ਇੱਕ 'ਅਸਫਲ ਵਿਆਹ' ਜਿਸਨੇ ਹਜ਼ਾਰਾਂ ਦੀ ਜ਼ਿੰਦਗੀ ਬਚਾਈ

  • ਵਿਕਾਸ ਪਾਂਡੇ
  • ਬੀਬੀਸੀ ਨਿਊਜ਼, ਗੁਰੂਵਯੂਰ
ਉਮਾ ਆਪਣੇ ਪਤੀ ਨਾਲ
ਤਸਵੀਰ ਕੈਪਸ਼ਨ,

ਉਮਾ ਤੇ ਉਸਦਾ ਪਤੀ ਪ੍ਰੇਮਨ

ਅਰੇਂਜਡ ਮੈਰਿਜ ਅਕਸਰ ਹੈਰਾਨੀਆਂ ਨਾਲ ਭਰਪੂਰ ਹੋ ਸਕਦੀ ਹੈ। ਉਮਾ ਪ੍ਰੇਮਨ ਦੇ ਅਸਫ਼ਲ ਵਿਆਹ ਨੇ ਨਾ ਸਿਰਫ਼ ਉਸਦੀ ਬਲਕਿ ਹਜ਼ਾਰਾਂ ਹੋਰਨਾਂ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ ਕਿਉਂਕਿ ਇਸ ਨਾਲ ਉਸਨੂੰ ਅਜਿਹਾ ਹੁਨਰ ਤੇ ਪ੍ਰੇਰਣਾ ਮਿਲੀ ਜਿਸ ਨਾਲ ਉਹ ਗਰੀਬ ਲੋਕਾਂ ਦੀ ਡਾਕਟਰੀ ਇਲਾਜ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਦੀ ਹੈ।

ਉਹ ਪਲ

ਉਮਾ ਹਮੇਸ਼ਾ ਦੱਖਣ ਭਾਰਤ ਦੇ ਇੱਕ ਪਰੰਪਰਾਗਤ ਮੰਦਰ ਵਿੱਚ ਆਦਰਸ਼ ਵਿਆਹ ਕਰਾਉਣ ਦਾ ਸੁਪਨਾ ਦੇਖਦੀ ਸੀ। ਉਸਨੇ ਕਲਪਨਾ ਕੀਤੀ ਕਿ ਮੰਦਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਜਾਵੇ, ਬੀਚ ਕਿਨਾਰੇ ਇੱਕ ਵੱਡੀ ਪਾਰਟੀ ਹੋਵੇ।

ਪਰ ਅਜਿਹਾ ਕਦੇ ਨਹੀਂ ਹੋਇਆ।

ਉਮਾ ਨੂੰ ਅੱਜ ਵੀ 30 ਸਾਲ ਪਹਿਲਾਂ ਦੀ ਉਹ ਫਰਵਰੀ ਦੀ ਸਵੇਰ ਯਾਦ ਹੈ ਜਦੋਂ ਉਸਦੀ ਮਾਂ ਨੇ ਉਸਨੂੰ ਪ੍ਰੇਮਨ ਥਾਇਕੜ ਨਾਲ ਮਿਲਾਇਆ ਸੀ। ਉਮਾ ਉਦੋਂ ਸਿਰਫ਼ 19 ਸਾਲਾਂ ਦੀ ਸੀ ਅਤੇ ਪ੍ਰੇਮਨ 26 ਸਾਲ ਦਾ ਸੀ।

ਇਸ ਤੋਂ ਪਹਿਲਾਂ ਉਹ ਕਦੇ ਨਹੀਂ ਮਿਲੇ ਸਨ ਪਰ ਉਸਨੂੰ ਦੱਸਿਆ ਗਿਆ ਕਿ ਇਹ ਉਸਦਾ ਪਤੀ ਹੈ। ਉੱਥੇ ਕੋਈ ਸਮਾਗਮ ਨਹੀਂ ਸੀ, ਕੋਈ ਸੰਗੀਤ ਨਹੀਂ ਸੀ- ਦਰਅਸਲ, ਇਹ ਵਿਆਹ ਹੀ ਨਹੀਂ ਸੀ।

ਉਮਾ ਦੱਸਦੀ ਹੈ, ''ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਮੈਂ ਹੁਣ ਪ੍ਰੇਮਨ ਦੀ ਜਾਇਦਾਦ ਹਾਂ। ਪ੍ਰੇਮਨ ਨੇ ਮੈਨੂੰ ਕਿਹਾ ਕਿ ਉਹ ਹੁਣ ਉਸਦੀ ਪਤਨੀ ਹੈ ਪਰ ਉਸਦੀ ਜਾਇਦਾਦ 'ਤੇ ਮੇਰਾ ਕੋਈ ਅਧਿਕਾਰ ਨਹੀਂ ਹੈ।''

