ਪਾਕਿਸਤਾਨ ਨੇ ਅਭਿਨੰਦਨ ਨੂੰ ਕਿਸ ਦੇ ਦਬਾਅ ਹੇਠ ਛੱਡਿਆ ਸੀ

ਵਿੰਗ ਕਮਾਂਡਰ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਵਿੱਚ ਕਰੈਸ਼ ਹੋਇਆ ਸੀ Image copyright Ani
ਫੋਟੋ ਕੈਪਸ਼ਨ ਵਿੰਗ ਕਮਾਂਡਰ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਵਿੱਚ ਕਰੈਸ਼ ਹੋਇਆ ਸੀ

28 ਫਰਵਰੀ 2019 ਨੂੰ ਜਦੋਂ ਅਭਿਨੰਦਨ ਵਰਤਮਾਨ ਦੀ ਪਤਨੀ ਤਨਵੀ ਮਰਵਾਹ ਦੇ ਮੋਬਾਈਲ 'ਤੇ ਸਾਊਦੀ ਅਰਬ ਦੇ ਨੰਬਰ ਤੋਂ ਇੱਕ ਕਾਲ ਆਇਆ ਤਾਂ ਉਹ ਥੋੜ੍ਹੀ ਪ੍ਰੇਸ਼ਾਨ ਵੀ ਹੋਈ ਅਤੇ ਹੈਰਾਨ ਵੀ ਹੋਈ ਸੀ।

ਦੂਜੇ ਪਾਸੇ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪਤੀ ਵਿੰਗ ਕਮਾਂਡਰ ਅਭਿਨੰਦਨ ਬੋਲ ਰਹੇ ਸਨ। ਆਈਐੱਸਆਈ ਦੀ ਪਹਿਲ 'ਤੇ ਇਹ ਕਾਲ ਸਾਊਦੀ ਅਰਬ ਤੋਂ ਰੂਟ ਕੀਤੀ ਗਈ ਸੀ।

ਇੱਕ ਪਾਸੇ ਆਈਐੱਸਆਈ ਦੇ ਲੋਕ ਅਭਿਨੰਦਨ ਦੇ ਚਿਹਰੇ ਅਤੇ ਸਰੀਰ ֹ'ਤੇ ਮੁੱਕੇ ਮਾਰ ਰਹੇ ਸਨ, ਦੂਜੇ ਪਾਸੇ ਉਨ੍ਹਾਂ ਦਾ ਇੱਕ ਆਦਮੀ ਉਨ੍ਹਾਂ ਦੀ ਪਤਨੀ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਜਦੋਂ ਕੈਦ ਵਿੱਚ ਰਹਿ ਰਹੇ ਸ਼ਖਸ ਨਾਲ ਇਸ ਅੰਦਾਜ਼ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਜਾਸੂਸੀ ਦੀ ਦੁਨੀਆਂ ਵਿੱਚ ਇਸ ਨੂੰ 'ਬੈਡ ਕੌਪ, ਗੁੱਡ ਕੌਪ' ਤਕਨੀਕ ਕਿਹਾ ਜਾਂਦਾ ਹੈ।

ਇਸ ਦਾ ਮਕਸਦ ਕੈਦ ਵਿਅਕਤੀ ਤੋਂ ਵੱਧ ਤੋਂ ਵੱਧ ਜਾਣਕਾਰੀ ਕੱਢਵਾਉਣਾ ਹੁੰਦਾ ਹੈ। ਖ਼ੈਰ, ਉਸੇ ਦਿਨ ਇਮਰਾਨ ਖ਼ਾਨ ਨੇ ਪਾਕਿਸਤਾਨ ਦੀ ਸੰਸਦ ਵਿੱਚ ਐਲਾਨ ਕਰਨ ਦਿੱਤਾ ਕਿ ਉਨ੍ਹਾਂ ਦਾ ਅਭਿਨੰਦਨ ਨੂੰ ਪਾਕਿਸਤਾਨ ਵਿੱਚ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਉਸ ਨੂੰ ਛੱਡ ਰਹੇ ਹਨ।

