Delhi Violence: ਕੀ ਬਾਰੂਦ ਦੇ ਢੇਰ 'ਤੇ ਬੈਠੀ ਦਿੱਖ ਰਹੀ ਹੈ ਰਾਜਧਾਨੀ?- ਗਰਾਊਂਡ ਰਿਪੋਰਟ

  • ਫੈਸਲ ਮੁਹੰਮਦ ਅਲੀ
  • ਬੀਬੀਸੀ ਪੱਤਰਕਾਰ
ਦਿੱਲੀ ਹਿੰਸਾ

ਮੰਗਲਵਾਰ ਸ਼ਾਮ ਨੂੰ ਜਦੋਂ ਅਸੀਂ ਉੱਤਰੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਭੀੜ ਨਾਲ ਘਿਰੇ ਹੋਏ ਸੀ ਤਾਂ ਕੁੱਝ ਲੋਕ ਸਾਡੇ ਹੱਥਾਂ 'ਚੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।

ਸਾਡੇ ਫੋਨ ਵਿੱਚ ਮੰਗਲਵਾਰ ਨੂੰ ਉੱਤਰੀ ਦਿੱਲੀ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਰਿਕਾਰਡਿੰਗ ਸੀ।

ਅਸੀਂ ਆਪਣੇ ਮੋਬਾਈਲ ਫੋਨ ਬਚਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਉਦੋਂ ਹੀ ਸਾਡੇ ਨੇੜੇ ਕੁੱਝ ਪੱਥਰ ਆ ਕੇ ਡਿਗੇ। ਇਸ ਤੋਂ ਤੁਰੰਤ ਬਾਅਦ ਅਸੀਂ ਗਲੀ 'ਚੋਂ ਇੱਕ ਵਿਅਕਤੀ ਨੂੰ ਨਿਕਲਦੇ ਦੇਖਿਆ ਜਿਸ ਦੇ ਹੱਥਾਂ ਵਿੱਚ ਇੱਕ ਕੱਪੜਾ ਬੰਨ੍ਹਿਆ ਹੋਇਆ ਸੀ।

ਪ੍ਰਤੱਖਦਰਸ਼ੀਆਂ ਮੁਤਾਬਕ ਇਸ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਸੜਕ ਦੇ ਦੂਜੇ ਪਾਸੇ ਇੱਕ ਛੱਤ ਤੋਂ ਕਿਸੇ ਵਿਅਕਤੀ ਨੇ ਇਸ 'ਤੇ ਗੋਲੀ ਚਲਾਈ ਸੀ।

ਇਸ ਪੂਰੇ ਹੰਗਾਮੇ ਤੋਂ ਬਾਅਦ ਉਸ ਗਲੀ ਦਾ ਰਾਹ ਬੰਦ ਕਰ ਦਿੱਤਾ ਗਿਆ ਜਿਸ ਤੋਂ ਹੋ ਕੇ ਅਸੀਂ ਮੁੱਖ ਰਾਹ 'ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ।

ਇਸ ਗਲੀ ਦੇ ਬੰਦ ਹੋਣ ਕਾਰਨ ਸਾਨੂੰ ਇਲਾਕੇ ਦੀਆਂ ਛੋਟੀਆਂ-ਛੋਟੀਆਂ ਤੰਗ ਗਲੀਆਂ 'ਚੋਂ ਹੋ ਕੇ ਨਿਕਲਣਾ ਪੈਂਦਾ ਸੀ ਤਾਂ ਕਿ ਅਸੀਂ ਉਸ ਥਾਂ 'ਤੇ ਪਹੁੰਚ ਸਕੀਏ ਜਿੱਥੋਂ ਭੀੜ ਥੋੜ੍ਹੀ ਘੱਟ ਹਮਲਾਵਰ ਅਤੇ ਘੱਟ ਗੁੱਸੇ ਵਿੱਚ ਹੋਵੇ।

ਪਰ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਉੱਤਰੀ ਦਿੱਲੀ ਵਿੱਚ ਫੈਲੀ ਹਿੰਸਾ ਦੀ ਰਿਪੋਰਟਿੰਗ ਕਰਦੇ ਹੋਏ ਸਾਨੂੰ ਅਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ।

ਦਿੱਲੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਜਿਵੇਂ ਇਹ ਸ਼ਹਿਰ ਬਾਰੂਦ ਦੇ ਇੱਕ ਢੇਰ 'ਤੇ ਬੈਠਾ ਹੋਵੇ।

ਇਹ ਵੀ ਪੜ੍ਹੋ:

ਅੱਗ ਦੇ ਹਵਾਲੇ ਕੀਤਾ ਗਿਆ ਬਜ਼ਾਰ

ਮੰਗਲਵਾਰ ਸਵੇਰੇ ਅਸੀਂ ਦਿੱਲੀ ਦੇ ਉਨ੍ਹਾਂ ਇਲਾਕਿਆਂ ਵਿੱਚ ਗਏ ਜਿੱਥੇ ਧਾਰਾ 144 ਲੱਗੀ ਹੋਈ ਸੀ। ਇਸ ਦਾ ਮਤਲਬ ਹੈ ਕਿ ਦੋ ਜਾਂ ਤਿੰਨ ਤੋਂ ਵੱਧ ਲੋਕ ਇੱਕ ਥਾਂ 'ਤੇ ਮੌਜੂਦ ਨਹੀਂ ਰਹਿ ਸਕਦੇ।

ਇਸੇ ਇਲਾਕੇ ਵਿੱਚ ਲੋਕਾਂ ਦੇ ਹੁਜੂਮ ਨੇ ਇੱਕ ਪੂਰੇ ਬਜ਼ਾਰ ਨੂੰ ਅੱਗ ਦੇ ਹਾਵਲੇ ਕਰ ਦਿੱਤਾ।

ਤਸਵੀਰ ਕੈਪਸ਼ਨ,

ਵੀਡੀਓ ਰਿਕਾਰਡ ਕਰਨ ਤੋਂ ਮਨ੍ਹਾ ਕਰਦਾ ਵਿਅਕਤੀ

ਇੱਕ ਸਥਾਨਕ ਵਿਅਕਤੀ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੁਕਾਨਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਹਨ।

ਸੜਦੇ ਹੋਏ ਟਾਇਰਾਂ ਦੀ ਬਦਬੂ ਅਤੇ ਸੜਦੇ ਹੋਏ ਬਜ਼ਾਰ 'ਚੋਂ ਨਿਕਲਦਾ ਧੂਆਂ ਕਾਫ਼ੀ ਦੂਰ ਤੋਂ ਹੀ ਦੇਖਿਆ ਜਾ ਸਕਦਾ ਸੀ। ਪਰ ਇਸ ਪੂਰੀ ਘਟਨਾ ਨੂੰ ਕੈਮਰੇ 'ਤੇ ਰਿਕਾਰਡ ਕਰਨ ਲਈ ਸਾਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਖੇਤਰ ਤੋਂ ਤਕਰਬੀਨ 500 ਮੀਟਰ ਦੂਰ ਕੁਝ ਨੌਜਵਾਨਾਂ 'ਤੇ ਪੱਥਰ ਸੁੱਟੇ ਜਾ ਰਹੇ ਸਨ।

ਜਦੋਂ ਉਨ੍ਹਾਂ ਨੇ ਦੇਖਿਆ ਕਿ ਅਸੀਂ ਉਨ੍ਹਾਂ ਦੀਆਂ ਹਰਕਤਾਂ ਨੂੰ ਕੈਮਰੇ 'ਤੇ ਰਿਕਾਰਡ ਕਰ ਰਹੇ ਹਾਂ ਤਾਂ ਉਨ੍ਹਾਂ ਨੇ ਸਾਡੇ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਅਸੀਂ ਇੱਕ ਓਵਰ ਬ੍ਰਿਜ 'ਤੇ ਮੌਜੂਦ ਸੀ ਪਰ ਅਸੀਂ ਇਨ੍ਹਾਂ ਪੱਥਰਾਂ ਤੋਂ ਵਾਲ-ਵਾਲ ਬਚੇ ਅਤੇ ਸਾਨੂੰ ਇਸ ਇਲਾਕੇ 'ਚੋਂ ਆਪਣੀ ਜਾਨ ਬਚਾ ਕੇ ਭੱਜਣਾ ਪਿਆ।

ਧਾਰਮਿਕ ਨਾਅਰੇ

ਇਸ ਦੌਰਾਨ ਸਾਨੂੰ ਵਿੱਚ-ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਸੁਣਾਈ ਦਿੱਤੇ।

