Delhi Violence: ਮਾਡਲਿੰਗ ਦਾ ਸ਼ੌਕ ਰਖਦਾ ਹੈ ਸ਼ਾਹਰੁੱਖ – ਦਿੱਲੀ ਪੁਲਿਸ

ਮੁਸਲਮਾਨ

ਜਾਫ਼ਰਾਬਾਦ ਇਲਾਕੇ ਵਿੱਚ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੀਪਕ ਦਹੀਆ ਦੇ ਉੱਪਰ ਪਿਸਤੌਲ ਤਾਣਨ ਵਾਲੇ ਸ਼ਖ਼ਸ ਸ਼ਾਹਰੁੱਖ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਹਾ ਕਿ ਉਸ ਦੁਆਰਾ ਇਸਤੇਮਾਲ ਕੀਤੀ ਗਈ ਪਿਸਤੌਲ ਬਰਾਮਦ ਕਰਨ ਦੀ ਕੋਸ਼ਿਸ਼ ਜਾਰੀ ਹੈ।

ਪ੍ਰੈਸ ਕਾਨਫਰੰਸ ਵਿੱਚ ਕਰਾਈਮ ਬ੍ਰਾਂਚ ਦੇ ਐਡੀਸ਼ਨਲ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਨੇ ਕਿਹਾ ਕਿ ਸ਼ਾਹਰੁੱਖ 24 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਜਾਫ਼ਰਾਬਾਦ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਉਸ ਨੇ ਗੁੱਸੇ ਵਿੱਚ ਆ ਕੇ ਪਿਸਤੌਲ ਕੱਢ ਲਈ

ਸਿੰਗਲਾ ਨੇ ਦੱਸਿਆ ਕਿ ਸ਼ਾਹਰੁੱਖ ਨੇ ਤਿੰਨ ਗੋਲੀਆਂ ਚਲਾਈਆਂ। ਇਸ ਘਟਨਾ ਤੋਂ ਬਾਅਦ ਸ਼ਾਹਰੁੱਖ ਫਰਾਰ ਹੋ ਗਿਆ।

ਸਿੰਗਲਾ ਨੇ ਅੱਗ ਕਿਹਾ, "ਇਸ ਘਟਨਾ ਤੋਂ ਬਾਅਦ ਸ਼ਾਹਰੁੱਖ ਆਪਣੀ ਗੱਡੀ ਵਿੱਚ ਦਿੱਲੀ ਵਿੱਚ ਘੁਮਦਾ ਰਿਹਾ। ਫਿਰ ਉਹ ਪੰਜਾਬ ਚਲਾ ਗਿਆ, ਉੱਥੋਂ ਬਰੇਲੀ ਤੇ ਫਿਰ ਸ਼ਾਮਲੀ ਆ ਕੇ ਛੁੱਪ ਗਿਆ।"

ਤਸਵੀਰ ਸਰੋਤ, ANI

"ਸ਼ਾਮਲੀ ਤੋਂ ਬਾਅਦ ਉਹ ਆਪਣੀ ਜਗ੍ਹਾ ਬਦਲਣ ਦੀ ਸੋਚ ਰਿਹਾ ਸੀ। ਉਸ ਨੂੰ ਸ਼ਾਮਲੀ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।"

ਉਨ੍ਹਾਂ ਨੇ ਦੱਸਿਆ ਕਿ ਸ਼ਾਹਰੁੱਖ ਦੇ ਕੋਲ ਮੁੰਗੇਰ ਦੀ ਪਿਸਤੌਲ ਸੀ ਜੋ ਉਸ ਨੇ ਆਪਣੀ ਜੁਰਾਬਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਾਰੀਗਰ ਤੋਂ ਲਈ ਸੀ।

ਉਸ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ, ਹਲਾਂਕਿ ਉਸ ਦੇ ਪਿਤਾ ਤੇ ਨਾਰਕੋਟਿਕਸ ਤੇ ਜਾਲ੍ਹੀ ਕਰੰਸੀ ਦਾ ਮਾਮਲਾ ਦਰਜ ਹੈ।

ਦਿੱਲੀ ਪੁਲਿਸ ਨੇ ਕਿਹਾ ਕਿ ਸ਼ਾਹਰੁੱਖ ਮਾਡਲਿੰਗ ਦਾ ਸ਼ੌਕ ਰਖਦਾ ਹੈ ਤੇ ਟਿੱਕ-ਟਾਕ 'ਤੇ ਵੀਡੀਓ ਵੀ ਬਣਾਉਂਦਾ ਹੈ।

ਕੇਜਰੀਵਾਲ ਨੇ ਬੰਨ੍ਹੇ ਪੁਲਿਸ ਦੀਆਂ ਸਿਫ਼ਤਾਂ ਦੇ ਪੁਲ਼

ਵੀਡੀਓ ਕੈਪਸ਼ਨ,

ਕੇਜਰੀਵਾਲ ਨੇ ਪੀਐੱਮ ਮੋਦੀ ਨੂੰ ਕੀ ਕਿਹਾ?

........................................................................................................................................

ਐੱਮਸੀ ਤਾਹਿਰ ਹੁਸੈਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, 'ਆਪ' ਨੇ ਵੀ ਕੀਤਾ ਮੁਅੱਤਲ

28 ਫਰਵਰੀ 2020

ਦਿੱਲੀ ਵਿਚ ਭੜਕੀ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 38 ਹੋਰ ਗਈ ਹੈ। ਖ਼ਬਰ ਏਜੰਸੀ ਪੀਟੀਆਈ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਨ੍ਹਾਂ ਦੰਗਿਆਂ ਦੌਰਾਨ 200 ਵਿਅਕਤੀ ਜ਼ਖ਼ਮੀ ਹਨ।

ਪੀਟੀਆਈ ਮੁਤਾਬਕ ਬੀਤੇ ਵੀਰਵਾਰ ਨੂੰ 11 ਹੋਰ ਮੌਤਾਂ ਦੀ ਪੁਸ਼ਟੀ ਹੋਣ ਨਾਲ ਇਹ ਅੰਕੜਾ 38 ਉੱਤੇ ਪਹੁੰਚ ਗਿਆ।

ਤਸਵੀਰ ਸਰੋਤ, ANI

ਉੱਧਰ ਦਿੱਲੀ ਹਾਈ ਕੋਰਟ ਵਿਚ ਸੌਲਿਸਿਟਰ ਜਨਰਲ ਤੇ ਦਿੱਲੀ ਪੁਲਿਸ ਨੇ ਵਕੀਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ 48 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

ਇਨ੍ਹਾਂ ਦੰਗਿਆਂ ਦੌਰਾਨ ਮਾਰੇ ਗਏ ਖੁਫ਼ੀਆ ਵਿਭਾਗ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਐਮ ਸੀ ਤਾਹਿਰ ਹੂਸੈਨ ਖ਼ਿਲਾਫ਼ ਦਰਜ ਕਰ ਲਈ ਗਈ ਹੈ।

ਅੰਕਿਤ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ਉੱਤੇ ਤਾਹਿਰ ਹੂਸੈਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਤਾਹਿਰ ਹੂਸੈਨ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਫੈਕਟਰੀ ਦੀ ਇਮਾਰਤ ਤੋਂ ਦੰਗਾਕਾਰੀਆਂ ਨੇ ਆਪਰੇਟ ਕੀਤਾ ਅਤੇ ਅੰਕਿਤ ਦਾ ਬੇਰਹਿਮੀ ਨਾਲ ਕਤਲ ਕੀਤਾ।

ਭਾਵੇਂ ਕਿ ਤਾਹਿਰ ਹੂਸੈਨ ਖੁਦ ਨੂੰ ਨਿਰਦੋਸ਼ ਦੱਸ ਰਹੇ ਹਨ, ਪਰ ਐੱਫਆਈਆਰ ਦਰਜ ਹੋਣ ਤੋਂ ਬਾਅਦ 'ਆਪ' ਨੇ ਵੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ।

.........................................................................................................................................................................................