ਪਾਕਿਸਤਾਨੀ ਐੱਮਪੀਜ਼ ਨੇ ਉਂਝ ਤਾਂ ਤਾੜੀਆਂ ਵਜਾ ਕੇ ਇਸ ਕਦਮ ਦਾ ਸਵਾਗਤ ਕੀਤਾ ਪਰ ਕਈ ਲੋਕਾਂ ਦੇ ਜ਼ਹਿਨ ਵਿੱਚ ਸਵਾਲ ਵੀ ਉੱਠੇ ਕਿ ਅਜਿਹਾ ਕਰਨਾ, ਕੀ ਸਮਝਦਾਰੀ ਵਾਲਾ ਕੰਮ ਹੈ?

ਟਰੰਪ ਨੇ ਸਭ ਤੋਂ ਪਹਿਲਾਂ ਦਿੱਤਾ ਅਭਿਨੰਦਨ ਦੀ ਰਿਹਾਈ ਦਾ ਸੰਕੇਤ

ਉੱਧਰ ਭਾਰਤ ਦੀ ਸਿਆਸੀ ਲੀਡਰਸ਼ਿਪ ਨੇ ਇਹ ਸੰਕੇਤ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਇਮਰਾਨ ਖ਼ਾਨ ਨੇ ਭਾਰਤ ਦੇ ਸਖ਼ਤ ਰੁਖ਼ ਕਰਕੇ ਇਹ ਕਦਮ ਚੁੱਕਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ 5 ਮਾਰਚ ਨੂੰ ਝਾਰਖੰਡ ਦੀ ਇੱਕ ਚੋਣ ਸਭਾ ਵਿੱਚ ਕਿਹਾ, "ਉਨ੍ਹਾਂ ਨੇ ਸਾਡੇ ਪਾਇਲਟ ਨੂੰ ਫੜ੍ਹਿਆ ਪਰ ਮੋਦੀ ਜੀ ਕਰਕੇ ਉਸ ਨੂੰ 48 ਘੰਟਿਆਂ ਵਿੱਚ ਛੱਡਣਾ ਪਿਆ।"

Image copyright Getty Images
ਫੋਟੋ ਕੈਪਸ਼ਨ 28 ਫਰਵਰੀ 2019 ਨੂੰ ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਤੋਂ ਜਲਦੀ ਹੀ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ

ਪਰ ਅਮਿਤ ਸ਼ਾਹ ਦੀ ਇਸ ਸ਼ੇਖੀ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਸੰਕੇਤ ਆਉਣ ਲੱਗੇ ਸਨ ਕਿ ਅਭਿਨੰਦਨ ਨੂੰ ਛੱਡਿਆ ਜਾ ਰਿਹਾ ਹੈ। 28 ਫਰਵਰੀ ਨੂੰ ਹੀ ਕਿਮ ਜੌਂਗ ਉਨ ਨਾਲ ਹਨੋਈ ਵਿੱਚ ਮਿਲਣ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉੱਥੇ ਉਨ੍ਹਾਂ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਜਲਦੀ ਹੀ ਤੁਹਾਨੂੰ ਪਾਕਿਸਤਾਨ ਤੋਂ ਚੰਗੀ ਖ਼ਬਰ ਮਿਲੇਗੀ। ਅਸੀਂ ਲੋਕ ਇਸ ਮਾਮਲੇ ਨਾਲ ਜੁੜੇ ਹੋਏ ਹਾਂ ਅਤੇ ਜਲਦੀ ਹੀ ਇਸ ਦਾ ਅੰਤ ਹੋਵੇਗਾ।"

ਕੁਝ ਘੰਟਿਆਂ ਬਾਅਦ ਇਮਰਾਨ ਨੇ ਅਭਿਨੰਦਨ ਨੂੰ ਛੱਡਣ ਦਾ ਐਲਾਨ ਕਰ ਦਿੱਤਾ।

ਪ੍ਰਿੰਸ ਸਲਮਾਨ ਦੀ ਫੈਸਲਾਕੁਨ ਭੂਮਿਕਾ

ਪਰ ਇਸ ਵਿੱਚ ਅਮਰੀਕਾ ਤੋਂ ਇਲਾਵਾ ਸਾਊਦੀ ਅਰਬ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਪੁਲਵਾਮਾ ਹਮਲੇ ਦੇ ਫੌਰਨ ਬਾਅਦ ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਨੇ ਪਹਿਲਾਂ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਫਿਰ ਭਾਰਤ ਦਾ।

ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮਾਹਰਾਂ ਨੇ ਨੋਟ ਕੀਤਾ ਕਿ ਜਿੱਥੇ ਸਲਮਾਨ ਨੇ ਕੂਟਨੀਤਿਕ 'ਟਾਈਟਰੋਪ' ਚੱਲਦੇ ਹੋਏ ਪਾਕਿਸਤਾਨ ਵਿੱਚ ਉਨ੍ਹਾਂ ਦੀ ਅੱਤਵਾਦ ਖਿਲਾਫ਼ ਲੜਾਈ ਵਿੱਚ ਦਿੱਤੀ ਗਈ ਕੁਰਬਾਨੀ ਦੀ ਤਾਰੀਫ਼ ਕੀਤੀ।

Image copyright Getty Images
ਫੋਟੋ ਕੈਪਸ਼ਨ ਸਾਊਦੀ ਅਰਬ ਨੇ ਵੀ ਅਭਿਨੰਦਨ ਦੀ ਰਿਹਾਈ ਲਈ ਵੱਡੀ ਭੂਮਿਕਾ ਨਿਭਾਈ

ਉੱਥੇ ਹੀ ਭਾਰਤ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਗੱਲ ਨਾਲ ਸਹਿਮਤ ਹੋਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਕਿ ਅੱਤਵਾਦ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।

ਇਹੀ ਨਹੀਂ ਸਾਊਦੀ ਅਰਬ ਦੇ ਉਪ ਵਿਦੇਸ਼ ਮੰਤਰੀ ਆਦੇਲ ਅਲ-ਜ਼ੁਬੇਰ ਨੇ ਇਸਲਾਮੀ ਦੇਸਾਂ ਦੇ ਸੰਮੇਲਨ ਦੌਰਾਨ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ।

ਇਸ ਮਸਲੇ ਨੂੰ ਸੁਲਝਾਉਣ ਵਿੱਚ ਸਾਊਦੀ ਅਰਬ ਦੀ ਦਿਲਚਸਪੀ ਕਿਉਂ ਹੋ ਸਕਦੀ ਹੈ? ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਤਲਮੀਜ਼ ਅਹਿਮਦ ਮੰਨਦੇ ਹਨ, "ਸਾਊਦੀ ਅਰਬ ਆਪਣੇ ਈਰਾਨ ਵਿਰੋਧੀ ਗਠਜੋੜ ਵਿੱਚ ਪਾਕਿਸਤਾਨ ਨੂੰ ਸਾਥ ਰੱਖਣਾ ਚਾਹੁੰਦਾ ਹੈ।

ਇਸ ਦੇ ਨਾਲ ਹੀ ਉਹ ਭਾਰਤ ਨੂੰ ਈਰਾਨ ਤੋਂ ਦੂਰ ਲੈ ਜਾਣ ਦੀ ਰਣਨੀਤੀ 'ਤੇ ਵੀ ਕੰਮ ਕਰ ਰਿਹਾ ਹੈ।"

ਪਾਕਿਸਤਾਨ ਦੇ ਸੁਰੱਖਿਆ ਕੌਂਸਲ ਦੇ ਪੰਜ ਵੱਡੇ ਦੇਸਾਂ ਨਾਲ ਸੰਪਰਕ ਕੀਤਾ

ਬਾਲਾਕੋਟ ਵਿੱਚ ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਦੁਨੀਆਂ ਦੇ ਅਸਰਦਾਰ ਦੇਸਾਂ ਅਤੇ ਸੁਰੱਖਿਆ ਕੌਂਸਲ ਦੇ ਪੱਕੇ ਮੈਂਬਰ ਦੇਸਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਬਾਲਾਕੋਟ 'ਤੇ ਹੋਏ ਹਮਲਾ ਕਰਕੇ ਸੰਤੁਸ਼ਟ ਨਹੀਂ ਹੋਇਆ ਹੈ।