ਪ੍ਰੇਮਨ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਰਾਤ ਨੂੰ ਉੱਥੇ ਹੀ ਛੱਡ ਗਿਆ। ਉਹ ਹੁਣ ਵੀ ਯਾਦ ਕਰਦੀ ਹੈ ਕਿ ਉਸ ਰਾਤ ਉਹ ਸੌਂ ਨਹੀਂ ਸਕੀ। ਬਸ! ਸਾਰੀ ਰਾਤ ਪੀਲੀ ਛੱਤ ਅਤੇ ਖਟਾਰੇ ਜਿਹੇ ਪੱਖੇ ਨੂੰ ਤੱਕਦੀ ਰਹੀ।

ਅਗਲੀ ਸਵੇਰ ਪ੍ਰੇਮਨ 6 ਵਜੇ ਪਰਤਿਆ ਅਤੇ ਉਸਨੇ ਉਮਾ ਨੂੰ ਆਪਣੇ ਨਾਲ ਬਾਰ ਵਿੱਚ ਚੱਲਣ ਲਈ ਕਿਹਾ। ਉੱਥੇ ਉਹ ਕਈ ਘੰਟਿਆਂ ਤੱਕ ਪੀਂਦਾ ਰਿਹਾ, ਜਦਕਿ ਉਹ ਚੁੱਪਚਾਪ ਇਹ ਸਭ ਬੈਠੀ ਦੇਖਦੀ ਰਹੀ। ਉਹ ਇਹ ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਸਦੀ ਜ਼ਿੰਦਗੀ ਕਿਸ ਦਿਸ਼ਾ ਵੱਲ ਜਾ ਰਹੀ ਹੈ।

ਪ੍ਰੇਮਨ ਨੇ ਉਸਨੂੰ ਦੱਸਿਆ ਕਿ ਉਹ ਉਸਦੀ ਦੂਜੀ ਪਤਨੀ ਹੈ ਪਰ ਜਲਦੀ ਹੀ ਉਸਨੂੰ ਯਾਦ ਆਇਆ ਕਿ ਉਹ ਦੂਜੀ ਨਹੀਂ ਬਲਕਿ ਚੌਥੀ ਪਤਨੀ ਹੈ। ਉਸਨੇ ਦੱਸਿਆ ਕਿ ਉਹ ਟੀਬੀ ਦਾ ਗੰਭੀਰ ਮਰੀਜ਼ ਹੈ ਅਤੇ ਉਸਦਾ ਮੁੱਖ ਕੰਮ ਉਸਦੀ ਦੇਖਭਾਲ ਕਰਨਾ ਹੈ।

ਇਹ ਵੀ ਪੜ੍ਹੋ:

ਪਹਿਲਾਂ ਦੀ ਜ਼ਿੰਦਗੀ

ਉਮਾ ਤਾਮਿਲ ਨਾਡੂ ਦੇ ਭੀੜ ਭਾੜ ਵਾਲੇ ਸ਼ਹਿਰ ਕੋਇੰਬਟੂਰ ਵਿੱਚ ਪਲੀ ਹੈ। ਬਚਪਨ ਵਿੱਚ ਉਹ ਆਪਣੇ ਪਿਤਾ ਟੀ. ਕੇ. ਬਾਲਾਕ੍ਰਿਸ਼ਨਨ ਵਾਂਗ ਡਾਕਟਰ ਬਣਨਾ ਚਾਹੁੰਦੀ ਸੀ।

ਬਾਲਾਕ੍ਰਿਸ਼ਨਨ ਨੇ ਇੱਕ ਸਾਲ ਤੱਕ ਮੈਡੀਕਲ ਦੀ ਪੜ੍ਹਾਈ ਕੀਤੀ ਪਰ ਫਿਰ ਉਸਦੇ ਚਾਚੇ ਨੇ ਉਸਨੂੰ ਪੜ੍ਹਾਈ ਛੱਡ ਕੇ ਖੇਤਾਂ ਵਿੱਚ ਕੰਮ ਕਰਨ ਲਈ ਕਿਹਾ।

ਪੜ੍ਹਾਈ ਦੌਰਾਨ ਬਾਲਾਕ੍ਰਿਸ਼ਨਨ ਨੇ ਜ਼ਖਮਾਂ 'ਤੇ ਪੱਟੀ ਬੰਨ੍ਹਣ, ਪੱਟੀ ਬਦਲਣ ਅਤੇ ਬੁਖਾਰ ਲਈ ਦਵਾਈ ਦੇਣ ਵਾਲੇ ਮੁੱਢਲੇ ਇਲਾਜ ਸਿੱਖ ਲਏ ਸਨ।

ਉਮਾ ਨੇ ਕਿਤੋਂ ਸੁਣਿਆ ਕਿ ਮਰੀਜ਼ਾਂ ਦੇ ਪਰਿਵਾਰ ਵਾਲੇ ਉਸਦੇ ਪਿਤਾ ਨਾਲ ਬਹੁਤ ਵਧੀਆ ਵਿਵਹਾਰ ਕਰਦੇ ਹਨ ਇਸ ਲਈ ਉਸਨੇ ਵੀ ਆਪਣੇ ਪਿਤਾ ਨਾਲ ਜਾਣਾ ਸ਼ੁਰੂ ਕਰ ਦਿੱਤਾ।