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦਿੱਲੀ ਹਿੰਸਾ ਮਗਰੋਂ ਇੱਕ ਔਰਤ ਸਮਾਨ ਲਿਜਾਂਦੀ ਹੋਈ

27 ਫਰਵਰੀ 2020

ਦਿੱਲੀ ਹਾਈ ਕੋਰਟ ਵਿੱਚ ਉੱਤਰੀ-ਪੂਰਬੀ ਦਿੱਲੀ ਦੇ ਇਲਾਕਿਆਂ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਸੁਣਵਾਈ ਜਾਰੀ ਹੈ। ਸੌਲਿਸਿਟਰ ਜਨਰਲ ਤੁਸ਼ਾਰ ਮਹਿਤਾ ਦਿੱਲੀ ਪੁਲਿਸ ਦੀ ਅਦਾਲਤ ਵਿੱਚ ਨੁਮਾਇੰਦਗੀ ਕਰ ਰਹੇ ਹਨ।

ਦਿੱਲੀ ਪੁਲਿਸ ਨੇ ਕੋਰਟ ਵਿੱਚ ਕਿਹਾ, ਭੜਕਾਊ ਭਾਸ਼ਣ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਕਿਸੇ ਦੇ ਖਿਲਾਫ਼ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਨਾਲ ਸ਼ਾਂਤੀ ਕਾਇਮ ਕਰਨ ਵਿੱਚ ਮਦਦ ਨਹੀਂ ਮਿਲੇਗੀ। ਪੁਲਿਸ ਮੁਤਾਬਰ ਉੱਤਰੀ-ਪੂਰਬੀ ਦਿੱਲੀ ਵਿੱਚ ਹਿੰਸਾ ਦੇ ਸਬੰਧ ਵਿੱਚ ਕੁੱਲ 48 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

ਦਿੱਲੀ ਹਾਈ ਕੋਰਟ ਨੇ ਹਿੰਸਾ ਵਿੱਚ ਕੇਂਦਰ ਸਰਕਾਰ ਨੂੰ ਧਿਰ ਬਣਾਇਆ ਹੈ ਅਤੇ 13 ਅਪਰੈਲ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ।

ਅਦਾਲਤ ਨੇ ਕੇਂਦਰ ਸਰਕਾਰ ਤੋਂ 4 ਹਫਤਿਆਂ ਵਿੱਚ ਮਾਮਲੇ ਵਿੱਚ ਜਵਾਬ ਮੰਗਿਆ ਹੈ।

ਤਸਵੀਰ ਸਰੋਤ, Getty Images

ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 32 ਤੱਕ ਪਹੁੰਚ ਚੁੱਕੀ ਹੈ। ਖ਼ਬਰ ਏਜੰਸੀ ਪੀਟੀਆਈ ਨੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਹੁਣ ਤੱਕ ਹਿੰਸਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 32 ਪਹੁੰਚ ਚੁੱਕੀ ਹੈ।

ਬੀਤੇ ਚਾਰ ਦਿਨਾਂ ਤੋਂ ਦਿੱਲੀ ਦੇ ਉੱਤਰ ਪੂਰਬੀ ਖੇਤਰ ਵਿੱਚ ਜਾਰੀ ਹਿੰਸਾ ਦੌਰਾਨ ਸੈਂਕੜੇ ਲੋਕ ਜ਼ਖਮੀ ਹੋਏ ਹਨ।

ਬੁੱਧਵਾਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ।

ਰਾਹੁਲ ਗਾਂਧੀ ਨੂੰ ਕਿਉਂ ਯਾਦ ਆਏ ਜੱਜ ਲੋਇਆ

ਦਿੱਲੀ ਵਿੱਚ ਬੀਤੇ ਚਾਰ ਦਿਨਾਂ ਤੋਂ ਜਾਰੀ ਹਿੰਸਾ ਅਤੇ ਤਣਾਅ ਦੇ ਮਾਹੌਲ ਵਿਚਾਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚਾਰ ਦਿਨਾਂ ਬਾਅਦ ਟਵੀਟ ਕੀਤਾ।

ਟਵੀਟ ਵਿੱਚ ਉਨ੍ਹਾਂ ਨੇ ਜੱਜ ਲੋਇਆ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕੀਤਾ।

ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ, "ਅੱਜ ਦੇ ਦਿਨ ਮੈਂ ਬਹਾਦਰ ਜੱਜ ਲੋਇਆ ਨੂੰ ਯਾਦ ਕਰ ਰਿਹਾ ਹਾਂ ਜਿਨ੍ਹਾਂ ਨੂੰ ਟਰਾਂਸਫ਼ਰ ਨਹੀਂ ਕੀਤਾ ਗਿਆ।"

ਜੱਜ ਬੀਐੱਚ ਲੋਇਆ ਗੁਜਰਾਤ ਦੇ ਸੋਹਰਾਬੁਦੀਨ ਫ਼ਰਜ਼ੀ ਮੁੱਠਭੇੜ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੀ ਮੌਤ ਦਸੰਬਰ, 2014 ਨੂੰ ਨਾਗਪੁਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਜਿਸ ਵੇਲੇ ਉਨ੍ਹਾਂ ਦੀ ਮੌਤ ਹੋਈ ਉਹ ਆਪਣੇ ਇੱਕ ਸਹਿਯੋਗੀ ਦੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਨਾਗਪੁਰ ਗਏ ਸੀ।

ਤਸਵੀਰ ਸਰੋਤ, Getty Images

ਸਾਲ 2017 ਵਿੱਚ ਇੱਕ ਮੈਗਜ਼ੀਨ ਵਿੱਚ ਰਿਪੋਰਟ ਛਪੀ ਜਿਸ ਵਿੱਚ ਕਿਹਾ ਗਿਆ ਕਿ ਜੱਜ ਲੋਇਆ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਸੀ। ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਸਵਾਲ ਉੱਠੇ ਸਨ।

19 ਅਪ੍ਰੈਲ, 2018 ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਕਿ ਜੱਜ ਲੋਇਆ ਦੀ ਮੌਤ ਕੁਦਰਤੀ ਸੀ ਅਤੇ ਹੁਣ ਇਸ ਮਾਮਲੇ ਦੀ ਹੋਰ ਜਾਂਚ ਨਹੀਂ ਹੋਣੀ ਚਾਹੀਦੀ।

ਹਾਈ ਕੋਰਟ ਦੇ ਹੁਕਮ

ਦਿੱਲੀ ਹਾਈ ਕੋਰਟ ਨੇ ਦਿੱਲੀ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਤੇ ਸੁਣਵਾਈ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਤੱਕ ਪਹੁੰਚੇ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ।

ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੂੰ ਕਿਹਾ ਕਿ ਉਹ ਜਾ ਕੇ ਆਪਣੇ ਕਮਿਸ਼ਨਰ ਨੂੰ ਕਹਿਣ ਕਿ ਅਦਾਲਤ ਬਹੁਤ ਨਰਾਜ਼ ਹੈ।

ਹਾਈ ਕੋਰਟ ਨੇ ਕਿਹਾ ਕਿ ਭਾਜਪਾ ਦੇ ਤਿੰਨ ਆਗੂਆਂ ਅਨੁਰਾਗ ਠਾਕੁਰ, ਪਰਵੇਸ਼ ਸ਼ਰਮਾ ਤੇ ਕਪਿਲ ਮਿਸ਼ਰਾ ਖਿਲਾਫ਼ ਐੱਫਆਈਆਰ ਦਰਜ ਹੋਣੀ ਚਾਹੀਦੀ ਹੈ।

ਕੋਰਟ ਨੇ ਕਿਹਾ ਕਿ ਹੋਰ ਵੀਡੀਓਜ਼ ਦੇ ਅਧਾਰ ਤੇ ਵੀ ਐੱਫਆਈਆਰ ਦਰਜ ਕੀਤੀ ਜਾਵੇ।

ਮਾਮਲੇ ਦੀ ਸੁਣਵਾਈ ਦੋ ਜੱਜਾਂ ਵਾਲੀ ਬੈਂਚ ਨੇ ਕੀਤੀ। ਅਦਾਲਤ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਦਿੱਲੀ ਹਿੰਸਾ 1984 ਦੇ ਦੰਗਿਆਂ ਦੀ ਸ਼ਕਲ ਇਖਤਿਆਰ ਕਰੇ।"

ਸਕੂਲ ਨੂੰ ਲਗਾਈ ਗਈ ਅੱਗ

ਉੱਤਰੀ-ਪੂਰਬੀ ਦਿੱਲੀ ਦੇ ਬ੍ਰਜਪੁਰੀ ਇਲਾਕੇ ਵਿੱਚ ਦੰਗੀਆਂ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅਰੁਣ ਮਾਡਰਨ ਸਕੂਲ ਨੂੰ ਅੱਗ ਲਗਾ ਦਿੱਤੀ ਗਈ।