ਉਸ ਦੇ ਸਮੁੰਦਰੀ ਫੌਜ ਦੇ ਜਹਾਜ਼ਾਂ ਨੇ ਕਰਾਚੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਉਹ ਪਾਕਿਸਤਾਨ 'ਤੇ ਬੈਲਿਸਟਿਕ ਮਿਜ਼ਾਇਲਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਉਨ੍ਹਾਂ ਦੀ ਗਤੀਵਿਧੀ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ:

ਇਸ ਜਾਣਕਾਰੀ ਤੋਂ ਪ੍ਰੇਸ਼ਾਨ ਹੋ ਕੇ ਕਈ ਦੇਸਾਂ ਨੇ ਭਾਰਤ ਨਾਲ ਸੰਪਰਕ ਕੀਤਾ। ਭਾਰਤ ਦੀ ਖੂਫ਼ੀਆ ਏਜੰਸੀ ਰਾਅ ਦੇ ਇੱਕ ਸਾਬਕਾ ਅਧਿਕਾਰੀ ਨੇ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਕਿ "ਭਾਰਤ ਦੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸ ਕੇ ਇਸ ਦਾ ਜ਼ੋਰਦਾਰ ਖੰਡਨ ਕੀਤਾ।"

"ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਉਨ੍ਹਾਂ ਦੇ ਫੌਜੀ ਬੇੜੇ ਕਰਾਚੀ ਦੀ ਉਲਟੀ ਦਿਸ਼ਾ ਵੱਲ ਜਾ ਰਹੇ ਸਨ। ਇਨ੍ਹਾਂ ਦੇਸਾਂ ਕੋਲ ਸੈਟਲਾਈਟਾਂ ਜ਼ਰੀਏ ਮੂਵਮੈਂਟ ਵੇਖਣ ਦੀ ਤਾਕਤ ਹੈ ਅਤੇ ਉਹ ਚਾਹੁੰਣ ਤਾਂ ਪਾਕਿਸਤਾਨ ਦਾ ਦਾਅਵੇ ਦੀ ਨਿਰਪੱਖ ਜਾਂਚ ਕਰ ਸਕਦੇ ਹਨ।"

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਨੇ ਬਾਲਾਕੋਟ ਹਮਲੇ ਤੋਂ ਬਾਅਦ ਦੁਨੀਆਂ ਨੂੰ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਦੀ ਸਰਹੱਦ ’ਤੇ ਹਰਕਤ ਤੇਜ਼ ਕਰ ਦਿੱਤੀ ਹੈ

"ਜਦੋਂ ਇਨ੍ਹਾਂ ਦੇਸਾਂ ਨੇ ਭਾਰਤ ਨੂੰ ਪੁੱਛਿਆ ਕਿ, ਕੀ ਉਹ ਭਾਰਤੀ ਹਵਾਈ ਜਹਾਜ਼ ਡਿਗਾਉਣ ਅਤੇ ਇੱਕ ਭਾਰਤੀ ਪਾਇਲਟ ਦੇ ਪਾਕਿਸਤਾਨ ਵੱਲੋਂ ਬੰਦੀ ਬਣਾਏ ਜਾਣ 'ਤੇ ਕੋਈ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ ਤਾਂ ਭਾਰਤ ਨੇ ਜਵਾਬ ਦਿੱਤਾ ਕਿ ਹੁਣ ਗੇਂਦ ਪਾਕਿਸਤਾਨ ਦੇ ਪਾਲੇ ਵਿੱਚ ਹੈ। ਜੇ ਪਾਕਿਸਤਾਨ ਚਾਹੁੰਦਾ ਹੈ ਕਿ ਤਣਾਅ ਘੱਟ ਹੋਵੇ ਤਾਂ ਉਸ ਨੂੰ ਉਸੇ ਦਿਸ਼ਾ ਵੱਲ ਕੰਮ ਕਰਨਾ ਹੋਵੇਗਾ।"