ਕਈ ਥਾਵਾਂ 'ਤੇ ਸਾਨੂੰ 100 ਤੋਂ 200 ਲੋਕਾਂ ਦੀ ਭੀੜ ਨਜ਼ਰ ਆਈ। ਇਨ੍ਹਾਂ ਵਿੱਚੋਂ ਕੁੱਝ ਲੋਕਾਂ ਦੇ ਹੱਥਾਂ ਵਿੱਚ ਤਿਰੰਗਾ ਸੀ, ਇੱਕ-ਦੋ ਲੋਕ ਭਗਵਾ ਝੰਡੇ ਲੈ ਕੇ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਵਰਗੇ ਨਾਅਰੇ ਲਾ ਰਹੇ ਸੀ। ਇਸ ਭੀੜ ਵਿੱਚ ਕੁੱਝ ਲੋਕ 'ਦੇਸ ਕੇ ਗੱਦਾਰੋਂ ਕੋ ਗੋਲੀ ਮਾਰੋ **** ਕੋ' ਵਰਗੇ ਨਾਅਰੇ ਲਾ ਰਹੇ ਸੀ।

ਤਸਵੀਰ ਸਰੋਤ, EPA

ਉੱਥੇ ਹੀ ਮੁਸਲਮਾਨ ਮੁਹੱਲਿਆਂ ਦੀਆਂ ਕੁੱਝ ਗਲੀਆਂ ਵਿੱਚ ਕੁੱਝ ਮੁੰਡੇ ਖੜ੍ਹੇ ਸੀ ਜੋ ਹੱਥਾਂ ਵਿੱਚ ਲੋਹੇ ਦੇ ਸਰੀਏ, ਡੰਡੇ ਅਤੇ ਅਜਿਹੀਆਂ ਹੀ ਦੂਜੀਆਂ ਚੀਜ਼ਾਂ ਆਪਣੇ ਹੱਥਾਂ ਵਿੱਚ ਲੈ ਕੇ ਨਜ਼ਰ ਆ ਰਹੇ ਸੀ।

ਦੋਨੋਂ ਹੀ ਧਿਰਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਇਲਾਕੇ ਦੇ ਬਾਹਰ ਮੁੰਡਿਆਂ ਨੂੰ ਤਾਇਨਾਤ ਕਰ ਰਹੇ ਹਨ ਤਾਂ ਕਿ ਦੂਜੇ ਪਾਸੇ ਤੋਂ ਹਮਲਾ ਹੋਣ 'ਤੇ ਉਸ ਤੋਂ ਨਿਪਟਿਆ ਜਾ ਸਕੇ।

ਇਨ੍ਹਾਂ ਹਿੰਸਕ ਘਟਨਾਵਾਂ ਵਿੱਚ ਕਈ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ। ਕਈ ਹਿੰਦੂਆਂ ਦੇ ਜ਼ਖਮੀ ਹੋਣ ਅਤੇ ਉਨ੍ਹਾਂ ਦੇ ਘਰ ਸਾੜੇ ਜਾਨ ਦੀਆਂ ਗੱਲਾਂ ਵੀ ਜਾਰੀ ਹਨ।

ਪਰ ਕੋਈ ਵੀ ਇੰਨ੍ਹਾਂ ਗੱਲਾਂ ਦਾ ਖੰਡਨ ਕਰਨ ਜਾਂ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ।

ਆਟੋ ਡਰਾਈਵਰ ਗੁਲਸ਼ੇਰ ਕਹਿੰਦੇ ਹਨ, "ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ਸਾਨੂੰ ਲੜਨ ਅਤੇ ਮਰਨ ਲਈ ਛੱਡ ਦਿੱਤਾ ਹੈ।"

ਰਾਜੀਵ ਨਗਰ ਦੀ ਰੈਜ਼ੀਡੈਂਟ ਕਮੇਟੀ ਦੇ ਜਨਰਲ ਸਕੱਤਰ ਇਸਲਾਮੁਦੀਨ ਕਹਿੰਦੇ ਹਨ, "ਕੁੱਝ ਬਾਹਰੀ ਲੋਕ ਹਿੰਦੂ ਅਤੇ ਮੁਸਲਮਾਨਾਂ ਵਿੱਚ ਤਰੇੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