ਸਕੂਲ ਦੀ ਪ੍ਰਿੰਸੀਪਲ ਜਯੋਤੀ ਰਾਣੀ ਨੇ ਬੀਬੀਸੀ ਪੱਤਰਕਾਰ ਫ਼ੈਸਲ ਮੁਹੰਮਦ ਅਲੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਭ ਕੁਝ ਸਾਧਾਰਨ ਸੀ ਪਰ ਕੱਲ੍ਹ ਜੋ ਕੁਝ ਹੋਇਆ ਸਭ ਹੈਰਾਨ ਪਰੇਸ਼ਾਨ ਕਰਨ ਵਾਲਾ ਸੀ।

ਚਾਂਦ ਬਾਗ਼ ਤੋਂ ਮਿਲੀ ਅੰਕਿਤ ਦੀ ਲਾਸ਼

ਭਾਰਤ ਦੇ ਗ੍ਰਹਿ ਵਿਭਾਗ ਹੇਠਾਂ ਆਉਂਦੇ ਇੰਟੈਲੀਜੈਂਸ ਬਿਊਰੋ ਦੇ ਅਫ਼ਸਰ ਅੰਕਿਤ ਸ਼ਰਮਾ ਦੀ ਲਾਸ਼ ਚਾਂਦ ਬਾਗ਼ ਇਲਾਕੇ 'ਚੋਂ ਮਿਲੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਟਵੀਟ

ਇਮਰਾਨ ਨੇ ਟਵੀਟ 'ਚ ਕਿਹਾ, ''ਭਾਰਤ ਵਿੱਚ ਅਸੀਂ ਨਾਜ਼ੀ ਪ੍ਰਭਾਵਿਤ ਆਰਐੱਸਐੱਸ ਦੀ ਵਿਚਾਰਧਾਰਾ ਦੇਖ ਰਹੇ ਹਾਂ। ਜਿੱਥੇ ਵੀਂ ਜਾਤ 'ਤੇ ਆਧਾਰਿਤ ਨਫ਼ਰਤ ਵਾਲੀ ਵਿਚਾਰਧਾਰਾ ਦੇਖਦੇ ਹਾਂ, ਇਹ ਖ਼ੂਨ ਖ਼ਰਾਬੇ ਵੱਲ ਲੈ ਜਾਂਦੀ ਹੈ।''

ਮੋਦੀ ਨੇ ਤੋੜੀ ਚੁੱਪੀ

PM ਨਰਿੰਦਰ ਮੋਦੀ ਨੇ ਦਿੱਲੀ ਹਿੰਸਾ ਦੇ ਤਿੰਨ ਦਿਨਾਂ ਬਾਅਦ ਚੁੱਪੀ ਤੋੜਦਿਆਂ ਦੋ ਟਵੀਟ ਕੀਤੇ।

ਪੀਐੱਮ ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ। ਟਵੀਟ 'ਚ ਲਿਖਿਆ, ''ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਹਾਲਾਤ ਦਾ ਤਫ਼ਸੀਲ 'ਚ ਜਾਇਜ਼ਾ ਲਿਆ। ਪੁਲਿਸ ਤੇ ਏਜੰਸੀਆਂ ਛੇਤੀ ਤੋਂ ਛੇਤੀ ਹਾਲਾਤ 'ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਹਨ। ਸ਼ਾਂਤੀ ਅਤੇ ਸਾਂਝ ਸਾਡੀ ਮੂਲ ਭਾਵਨਾ ਹੈ। ਮੈਂ ਦਿੱਲੀ ਦੇ ਭਰਾ ਤੇ ਭੈਣਾਂ ਨੂੰ ਹਰ ਸਮੇਂ ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ। ਇਹ ਬੇਹੱਦ ਜ਼ਰੂਰੀ ਹੈ ਕਿ ਜਲਦੀ ਹਾਲਾਤ ਸਾਧਾਰਨ ਹੋਣ ਅਤੇ ਸ਼ਾਂਤੀ ਕਾਇਮ ਹੋਵੇ।''

ਦਿੱਲੀ ਹਿੰਸਾ 'ਤੇ ਸੋਨੀਆ ਗਾਂਧੀ ਨੇ ਮੰਗਿਆ ਅਮਿਤ ਸ਼ਾਹ ਦਾ ਅਸਤੀਫ਼ਾ

 • ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ
 • ਹਿੰਸਾ ਕਰਕੇ 20 ਲੋਕਾਂ ਦੀਆਂ ਜਾਨਾਂ ਗਈਆਂ
 • ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ
 • ਦਿੱਲੀ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼
 • ਭਾਜਪਾ ਆਗੂਆਂ ਨੇ ਭੜਕਾਊ ਭਾਸ਼ਣ ਦਿੱਤੇ
 • ਭਾਜਪਾ ਆਗੂ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ
 • ਭਾਜਪਾ ਆਗੂ ਨੇ 3 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ
 • ਪਿਛਲੇ ਐਤਵਾਰ ਤੋਂ ਗ੍ਰਹਿ ਮੰਤਰੀ ਕਿੱਥੇ ਸਨ ਤੇ ਕੀ ਕਰ ਰਹੇ ਸਨ?
 • ਦਿੱਲੀ ਦੇ CM ਕੀ ਕਰ ਰਹੇ ਸਨ ਤੇ ਕਿੱਥੇ ਸਨ?
 • ਕਿੰਨੀ ਪੁਲਿਸ ਦੰਗੇ ਵਾਲੇ ਇਲਾਕਿਆਂ 'ਚ ਲਗਾਈ ਗਈ?

ਇਸ ਮਾਮਲੇ ਵਿੱਚ ਐਪੈਕਸ ਕੋਰਟ ਦੀ ਬੈਂਚ ਦੈ ਹੈੱਡ ਜਸਟਿਸ ਕੌਲ ਨੇ ਕਿਹਾ, ''ਸਾਨੂੰ ਦੱਸਿਆ ਗਿਆ ਕਿ ਕਈ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਤੇ ਹਾਈ ਕੋਰਟ ਹੋਰ ਮੁੱਦਿਆਂ 'ਤੇ ਨਿਗਾਹ ਰੱਖੀ ਬੈਠੀ ਹੈ।''

ਉਧਰ ਜਸਟਿਸ ਕੇ ਐੱਮ ਜੋਸੇਫ਼ ਨੇ ਪੁਲਿਸ ਦੀ ਕਾਰਵਾਈ ਦੇ ਤਰੀਕਿਆਂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਤੁਲਨਾ ਇੰਗਲੈਂਡ ਦੀ ਪੁਲਿਸ ਨਾਲ ਕੀਤੀ।

ਜਸਟਿਸ ਜੋਸੇਫ਼ ਨੇ ਕਿਹਾ, ''ਹਾਲਾਤ ਨੂੰ ਕਾਬੂ ਕਰਨ ਲਈ ਤੁਰੰਤ ਐਕਸ਼ਨ ਲੈਣਾ ਹੋਵੇਗਾ।''

ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਅਗਲੀ ਤਾਰੀਕ 23 ਮਾਰਚ ਤੈਅ ਕੀਤੀ ਹੈ।

ਅੱਤ ਦੇ ਤਣਾਅ ਭਰੇ ਮਾਹੌਲ ਦਾ ਜਾਇਜ਼ਾ ਲੈਣ ਲਈ ਰਾਤ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਖੁਦ਼ ਹਿੰਸਾਗ੍ਰਸਤ ਖੇਤਰਾਂ ਵਿਚ ਗਏ। ਪਰ ਹਿੰਸਾ ਦੇ ਜਾਰੀ ਰਹਿਣ ਤੇ ਮੌਤਾਂ ਦੀ ਗਿਣਤੀ ਵਧਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਫਾਇਰ ਵਿਭਾਗ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ 70 ਥਾਵਾਂ ਉੱਤੇ ਘਰਾਂ ਤੇ ਕਾਰੋਬਾਰੀਆਂ ਅਦਾਰਿਆਂ ਨੂੰ ਅੱਗਾਂ ਲਾਏ ਜਾਣ ਦੀ ਜਾਣਕਾਰੀ ਮਿਲੀ। ਅੱਗ ਬੁਝਾਉਣ ਸਮੇਂ ਇੱਕ ਮੁਲਾਜ਼ਮ ਜ਼ਖ਼ਮੀ ਹੋਇਆ ਅਤੇ 5 ਫਾਇਰ ਗੱਡੀਆਂ ਨੁਕਸਾਨੀਆਂ ਗਈਆਂ।

