ਹਜ਼ਾਰਾਂ ਟਨ ਸੋਨਾ ਮਿਲਣ ਦਾ ਦਾਅਵਾ ਰੱਦ

  • ਸਮੀਰਾਤਮਜ ਮਿਸ਼ਰ
  • ਬੀਬੀਸੀ ਲਈ
ਸੋਨਭੱਦਰ

ਤਸਵੀਰ ਸਰੋਤ, Prakash Chaturvedi/bbc

ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਜ਼ਮੀਨ ਦੇ ਅੰਦਰ ਸੈਂਕੜੇ ਟਨ ਸੋਨਾ ਦੱਬਿਆ ਹੋਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਭਾਰਤ ਸਰਕਾਰ ਅਧੀਨ ਆਉਣ ਵਾਲਾ ਵਿਭਾਗ ਜੀਓਲੌਜੀਕਲ ਸਰਵੇ ਆਫ਼ ਇੰਡੀਆ (GCI) ਨੇ ਕਿਹਾ ਹੈ ਕਿ ਉਸ ਨੇ ਸੋਨਭੱਦਰ 'ਚ 3,350 ਟਨ ਸੋਨੇ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਅਤੇ ਨਾ ਹੀ ਉਹ ਮੀਡੀਆ 'ਚ ਆ ਰਹੀਆਂ ਖ਼ਬਰਾਂ ਦੀ ਪੁਸ਼ਟੀ ਕਰਦਾ ਹੈ।

ਜੀਓਲੌਜੀਕਲ ਸਰਵੇ ਆਫ਼ ਇੰਡੀਆ ਨੇ ਸ਼ਨੀਵਾਰ (22 ਫ਼ਰਵਰੀ) ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ 'ਸੋਨਭੱਦਰ 'ਚ ਸੋਨੇ ਦੀ ਖ਼ੋਜ ਲਈ ਕਈ ਵਾਰ ਖ਼ੁਦਾਈ ਕੀਤੀ ਪਰ ਇਸ ਦੇ ਨਤੀਜੇ ਉਤਸ਼ਾਹ ਭਰਪੂਰ ਨਹੀਂ ਰਹੇ।'

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਖਣਿਜ ਵਿਭਾਗ ਨੇ ਕਿਹਾ ਸੀ ਕਿ ਸੂਬੇ 'ਚ ਹਜ਼ਾਰਾਂ ਟਨ ਸੋਨਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਧਿਆਨ 'ਚ ਰੱਖਦਿਆਂ ਸੂਬਾ ਸਰਕਾਰ ਨੇ ਈ-ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ।

ਪਰ ਜੀਓਲੌਜੀਕਲ ਸਰਵੇ ਆਫ਼ ਇੰਡੀਆ ਵੱਲੋਂ ਜਾਰੀ ਬਿਆਨ ਨੇ ਯੂਪੀ ਦੇ ਖਣਿਜ ਵਿਭਾਗ ਦੇ ਦਾਅਵੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਤਸਵੀਰ ਸਰੋਤ, GSI

ਤਸਵੀਰ ਕੈਪਸ਼ਨ,

ਜੀਓਲੌਜੀਕਲ ਸਰਵੇ ਆਫ਼ ਇੰਡੀਆ ਵੱਲੋਂ ਜਾਰੀ ਬਿਆਨ

GSI ਦਾ ਕੀ ਕਹਿਣਾ ਹੈ?

ਜੀਓਲੌਜੀਕਲ ਸਰਵੇ ਆਫ਼ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਜੀਐੱਸਆਈ ਨੇ 1998-99 ਅਤੇ 1999-2000 ਵਿੱਚ ਸੋਨਭੱਦਰ 'ਚ ਖ਼ੁਦਾਈ ਕੀਤੀ ਗਈ ਸੀ ਅਤੇ ਇਸ ਨਾਲ ਸਬੰਧਿਤ ਰਿਪੋਰਟ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ਼ ਮਾਈਨਿੰਗ ਨੂੰ ਸੌਂਪ ਦਿੱਤੀ ਗਈ ਸੀ।'

