ਹਰਿਆਣਾ ਦੇ ਸਰਕਾਰੀ ਸਕੂਲਾਂ ’ਚ ਤੇਲੁਗੂ ਕਿਉਂ ਪੜ੍ਹਾਈ ਜਾ ਰਹੀ ਹੈ

  • ਸਤ ਸਿੰਘ
  • ਰੋਹਤਕ ਤੋਂ ਬੀਬੀਸੀ ਲਈ
'ਅੰਦਰਿਕੀ ਸੁਭੋਦਿਆਮ'
ਤਸਵੀਰ ਕੈਪਸ਼ਨ,

ਇਹ ਯੋਜਨਾ ਜ਼ਿਲ੍ਹੇ ਦੇ ਦਸ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ ਜੋ ਜਨਵਰੀ ਤੋਂ ਸ਼ੁਰੂ ਹੋਈ ਅਤੇ 30 ਜੂਨ ਤੱਕ ਚੱਲੇਗੀ।

ਸਵੇਰ ਦੇ 9 ਵਜੇ ਹਨ ਅਤੇ ਇਸਮਾਲੀਆ ਸਰਕਾਰੀ ਸਕੂਲ ਦੇ ਵਿਦਿਆਰਥੀ ਸਵੇਰ ਦੀ ਅਸੈਂਬਲੀ ਲਈ ਤਿਆਰ ਹੋ ਰਹੇ ਹਨ। ਇਹ ਬੱਚੇ ਆਪਸ ਵਿੱਚ ਤੇਲਗੂ ਭਾਸ਼ਾ 'ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਨੌਵੀਂ ਜਮਾਤ ਦਾ ਦਿਨੇਸ਼ ਆਪਣੇ ਤਿੰਨ ਦੋਸਤਾਂ ਨੂੰ ਇੱਕ ਤੋਂ ਦਸ ਤੱਕ ਦੀ ਗਿਣਤੀ ਸੁਣਾ ਰਿਹਾ ਹੈ ਅਤੇ ਪੁੱਛ ਰਿਹਾ ਹੈ ਕਿ ਕੀ ਉਸ ਨੇ ਕੋਈ ਗਲਤੀ ਤਾਂ ਨਹੀਂ ਕੀਤੀ। ਉਸੇ ਵੇਲੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਨੈਨ ਦੀ ਲਾਲ ਰੰਗ ਦੀ ਕਾਰ ਸਕੂਲ ਵਿੱਚ ਦਾਖ਼ਲ ਹੁੰਦੀ ਹੈ ਅਤੇ ਸਾਰੇ ਬੱਚੇ ਅਸੈਂਬਲੀ ਲਈ ਕਤਾਰ 'ਚ ਖੜ੍ਹੇ ਹੋ ਜਾਂਦੇ ਹਨ।

ਰਾਸ਼ਟਰੀ ਗਾਣ ਤੋਂ ਬਾਅਦ, ਪ੍ਰਿੰਸੀਪਲ ਸੰਦੀਪ ਨੈਨ ਹੈਦਰਾਬਾਦ ਦੇ ਗੌਤਮੀ ਵਿਧਾ ਨਿਕੇਤਨ ਸਕੂਲ ਦੀ ਅਧਿਆਪਕਾ ਮੋਨਾ ਅਗਰਵਾਲ ਨੂੰ ਫੋਨ ਲਾਉਂਦੇ ਹਨ ਅਤੇ ਬੱਚਿਆਂ ਦੀ ਤੇਲਗੂ ਕਲਾਸ ਸ਼ੁਰੂ ਕਰਨ ਲਈ ਕਹਿੰਦੇ ਹਨ।

ਆਪਣੇ ਮੋਬਾਈਲ ਫ਼ੋਨ ਨੂੰ ਸਪੀਕਰ ’ਤੇ ਰੱਖਦੇ ਹੋਏ ਉਹ ਉਸ ਨੂੰ ਮਾਈਕ ਦੇ ਨੇੜੇ ਲੈ ਜਾਂਦੇ ਹਨ ਤਾਂਕਿ ਸਾਰੇ ਬੱਚੇ ਚਾਰੇ ਕੋਨਿਆਂ ’ਤੇ ਰੱਖੇ ਸਪੀਕਰਾਂ ਤੋਂ ਮੋਨਾ ਮੈਡਮ ਦੀ ਆਵਾਜ਼ ਸੁਣ ਸਕਣ।

ਇਹ ਵੀ ਪੜੋ

ਤਸਵੀਰ ਕੈਪਸ਼ਨ,

ਫਿਲਹਾਲ ਬੱਚੇ ਨਿਸ਼ਚਿਤ ਪਾਠਕ੍ਰਮ ਤਹਿਤ ਛੋਟੇ-ਛੋਟੇ ਵਾਕ ਸਿੱਖ ਰਹੇ ਹਨ ਅਤੇ ਤੇਲੰਗਾਨਾ ਰਾਜ ਬਾਰੇ ਵੀ ਜਾਣਕਾਰੀ ਇਕੱਤਰ ਕਰ ਰਹੇ ਹਨ।