ਮਰੀਜ਼ਾਂ ਦੇ ਇਲਾਜ ਲਈ ਅੱਧੀ ਰਾਤ ਨੂੰ ਸੁਣਵਾਈ

ਦਿੱਲੀ ਹਾਈਕੋਰਟ ਦੇ ਜਸਟਿਸ ਐਸ ਮਰਲੀਧਰ ਨੇ ਆਪਣੀ ਰਿਹਾਇਸ਼ ਉੱਤੇ ਮਨੁੱਖੀ ਅਧਿਕਾਰ ਮਾਮਲਿਆਂ ਦੀ ਵਕੀਲ ਸਰੂਰ ਮੰਦਰ ਦੀ ਪਟੀਸ਼ਨ ਦੀ ਸੁਣਵਾਈ ਕੀਤੀ।

ਸਰੂਰ ਅਹਿਮਦ ਨੇ ਆਪਣੀ ਪਟੀਸ਼ਨ ਵਿਚ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਪੁਲਿਸ ਇਹ ਯਕੀਨੀ ਬਣਾਏ ਕਿ ਅਲ-ਹਿੰਦ ਹਸਪਤਾਲ ਤੋਂ ਜ਼ਖ਼ਮੀਆਂ ਨੂੰ ਜੀਟੀਬੀ ਹਸਪਲਤਾਲ ਲਿਜਾਇਆ ਜਾ ਸਕੇ।

ਜਸਟਿਸ ਮੁਰਲੀਧਰ ਨੇ ਇਸ ਮਾਮਲੇ ਉੱਤੇ ਕਰੀਬ 12.30 ਵਜੇ ਸੁਣਵਾਈ ਕੀਤੀ।

ਸੁਣਵਾਈ ਦੌਰਾਨ ਵਕੀਲ ਨੇ ਸਪੀਕਰ ਫੋਨ ਉੱਤੇ ਜਸਟਿਸ ਮੁਰਲੀਧਰ ਦੀ ਗੱਲਬਾਤ ਅਲ-ਹਿੰਦ ਹਸਪਤਾਲ ਦੇ ਡਾਕਟਰ ਅਨਵਰ ਨਾਲ ਕਰਵਾਈ। ਜਿਸ ਤੋਂ ਬਾਅਦ ਜਸਟਿਸ ਮੁਰਲੀਧਰ ਨੇ ਦਿੱਲੀ ਪੁਲਿਸ ਨੂੰ ਹੁਕਮ ਦਿੱਤਾ ਕਿ ਜ਼ਖ਼ਮੀਆਂ ਦੇ ਇਲਾਜ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਵੇ।

ਜਸਟਿਸ ਮੁਰਲੀਧਰ ਨੇ ਕਿਹਾ ਕਿ ਜੇਕਰ ਮਰੀਜ਼ਾਂ ਨੂੰ ਜੀਟੀਬੀ ਹਸਪਤਾਲ ਨਹੀਂ ਲਿਜਾਇਆ ਜਾ ਸਕਜਾ ਤਾਂ ਉਨ੍ਹਾਂ ਨੂੰ ਐੱਲਐੱਨਜੇਪੀ, ਮੌਲਾਨਾ ਅਜ਼ਾਦ ਜਾ ਕਿਸੇ ਹੋਰ ਸਰਕਾਰੀ ਹਸਪਤਾਲ ਪਹੁੰਚਾਇਆ ਜਾਵੇ। ਇਸ ਸੁਣਵਾਈ ਦੌਰਾਨ ਡੀਸੀਪੀ ਕਰਾਇਮ ਰਾਜੇਸ਼ ਦੇਵ ਅਤੇ ਦਿੱਲੀ ਸਰਕਾਰ ਦੇ ਵਕੀਲ ਸੰਡੇ ਘੋਸ਼ ਵੀ ਮੌਜੂਦ ਸਨ।

ਅਦਾਲਤੀ ਹੁਕਮਾਂ ਤੋਂ ਬਾਅਦ ਰਾਜੇਸ਼ ਦੇਵ ਨੇ ਉੱਤਰੀ ਦਿੱਲੀ ਦੇ ਡੀਸੀਪੀ ਦੀਪਕ ਗੁਪਤਾ ਨਾਲ ਗੱਲਬਾਤ ਕਰਕੇ ਹਰ ਹਾਲਤ ਵਿਚ ਅਲ-ਹਿੰਦ ਹਸਪਤਾਲ ਪਹੁੰਚਣ ਲਈ ਕਿਹਾ।

ਦਿੱਲੀ ਹਾਈਕੋਰਟ ਨੇ ਬੁੱਧਵਾਰ ਦੁਪਹਿਰ ਤੱਕ ਇਸ ਹੁਕਮ ਉੱਤੇ ਕਾਰਵਾਈ ਕੀਤੀ। ਜ਼ਖ਼ਮੀਆਂ ਦੀ ਹਾਲਤ ਅਤੇ ਉਨ੍ਹਾਂ ਨੂੰ ਦਿੱਤੇ ਗਏ ਇਲਾਜ ਦੀ ਜਾਣਕਾਰੀ ਅਦਾਲਤ ਅੱਗੇ ਪੇਸ਼ ਕੀਤੀ ਜਾਵੇ।

.......................................................................................................................................................................................................................

25 ਫਰਰੀ 2020

ਜਾਫ਼ਰਾਬਾਦ ਤੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਇਆ

ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਮੈਟਰੋ ਸਟੇਸ਼ਨ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਾਫ਼ਰਾਬਾਦ ਵਿੱਚ ਔਰਤਾਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਸਨ (ਸੰਕੇਤਕ ਤਸਵੀਰ)

ਜਾਫ਼ਰਾਬਾਦ ਵਿੱਚ ਔਰਤਾਂ ਪਿਛਲੇ ਕਈ ਦਿਨਾਂ ਤੋਂ ਸੀਏਏ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਪਰ ਐਤਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਜਾਫ਼ਰਬਾਦ ਰੋਡ ਜਾਮ ਕਰ ਦਿੱਤਾ।

ਐਤਵਾਰ ਨੂੰ ਧਰਨੇ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਸੀਏਏ ਦੇ ਸਮਰਥਨ ਵਿਚ ਇਕ ਵੱਡੀ ਭੀੜ ਇਕੱਠੀ ਹੋ ਗਈ ਅਤੇ ਸਥਿਤੀ ਤਣਾਅਪੂਰਨ ਬਣ ਗਈ। ਹਿੰਸਾ ਸੋਮਵਾਰ ਤੋਂ ਸ਼ੁਰੂ ਹੋਈ ਹੈ।

ਦਿੱਲੀ ਦੇ ਕੁਝ ਇਲਾਕਿਆਂ ਵਿੱਚ ਤਣਾਅ

ਦਿੱਲੀ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਮਾਹੌਲ ਤਣਾਅਪੁਰਨ ਬਣਿਆ ਹੋਇਆ ਹੈ।

ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਹੁਣ ਤੱਕ 11 ਲੋਕ ਮਾਰੇ ਗਏ ਹਨ ਅਤੇ 130 ਲੋਕ ਜ਼ਖ਼ਮੀ ਹਨ।

ਇਸ ਤੋਂ ਇਲਾਵਾ 56 ਪੁਲਿਸ ਜਵਾਨ ਵੀ ਜ਼ਖ਼ਮੀ ਹਨ।

ਨਾਗਰਿਕਤਾ ਕਾਨੂੰਨ ਦੇ ਸਮਰਥਨ 'ਚ ਅਤੇ ਵਿਰੋਧ ਵਿੱਚ ਖੜ੍ਹੇ ਲੋਕਾਂ ਦੀਆਂ ਝੜਪਾਂ ਸਾਫ਼ ਫ਼ਿਰਕੂ ਹਿੰਸਾ ਬਣ ਗਈਆਂ ਹਨ।

ਪੁਲਿਸ ਫੋਰਸ ਦੰਗਾਈਆਂ ਦੇ ਸਾਹਮਣੇ ਬੇਅਸਰ ਨਜ਼ਰ ਆ ਰਹੀ ਹੈ। ਘੱਟ ਗਿਣਤੀ 'ਚ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ।

ਕੁਝ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਹਾਲਾਤ ਬੀਜੇਪੀ ਆਗੂ ਕਪਿਲ ਸ਼ਰਮਾ ਦੇ ਭੜਕਾਉ ਬਿਆਨ ਤੋਂ ਬਾਅਦ ਬਣੇ ਹਨ ਜਿਸ 'ਚ ਉਨ੍ਹਾਂ ਨੇ ਤਿੰਨ ਦਿਨਾਂ 'ਚ ਰਸਤਾ ਖਾਲੀ ਕਰਾਉਣ ਦਾ ਅਲਟੀਮੇਟਮ ਦਿੱਤਾ ਸੀ।