GSI ਨੇ ਕਿਹਾ ਹੈ ਕਿ ਉਸ ਮੁਤਾਬਕ 'ਸੋਨਭੱਦਰ 'ਚ ਜੋ ਸਰੋਤ ਹਨ, ਉਸ ਨਾਲ 160 ਕਿੱਲੋਗ੍ਰਾਮ ਦੇ ਕਰੀਬ ਸੋਨਾ ਕੱਢਿਆ ਜਾ ਸਕਦਾ ਹੈ ਨਾ ਕਿ 3,350 ਟਨ, ਜਿਵੇਂ ਕਿ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।'

ਪਰ ਉੱਤਰ ਪ੍ਰਦੇਸ਼ 'ਚ ਖਣਿਜ ਵਿਭਾਗ ਮੁਖੀ ਰੌਸ਼ਨ ਜੈਕਬ ਨੇ ਕਿਹਾ ਸੀ, 'ਸੋਨ ਪਹਾੜੀ 'ਚ ਸਾਨੂੰ 2,940 ਟਨ ਸੋਨਾ ਮਿਲਿਆ ਹੈ ਅਤੇ ਹਰਦੀ ਪਹਾੜੀ 'ਚ 646 ਕਿੱਲੋਗ੍ਰਾਮ ਦੇ ਕਰੀਬ ਸੋਨੇ ਦਾ ਪਤਾ ਲੱਗਿਆ ਹੈ।'

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਜੈਕਬ ਇਸ ਇਲਾਕੇ ਦੀ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਖ਼ੁਦਾਈ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਸਨ।

ਪਹਿਲਾਂ ਕੀ ਸੀ ਜਾਣਕਾਰੀ

ਦੱਸਿਆ ਜਾ ਰਿਹਾ ਸੀ ਕਿ ਜੀਓਲੌਜੀਕਲ ਸਰਵੇ ਆਫ਼ ਇੰਡੀਆ ਦੀ ਟੀਮ ਪਿਛਲੇ 15 ਸਾਲਾਂ ਤੋਂ ਸੋਨਭੱਦਰ ਵਿੱਚ ਕੰਮ ਕਰ ਰਹੀ ਸੀ।

ਅੱਠ ਸਾਲ ਪਹਿਲਾਂ ਟੀਮ ਨੇ ਧਰਤੀ ਅੰਦਰ ਸੋਨੇ ਦੇ ਖਜ਼ਾਨੇ ਦੀ ਪੁਸ਼ਟੀ ਕੀਤੀ। ਯੂਪੀ ਸਰਕਾਰ ਨੇ ਹੁਣ ਇਸ ਸੋਨੇ ਦੀ ਖੁਦਾਈ ਕਰਨ ਦੇ ਇਰਾਦੇ ਨਾਲ ਇਸ ਟੀਲੇ ਨੂੰ ਵੇਚਣ ਲਈ ਈ-ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਸੋਨਭੱਦਰ ਦੇ ਮਾਈਨਿੰਗ ਅਧਿਕਾਰੀ ਕੇਕੇ ਰਾਏ ਦਾ ਕਹਿਣਾ ਹੈ, "ਜੀਐੱਸਆਈ ਦੀ ਟੀਮ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੀ ਸੀ। ਹੁਣ ਨਿਲਾਮੀ ਦਾ ਆਦੇਸ਼ ਆ ਗਿਆ ਹੈ। ਇਸ ਕ੍ਰਮ ਵਿੱਚ ਜੀਓ ਟੈਗਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਲ੍ਹੇ ਵਿੱਚ ਯੂਰੇਨੀਅਮ ਦੇ ਭੰਡਾਰ ਦਾ ਵੀ ਅਨੁਮਾਨ ਹੈ, ਜਿਸ ਲਈ ਕੇਂਦਰ ਸਰਕਾਰ ਕੁਝ ਟੀਮਾਂ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਉਹ ਆਪਣੀ ਮੁਹਿੰਮ ਵਿੱਚ ਸਫ਼ਲ ਹੋਣਗੀਆਂ।"