"ਭਾਰਤ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਜੇ ਅਭਿਨੰਦਨ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਂਦਾ ਹੈ ਅਤੇ ਫੌਰਨ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਪਾਕਿਸਤਾਨ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।"

ਭਾਰਤ ਦੀ ਚਿਤਾਵਨੀ

ਇਹੀ ਨਹੀਂ ਰਾਅ ਦੇ ਨਿਦੇਸ਼ਕ ਅਨਿਲ ਧਸਮਾਨਾ ਨੇ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨਾਲ ਸਿੱਧੇ ਗੱਲ ਕਰ ਕੇ ਸਾਫ਼ ਕਰ ਦਿੱਤਾ ਸੀ ਕਿ ਜੇ ਅਭਿਨੰਦਨ ਨਾਲ ਸਖ਼ਤੀ ਵਰਤੀ ਜਾਂਦੀ ਹੈ ਤਾਂ ਪਾਕਿਸਤਾਨ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ।

ਉਸ ਵੇਲੇ ਭਾਰਤ ਦੇ ਕੌਮੀ ਸਲਾਹਾਕਾਰ ਅਜੀਤ ਡੋਵਾਲ ਨੇ ਅਮਰੀਕਾ ਵਿੱਚ ਆਪਣੇ ਹਮਰੁਤਬਾ ਜੌਨ ਬੋਲਟਨ ਅਤੇ ਵਿਦੇਸ਼ ਮੰਤਰੀ ਮਾਈਕ ਪੌਮਪਿਓ ਨੂੰ ਹਾਟ ਲਾਈਨ 'ਤੇ ਦੱਸਿਆ ਕਿ ਜੇ ਵਿੰਗ ਕਮਾਂਡਰ ਅਭਿਨੰਦਨ ਨਾਲ ਕੋਈ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਭਾਰਤ ਕਿਸੇ ਵੀ ਹਾਲਾਤ ਤੱਕ ਜਾਣ ਲਈ ਤਿਆਰ ਹੈ।

Image copyright Getty Images

ਇੰਨਾ ਹੀ ਨਹੀਂ ਡੋਵਾਲ ਅਤੇ ਧਸਮਾਨਾ ਨੇ ਯੂਏਈ ਅਤੇ ਸਾਊਦੀ ਅਰਬ ਦੇ ਹਮਰੁਤਬਾ ਲੋਕਾਂ ਨਾਲ ਗੱਲਬਾਤ ਕਰਕੇ ਭਾਰਤ ਦੇ ਇਰਾਦਿਆਂ ਤੋਂ ਜਾਣੂ ਕਰਵਾ ਦਿੱਤਾ ਸੀ।

ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ 'ਬਲੈਕ ਆਊਟ'

ਉਸੇ ਦੌਰਾਨ ਪਾਕਿਸਤਾਨ ਦੇ ਗ਼ੈਰ-ਫੌਜੀ ਤੇ ਫੌਜੀ ਲੀਡਰਸ਼ਿਪ ਨੂੰ ਖ਼ੂਫੀਆ ਜਾਣਕਾਰੀ ਮਿਲੀ ਕਿ ਭਾਰਤ 27 ਫਰਵਰੀ ਨੂੰ ਰਾਤ 9 ਤੋਂ 10 ਵਜੇ ਵਿਚਾਲੇ ਪਾਕਿਸਤਾਨ 'ਤੇ 9 ਮਿਜ਼ਾਇਲਾਂ ਨਾਲ ਹਮਲਾ ਕਰੇਗਾ।

ਪਾਕਿਸਤਾਨ ਨੇ ਇਸ ਦਾ ਜਵਾਬ ਦੇਣ ਲਈ ਭਾਰਤੀ ਟਿਕਾਣਿਆਂ 'ਤੇ 13 ਮਿਜ਼ਾਇਲਾਂ ਨਾਲ ਹਮਲਾ ਕਰਨ ਦੀ ਯੋਜਨਾ ਬਣਾਈ ਸੀ।