'ਅੰਦਰਿਕੀ ਸੁਭੋਦਿਆਮ’

ਫਿਰ ਮੈਡਮ ਸਭ ਨੂੰ ਕਹਿੰਦੀ ਹੈ 'ਅੰਦਰਿਕੀ ਸੁਭੋਦਿਆਮ'। ਹਰੇ ਘਾਹ 'ਤੇ ਬੈਠੇ ਸਾਰੇ ਬੱਚੇ ਜਵਾਬ ਦਿੰਦੇ ਹਨ 'ਅੰਦਰਿਕੀ ਸੁਭੋਦਿਆਮ'। ਫਿਰ ਮੈਡਮ ਇਸ ਦਾ ਮਤਲਬ ਸਮਝਾਉਂਦਿਆਂ ਕਹਿਦੀ ਹੈ "ਤੁਹਾਡੇ ਸਾਰਿਆਂ ਨੂੰ ਸਵੇਰ ਦਾ ਨਮਸਕਾਰ"।

ਉਸੇ ਸਕੂਲ ਦੀ ਹਿੰਦੀ ਅਧਿਆਪਕਾ ਗੀਤਾ ਕੌਸ਼ਿਕ, ਮੋਨਾ ਅਗਰਵਾਲ ਦੁਆਰਾ ਬੋਲਿਆ ਗਇਆ ਵਾਕ ਬਲੈਕ ਬੋਰਡ 'ਤੇ ਚਾਕ ਨਾਲ ਲਿਖਦੀ ਹੈ ਤਾਂ ਜੋ ਸਾਰੇ ਬੱਚੇ ਇਸ ਦਾ ਸਹੀ ਉਚਾਰਨ ਕਰਨ ਅਤੇ ਆਪਣੀ ਕਾਪੀ ਵਿੱਚ ਉਸ ਨੂੰ ਲਿਖ ਸਕਣ।

ਤਸਵੀਰ ਕੈਪਸ਼ਨ,

ਤੇਲਗੂ ਭਾਸ਼ਾ ਬੱਚਿਆਂ ਵਿੱਚ ਉਤਸੁਕਤਾ ਦਾ ਵਿਸ਼ਾ ਬਣ ਗਈ ਹੈ

ਵਿਰਸੇ ਦੀ ਸਾਂਝੇਦਾਰੀ

ਪ੍ਰਿੰਸੀਪਲ ਸੰਦੀਪ ਨੈਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਪ੍ਰੋਗਰਾਮ ਤਹਿਤ ਹਰਿਆਣਾ ਅਤੇ ਤੇਲੰਗਾਨਾ ਵਿਚਾਲੇ ਇਕ ਦੂਜੇ ਦੇ ਸਭਿਆਚਾਰਕ ਵਿਰਸੇ ਨੂੰ ਸਾਂਝਾ ਕਰਨ ਲਈ ਇਕ ਸਮਝੌਤਾ ਹੋਇਆ ਹੈ।

ਉਨ੍ਹਾਂ ਨੇ ਦੱਸਿਆ, "ਇਹ ਯੋਜਨਾ ਜ਼ਿਲ੍ਹੇ ਦੇ ਦਸ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ ਜੋ ਜਨਵਰੀ ਤੋਂ ਸ਼ੁਰੂ ਹੋਈ ਅਤੇ 30 ਜੂਨ ਤੱਕ ਚੱਲੇਗੀ। ਇਸ ਵਿੱਚ ਤੇਲਗੂ ਭਾਸ਼ਾ ਦੀ ਵੀ ਜਾਣਕਾਰੀ ਦਿੱਤੀ ਜਾਏਗੀ। ਫਿਲਹਾਲ ਬੱਚੇ ਨਿਸ਼ਚਿਤ ਪਾਠਕ੍ਰਮ ਤਹਿਤ ਛੋਟੇ-ਛੋਟੇ ਵਾਕ ਸਿੱਖ ਰਹੇ ਹਨ ਅਤੇ ਤੇਲੰਗਾਨਾ ਰਾਜ ਬਾਰੇ ਵੀ ਜਾਣਕਾਰੀ ਇਕੱਤਰ ਕਰ ਰਹੇ ਹਨ।"