1984 ਦੇ ਸਿੱਖ ਕਤਲੇਆਮ ਨਾਲ ਤੁਲਨਾ

ਇਸਲਾਮੁਦੀਨ ਇਨ੍ਹਾਂ ਹਲਾਤਾਂ ਦੀ ਤੁਲਨਾ 1984 ਦੇ ਸਿੱਖ ਕਤਲੇਆਮ ਨਾਲ ਕਰਦੇ ਹਨ ਜਦੋਂ ਪੂਰੀ ਦਿੱਲੀ ਵਿੱਚ ਵਿਆਪਕ ਪੱਧਰ 'ਤੇ ਹਿੰਸਾ ਦੇਖਣ ਨੂੰ ਮਿਲੀ ਸੀ।

ਇਸਲਾਮੁਦੀਨ ਮੰਨਦੇ ਹਨ ਕਿ ਜਦੋਂ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਭੜਕਾਊ ਬਿਆਨਬਾਜ਼ੀ ਕੀਤੀ ਸੀ ਉਦੋਂ ਜੇ ਉਨ੍ਹਾਂ ਦੇ ਖਿਲਾਫ਼ ਸਹੀ ਕਦਮ ਚੁੱਕੇ ਗਏ ਹੁੰਦੇ ਤਾਂ ਚੀਜ਼ਾਂ ਹੱਥੋਂ ਬਾਹਰ ਨਾ ਹੁੰਦੀਆਂ।

ਕਪਿਲ ਮਿਸ਼ਰਾ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਪਰ ਹੁਣ ਉਹ ਭਾਜਪਾ ਦੇ ਮੈਂਬਰ ਹਨ ਅਤੇ ਆਪਣੀ ਤਿੱਖੀ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ।

ਹਾਲ ਹੀ ਵਿੱਚ ਦਿੱਲੀ ਵਿਧਾਨ ਸਭਾ ਚੋਣ ਨੂੰ ਭਾਰਤ ਬਨਾਮ ਪਾਕਿਸਤਾਨ ਵਿਚਾਲੇ ਚੋਣਾਂ ਕਹਿਣ 'ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ।

ਉਨ੍ਹਾਂ ਨੇ ਬੀਤੇ ਐਤਵਾਰ ਨੂੰ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਅਗਲੇ ਤਿੰਨ ਦਿਨਾਂ ਦੇ ਅੰਦਰ ਜਾਫ਼ਰਾਬਾਦ ਖੇਤਰ ਦੀ ਇੱਕ ਮੁੱਖ ਸੜਕ ਨੂੰ ਖਾਲੀ ਕਰਵਾਇਆ ਜਾਵੇ।

ਮੰਨਿਆ ਜਾਂਦਾ ਹੈ ਕਿ ਮਿਸ਼ਰਾ ਦਾ ਬਿਆਨ ਕਥਿਤ ਤੌਰ 'ਤੇ ਦਿੱਲੀ ਵਿੱਚ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਹੈ।

ਹਾਲਾਂਕਿ ਉੱਤਰੀ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਪਿਲ ਮਿਸ਼ਰਾ ਦੇ ਬਿਆਨਾਂ ਨਾਲ ਸਹਿਮਤੀ ਨਹੀਂ ਜਤਾਈ ਹੈ। ਪਰ ਇਸ ਦੇ ਬਾਵਜੂਦ ਪਾਰਟੀ ਅਤੇ ਪੁਲਿਸ ਵੱਲੋਂ ਕਪਿਲ ਮਿਸ਼ਰਾ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ।

ਮਿਸ਼ਰਾ ਨੇ ਆਪਣੇ ਭਾਸ਼ਣ ਵਿੱਚ ਜੋ ਕਿਹਾ ਹੈ, ਭੀੜ ਵਿੱਚ ਕਈ ਲੋਕ ਉਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

ਮੰਗਲਵਾਰ ਦੇਰ ਰਾਤ ਕਪਿਲ ਮਿਸ਼ਰਾ ਨੇ ਇੱਕ ਵੀਡੀਓ ਟਵੀਟ ਕਰਕੇ ਲਿਖਿਆ, "ਜਾਫ਼ਰਾਬਾਦ ਖਾਲੀ ਹੋ ਚੁੱਕਿਆ ਹੈ ਦਿੱਲੀ ਵਿੱਚ ਦੂਜਾ ਸ਼ਾਹੀਨ ਬਾਗ ਨਹੀਂ ਬਣੇਗਾ।"