ਉਸਨੇ ਕਿਹਾ, ''ਮੈਂ ਭੋਜਨ ਖਾਣਾ ਪਸੰਦ ਕਰਦੀ ਸੀ ਅਤੇ ਇਸ ਲਈ ਮੈਂ ਉਨ੍ਹਾਂ ਨਾਲ ਜਾਂਦੀ ਸੀ।''

ਪਰ ਇੱਕ ਦਿਨ ਉਸਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਪਿਤਾ ਦਾ ਕੰਮ ਕਿੰਨਾ ਗੰਭੀਰ ਹੈ। ਉਸਦੇ ਪਿਤਾ ਗੈਂਗਰੀਨ ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਸਨ, ਜਿਸਦੀ ਬਦਬੂ ਬਰਦਾਸ਼ਤ ਕਰਨਾ ਔਖਾ ਸੀ।

''ਉਹ ਬਾਗਬਾਨੀ ਦਸਤਾਨਿਆਂ ਦੀ ਵਰਤੋਂ ਕਰ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਸਰਜੀਕਲ ਦਸਤਾਨੇ ਨਹੀਂ ਸਨ ਪਰ ਫਿਰ ਵੀ ਉਹ ਬਹੁਤ ਸ਼ਾਂਤ ਸਨ।''

ਇਹ ਵੀ ਪੜ੍ਹੋ:

ਉਮਾ ਨੇ ਦੱਸਿਆ ਕਿ ਉਸਦੀ ਮਾਂ ਇਸ ਗੱਲ ਤੋਂ ਨਫ਼ਰਤ ਕਰਦੀ ਸੀ ਕਿ ਉਸਦਾ ਪਤੀ ਆਪਣਾ ਜ਼ਿਆਦਾਤਰ ਸਮਾਂ ਦੂਜਿਆਂ ਦੀ ਮਦਦ ਕਰਨ ਵਿੱਚ ਹੀ ਬਿਤਾ ਰਹੇ ਹਨ।

ਜਦੋਂ ਉਹ ਅੱਠ ਸਾਲ ਦੀ ਸੀ ਤਾਂ ਉਸਦੀ ਮਾਂ ਨੇ ਉਸਨੂੰ ਦੀਵਾਲੀ ਲਈ ਪਟਾਖੇ ਖਰੀਦਣ ਲਈ ਕੁਝ ਪੈਸੇ ਦਿੱਤੇ ਪਰ ਜਦੋਂ ਉਹ ਵਾਪਸ ਆਈ ਤਾਂ ਉਸਦੀ ਮਾਂ ਕਿਤੇ ਜਾ ਚੁੱਕੀ ਸੀ।

ਉਮਾ ਨੇ ਕਿਹਾ, ''ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕਿਸੇ ਹੋਰ ਮਰਦ ਨੂੰ ਪਿਆਰ ਕਰਦੀ ਸੀ ਅਤੇ ਉਸ ਨਾਲ ਚਲੀ ਗਈ ਸੀ।''

ਅਚਾਨਕ ਉਸਦੇ ਤਿੰਨ ਸਾਲ ਦੇ ਭਰਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਮਾ ਦੇ ਸਿਰ 'ਤੇ ਪੈ ਗਈ। ਉਹ ਦੱਸਦੀ ਹੈ ਕਿ ਉਦੋਂ ਉਸਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਸੀ ਪਰ ਉਸਨੇ ਇਹ ਸਿੱਖਣ ਦਾ ਫੈਸਲਾ ਕੀਤਾ ਕਿਉਂਕਿ ਉਹ ਆਪਣੇ ਪਿਤਾ ਦਾ ਪਕਾਇਆ ਖਾਣਾ ਨਹੀਂ ਖਾ ਸਕਦੀ ਸੀ।

ਉਮਾ ਨੇ ਦੱਸਿਆ, ''ਮੈਂ ਆਪਣੇ ਨਜ਼ਦੀਕੀ ਘਰਾਂ ਵਿੱਚ ਗਈ ਅਤੇ ਔਰਤਾਂ ਨੂੰ ਖਾਣਾ ਬਣਾਉਣਾ ਸਿਖਾਉਣ ਲਈ ਬੇਨਤੀ ਕੀਤੀ, ਪਰ ਉਨ੍ਹਾਂ ਨੇ ਕਿਹਾ ਕਿ ਮੈਂ ਖਾਣਾ ਨਹੀਂ ਬਣਾ ਸਕਾਂਗੀ ਕਿਉਂਕਿ ਮੈਂ ਅਜੇ ਛੋਟੀ ਹਾਂ।''

ਪਰ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਨੇ ਉਸਨੂੰ ਕਈ ਤਰ੍ਹਾਂ ਦਾ ਖਾਣਾ ਬਣਾਉਣਾ ਸਿਖਾ ਦਿੱਤਾ ਅਤੇ ਇਸ ਤਰ੍ਹਾਂ ਖਾਣਾ ਬਣਾਉਣਾ ਉਸਦੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣ ਗਿਆ।