ਵੀਡੀਓ ਕੈਪਸ਼ਨ,

ਹਿੰਸਾ ਦੀ ਅੱਗ ‘ਚ ਦਿੱਲੀ

ਦਿੱਲੀ ਪੁਲਿਸ ਦੇ ਡੀਐੱਸਪੀ ਮਨਦੀਪ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੋਮਵਾਰ ਤੋਂ ਸ਼ੁਰੂ ਹੋਈ ਹਿੰਸਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 9 ਆਮ ਲੋਕ ਹਨ ਤੇ ਇੱਕ ਹੈੱਡ ਕਾਂਸਟੇਬਲ।

ਡੀਐੱਸਪੀ ਰੰਧਾਵਾ ਨੇ ਕਿਹਾ, "ਦਿੱਲੀ ਪੁਲਿਸ ਦੇ 56 ਜਵਾਨ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ 130 ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਧਾਰਾ 144 ਲਗਾ ਦਿੱਤੀ ਹੈ। ਫਿਰ ਵੀ ਕਈ ਇਲਾਕਿਆਂ ਵਿੱਚ ਹਿੰਸਾ ਹੋਈ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਦਿੱਲੀ ਵਾਲਿਆਂ ਨੂੰ ਅਪੀਲ ਕਰ ਰਿਹਾ ਹਾਂ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੋ।"

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਦਿੱਲੀ ਪੁਲਿਸ ਦੇ ਡੀਐੱਸਪੀ ਮਨਦੀਪ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੋਮਵਾਰ ਤੋਂ ਸ਼ੁਰੂ ਹੋਈ ਹਿੰਸਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੋ ਦਿਨ ਦੇ ਦੌਰੇ ਤੇ ਭਾਰਤ ਆਏ ਹਨ।

ਸੋਮਵਾਰ ਨੂੰ ਉਹ ਨਮਸਤੇ ਟਰੰਪ ਪ੍ਰੋਗਰਾਮ ਲਈ ਅਹਿਮਦਾਬਾਦ ਗਏ ਤੇ ਫਿਰ ਤਾਜ ਮਹਿਲ ਦੇਖਣ ਆਗਰਾ।

ਮੰਗਲਵਾਰ ਨੂੰ ਉਨ੍ਹਾਂ ਦੀਆਂ ਦਿੱਲੀ ਵਿੱਚ ਬੈਠਕਾਂ ਸਨ ਤੇ ਰਾਤ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰੋਗਰਾਮ।

ਬੀਬੀਸੀ ਪੱਤਰਕਾਰ ਯੋਗਿਤਾ ਲਿਮਾਏ ਮੁਤਾਬਕ ਜਾਫ਼ਰਾਬਾਦ ਇਲਾਕੇ ਵਿੱਚ ਮੁਸਲਿਮ ਮੁਜ਼ਾਹਰਾਕਾਰੀ ਬੇਹੱਦ ਚਿੰਤਾ ਵਿੱਚ ਨਜ਼ਰ ਆਏ।

ਬੀਬੀਸੀ ਪੱਤਰਕਾਰ ਸਲਮਾਨ ਰਾਵੀ ਵੱਲੋਂ ਮਿਲੀ ਜਾਣਕਾਰੀ:

 • ਨਿਊ ਮੁਸਤਫ਼ਾਬਾਦ ਵਿੱਚ ਕਿਰਾਏ 'ਤੇ ਰਹਿਣ ਵਾਲੇ ਸ਼ਾਹੀਦ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਗੁਆਂਢੀਆ ਮੁਤਾਬਕ ਉਸ ਦੀ ਲਾਸ਼ ਰਿਸ਼ਤੇਦਾਰਾਂ ਵੱਲੋਂ ਲਿਜਾਈ ਗਈ ਹੈ।
 • ਆਟੋ ਡਰਾਈਵਰ ਗੁਲਸ਼ੇਰ ਮੁਤਾਬਕ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਲੱਗਦਾ ਹੈ ਜਿਵੇਂ ਸਰਕਾਰ ਨੇ ਸਾਨੂੰ ਇੱਕ ਦੂਜੇ ਨਾਲ ਲੜਨ ਲਈ ਛੱਡ ਦਿੱਤਾ ਹੈ।

ਤਸਵੀਰ ਸਰੋਤ, Ani

ਉਧਰ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਕੁਝ ਇਲਾਕਿਆਂ 'ਚ ਹਥਿਆਰਾਂ ਨਾਲ ਲੈਸ ਕੁਝ ਲੋਕ ਆਉਣ-ਜਾਣ ਵਾਲਿਆਂ ਦੇ ਸ਼ਿਨਾਖ਼ਤੀ ਕਾਰਡ ਚੈੱਕ ਕਰ ਰਹੇ ਹਨ ਤੇ ਕਈ ਲੋਕਾਂ ਨੂੰ ਕੁੱਟ ਰਹੇ ਹਨ।

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਕਿਹਾ, ''ਹਿੰਦੂ ਵੀ ਮਰ ਰਹੇ ਹਨ ਤੇ ਮੁਸਲਿਮ ਵੀ, ਫ਼ਾਇਦਾ ਕਿਸ ਦਾ ਹੋ ਰਿਹਾ ਹੈ? ਸ਼ਾਂਤੀ ਬਣਾ ਕੇ ਰੱਖੋ''

ਵੀਡੀਓ ਕੈਪਸ਼ਨ,

ਦਿੱਲੀ ‘ਚ ਫੈਲ ਰਹੀ ਹਿੰਸਾ ਦੀ ਅੱਗ

ਦਿੱਲੀ ਦੇ ਕੁਝ ਇਲਾਕਿਆਂ ਵਿੱਚ ਹਿੰਸਾ ਤੀਜੇ ਦਿਨ ਵੀ ਜਾਰੀ ਰਹੀ। ਉੱਤਰੀ ਪੂਰਬੀ ਇਲਾਕੇ ਕਰਾਵਲ ਨਗਰ, ਮੁਸਤਫ਼ਾਬਾਦ, ਸੀਲਮਪੁਰ, ਜਾਫ਼ਰਾਬਾਦ, ਭਜਨਪੁਰਾ, ਮੌਜਪੁਰ-ਬਾਬਰਪੁਰ ਤੇ ਗੋਕੁਲਪੁਰੀ ਪ੍ਰਭਾਵਿਤ ਰਹੇ।

ਤਸਵੀਰ ਕੈਪਸ਼ਨ,

ਲਾਲ ਰੰਗ ਵਿੱਚ ਉਹ ਇਲਾਕੇ ਹਨ ਜਿੱਥੇ ਹਿੰਸਾ ਹੋਈ

ਕਈ ਮੈਟਰੋ ਸਟੇਸ਼ਨ ਵੀ ਬੰਦ ਕੀਤੇ ਗਏ ਹਨ, ਜਿਨ੍ਹਾਂ 'ਚ ਜਾਫ਼ਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ, ਜੌਹਰੀ ਐਨਕਲੇਵ ਅਤ ਸ਼ਿਵ ਵਿਹਾਰ ਸ਼ਾਮਿਲ ਹਨ।

ਖ਼ਜੂਰੀ ਖ਼ਾਸ ਚੌਕ ਤੋਂ ਤਾਜ਼ਾ ਜਾਣਕਾਰੀ ਬੀਬੀਸੀ ਪੰਜਾਬੀ ਪੱਤਰਕਾਰ ਦਲੀਪ ਸਿੰਘ ਦੇ ਹਵਾਲੇ ਤੋਂ -

 • ਭੀੜ ਨੇ ਪੁਲਿਸ ਤੇ ਪੱਤਰਕਾਰਾਂ ਉੱਤੇ ਪੱਥਰਾਂ ਨਾਲ ਹਮਲਾ ਕੀਤਾ ਅਤੇ ਲੋਕਾਂ ਨੇ ਪੱਤਰਕਾਰਾਂ ਨੂੰ ਹਿੰਸਾ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕਰਨ ਤੋਂ ਵੀ ਰੋਕਿਆ
 • ਪੁਲਿਸ ਨੇ ਭੀੜ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ
 • ਦੁਪਹਿਰ 2 ਵਜੇ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਪੁਲਿਸ ਵਾਲੇ ਕੁਝ ਨਹੀਂ ਕਰ ਰਹੇ ਸਨ
 • ਮੁਸਲਿਮ ਅਤੇ ਹਿੰਦੂ ਆਬਾਦੀ ਦਰਮਿਆਨ ਪੱਥਰਬਾਜ਼ੀ ਹੋ ਰਹੀ ਸੀ
 • ਖ਼ਜੂਰੀ ਖ਼ਾਸ ਚੌਕ ਦੇ ਪੁੱਲ੍ਹ 'ਤੇ ਖੜ੍ਹੇ ਹਾਂ ਅਤੇ ਹੇਠਾਂ ਸੜਕ ਉੱਤੇ 200 ਤੋਂ 250 ਦੇ ਕਰੀਬ ਲੋਕਾਂ ਦੀ ਭੀੜ ਹੈ
ਵੀਡੀਓ ਕੈਪਸ਼ਨ,

