ ਫ਼ਿਲਮ ਨਾਲ ਨਫ਼ਰਤ ਨਹੀਂ ਫੈਲਾਉਣੀ ਸੀ ਅਤੇ ਵਿਚਾਰ ਵੀ ਇਹੀ ਸੀ, ਇਸ ਲਈ ਮੈਂ ਆਪਣੀ ਫ਼ਿਲਮ ਦਾ ਨਾਂ 'ਸ਼ਿਕਾਰਾ' ਰੱਖਿਆ।''

ਤਸਵੀਰ ਸਰੋਤ, viondchoprafilms

ਤਸਵੀਰ ਕੈਪਸ਼ਨ,

ਫ਼ਿਲਮ ਸ਼ਿਕਾਰਾ ਦਾ ਦ੍ਰਿਸ਼

ਵਿਧੂ ਅੱਗੇ ਕਹਿੰਦੇ ਹਨ, ''ਮੈਂ ਆਪਣੀ ਫ਼ਿਲਮ ਦਾ ਨਾਂ ਇਹ ਤਾਂ ਨਹੀਂ ਰੱਖਿਆ ਨਾਂ? ਖੰਡਿਤ ਹਾਂ, ਲੇਕਿਨ ਪੰਡਿਤ ਹਾਂ, ਅਜਿਹੇ ਲੋਕਾਂ ਨੂੰ ਮੈਂ ਕੀ ਕਹਾਂ ਜੋ ਕਹਿੰਦੇ ਹਨ ਕਿ ਮੈਂ ਦਰਦ ਨਹੀਂ ਦਿਖਾ ਸਕਿਆ। 'ਸ਼ਿਕਾਰਾ' ਦਾ ਮਤਲਬ ਵੀ ਇੱਕ ਖ਼ੂਬਸੂਰਤ ਕਿਸ਼ਤੀ ਹੈ ਜਿਸ ਵਿੱਚ ਦੋ ਲੋਕ ਮੁਹੱਬਤ ਵਿੱਚ ਹਨ ਅਤੇ ਉਸ ਦੇ ਹੇਠ ਨਫ਼ਰਤ ਦਾ ਪਾਣੀ ਹੈ। ਉਸ ਪਾਣੀ ਦੇ ਹੇਠ ਰਿਫਊਜ਼ੀ ਹਨ, ਅਜਿਹਾ ਮੇਰਾ ਪਹਿਲਾ ਪੋਸਟਰ ਸੀ।''

''ਮੈਂ ਬਹੁਤ ਸੌਖੀ ਜਿਹੀ ਗੱਲ ਕਹਿ ਰਿਹਾ ਸੀ ਕਿ ਸਮੱਸਿਆ ਦਾ ਹੱਲ ਕੱਢੋ? ਮੈਂ ਆਪਣੇ ਪ੍ਰਧਾਨ ਮੰਤਰੀ ਨੂੰ ਅਕਸਰ ਕਹਿੰਦੇ ਸੁਣਿਆ ਹੈ 'ਸਬਕਾ ਵਿਸ਼ਵਾਸ ਸਬਕਾ ਵਿਕਾਸ' ਤਾਂ ਕੀ ਉਹ ਲੋਕ ਜੋ ਮੇਰੀ ਫ਼ਿਲਮ ਦੇ ਵਿਰੋਧ ਵਿੱਚ ਹਨ, ਉਹ ਚਾਹੁੰਦੇ ਹਨ ਕਿ ਮੈਂ ਕਹਾਂ 'ਸਬਕਾ ਵਿਨਾਸ਼, ਸਬਕਾ ਵਿਨਾਸ਼'। ਮੈਂ ਤਾਂ ਇਹ ਨਹੀਂ ਕਹਿ ਸਕਦਾ। ਨਫ਼ਰਤ ਵਾਲੀਆਂ ਫ਼ਿਲਮਾਂ ਬਹੁਤ ਦੇਖੀਆਂ ਹਨ, ਪਰ ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਨਫ਼ਰਤ ਵੇਚਾਂਗੇ।''

'ਇੱਕੋ-ਮਿੱਕੇ' ਫ਼ਿਲਮ ਨਾਲ ਪੰਜਾਬੀ ਫ਼ਿਲਮਾਂ 'ਚ ਸਤਿੰਦਰ ਸਰਤਾਜ ਦੀ ਐਂਟਰੀ, ਦੋਖੋ ਖ਼ਾਸ ਗੱਲਬਾਤ

ਬਿਨਾਂ ਲੱਤਾਂ-ਬਾਹਾਂ ਦੇ ਬੁਲੰਦ ਹੌਂਸਲਿਆਂ ਵਾਲੇ 15 ਸਾਲਾਂ ਦੇ ਮੁੰਡੇ ਦੀ ਪ੍ਰੇਰਣਾ ਭਰਪੂਰ ਕਹਾਣੀ ਦੇਖੋ

ਮੁਲਤਾਨ ਤੋਂ ਮੁਹੱਬਤ ਦੀ ਇਸ ਕਹਾਣੀ ਨੇ ਖਿੱਚਿਆ ਕਈਆਂ ਦਾ ਧਿਆਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)