ਉਮਾ ਨੇ ਅੱਗੇ ਦੱਸਿਆ, ''ਮੈਂ ਸਵੇਰੇ 5 ਵਜੇ ਉੱਠ ਕੇ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਬਣਾਉਂਦੀ ਸੀ। ਫਿਰ ਮੈਂ ਸਵੇਰੇ 9 ਵਜੇ ਸਕੂਲ ਜਾਂਦੀ ਸੀ। ਸ਼ਾਮ ਨੂੰ ਘਰ ਆ ਕੇ ਮੈਂ ਆਪਣੇ ਭਰਾ ਦੀ ਦੇਖਭਾਲ ਕਰਦੀ ਅਤੇ ਰਾਤ ਦਾ ਖਾਣਾ ਬਣਾਉਂਦੀ ਸੀ।''

''ਮੇਰੀ ਸਹੇਲੀਆਂ ਹਰ ਸ਼ਾਮ ਨੂੰ ਖੇਡਦੀਆਂ ਸਨ- ਉਹ ਆਪਣੇ ਜੀਵਨ ਦਾ ਆਨੰਦ ਮਾਣ ਰਹੀਆਂ ਸਨ, ਪਰ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਕੇ ਖੁਸ਼ ਸੀ।''

ਇਹ ਵੀ ਦੇਖੋ:

ਇਸ ਦੌਰਾਨ ਉਹ ਆਪਣੀ ਮਾਂ ਬਾਰੇ ਸੋਚਦੀ ਰਹਿੰਦੀ ਸੀ ਅਤੇ ਚਿੰਤਤ ਸੀ ਕਿ ਸ਼ਾਇਦ ਉਹ ਉਸਨੂੰ ਮੁੜ ਕਦੇ ਨਾ ਵੇਖ ਸਕੇ।

ਕਈ ਸਾਲਾਂ ਬਾਅਦ ਜਦੋਂ ਉਮਾ 17 ਸਾਲ ਦੀ ਸੀ ਤਾਂ ਉਹ ਆਪਣੇ ਗੁਆਂਢੀਆਂ ਨਾਲ ਕੋਇੰਬਟੂਰ ਤੋਂ 87 ਮੀਲ ਦੂਰ ਗੁਰੂਵਯੂਰ ਦੇ ਇੱਕ ਪ੍ਰਸਿੱਧ ਮੰਦਰ ਵਿੱਚ ਗਈ ਸੀ।

ਉੱਥੇ ਉਹ ਇੱਕ ਅਜਿਹੇ ਵਿਅਕਤੀ ਨੂੰ ਮਿਲੀ ਜਿਸਨੇ ਉਸਨੂੰ ਦੱਸਿਆ ਕਿ ਉਸਨੇ ਇੱਕ ਔਰਤ ਨੂੰ ਦੇਖਿਆ ਹੈ ਜੋ ਬਿਲਕੁਲ ਉਸਦੀ ਮਾਂ ਵਰਗੀ ਲੱਗਦੀ ਹੈ।

ਉਮਾ ਨੇ ਆਪਣਾ ਪਤਾ ਉਸ ਵਿਅਕਤੀ ਨੂੰ ਦੇ ਦਿੱਤਾ ਅਤੇ ਕੁਝ ਦਿਨਾਂ ਬਾਅਦ ਉਸਨੂੰ ਡਾਕ ਰਾਹੀਂ ਇੱਕ ਪੱਤਰ ਪ੍ਰਾਪਤ ਹੋਇਆ।

ਇਹ ਉਸਦੀ ਮਾਂ ਵੱਲੋਂ ਸੀ।

ਉਮਾ ਵਾਪਸ ਗੁਰੂਵਯੂਰ ਪੁੱਜੀ ਅਤੇ ਆਪਣੀ ਮਾਂ ਨੂੰ ਮਿਲੀ, ਪਰ ਜਲਦੀ ਹੀ ਉਸਨੂੰ ਸਥਿਤੀ ਸਪੱਸ਼ਟ ਹੋ ਗਈ ਕਿ ਉਹ ਇੱਕ ਵੱਡੀ ਸਮੱਸਿਆ ਵਿੱਚ ਹੈ।

ਉਸਦੇ ਦੂਜੇ ਪਤੀ ਨੇ ਵੱਡੀ ਰਕਮ ਉਧਾਰ ਲਈ ਸੀ, ਇਸ ਦੌਰਾਨ ਉਹ ਉਸਨੂੰ ਛੱਡ ਗਿਆ-ਪਰ ਹੁਣ ਉਧਾਰ ਦੇਣ ਵਾਲੇ ਉਸਦੀ ਮਾਂ ਕੋਲੋਂ ਆਪਣੇ ਪੈਸੇ ਵਾਪਸ ਮੰਗ ਰਹੇ ਹਨ।