ਦਿੱਲੀ ’ਚ ਦੰਗੇ: ਹਿੰਸਾ ਦੇ ਸ਼ਿਕਾਰ ਲੋਕਾਂ ਦੀ ਹੱਡਬੀਤੀ

 • ਭੀੜ ਵਿੱਚ ਸ਼ਾਮਿਲ ਲੋਕਾਂ ਵਿੱਚ ਕਈਆਂ ਨੇ ਮੂੰਹ ਬੰਨ੍ਹੇ ਹੋਏ ਹਨ ਅਤੇ ਸੜਕ 'ਤੇ ਰੋੜੇ-ਪੱਥਰ ਕੁੱਟੇ ਜਾ ਰਹੇ ਹਨ
 • ਕਈ ਲੋਕਾਂ ਦੇ ਹੱਥਾਂ ਵਿੱਚ ਰਾਡਾਂ ਹਨ ਅਤੇ ਜੈ ਸ਼੍ਰੀ ਰਾਮ ਅਤੇ ਵੀਰ ਬਜਰੰਗੀ ਦੇ ਨਾਅਰੇ ਲਗਾਏ ਜਾ ਰਹੇ ਹਨ
 • ਮੋਬਾਈਲ ਕੱਢਣਾ ਬੇਹੱਦ ਮੁਸ਼ਕਿਲ ਹੈ ਅਤੇ ਹੇਠਾਂ ਖੜ੍ਹੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਕਿਹਾ:

 • ਗ੍ਰਹਿ ਮੰਤਰੀ ਵੱਲੋਂ ਭਰੋਸਾ ਮਿਲਿਆ ਹੈ ਕਿ ਸਾਰੇ ਮਿਲ ਕੇ ਕੰਮ ਕਰਾਂਗੇ
 • ਜਿੰਨੀ ਹਿੰਸਾ ਵਧੇਗੀ ਉਸ ਦਾ ਕਿਸੇ ਨੂੰ ਵੀ ਫ਼ਾਇਦਾ ਨਹੀਂ
 • ਪਾਰਟੀ ਸਿਆਸਤ ਤੋਂ ਉੱਠ ਕੇ ਹੋਈ ਮੀਟਿੰਗ
 • ਗ੍ਰਹਿ ਮੰਤਰੀ ਨੇ ਕਿਹਾ ਪੁਲਿਸ ਬਲ ਦੀ ਕਮੀ ਨਹੀਂ ਹੋਣ ਦੇਵਾਂਗੇ
 • ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ
 • ਗ੍ਰਹਿ ਮੰਤਰੀ ਨਾਲ ਬੈਠਕ ਸਕਾਰਾਤਮਕ ਰਹੀ

ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਦਿੱਲੀ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਨੇ ਕਿਹਾ:

 • ਜਦੋਂ ਤੱਕ ਭੜਕਾਉ ਬਿਆਨ ਨਾ ਆਉਂਦੇ ਅਜਿਹਾ ਕੁਝ ਨਹੀਂ ਹੁੰਦਾ ਅਤੇ ਇਸ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਅਜਿਹੇ ਬਿਆਨ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ
 • CAA ਵਿਰੋਧੀ ਸਾਂਤਮਈ ਅੰਦੋਲਨ ਨੂੰ ਭੜਕਾਉਣ ਲਈ ਭਾਜਪਾ ਆਗੂਆਂ ਦੇ ਰੋਲ ਬਾਰੇ ਪੁੱਛੇ ਜਾਣ ਉੱਤੇ ਅਮਿਤ ਸ਼ਾਹ ਨੇ ਕਿਹਾ ਇਸ ਸਮੇਂ ਮਾਹੌਲ ਸ਼ਾਂਤ ਕਰਨਾ ਸਭ ਤੋਂ ਵੱਡੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ

AIMIM ਮੁਖੀ ਅਸਦੁੱਦੀਨ ਓਵੈਸੀ ਨੇ ਕਿਹਾ:

 • ਦਿੱਲੀ ਹਿੰਸਾ ਪਿੱਛੇ ਭਾਜਪਾ ਆਗੂਆਂ ਦਾ ਹੱਥ
 • ਅਨੁਰਾਗ ਠਾਕੁਰ ਨੇ ਪਾਰਟੀ ਦੇ ਕਹਿਣ 'ਤੇ ਬਿਆਨਬਾਜ਼ੀ ਕੀਤੀ
 • ਦਿੱਲੀ ਛੱਡ ਹੈਦਰਾਬਾਦ ਵਿੱਚ ਖਾਣਾ ਖਾ ਰਹੇ ਹਨ ਰੈੱਡੀ
 • ਇਹ ਫ਼ਿਰਕੂ ਦੰਗੇ ਨਹੀਂ ਸਗੋਂ ਹਿੰਸਾ ਹੈ
 • ਇਹ ਤੈਅ ਫਾਰਮੈੱਟ ਹੈ ਅਤੇ ਦੋ ਦਿਨ ਬਾਅਦ ਪ੍ਰਧਾਨ ਮੰਤਰੀ ਸਾਹਮਣੇ ਆਉਣਗੇ ਤੇ ਕਹਿਣਗੇ ਕਿ ਮੈਂ ਸ਼ਾਂਤੀ ਦੀ ਅਪੀਲ ਕਰਦਾ ਹਾਂ
 • ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕਰਨ ਵਾਲੇ ਕਈ ਵੀਡੀਓ ਸਾਹਮਣੇ ਆ ਰਹੇ ਹਨ।

ਭਾਜਪਾ ਆਗੂ ਗੌਤਮ ਗੰਭੀਰ ਨੇ ਕਿਹਾ ਕਿ ਕਪਿਲ ਮਿਸ਼ਰਾ ਹੋਵੇ ਜਾਂ ਫ਼ਿਰ ਕੋਈ ਹੋਰ, ਭੜਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ

ਤਸਵੀਰ ਸਰੋਤ, Getty Images

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ:

 • ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਜਿਵੇਂ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ ਖ਼ਾਸ ਕਰਕੇ ਪੂਰਬੀ ਦਿੱਲੀ ਵਿੱਚ ਉਹ ਦਿੱਲੀ ਲਈ ਚਿੰਤਾ ਦਾ ਵਿਸ਼ਾ ਹੈ। ਮੇਰੀ ਅਪੀਲ ਹੈ, ਕਿਰਪਾ ਸ਼ਾਂਤੀ ਬਣਾ ਕੇ ਰੱਖੋ। ਸਾਰੇ ਮਸਲੇ ਬੈਠ ਕੇ ਹੱਲ ਹੋ ਸਕਦੇ ਹਨ। ਹਿੰਸਾ ਨਾਲ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ।
 • ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋਈ, ਕੁਝ ਨਾਗਰਿਕਾਂ ਦੀ ਵੀ ਮੌਤ ਹੋਈ ਹੈ, ਕੁਝ ਪੁਲਿਸ ਵਾਲੇ ਜ਼ਖਮੀ ਹੋਏ ਹਨ। ਜਿਨ੍ਹਾਂ ਦੀ ਵੀ ਮੌਤ ਹੋਈ ਹੈ, ਉਹ ਸਾਡੇ ਹੀ ਦੇਸ ਦੇ ਲੋਕ ਹਨ।
 • ਜਿਵੇਂ-ਜਿਵੇਂ ਹਿੰਸਾ ਵਧੇਗੀ ਤਾਂ ਕਿਸੇ ਦਾ ਵੀ ਨੰਬਰ ਆ ਸਕਦਾ ਹੈ। ਉਹ ਵੀ ਕਿਸੇ ਪਰਿਵਾਰ ਦੇ ਮੈਂਬਰ ਸੀ, ਇਹ ਚੰਗੇ ਹਾਲਾਤ ਨਹੀਂ ਹਨ।
 • ਜਿਨ੍ਹਾਂ ਦੇ ਘਰ ਸੜ ਗਏ, ਦੁਕਾਨਾਂ ਲੁੱਟੀਆਂ ਗਈਆਂ, ਦੁਕਾਨਾਂ ਤੇ ਗੱਡੀਆਂ ਸੜੀਆਂ ਉਹ ਚੰਗੀ ਗੱਲ ਨਹੀਂ ਹੈ, ਇਸ ਨਾਲ ਸਭ ਦਾ ਨੁਕਸਾਨ ਹੋ ਰਿਹਾ ਹੈ। ਅੱਜ ਕਿਸੇ ਦਾ ਹੋ ਰਿਹਾ ਹੈ, ਕੱਲ੍ਹ ਕਿਸੇ ਹੋਰ ਦਾ ਨੁਕਸਾਨ ਹੋਏਗਾ।
 • ਮੈਂ ਪ੍ਰਭਾਵਿਤ ਖੇਤਰਾਂ ਦੇ ਵਿਧਾਇਕਾਂ ਨਾਲ ਬੈਠਕ ਕੀਤੀ ਹੈ ਅਤੇ ਹਸਪਤਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਭ ਮੁਸਤੈਦੀ ਨਾਲ ਕੰਮ ਕਰਨ। ਸਾਰੇ ਹਸਪਤਾਲ ਤਿਆਰ ਰਹਿਣ।
 • ਫਾਇਰ ਵਿਭਾਗ ਨੂੰ ਵੀ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਪੁਲਿਸ ਨਾਲ ਸੰਪਰਕ ਕਰਕੇ ਘਟਨਾ ਵਾਲੀ ਥਾਂ 'ਤੇ ਪਹੁੰਚਣ।
 • ਸਾਰੇ ਵਿਧਾਇਕਾਂ ਨੂੰ ਸ਼ਿਕਾਇਤ ਸੀ ਕੀ ਪੁਲਿਸ ਦੀ ਗਿਣਤੀ ਬਹੁਤ ਘੱਟ ਹੈ। ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਨਹੀਂ ਹਨ। ਜਦੋਂ ਤੱਕ ਉੱਪਰੋਂ ਹੁਕਮ ਨਹੀਂ ਆਉਂਦੇ ਉਹ ਕਾਰਵਾਈ ਨਹੀਂ ਕਰ ਪਾਉਣਗੇ।
 • ਸਰਹੱਦੀ ਖੇਤਰਾਂ ਦੇ ਵਿਧਾਇਕਾਂ ਨੇ ਕਿਹਾ ਕਿ ਬਾਹਰੋਂ ਲੋਕ ਆ ਰਹੇ ਹਨ। ਉਨ੍ਹਾਂ ਸਰਹੱਦਾਂ ਨੂੰ ਸੀਲ ਕਰਨ ਅਤੇ ਪ੍ਰੀਵੈਂਟਿਵ ਹਿਰਾਸਤ ਕਰਨ ਦੀ ਲੋੜ ਹੈ।
 • ਮੈਜਿਸਟਰੇਟ ਅਤੇ ਐੱਸਡੀਐਮ ਨੂੰ ਨਿਰਦੇਸ਼ ਦਿੱਤੇ ਹਨ ਕਿ ਪੁਲਿਸ ਨਾਲ ਮਿਲ ਕੇ ਸ਼ਾਂਤੀ ਮਾਰਚ ਕੱਢਣ। ਸਥਾਨਕ ਪੱਧਰ 'ਤੇ 'ਪੀਸ ਕਮੇਟੀਆਂ' ਮੀਟਿੰਗ ਕਰਨ ਜਿਸ ਵਿੱਚ ਵਿਧਾਇਕ ਵੀ ਮੌਜੂਦ ਹੋਣ।
 • ਪ੍ਰਭਾਵਿਤ ਖੇਤਰਾਂ ਵਿੱਚ ਮੰਦਰਾਂ ਅਤੇ ਮਸਜਿਦਾਂ ਤੋਂ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਜਾਵੇ।

24 ਫ਼ਰਵਰੀ ਦੀ ਸਵੇਰ ਮੁਲਕ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਆਉਣ ਦੀਆਂ ਗੱਲਾਂ ਹੋ ਰਹੀਆਂ ਸਨ ਤਾਂ ਸ਼ਾਮ ਹੁੰਦਿਆਂ ਹੀ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਹਿੰਸਾ ਦੀਆਂ ਖ਼ਬਰਾਂ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਦਿੱਲੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਹਿੰਸਾ ਹੋ ਰਹੀ ਹੈ ਅਤੇ ਇਹ ਤਸਵੀਰ ਪੂਰਬੀ ਦਿੱਲੀ ਦੀ 24 ਫਰਬਰੀ ਦੀ ਹੈ।

ਟਵਿੱਟਰ 'ਤੇ ਕਈ ਹੈਸ਼ਟੈਗ ਵੀ ਇਸ ਹਿੰਸਾ ਤੋਂ ਬਾਅਦ ਟਰੈਂਡਿਗ ਵਿੱਚ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਦਿਆਂ ਕਈ ਨਾਮੀਂ ਲੋਕਾਂ ਨੇ ਟਵੀਟ ਕੀਤੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, ''ਮੈਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਹਾਲਾਤ ਨੂੰ ਦੇਖਦਿਆਂ ਪਰੇਸ਼ਾਨ ਹਾਂ। ਸਾਨੂੰ ਸਭ ਨੂੰ ਮਿਲ ਕੇ ਸ਼ਹਿਰ ਵਿੱਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।''

ਅਦਾਕਾਰਾ ਅਤੇ ਸਮਾਜਿਕ ਕਾਰਕੁਨ ਸਵਰਾ ਭਾਸਕਰ ਨੇ ਲਗਾਤਾਰ ਕਈ ਟਵਿੱਟਰ ਹੈਂਡਲਜ਼ ਤੋਂ ਰੀ-ਟਵੀਟ ਕੀਤੇ ਜਿਨ੍ਹਾਂ ਵਿੱਚ ਇੱਕ ਵਿੱਚ ਉਨ੍ਹਾਂ ਲਿਖਿਆ, ''ਅਸੀਂ ਦਰਿੰਦੇ ਵਹਿਸ਼ੀ ਬਣ ਗਏ ਹਾਂ! ਇਸ ਸੱਚ ਤੋਂ ਹੁਣ ਮੁੰਹ ਨਹੀਂ ਮੋੜਿਆ ਜਾ ਸਕਦਾ!''

ਯੂ-ਟਿਊਬਰ ਧਰੁਵ ਰਾਠੀ ਨੇ ਇੱਕ ਪੱਤਰਕਾਰ ਦੇ ਟਵੀਟ ਨੂੰ ਸਾਂਝਾ ਕਰਦਿਆਂ ਲਿਖਿਆ, ''ਪੁਲਿਸ ਪੱਥਰਬਾਜ਼ੀ ਕਿਉਂ ਕਰ ਰਹੀ ਹੈ?''

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਦਿੱਲੀ ਦੀ ਹਿੰਸਾ ਤੰਗ ਕਰ ਰਹੀ ਹੈ ਅਤੇ ਇਸ ਦੀ ਨਿੰਦਾ ਹੋਣੀ ਚਾਹੀਦੀ ਹੈ। ਸ਼ਾਂਤਮਈ ਮੁਜ਼ਾਹਰਾਕਾਰੀ ਚੰਗੇ ਲੋਕਤੰਤਰ ਦਾ ਬਿੰਬ ਹਨ।''

ਨੈਸ਼ਨਲ ਫ਼ਿਲਮ ਐਵਾਰਡ ਜੇਤੂ ਨਿਰਦੇਸ਼ਕ ਹੰਸਲ ਮਹਿਤਾ ਨੇ ਕਈ ਟਵੀਟ ਕੀਤੇ, ਜਿਨ੍ਹਾਂ 'ਚੋਂ ਇੱਕ ਵਿੱਚ ਉਹ ਲਿਖਦੇ ਹਨ, ''ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ 'CAA ਦੇ ਹੱਕ ਵਿੱਚ ਪ੍ਰਦਰਸ਼ਨ' ਦਾ ਕੀ ਮਤਲਬ ਹੈ। CAA ਸੰਸਦ ਵੱਲੋਂ ਪਾਸ ਹੋਇਆ ਤੇ ਹੁਣ ਇੱਕ ਕਾਨੂੰਨ ਹੈ। ਇਸ ਦੇ ਹੱਕ ਵਿੱਚ ਹੁਣ ਪ੍ਰਦਰਸ਼ਨ ਕਿਉਂ?''