ਬੱਚਿਆਂ ਨੂੰ ਤੇਲਗੂ ਪੜ੍ਹਾਉਣ ਵਾਲੀ ਅਧਿਆਪਿਕਾ ਗੀਤਾ ਕੌਸ਼ਿਕ ਦੱਸਦੀ ਹੈ ਕਿ ਤੇਲਗੂ ਭਾਸ਼ਾ ਬੱਚਿਆਂ ਵਿੱਚ ਉਤਸੁਕਤਾ ਦਾ ਵਿਸ਼ਾ ਬਣ ਗਈ ਹੈ ਅਤੇ ਸਿੱਖਣ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਨੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਲਾਈਵ ਕਲਾਸਾਂ ਦਾ ਵਿਚਾਰ ਉਦੋਂ ਆਇਆ ਜਦੋਂ ਉਨ੍ਹਾਂ ਨੇ ਹੈਦਰਾਬਾਦ ਵਿੱਚ ਰਹਿੰਦੇ ਇੱਕ ਪੁਰਾਣੇ ਵਿਦਿਆਰਥੀ ਨਾਲ ਮੁਲਾਕਾਤ ਦੌਰਾਨ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ। ਉਥੇ ਉਸ ਦੇ ਵਿਦਿਆਰਥੀ ਅਸ਼ੋਕ ਮਿੱਤਲ ਨੇ ਇਕ ਸਕੂਲ ਵਿੱਚ ਗੱਲ ਕੀਤੀ ਅਤੇ ਲਾਈਵ ਕਲਾਸਾਂ ਫਿਰ ਸ਼ੁਰੂ ਕੀਤੀਆ ਗਈਆਂ।

ਤਸਵੀਰ ਕੈਪਸ਼ਨ,

ਇਸ ਦਾ ਮਨੋਰਥ ਇਹ ਹੈ ਕਿ ਦੋਵਾਂ ਰਾਜਾਂ ਦੇ ਵਿਦਿਆਰਥੀ ਇਕ ਦੂਜੇ ਦੇ ਸਭਿਆਚਾਰ ਬਾਰੇ ਪਤਾ ਲਗਾਓਣ ਅਤੇ ਸਭਿਆਚਾਰਕ ਵਿਰਾਸਤ ਦਾ ਆਦਾਨ ਪ੍ਰਦਾਨ ਕਰਨ

ਹਰਿਆਣਵੀ ਬੱਚੇ ਸਿੱਖ ਰਹੇ ਤੇਲਗੂ

ਦਿਨੇਸ਼ ਕੁਮਾਰ, ਜੋ ਕਿ 9 ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਹਰ ਰੋਜ਼ ਤੇਲਗੂ ਭਾਸ਼ਾ ਦੀ ਕਲਾਸ ਅਟੈਂਡ ਕਰ ਰਿਹਾ ਹੈ, ਨੇ ਦੱਸਿਆ ਕਿ ਉਹ ਤੇਲਗੂ ਭਾਸ਼ਾ ਨੂੰ ਬਹੁਤ ਪਸੰਦ ਕਰਨਾ ਸ਼ੁਰੂ ਹੋ ਗਿਆ ਹੈ ਅਤੇ ਚਾਹੁੰਦਾ ਹੈ ਕਿ ਜਦੋਂ ਜੂਨ ਵਿੱਚ ਕੋਰਸ ਪੂਰਾ ਹੋਣ ਤੋਂ ਬਾਅਦ ਟੈਸਟ ਹੋਵੇ ਤਾਂ ਉਸ ਨੂੰ ਤੇਲੰਗਾਨਾ ਜਾਉਣ ਦਾ ਮੌਕਾ ਮਿਲੇ।

ਉਸ ਨੇ ਕਿਹਾ, "ਮੈਂ ਘਰ ਜਾ ਕੇ ਆਪਣੇ ਘਰਵਾਲਿਆਂ ਨਾਲ ਤੇਲਗੂ ਭਾਸ਼ਾ 'ਚ ਗੱਲ ਕਰਦਾ ਹਾਂ, ਉਹ ਇਸ ਨੂੰ ਸਮਝ ਤਾਂ ਨਹੀਂ ਪਾਉਂਦੇ, ਪਰ ਉਹ ਮੇਰੀ ਨਵੀਂ ਭਾਸ਼ਾ ਨੂੰ ਸਿੱਖਣ ਦੀ ਗੱਲ 'ਤੇ ਖੁਸ਼ ਹੁੰਦੇ ਹਨ।"

ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਪ੍ਰੋਜੈਕਟ ਦੇ ਇੰਚਾਰਜ ਜਤਿੰਦਰ ਸਾਂਗਵਾਨ ਦਾ ਕਹਿਣਾ ਹੈ ਕਿ ਤੇਲਗੂ ਪੜ੍ਹਾਉਣ ਦਾ ਪ੍ਰੋਗਰਾਮ ਪੂਰੇ ਰਾਜ ਦੇ ਚੋਣਵੇਂ ਸਕੂਲਾਂ ਵਿੱਚ ਚੱਲ ਰਿਹਾ ਹੈ ਅਤੇ ਇਸ ਦਾ ਮਨੋਰਥ ਇਹ ਹੈ ਕਿ ਦੋਵਾਂ ਰਾਜਾਂ ਦੇ ਵਿਦਿਆਰਥੀ ਇਕ ਦੂਜੇ ਦੇ ਸਭਿਆਚਾਰ ਬਾਰੇ ਪਤਾ ਲਗਾਓਣ ਅਤੇ ਸਭਿਆਚਾਰਕ ਵਿਰਾਸਤ ਦਾ ਆਦਾਨ ਪ੍ਰਦਾਨ ਕਰਨ।

ਇਹ ਵੀ ਪੜੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)