ਉਮਾ ਨੇ ਕਿਹਾ, ''ਮੈਂ ਰੋਜ਼ਾਨਾ ਲੋਕਾਂ ਨੂੰ ਉਸਦੇ ਘਰ ਪੈਸੇ ਲੈਣ ਲਈ ਤੰਗ ਕਰਦਿਆਂ ਦੇਖਿਆ। ਇਹ ਵੇਖਣਾ ਬਹੁਤ ਦੁੱਖਦਾਈ ਸੀ।''

ਉਸਦੀ ਮਾਂ ਦਾ ਇੱਕੋ ਇੱਕ ਹੱਲ ਉਸਦਾ ਪ੍ਰੇਮਨ ਨਾਲ ਵਿਆਹ ਕਰਨਾ ਸੀ ਜੋ ਉਸਦਾ ਕਰਜ਼ਾ ਉਤਾਰਨ ਲਈ ਕਾਫ਼ੀ ਅਮੀਰ ਸੀ, ਪਰ ਉਮਾ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ। ਉਸਨੇ ਇਸਦੀ ਬਜਾਏ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੀ।

ਇਹ ਵੀ ਦੇਖੋ:

ਫਿਰ ਉਹ ਆਪਣੇ ਪਿਤਾ ਕੋਲ ਪਰਤ ਆਈ, ਪਰ ਆਪਣੀ ਮਾਂ ਨਾਲ ਸੰਪਰਕ ਕਰਨ 'ਤੇ ਉਸਦੇ ਪਿਤਾ ਨੇ ਆਪਣੇ ਨਾਲ ਵਿਸ਼ਵਾਸਘਾਤ ਹੋਇਆ ਮਹਿਸੂਸ ਕੀਤਾ ਜਿਸ ਕਾਰਨ ਉਸਨੇ ਆਪਣੀ ਧੀ ਤੋਂ ਮੂੰਹ ਮੋੜ ਲਿਆ।

ਆਖ਼ਰਕਾਰ ਉਮਾ ਨੇ ਇਹ ਸਭ ਮੰਨ ਲਿਆ।

''ਮੈਂ ਬੇਕਾਰ ਮਹਿਸੂਸ ਕੀਤਾ। ਮੈਂ ਆਪਣੀ ਹੋਣੀ ਨੂੰ ਸਵੀਕਾਰ ਕਰ ਲਿਆ ਅਤੇ ਪ੍ਰੇਮਨ ਕੋਲ ਚਲੇ ਗਈ।''

ਇਹ ਵੀ ਪੜ੍ਹੋ:

ਬਾਅਦ ਦੇ ਦਿਨ

ਉਮਾ ਯਾਦ ਕਰਦਿਆਂ ਦੱਸਦੀ ਹੈ, ''ਰੋਜ਼ਾਨਾ ਕੰਮ 'ਤੇ ਜਾਣ ਤੋਂ ਪਹਿਲਾਂ ਪ੍ਰੇਮਨ ਮੈਨੂੰ ਕਮਰੇ ਦੇ ਅੰਦਰ ਬੰਦ ਕਰ ਦਿੰਦਾ ਸੀ।''

''ਮੈਨੂੰ ਕਿਸੇ ਨੂੰ ਮਿਲਣ ਜਾਂ ਬਾਹਰ ਜਾਣ ਦੀ ਆਗਿਆ ਨਹੀਂ ਸੀ- ਇੱਕ ਮਿੰਟ ਲਈ ਵੀ ਨਹੀਂ। ਛੇ ਮਹੀਨੇ ਮੈਂ ਬਿਲਕੁਲ ਇਕੱਲੀ ਸੀ। ਮੈਂ ਕੰਧਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰਾ ਆਤਮਵਿਸ਼ਵਾਸ ਤੇ ਆਤਮ ਸਨਮਾਨ ਖੋ ਗਿਆ।''

ਜਿਵੇਂ ਜਿਵੇਂ ਸਾਲ ਲੰਘਦੇ ਗਏ, ਪ੍ਰੇਮਨ ਦੀ ਟੀਬੀ ਵਿਗੜਦੀ ਗਈ। ਇਸ ਜੋੜੇ ਨੇ ਆਪਣਾ ਜ਼ਿਆਦਾਤਰ ਸਮਾਂ ਹਸਪਤਾਲਾਂ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ।

1997 ਵਿੱਚ ਉਮਾ ਵੱਲੋਂ ਉਸ ਨਾਲ ਸੱਤ ਸਾਲ ਬਿਤਾਉਣ ਤੋਂ ਬਾਅਦ ਪ੍ਰੇਮਨ ਦੀ ਮੌਤ ਹੋ ਗਈ। ਉਸਨੇ ਉਮਾ ਨੂੰ ਇੱਕ ਵਾਰ ਕਿਹਾ ਸੀ ਕਿ ਉਸਦਾ ਉਸਦੀ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਹੋਵੇਗਾ। ਇਸ ਲਈ ਉਮਾ ਨੇ ਇਹ ਸਭ ਕੁਝ ਆਰਾਮ ਨਾਲ ਛੱਡ ਦਿੱਤਾ।