ਆਪਣੇ ਇੱਕ ਹੋਰ ਟਵੀਟ ਚ ਹੰਸਲ ਲਿਖਦੇ ਹਨ, ''ਪਿਆਰੇ ਅਰਵਿੰਦਰ ਕੇਜਰਵੀਲ, ਗੁੱਡ ਮੌਰਨਿੰਗ। ਉਮੀਦ ਹੈ ਤੁਹਾਨੂੰ ਰਾਤ ਚੰਗੀ ਨੀਂਦ ਆਈ ਹੋਵੇਗੀ। ਤੁਸੀਂ ਦਿੱਲੀ ਜਿੱਤ ਲਈ ਹੈ!''

ਗੀਤਕਾਰ ਜਾਵੇਦ ਅਖ਼ਤਰ ਲਿਖਦੇ ਹਨ, ''ਹਿੰਸਾ ਦਾ ਪੱਧਰ ਦਿੱਲੀ ਵਿੱਚ ਵੱਧ ਗਿਆ ਹੈ।''

ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਟਵੀਟ ਕੀਤਾ, ''ਬੁਰੇ ਲੋਕ ਅਕਸਰ ਜਿੱਤ ਜਾਂਦੇ ਹਨ ਕਿਉਂਕਿ ਚੰਗੇ ਲੋਕ ਚੁੱਪ ਰਹਿ ਜਾਂਦੇ ਹਨ। ਦਿੱਲੀ ਝੁਲਸ ਰਹੀ ਹੈ ਅਤੇ ਹੁਣ ਕੋਈ ਵੀ ਚੁੱਪ ਨਾ ਰਹੇ!''

"ਦਿੱਲੀ ਦੇ ਮੁੱਖ ਮੰਤਰੀ ਹੋ ਕੇ ਬੇਵੱਸ ਨਾ ਬਣੋ। ਕੁਝ ਸੁਝਾਅ ਹਨ- ਪਹਿਲਾ, ਪੁਲਿਸ ਵੱਲੋਂ ਕਾਰਵਾਈ ਨਾ ਕਰਨ ਜਾਂ ਹਿੰਸਾ ਬਾਰੇ ਜਾਣਕਾਰੀ ਲਈ ਆਪਣੇ ਅਧੀਨ ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਜਿਸ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਫਿਰ ਉਸ ਦੀ ਜਾਣਕਾਰੀ ਪੁਲਿਸ ਅਤੇ ਐੱਸਡੀਐੱਮ ਨੂੰ ਦਿਓ (ਜੋ ਕਿ ਦਿੱਲੀ ਸਰਕਾਰ ਅਧੀਨ ਹੈ)।"

ਇਹ ਟਵੀਟ ਕੀਤਾ ਹੈ ਕਾਂਗਰਸ ਆਗੂ ਅਜੇ ਮਾਕਨ ਨੇ। ਉਨ੍ਹਾਂ ਨੇ ਕਈ ਟਵੀਟਜ਼ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਪੰਜ ਸੁਝਾਅ ਦਿੱਤੇ ਹਨ।

ਕਾਂਗਰਸੀ ਆਗੂ ਅਜੇ ਮਾਕਨ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਜਵਾਬ ਕਈ ਟਵੀਟ ਰਾਹੀ ਦਿੱਤਾ ਅਤੇ ਹਿੰਸਾ ਰੋਕਣ ਲਈ 5 ਸੁਝਾਅ ਵੀ ਦਿੱਤੇ ਹਨ।

ਦਿੱਲੀ ਵਿਚ ਸੀਏੇਏ ਵਿਰੋਧੀ ਅੰਦੋਲਨ ਪਿਛਲੇ ਤਿੰਨ ਦਿਨਾਂ ਤੋਂ ਹਿੰਸਕ ਹੋ ਗਿਆ ਹੈ ਅਤੇ ਇਸ ਦੌਰਾਨ ਇੱਕ ਹੌਲਦਾਰ ਸਣੇ 4 ਜਣੇ ਮਾਰੇ ਜਾ ਚੁੱਕੇ ਹਨ,ਜਦਕਿ 25 ਜਣੇ ਗੰਭੀਰ ਜ਼ਖ਼ਮੀ ਹਨ।

ਅਜੇ ਮਾਕਨ ਅੱਗੇ ਲਿਖਦੇ ਹਨ, "ਦੂਜਾ, ਫੌਰੀ ਤੌਰ 'ਤੇ ਇੱਕ ਸਰਬ-ਪਾਰਟੀ ਮੀਟਿੰਗ ਬੁਲਾਓ, ਸੁਝਾਅ ਲਓ ਅਤੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕਰੋ ਤਾਂ ਕਿ ਹਿੰਸਕ ਖੇਤਰਾਂ ਵਿੱਚ ਅਮਨਮਈ ਹਾਲਾਤ ਬਹਾਲ ਹੋ ਸਕਣ।"

ਤੀਜਾ, ਸਾਰੇ ਹਿੰਸਾ ਪ੍ਰਭਾਵਿਤ ਖ਼ੇਤਰਾਂ ਵਿੱਚ ਤੁਰੰਤ ਸ਼ਾਂਤੀ ਕਮੇਟੀਆਂ ਦਾ ਗਠਨ ਕਰੋ। ਇਸ ਵਿੱਚ ਉਸੇ ਖੇਤਰ ਦੇ ਅਹਿਮ ਸੋਸ਼ਲ ਇਨਫਲੂਐਂਸਰ ਵੀ ਹੋਣ ਜਿਸ ਵਿੱਚ ਵਿਧਾਇਕ, ਕੌਂਸਲਰ, ਡੀਸੀ (ਦਿੱਲੀ ਸਰਕਾਰ ਅਧੀਨ), ਸਥਾਨਕ ਐੱਸਐੱਚਓ ਤੇ ਐੱਸਡੀਐੱਮ ਵੀ ਸ਼ਾਮਿਲ ਹੋਣ। ਆਪਣੀ ਕੈਬਨਿਟ ਦੇ ਹਰੇਕ ਮੰਤਰੀ ਨੂੰ ਅਜਿਹੀਆਂ ਕਮੇਟੀਆਂ ਦਾ ਇੰਚਾਰਜ ਬਣਾਓ।

ਚੌਥਾ, ਲੈਫ਼ਟੀਨੈਂਟ ਗਵਰਨਰ ਨਾਲ ਮਿਲ ਕੇ ਇੱਕ ਹਾਟਲਾਈਨ ਨੰਬਰ ਸਥਾਪਿਤ ਕਰੋ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨਾਲ ਹਰੇਕ ਘੰਟੇ ਗੱਲ ਕਰੋ।

ਪੰਜਵਾਂ, ਅਗਵਾਈ ਕਰੋ ਅਤੇ ਬੈਠ ਕੇ ਦੂਜਿਆਂ ਉੱਤੇ ਇਲਜ਼ਾਮ ਨਾ ਲਾਓ। ਬੇਵੱਸ ਹੋਣ ਨਾਲ ਸਾਡੇ ਲੋਕਤੰਤਰੀ ਸੰਸਥਾਵਾਂ ਉੱਤੇ ਲੋੜੀਂਦਾ ਵਿਸ਼ਵਾਸ ਖ਼ਤਮ ਹੋ ਜਾਏਗਾ ਜੋ ਕਿ ਨਿਰਦੋਸ਼ ਨਾਗਰਿਕਾਂ ਵਿਰੁੱਧ ਹਿੰਸਾ ਦੀ ਰਾਖੀ ਕਰਦੀਆਂ ਹਨ।

ਅਜੇ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਕਿਰਪਾ ਕਰਕੇ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ ਅਤੇ ਤੁਸੀਂ ਇੱਕ ਅਜਿਹੇ ਮੁੱਖ ਮੰਤਰੀ ਵਜੋਂ ਜਾਣੇ ਜਾਓਗੇ ਜੋ ਕਿ ਸਮੇਂ 'ਤੇ ਖੜ੍ਹੇ ਹੋਏ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦੁੱਖ ਜਤਾਇਆ ਸੀ। ਉਨ੍ਹਾਂ ਨੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਮਨ-ਸ਼ਾਂਤੀ ਬਾਰੇ ਗੱਲਬਾਤ ਕੀਤੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)