ਇਸਤੋਂ ਕੁੱਝ ਘੰਟੇ ਪਹਿਲਾਂ ਉਨ੍ਹਾਂ ਨੇ ਇੱਕ ਟਵੀਟ ਕੀਤਾ ਸੀ, "ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੰਦ ਸੜਕਾਂ ਨੂੰ ਖੁਲਵਾਉਣ ਨੂੰ ਕਹਿਣਾ ਕੋਈ ਗੁਨਾਹ ਨਹੀਂ ਹੈ। ਸੀਏਏ ਦੀ ਹਿਮਾਇਤ ਕੋਈ ਅਪਰਾਧ ਨਹੀਂ ਹੈ।"

ਪਰ ਕਿਤੇ ਉਮੀਦ ਬਾਕੀ ਹੈ

ਇੱਕ ਪ੍ਰਚੂਨ ਸਟੋਰ ਵਿੱਚ ਕੰਮ ਕਰਨ ਵਾਲੇ ਰੌਸ਼ਨ ਨੇ ਮੁਸਲਿਮ ਬਹੁਗਿਣਤੀ ਵਾਲੇ ਖ਼ੇਤਰ ਵਿੱਚ ਖਜੂਰੀ ਕੱਚੀ ਵੱਲ ਇਸ਼ਾਰਾ ਕਰਦਿਆਂ ਸਾਨੂੰ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਇਸ ਥਾਂ ਨੂੰ 'ਉਨ੍ਹਾਂ ਲੋਕਾਂ' ਤੋਂ ਖਾਲੀ ਕਰਵਾ ਲਈ ਜਾਵੇਗੀ।

ਉੱਥੇ ਹੀ ਸਿਵਲ ਸੇਵਾ ਦੀ ਤਿਆਰੀ ਕਰ ਰਹੇ ਇੱਕ ਨੌਜਵਾਨ ਪ੍ਰਿਥਵੀਰਾਜ ਨੇ ਤਕਰੀਬਨ 300 ਲੋਕਾਂ ਦੀ ਭੀੜ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਪੁਲਿਸ ਇਨ੍ਹਾਂ ਲੋਕਾਂ ਨੂੰ ਕੁੱਝ ਨਹੀਂ ਕਹਿ ਰਹੀ ਕਿਉਂਕਿ ਇਹ ਲੋਕ ਦੰਗੇਬਾਜ਼ ਨਹੀਂ ਹਨ, ਇਹ ਸਾਰੇ ਮੁਸਲਮਾਨ ਹਨ।

ਤਸਵੀਰ ਸਰੋਤ, EPA

ਪੁਲਿਸ ਨੇ ਖਜੂਰੀ ਕੱਚੀ ਵੱਲ ਟੀਅਰ ਗੈਸ ਛੱਡ ਕੇ ਭੀੜ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ।

ਪਰ ਹਿੰਸਾ ਅਤੇ ਡਰ ਦੇ ਇਸ ਮਾਹੌਲ ਵਿੱਚ ਵੀ ਰਾਜੇਂਦਰ ਮਿਸ਼ਰਾ ਵਰਗੇ ਕੁੱਝ ਲੋਕ ਹਨ ਜੋ ਹਿੰਸਾ ਵਾਲੇ ਇਲਾਕਿਆਂ ਵਿੱਚੋਂ ਇੱਕ ਚਾਂਦਬਾਗ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਚਾਂਦਬਾਗ ਇੱਕ ਮੁਸਲਿਮ ਬਹੁਗਿਣਤੀ ਖੇਤਰ ਹੈ।

ਇਹ ਵੀ ਪੜ੍ਹੋ:

ਸੋਮਵਾਰ ਰਾਤ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਨੇ ਇੱਕਜੁੱਟ ਹੋ ਕੇ ਮੰਦਿਰਾਂ ਦੇ ਬਾਹਰ ਪਹਿਰਾ ਦਿੱਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇੱਕ ਇਲਾਕੇ ਦੇ ਪੀਰ ਚਾਂਦ ਸ਼ਾਹ ਦੀ ਮਜ਼ਾਰ ਨੂੰ ਕੁੱਝ ਦੰਗਾਈਆਂ ਨੇ ਅੱਗ ਹਵਾਲੇ ਕਰ ਦਿੱਤਾ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)