ਉਮਾ ਕਹਿੰਦੀ ਹੈ ਕਿ ਉਸਨੇ ਆਪਣੇ ਜੀਵਨ ਵਿੱਚ ਖੁ਼ਦ ਨੂੰ ਪਹਿਲੀ ਵਾਰ ਆਜ਼ਾਦ ਮਹਿਸੂਸ ਕੀਤਾ।

''ਮੈਂ ਨਹੀਂ ਚਾਹੁੰਦੀ ਸੀ ਕਿ ਉਸਦੀ ਮੌਤ ਹੋ ਜਾਵੇ, ਪਰ ਮੈਂ ਕੁਝ ਕਰ ਨਹੀਂ ਸਕਦੀ ਸੀ। ਪਰ ਮੈਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਨੇ ਮੈਨੂੰ ਦੂਜਾ ਮੌਕਾ ਦਿੱਤਾ ਹੈ।''

ਤਸਵੀਰ ਕੈਪਸ਼ਨ,

ਆਪਣੇ ਪਤੀ ਦੀ ਮੌਤ ਮਗਰੋਂ ਉਮਾ ਨੇ ਪਹਿਲੀ ਵਾਰ ਆਜ਼ਾਦ ਮਹਿਸੂਸ ਕੀਤਾ

ਉਸਨੂੰ ਇਹ ਤੈਅ ਕਰਨ ਵਿੱਚ ਸਮਾਂ ਲੱਗਿਆ ਕਿ ਉਹ ਇਸ ਨਵੀਂ ਆਜ਼ਾਦੀ ਨਾਲ ਕੀ ਕਰੇਗੀ।

ਪ੍ਰੇਮਨ ਨਾਲ ਬਿਤਾਏ ਆਪਣੇ ਸਾਲਾਂ ਦੌਰਾਨ ਉਮਾ ਨੇ ਦੇਖਿਆ ਕਿ ਗਰੀਬ ਲੋਕ ਅਕਸਰ ਢੁਕਵਾਂ ਡਾਕਟਰੀ ਇਲਾਜ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਨਾ ਸਿਰਫ਼ ਇਸ ਲਈ ਕਿ ਉਹ ਇਲਾਜ ਦਾ ਖਰਚਾ ਨਹੀਂ ਉਠਾ ਸਕਦੇ, ਬਲਕਿ ਇਸ ਲਈ ਵੀ ਕਿਉਂਕਿ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਸੀ।

ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕਿਹੜਾ ਇਲਾਜ ਅਤੇ ਸਹੂਲਤਾਂ ਉਪਲੱਬਧ ਹਨ।

ਇਸ ਲਈ ਉਮਾ ਨੇ ਉਨ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਫਾਰਮ ਭਰਨੇ, ਉਨ੍ਹਾਂ ਨੂੰ ਸਹੀ ਡਾਕਟਰਾਂ ਬਾਰੇ ਦੱਸਣਾ ਅਤੇ ਕਦੇ ਕਦੇ ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ।

ਜਦੋਂ ਉਸਨੇ ਤ੍ਰਿਵੇਂਦਰਮ ਦਾ ਹਸਪਤਾਲ ਛੱਡਿਆ, ਜਿੱਥੇ ਉਸਨੇ ਪ੍ਰੇਮਨ ਦੀ ਜ਼ਿੰਦਗੀ ਦੇ ਅੰਤਿਮ ਛੇ ਮਹੀਨੇ ਬਿਤਾਏ ਸਨ, ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਸੀ, ਪਰ ਉਹ ਪੂਰੀ ਤਰ੍ਹਾਂ ਉਸਦੀ ਪਹੁੰਚ ਤੋਂ ਬਾਹਰ ਨਹੀਂ ਸਨ।

ਇਹ ਵੀ ਪੜ੍ਹੋ:

ਉੱਥੇ ਇੱਕ ਬੂਥ ਸੀ ਜਿੱਥੋਂ ਉਹ ਅਕਸਰ ਪ੍ਰੇਮਨ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਦੀ ਸੀ। ਉਸਨੇ ਦੱਸਿਆ ਕਿ ਉਸ ਬੂਥ ਨੂੰ ਚਲਾਉਣ ਵਾਲੇ ਵਿਅਕਤੀ ਨੇ ਮਦਦ ਪ੍ਰਾਪਤ ਕਰਨ ਲਈ ਲੋਕਾਂ ਨੂੰ ਉਸਦਾ ਫੋਨ ਨੰਬਰ ਦਿੱਤਾ।

ਜਲਦੀ ਹੀ ਲੋਕਾਂ ਨੇ ਸਲਾਹ ਲੈਣ ਲਈ ਸੈਂਕਡਿਆਂ ਦੀ ਸੰਖਿਆ ਵਿੱਚ ਫੋਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਇੱਥੋਂ ਹੀ 'ਸ਼ਾਂਤੀ ਮੈਡੀਕਲ ਸੂਚਨਾ ਕੇਂਦਰ' ਦਾ ਜਨਮ ਹੋਇਆ।