ਮਾਈਨਿੰਗ ਅਧਿਕਾਰੀ ਅਨੁਸਾਰ ਨਿਲਾਮੀ ਤੋਂ ਪਹਿਲਾਂ ਪਛਾਣੀਆਂ ਖਣਨ ਵਾਲੀਆਂ ਥਾਵਾਂ ਦੀ ਜਿਓ ਟੈਗਿੰਗ ਲਈ ਬਣਾਈ ਗਈ ਸੱਤ ਮੈਂਬਰੀ ਟੀਮ 22 ਫਰਵਰੀ ਤੱਕ ਆਪਣੀ ਰਿਪੋਰਟ ਮਾਈਨਿੰਗ ਡਾਇਰੈਕਟਰ ਨੂੰ ਸੌਂਪੇਗੀ। ਇਸ ਤੋਂ ਬਾਅਦ ਹੀ ਸੂਬਾ ਸਰਕਾਰ ਆਨਲਾਈਨ ਟੈਂਡਰ ਜਾਰੀ ਕਰਨ ਦੀਆਂ ਹਦਾਇਤਾਂ ਦੇਵੇਗੀ। ਉਨ੍ਹਾਂ ਦੱਸਿਆ ਕਿ ਟੈਂਡਰ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾਵੇਗੀ।

ਜੀਐੱਸਆਈ ਅਨੁਸਾਰ ਸੋਨਭੱਦਰ ਦੀ ਸੋਨ ਪਹਾੜੀ ਉੱਤੇ ਤਕਰੀਬਨ ਤਿੰਨ ਹਜ਼ਾਰ ਟਨ ਸੋਨੇ ਦਾ ਭੰਡਾਰ ਹੈ ਅਤੇ ਹਰਦੀ ਬਲਾਕ ਵਿੱਚ ਲਗਭਗ 600 ਕਿੱਲੋ ਸੋਨੇ ਦਾ ਭੰਡਾਰ ਹੈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Prakash Chaturvedi/bbc

ਜੀਐੱਸਆਈ ਅਨੁਸਾਰ, ਇਨ੍ਹਾਂ ਥਾਵਾਂ ਤੋਂ ਇਲਾਵਾ ਪੁਲਵਾਰ ਅਤੇ ਸਲਿਇਆਡੀਹ ਬਲਾਕਾਂ ਵਿੱਚ ਵੀ ਲੋਹੇ ਦੇ ਭੰਡਾਰ ਦਾ ਪਤਾ ਲੱਗਿਆ ਹੈ। ਹਾਲਾਂਕਿ, ਅਜਿਹੇ ਲੋਹੇ ਦੀ ਧਾਤ ਵਿੱਚ ਕਿੰਨਾ ਸੋਨਾ ਪਾਇਆ ਜਾਵੇਗਾ, ਇਹ ਧਾਤ ਦੀ ਗੁਣਵੱਤਾ 'ਤੇ ਨਿਰਭਰ ਕਰਦਾ ਹੈ।

ਮਾਹਰਾਂ ਅਨੁਸਾਰ, ਜੇ ਇਹ ਧਾਤ ਚੰਗੀ ਹੈ ਤਾਂ ਇਸ ਤੋਂ ਨਿਕਲਣ ਵਾਲੇ ਸੋਨੇ ਦੀ ਮਾਤਰਾ ਧਾਤ ਦੀ ਅੱਧੀ ਮਾਤਰਾ ਦੇ ਬਰਾਬਰ ਹੋ ਸਕਦੀ ਹੈ।

ਜੀਐੱਸਆਈ ਨੇ ਇੱਥੇ 90 ਟਨ ਐਂਡੋਲੋਸਾਈਟ, ਨੌ ਟਨ ਪੋਟਾਸ਼, 10 ਮਿਲੀਅਨ ਟਨ ਸਿਲੇਮਾਈਨਾਈਟ ਦੇ ਭੰਡਾਰ ਵੀ ਲੱਭ ਲਏ ਹਨ ਅਤੇ ਜਲਦੀ ਹੀ ਇਨ੍ਹਾਂ ਧਾਤਾਂ ਦੀ ਖੁਦਾਈ ਦਾ ਰਾਹ ਸਾਫ ਹੋ ਜਾਵੇਗਾ।