ਉਸੇ ਵੇਲੇ ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਦੇ ਫੌਜੀ ਟਿਕਾਣਿਆਂ ਦੇ ਆਲੇ-ਦੁਆਲੇ ਬਲੈਕ ਆਊਟ ਕਰਨ ਅਤੇ ਹਵਾਈ ਰਸਤੇ ਬੰਦ ਕਰਨ ਦੀ ਹੁਕਮ ਵੀ ਦਿੱਤੇ ਗਏ ਸਨ।

Image copyright Getty Images
ਫੋਟੋ ਕੈਪਸ਼ਨ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਭਿਨੰਦਨ ਦੀ ਰਿਹਾਈ ਲਈ ਕਾਫੀ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ ਸਨ

ਭਾਰਤ ਦੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਇੱਕ ਮੈਂਬਰ ਅਤੇ ਹੋਰ ਸੁਰੱਖਿਆ ਮਾਹਿਰਾਂ ਦਾ ਮੰਨਣਾ ਸੀ ਕਿ ਭਾਰਤੀ ਫੌਜੀ ਮਸ਼ੀਨਰੀ ਦੇ 'ਰੈਡ ਐਲਰਟ' 'ਤੇ ਚੱਲੇ ਜਾਣ ਕਰਕੇ ਹੀ ਪਾਕਿਸਤਾਨ ਦੀ ਫੌਜੀ ਅਗਵਾਈ ਨੇ ਦਿੱਲੀ ਨੂੰ ਦੱਸਿਆ ਕਿ ਭਾਰਤੀ ਪਾਇਲਟ ਦੀ ਰਿਹਾਈ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਕੱਲ੍ਹ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਬਾਰੇ ਵਿੱਚ ਐਲਾਨ ਕਰਨਗੇ।

ਸਾਊਦੀ ਅਰਬ ਦੀਆਂ ਕੂਟਨੀਤਕ ਕੋਸ਼ਿਸ਼ਾਂ

ਇਸੇ ਦੌਰਾਨ ਸਾਊਦੀ ਅਰਬ ਦੇ ਉਪ ਰੱਖਿਆ ਮੰਤਰੀ ਅਦੇਲ ਅਲ ਜ਼ੁਬੈਰ ਸ਼ਹਿਜ਼ਾਦੇ ਸਲਮਾਨ ਦਾ ਸੰਦੇਸ਼ ਲੈ ਕੇ ਇਸਲਾਮਾਬਾਦ ਗਏ।

ਉਸੇ ਵਿਚਾਲੇ ਭਾਰਤ ਵਿੱਚ ਸਾਊਦੀ ਅਰਬ ਦੇ ਰਾਜਦੂਤ ਡਾਕਟਰ ਸਾਊਦ ਮੁਹੰਮਦ ਅਲ-ਸਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।

ਪੁਲਵਾਮਾ ਹਮਲੇ ਤੋਂ ਪਹਿਲਾਂ ਹੀ ਮੋਦੀ ਸਰਕਾਰ ਨੇ ਸਾਊਦੀ ਸਰਕਾਰ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਸ਼ਹਿਜ਼ਾਦੇ ਸਲਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ 'ਇਕਵੇਸ਼ਨ' ਵੀ ਕਾਫੀ ਮਜ਼ਬੂਤ ਹੋ ਗਈ ਸੀ।

ਸਾਊਦੀ ਅਰਬ ਨੇ ਪਾਕਿਸਤਾਨ ਦੇ ਕੱਟੜਪੰਥ ਦੇ ਰਵੱਈਏ ਖਿਲਾਫ਼ ਸਖ਼ਤ ਰੁਖ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਪੁਲਵਾਮਾ ਹਮਲਾ ਹੋਇਆ ਸੀ ਤਾਂ ਸਾਊਦੀ ਸਰਕਾਰ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਬਜਾਏ ਅੱਤਵਾਦ ਖਿਲਾਫ ਇੱਕ ਸਖ਼ਤ ਬਿਆਨ ਜਾਰੀ ਕੀਤਾ ਸੀ।

Image copyright Ani
ਫੋਟੋ ਕੈਪਸ਼ਨ ਏਅਰ ਚੀਫ ਮਾਰਸ਼ਲ ਬੀਐੱਸ ਧਨੋਆ ਦੇ ਨਾਲ ਵਿੰਗ ਕਮਾਂਡਰ ਅਭਿਨੰਦਨ