ਉਮਾ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਮਿਲ ਗਿਆ ਸੀ- ਉਹ ਲੋਕਾਂ ਦਾ ਉਸ ਤਰ੍ਹਾਂ ਇਲਾਜ ਨਹੀਂ ਕਰ ਰਹੀ ਸੀ ਜਿਵੇਂ ਉਸਦੇ ਪਿਤਾ ਨੇ ਕੀਤਾ ਸੀ, ਪਰ ਉਹ ਉਨ੍ਹਾਂ ਨੂੰ ਇਲਾਜ ਕਰਾਉਣ ਵਿੱਚ ਮਦਦ ਕਰ ਰਹੀ ਸੀ।

ਹਾਲਾਂਕਿ, ਉਮਾ ਨੂੰ ਹੋਰ ਲੋਕਾਂ ਦੀ ਮਦਦ ਕਰਨ ਲਈ ਖ਼ੁਦ ਗਿਆਨ ਹਾਸਲ ਕਰਨਾ ਸੀ। 1990 ਦੇ ਦਹਾਕੇ ਦੇ ਅੰਤ ਵਿੱਚ ਭਾਰਤ ਵਿੱਚ ਇੰਟਰਨੈੱਟ ਦੀ ਸੁਵਿਧਾ ਵਿਆਪਕ ਪੱਧਰ 'ਤੇ ਉਪਲੱਬਧ ਨਹੀਂ ਸੀ।

ਇਸ ਲਈ ਉਸਨੂੰ ਇਲਾਜ, ਹਸਪਤਾਲਾਂ ਅਤੇ ਉਨ੍ਹਾਂ ਸਥਾਨਾਂ ਬਾਰੇ ਜਿੱਥੇ ਮਰੀਜ਼ ਮੁਫ਼ਤ ਜਾਂ ਰਿਆਇਤੀ ਇਲਾਜ ਪ੍ਰਾਪਤ ਕਰ ਸਕਦੇ ਹਨ, ਬਾਰੇ ਅੰਕੜੇ ਇਕੱਠੇ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨੀ ਪਈ ਸੀ।

ਉਹ ਦੱਸਦੀ ਹੈ, ''ਮੈਨੂੰ ਯਾਤਰਾ ਕਰਨੀ ਪਈ ਕਿਉਂਕਿ ਕਿਸੇ ਹਸਪਤਾਲ ਨੇ ਮੇਰੇ ਪੱਤਰਾਂ ਦਾ ਜਵਾਬ ਨਹੀਂ ਦਿੱਤਾ।''

ਇੱਥੋਂ ਤੱਕ ਵੀ ਕਿ ਜਦੋਂ ਉਹ ਲੋਕਾਂ ਨੂੰ ਆਹਮੋ-ਸਾਹਮਣੇ ਮਿਲਦੀ ਸੀ ਤਾਂ ਉਹ ਅਕਸਰ ਉਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਦੂਜੇ ਰਾਜਾਂ ਵਿੱਚ ਭਾਸ਼ਾ ਦੀ ਵੀ ਵੱਡੀ ਅੜਚਣ ਸੀ ਕਿਉਂਕਿ ਉਮਾ ਸਿਰਫ਼ ਤਮਿਲ ਭਾਸ਼ਾ ਹੀ ਜਾਣਦੀ ਸੀ।

ਪਿਛਲੇ ਇੱਕ ਦਹਾਕੇ ਤੋਂ ਸ਼ਾਂਤੀ ਕੇਂਦਰ ਪਹਿਲੀ ਤਰਜੀਹ ਦੇ ਤੌਰ 'ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਹੈ।

ਦੇਸ ਵਿੱਚ ਡਾਇਲਸਿਸ ਕੇਂਦਰਾਂ ਦੀ ਘਾਟ ਹੈ ਅਤੇ ਕਿਡਨੀ ਦਾਨ ਦੀ ਦਰ ਵੀ ਬਹੁਤ ਘੱਟ ਹੈ। ਉਮਾ ਇਸਨੂੰ ਬਦਲਣ ਲਈ ਕੰਮ ਕਰ ਰਹੀ ਹੈ, ਸਾਰਿਆਂ ਲਈ ਸਹੂਲਤਾਂ ਉਪਲੱਬਧ ਕਰਾਉਣ ਲਈ ਫੰਡ ਜੁਟਾ ਰਹੀ ਹੈ।

ਉਸਨੇ ਦੱਸਿਆ, ''ਸਾਡਾ ਪਹਿਲਾ ਡਾਇਲਸਿਸ ਕੇਂਦਰ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਸ਼ੁਰੂ ਹੋਇਆ। ਹੁਣ ਭਾਰਤ ਵਿੱਚ ਸਾਡੇ 20 ਕੇਂਦਰ ਹਨ। ਕਈ ਅਮੀਰ ਲੋਕਾਂ ਨੇ ਇਸ ਲਈ ਦਾਨ ਦਿੱਤਾ ਹੈ।''