ਭੂਗੋਲ ਅਤੇ ਖਣਨ ਵਿਭਾਗ ਨੇ ਈ-ਆਕਸ਼ਨ ਯਾਨਿ ਨਿਲਾਮੀ ਦੀ ਪ੍ਰਕਿਰਿਆ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੋਨੇ ਦੇ ਬਲਾਕਾਂ ਦੀ ਜਲਦੀ ਹੀ ਨਿਲਾਮੀ ਕਰ ਦਿੱਤੀ ਜਾਵੇਗੀ।

ਤਸਵੀਰ ਸਰੋਤ, Gyan Prakash Chaturvedi/bbc

ਤਸਵੀਰ ਕੈਪਸ਼ਨ,

ਸੋਨਭੱਦਰ ਦੇ ਮਾਈਨਿੰਗ ਅਧਿਕਾਰੀ ਕੇਕੇ ਰਾਏ ਦਾ ਕਹਿਣਾ ਹੈ ਕਿ ਜਲਦੀ ਹੀ ਨਿਲਾਮੀ ਸ਼ੁਰੂ ਕਰ ਦਿੱਤੀ ਜਾਵੇਗੀ

ਸਾਲ 2005 ਵਿੱਚ ਜੀਓਲੋਜੀਕਲ ਸਰਵੇ ਆਫ਼ ਇੰਡੀਆ ਦੀ ਟੀਮ ਨੇ ਅਧਿਐਨ ਕਰਕੇ ਸੋਨਭੱਦਰ ਵਿੱਚ ਸੋਨਾ ਹੋਣ ਬਾਰੇ ਦੱਸਿਆ ਸੀ ਅਤੇ ਇਸ ਦੀ ਪੁਸ਼ਟੀ ਵੀ ਸਾਲ 2012 ਵਿੱਚ ਹੋਈ ਸੀ।

ਹੁਣ ਤੱਕ ਇਸ ਨੂੰ ਕੱਢਣ ਯਾਨਿ ਕਿ ਮਾਈਨਿੰਗ ਦੀ ਦਿਸ਼ਾ ਵਿੱਚ ਕੋਈ ਠੋਸ ਕੰਮ ਨਹੀਂ ਹੋਇਆ ਹੈ। ਪਰ ਹੁਣ ਸਰਕਾਰ ਨੇ ਬਲਾਕਾਂ ਦੀ ਨਿਲਾਮੀ ਲਈ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਹੈ।

ਇਹ ਟੀਮ ਪੂਰੇ ਖ਼ੇਤਰ ਦੀ ਜੀਓ-ਟੈਗਿੰਗ ਕਰੇਗੀ ਅਤੇ 22 ਫਰਵਰੀ 2020 ਤੱਕ ਆਪਣੀ ਰਿਪੋਰਟ ਜੀਓਲਾਜੀ ਅਤੇ ਮਾਈਨਿੰਗ ਡਾਇਰੈਕਟੋਰੇਟ, ਲਖਨਊ ਨੂੰ ਸੌਂਪੇਗੀ।"

ਵੱਡੀ ਮਾਤਰਾ ਵਿਚ ਖਣਿਜ ਪਦਾਰਥ ਲੱਭਣ ਦੀ ਸੰਭਾਵਨਾ ਦੇ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਹੈਲੀਕਾਪਟਰ ਦੁਆਰਾ ਸਰਵੇ ਕੀਤਾ ਜਾ ਰਿਹਾ ਹੈ।

ਇਸ ਸਰਵੇਖਣ ਵਿੱਚ ਇਲੈਕਟ੍ਰੋਮੈਗਨੇਟਿਕ ਉਪਕਰਣਾਂ ਸਪੈਕਟ੍ਰੋਮੀਟਰ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਯੰਤਰਾਂ ਦਾ ਕੁਝ ਹਿੱਸਾ ਹੈਲੀਕਾਪਟਰ ਦੇ ਹੇਠਾਂ ਲਟਕਿਆ ਰਹਿੰਦਾ ਹੈ ਜੋ ਕਿ ਧਰਤੀ ਦੀ ਸਤ੍ਹਾ ਤੋਂ ਤਕਰੀਬਨ 100 ਮੀਟਰ ਦੀ ਉਚਾਈ 'ਤੇ ਉੱਡਦੇ ਹੋਏ ਇੱਕ ਸਰਵੇਖਣ ਕਰਦਾ ਹੈ।