ਰਣਨੀਤਕ ਮਾਮਲਿਆਂ ਦੇ ਜਾਣਕਾਰ ਹਰਸ਼ ਪੰਤ ਦੱਸਦੇ ਹਨ, "ਸਾਊਦੀ ਅਰਬ ਨਹੀਂ ਚਾਹੁੰਦਾ ਸੀ ਕਿ ਇਹ ਮਾਮਲਾ ਇੰਨਾ ਵਧੇ ਕਿ ਉਸ ਨੂੰ ਜਨਤਕ ਤੌਰ 'ਤੇ ਭਾਰਤ ਜਾਂ ਪਾਕਿਸਤਾਨ ਵਿੱਚ ਕਿਸੇ ਇੱਕ ਦੇ ਪੱਖ ਵਿੱਚ ਖੜ੍ਹਾ ਹੋਣਾ ਪਵੇ।"

"ਰਣਨੀਤਕ ਮਾਮਲਿਆਂ 'ਤੇ ਬਹੁਤ ਪਹਿਲਾਂ ਹੀ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਆਪਸੀ ਸਮਝ ਇੱਕ ਦੂਜੇ ਦੇ ਕਾਫੀ ਕਰੀਬ ਹੈ। ਸਾਊਦੀ ਅਰਬ ਨੇ 'ਬੈਕ ਚੈਨਲ' ਨਾਲ ਇਹ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਇਸ ਨੂੰ ਅੱਗੇ ਨਾ ਲੈ ਕੇ ਜਾਵੇ।"

"ਉਸ ਨੇ ਭਾਰਤ ਨਾਲ ਵੀ ਗੱਲਬਾਤ ਕੀਤੀ ਅਤੇ ਜਦੋਂ ਉਸ ਨੂੰ ਭਾਰਤ ਤੋਂ ਸੰਕੇਤ ਮਿਲਿਆ ਕਿ ਕੋਈ ਵਿਚਕਾਰ ਦਾ ਰਸਤਾ ਕੱਢੇ ਜਾਣ 'ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਉਸ ਨੇ ਪਾਕਿਸਤਾਨ ਨਾਲ ਸੰਪਰਕ ਕੀਤਾ।"

"ਉਸ ਨੇ ਪਾਕਿਸਤਾਨ ਨੂੰ ਸਾਫ਼ ਕਰ ਦਿੱਤਾ ਕਿ ਉਹ ਪਾਕਿਸਤਾਨ ਦੇ ਨਾਲ ਖੜ੍ਹੇ ਹੋਣ ਦੀ ਹਾਲਤ ਵਿੱਚ ਨਹੀਂ ਹੋਵੇਗਾ।"

ਪਾਕਿਸਤਾਨ ਨੂੰ ਇਸਲਾਮੀ ਦੇਸਾਂ ਵਿੱਚ ਇਕੱਲੇ ਰਹਿ ਜਾਣ ਦਾ ਡਰ

ਹਰਸ਼ ਪੰਤ ਅੱਗੇ ਦੱਸਦੇ ਹਨ, "ਸਾਊਦੀ ਅਰਬ 'ਤੇ ਪੱਛਮ ਦਾ ਦਬਾਅ ਤਾਂ ਪੈ ਹੀ ਰਿਹਾ ਸੀ ਪਰ ਸਾਊਦੀ ਅਰਬ ਦੇ ਇਸ ਰੁਖ਼ ਨਾਲ ਪਾਕਿਸਤਾਨ ਨੂੰ ਲਗਿਆ ਕਿ ਉਹ ਇਸਲਾਮੀ ਦੁਨੀਆਂ ਵਿੱਚ ਵੀ ਇਕੱਲਾ ਰਹਿ ਜਾਵੇਗਾ।"