ਉਮਾ ਦੱਸਦੀ ਹੈ ਕਿ ਲੋਕਾਂ ਨੂੰ ਕਿਡਨੀ ਦਾਨ ਕਰਨ ਲਈ ਰਾਜ਼ੀ ਕਰਨਾ ਸੌਖਾ ਕੰਮ ਨਹੀਂ ਹੈ ਕਿਉਂਕਿ ਉਹ ਅਕਸਰ ਆਪਣੀ ਸਿਹਤ 'ਤੇ ਇਸਦਾ ਦੁਰਪ੍ਰਭਾਵ ਪੈਣ ਤੋਂ ਡਰ ਜਾਂਦੇ ਹਨ।

ਇਸ ਲਈ ਉਸਨੇ ਇੱਕ ਮਿਸਾਲ ਕਾਇਮ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਇੱਕ ਕਿਡਨੀ ਦਾਨ ਕਰ ਦਿੱਤੀ। ਉਸਨੇ ਆਪਣੀ ਕਿਡਨੀ ਲਿਲ ਨਾਮ ਦੇ ਇੱਕ ਬੇਸਹਾਰੇ ਨੂੰ ਦਿੱਤੀ ਜਿਸਦੀ ਕਿਡਨੀ ਫੇਲ੍ਹ ਹੋ ਗਈ ਸੀ।

ਤਸਵੀਰ ਕੈਪਸ਼ਨ,

ਉਮਾ ਤੇਂ ਇੱਕ ਕਿਡਨੀ ਲੈਣ ਮਗਰੋਂ ਹੁਣ ਸਲਿਲ ਆਮ ਜ਼ਿੰਦਗੀ ਜੀਅ ਰਿਹਾ ਹੈ

ਸਲਿਲ ਦਾ ਕਹਿਣਾ ਹੈ ਕਿ ਉਹ ਉਸਦਾ ਦੇਣਦਾਰ ਹੈ।

ਸਲਿਲ ਨੇ ਕਿਹਾ ''ਜਦੋਂ ਮੇਰਾ ਡਾਇਲਸਿਸ ਹੋ ਰਿਹਾ ਸੀ, ਉਦੋਂ ਮੈਂ 26 ਸਾਲ ਦਾ ਸੀ। ਜਦੋਂ ਉਹ ਮੈਨੂੰ ਮਿਲੀ ਤਾਂ ਉਸਨੇ ਮੈਨੂੰ ਕਿਹਾ ਕਿ ਉਹ ਮੈਨੂੰ ਇਸ ਸ਼ਰਤ 'ਤੇ ਆਪਣੀ ਕਿਡਨੀ ਦੇਵੇਗੀ ਕਿ ਮੈਂ ਟਰਾਂਸਪਲਾਂਟ ਤੋਂ ਬਾਅਦ ਵੀ ਕੰਮ ਕਰਦਾ ਰਹਾਂ।''

ਉਸਨੇ ਆਪਣਾ ਕੰਮ ਜਾਰੀ ਰੱਖਿਆ- ਦਰਅਸਲ ਉਹ ਥੋੜ੍ਹੇ ਸਮੇਂ ਬਾਅਦ ਉਮਾ ਲਈ ਕੰਮ ਕਰਨ ਲੱਗਾ।

ਸਲਿਲ ਕਹਿੰਦਾ ਹੈ ਕਿ ਉਮਾ ਇੱਕ ਅਜਿਹੀ ਔਰਤ ਹੈ ਜੋ ਮਹਾਤਮਾ ਗਾਂਧੀ ਦੀਆਂ ਗੱਲਾਂ ਵਿੱਚ ਸੱਚ ਵਿੱਚ ਵਿਸ਼ਵਾਸ ਕਰਦੀ ਹੈ ਕਿ ''ਤੁਹਾਨੂੰ ਉਹ ਤਬਦੀਲੀ ਬਣਨਾ ਪਵੇਗਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ।''

ਉਮਾ ਕਹਿੰਦੀ ਹੈ, ''ਹਰ ਕੋਈ ਦੁਨੀਆ ਨੂੰ ਬਦਲਣਾ ਚਾਹੁੰਦਾ ਹੈ, ਪਰ ਕੋਈ ਵੀ ਖੁਦ ਨੂੰ ਬਦਲਣ ਲਈ ਤਿਆਰ ਨਹੀਂ ਹੈ। ਮੈਂ ਆਪਣਾ ਰਵੱਈਆ ਬਦਲ ਦਿੱਤਾ ਅਤੇ ਮੈਂ ਆਪਣੀ ਕਿਡਨੀ ਦਾਨ ਕੀਤੀ, ਪਰ ਮੈਨੂੰ ਬਦਲੇ ਵਿੱਚ ਇੱਕ ਭਰਾ ਵੀ ਮਿਲਿਆ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਨੱਚ-ਗਾ ਕੇ ਪੰਜਾਬੀ ਸਿਖਾਉਂਦੇ ਅਧਿਆਪਕ

ਵੀਡਿਓ: ਕਾਂਗਰਸੀ ਪਰਗਟ ਸਿੰਘ ਨੇ ਨਵਜੋਤ ਸਿੱਧੂ ਬਾਰੇ ਕੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਤੇ ਕੈਪਟਨ ਦਾ ਕੀ ਸੀ ਜਵਾਬ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)