ਤਸਵੀਰ ਸਰੋਤ, Gyan Prakash Chaturvedi/bbc

ਸੋਨਭੱਦਰ ਦੇ ਜ਼ਿਲ੍ਹੇ ਦੇ ਕੁਲੈਕਟਰ ਐਨ. ਰਾਜਲਿੰਗਮ ਅਨੁਸਾਰ, "ਜਿਸ ਖੇਤਰ ਵਿੱਚ ਸੋਨਾ ਮਿਲਿਆ ਹੈ ਉਹ ਲਗਭਗ 108 ਹੈਕਟੇਅਰ ਹੈ। ਸੋਨੇ ਦੀਆਂ ਪਹਾੜੀਆਂ ਵਿੱਚ ਕਈ ਕੀਮਤੀ ਖਣਿਜ ਹੋਣ ਕਾਰਨ ਪਿਛਲੇ 15 ਦਿਨਾਂ ਤੋਂ ਇਸ ਖੇਤਰ ਦਾ ਹੈਲੀਕਾਪਟਰ ਰਾਹੀਂ ਸਰਵੇਖਣ ਕੀਤਾ ਜਾ ਰਿਹਾ ਹੈ। ਸੋਨਭੱਦਰ ਦੇ ਡੀਐੱਮ ਅਨੁਸਾਰ, ਸੋਨਭੱਦਰ ਤੋਂ ਇਲਾਵਾ, ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਹੈਲੀਕਾਪਟਰ ਰਾਹੀਂ ਯੂਪੀ ਦੇ ਬਲਰਾਮਪੁਰ ਅਤੇ ਝਾਰਖੰਡ ਦੇ ਗੜ੍ਹਵਾ ਜ਼ਿਲੇ ਦੇ ਕੁਝ ਹਿੱਸਿਆਂ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ।"

ਤਸਵੀਰ ਸਰੋਤ, Gyan Prakash Chaturvedi

ਇਹ ਵੀ ਪੜ੍ਹੋ:

ਸਥਾਨਕ ਪੱਤਰਕਾਰ ਗਿਆਨ ਪ੍ਰਕਾਸ਼ ਚਤੁਰਵੇਦੀ ਦੱਸਦੇ ਹਨ, "ਸੋਨਭੱਦਰ ਦੀ ਦੁੱਧੀ ਤਹਿਸੀਲ ਖ਼ੇਤਰ ਵਿੱਚ ਸਥਿਤ ਸੋਨ ਪਹਾੜੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇੱਥੇ ਕਦੇ ਰਾਜਾ ਬਰਿਅਰ ਸ਼ਾਹ ਦਾ ਕਿਲ੍ਹਾ ਹੁੰਦਾ ਸੀ। ਕਿਲ੍ਹੇ ਦੇ ਦੋਹਾਂ ਪਾਸੇ ਸ਼ਿਵ ਪਹਾੜੀ ਅਤੇ ਸੋਨ ਪਹਾੜੀ ਸਥਿਤ ਹੈ। ਮਾਨਤਾ ਹੈ ਕਿ ਰਾਜਾ ਦੇ ਕਿਲ੍ਹੇ ਤੋਂ ਲੈ ਕੇ ਦੋ ਪਹਾੜੀਆਂ ਵਿੱਚ ਅਕੂਤ ਸੋਨਾ, ਚਾਂਦੀ ਅਤੇ ਅੱਕ ਧਾਤ ਦੇ ਖਜ਼ਾਨੇ ਲੁਕੇ ਹੋਏ ਹਨ। ਇਸੇ ਥਾਂ ਇੱਕ ਕਿਸਾਨ ਨੂੰ ਲਗਭਗ ਦਸ ਸਾਲ ਪਹਿਲਾਂ ਜੁਤਾਈ ਦੌਰਾਨ ਕੀਮਤੀ ਧਾਤੂਆਂ ਦਾ ਖਜ਼ਾਨਾ ਮਿਲਿਆ ਸੀ ਜਿਸ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)