"ਪੱਛਮ ਦਾ ਦਬਾਅ ਪਿਆ ਤਾਂ ਪਾਕਿਸਤਾਨ ਨੇ ਕਿਸੇ ਹੱਦ ਤੱਕ ਝੱਲਣ ਨੂੰ ਤਿਆਰ ਹੋ ਸਕਦਾ ਸੀ ਪਰ ਜੇ ਸਾਊਦੀ ਅਰਬ ਉਸ ਦੇ ਖਿਲਾਫ਼ ਸਟੈਂਡ ਲੈ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸਲਾਮੀ ਦੇਸ ਵੀ ਪਾਕਿਸਤਾਨ ਦੀ ਹਮਾਇਤ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਗੇ।"

ਕੌਮੀ ਸੁਰੱਖਿਆ ਸਲਾਹਾਕਾਰ ਪਰਿਸ਼ਦ ਦੇ ਮੈਂਬਰ ਤਿਲਕ ਦੇਵੇਸ਼ਵਰ ਕਹਿੰਦੇ ਹਨ, "ਪਾਕਿਸਤਾਨ ਦੇ ਰਾਜ ਕਰਨ ਵਾਲਿਆਂ ਨੇ ਇਹ ਜ਼ਰੂਰ ਸੋਚਿਆ ਹੋਣਾ ਕਿ ਜੇ ਟਕਰਾਅ ਵਧਿਆ ਤਾਂ ਪਾਕਿਸਤਾਨ ਦੇ ਨਾਲ ਕੌਣ-ਕੌਣ ਖੜ੍ਹਾ ਹੋਵੇਗਾ।"

Image copyright ISPR HANDOUT
ਫੋਟੋ ਕੈਪਸ਼ਨ ਅਭਿਨੰਦਨ ਦੀਆਂ ਚੀਜ਼ਾਂ ਜੋ ਪਾਕਿਸਤਾਨ ਨੇ ਜ਼ਬਤ ਕੀਤੀਆਂ ਸਨ

"ਜੇ ਉਨ੍ਹਾਂ ਨੂੰ ਲਗਦਾ ਕਿ ਇਸ ਮਾਮਲੇ ਵਿੱਚ ਪੱਛਮੀ ਜਾਂ ਇਸਲਾਮੀ ਦੇਸ ਉਨ੍ਹਾਂ ਦੇ ਨਾਲ ਖੜ੍ਹੇ ਹਨ ਤਾਂ ਉਹ ਸ਼ਾਇਦ ਤਣਾਅ ਨੂੰ ਇੱਕ ਪੱਧਰ ਤੱਕ ਵਧਾਉਣ ਬਾਰੇ ਸੋਚਦਾ, ਪਰ ਜਦੋਂ ਉਨ੍ਹਾਂ ਨੂੰ ਲਗ ਰਿਹਾ ਹੋਵੇ ਕਿ ਇਸ ਮਾਮਲੇ ਵਿੱਚ ਉਹ ਇਕੱਲਾ ਰਹਿ ਜਾਵੇਗਾ ਤਾਂ ਉਨ੍ਹਾਂ ਦੇ ਸਾਹਮਣੇ ਅਭਿਨੰਦਨ ਨੂੰ ਛੱਡ ਕੇ ਤਣਾਅ ਘੱਟ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"

"ਉਨ੍ਹਾਂ 'ਤੇ ਅਮਰੀਕਾ ਅਤੇ ਸਾਊਦੀ ਅਰਬ ਦਾ ਦਬਾਅ ਤਾਂ ਪਿਆ ਹੀ. ਇਸ ਦੇ ਨਾਲ ਹੀ, ਇਸ ਨਾਲ ਨਜਿੱਠਣ ਦੇ ਹੋਰ ਤਰੀਕੇ ਵੀ ਕਾਫੀ ਘੱਟ ਸਨ।"

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਪਾਕਿਸਤਾਨੀ ਡਰਾਈਵਰ ਦੀ ਭਾਰਤ-ਪਾਕ ਸ਼ਾਂਤੀ ਦੀ ਬਾਤ

ਵੀਡੀਓ: ਕਰਤਾਰਪੁਰ ਸਾਹਿਬ ’ਚ ਉਦਘਾਟਨੀ ਸਮਾਗਮ ਬਾਰੇ ਇੱਕ ਪੱਤਰਕਾਰ ਦੀਆਂ ਯਾਦਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)