ਨਿਰੰਕਾਰੀ ਸਮਾਗਮ: ਪਹਿਲੀ ਵਾਰ ਪੰਜਾਬ ਆ ਰਹੀ ਮੁਖੀ ਸੁਦੀਕਸ਼ਾ

  • ਸੁਖਚਰਨ ਪ੍ਰੀਤ
  • ਬੀਬੀਸੀ ਪੰਜਾਬੀ ਲਈ
ਨਰਿੰਕਾਰੀ

ਤਸਵੀਰ ਸਰੋਤ, Nirankari

ਸੰਤ ਨਿੰਰਕਾਰੀ ਮਿਸ਼ਨ ਦਾ ਸੂਬਾ ਪੱਧਰੀ ਸਮਾਗਮ ਸੋਮਵਾਰ ਨੂੰ ਬਰਨਾਲਾ ਵਿਚ ਕਰਾਇਆ ਜਾ ਰਿਹਾ ਹੈ।

ਮਿਸ਼ਨ ਦੇ ਬਠਿੰਡਾ ਜ਼ੋਨ ਦੇ ਇੰਚਾਰਜ ਐੱਸਪੀ ਦੁੱਗਲ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਮਾਗਮ ਵਿਚ ਨਿਰੰਕਾਰੀ ਮਿਸ਼ਨ ਦੀ ਮੁਖੀ ''ਮਾਤਾ ਸੁਦੀਕਸ਼ਾ'' ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਹਨ।

ਦੁੱਗਲ ਮੁਤਾਬਕ ਬਰਨਾਲਾ ਦੀ ਅਨਾਜ ਮੰਡੀ ਵਿਚ ਸਵੇਰੇ 11 ਵਜੇ ਤੋਂ ਤਿੰਨ ਵਜੇ ਤੱਕ ਹੋਣ ਵਾਲੇ ਸਮਾਗਮ ਵਿਚ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ।

ਸੁਦੀਕਸ਼ਾ ਨੇ 16 ਜੁਲਾਈ 2018 ਨੂੰ ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਬਣੀ ਸੀ ਅਤੇ ਉਹ ਪਹਿਲੀ ਵਾਰ ਕਿਸੇ ਸਮਾਗਮ ਲਈ ਪੰਜਾਬ ਆ ਰਹੀ ਹੈ।

ਦੋ ਪੱਧਰੀ ਪ੍ਰਬੰਧ

ਨਿੰਰਕਾਰੀ ਮਿਸ਼ਨ ਦੇ ਪੈਰੋਕਾਰਾਂ ਵਲੋਂ ਪੰਜਾਬ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਆਪਣੇ ਪੱਧਰ ਉੱਤੇ ਪ੍ਰਬੰਧ ਕੀਤੇ ਗਏ ਹਨ।

ਨਿਰੰਕਾਰੀ ਮੁਖੀ ਸੁਦੀਕਸ਼ਾ ਦੇ ਆਉਣ ਕਾਰਨ ਇਹ ਸਮਾਗਮ ਕਾਫ਼ੀ ਹਾਈ ਪ੍ਰੋਫਾਈਲ ਬਣ ਗਿਆ ਹੈ, ਜਿਸ ਲਈ ਸਥਾਨਕ ਪੁਲਿਸ ਪ੍ਰਸ਼ਾਸਨ ਵੀ ਪੱਬਾ ਭਾਰ ਹੋਇਆ ਪਿਆ ਹੈ।

ਤਸਵੀਰ ਸਰੋਤ, Sukhcharan preet/BBC

ਸੁਦੀਕਸ਼ਾ ਦਾ ਮੁਖੀ ਬਣਨਾ

ਸੁਦੀਕਸ਼ਾ ਨਿਰੰਕਾਰੀ ਮਿਸ਼ਨ ਦੀ ਹੁਣ ਤੱਕ ਦੀ ਸਭ ਤੋ ਛੋਟੀ ਉਮਰ ਦੀ ਮਹਿਲਾ ਮੁਖੀ ਹੈ। ਸੁਦੀਕਸ਼ਾ ਦਾ ਜਨਮ 1985 ਨੂੰ ਤਤਕਾਲੀ ਮਿਸ਼ਨ ਮੁਖੀ ਹਰਦੇਵ ਸਿੰਘ ਦੇ ਘਰ ਹੋਇਆ ਸੀ।

ਕੈਨੇਡਾ ਵਿਚ ਇੱਕ ਸੜਕ ਹਾਦਸੇ ਵਿਚ ਹੋਏ ਦੇਹਾਂਤ ਤੋਂ ਬਾਅਦ ਸਵਿੰਦਰ ਹਰਦੇਵ ਨੂੰ ਨਿਰੰਕਾਰੀ ਮਿਸ਼ਨ ਦਾ ਮੁਖੀ ਬਣਾਇਆ ਗਿਆ। ਉਦੋਂ ਸੁਦੀਕਸ਼ਾ ਕੋਲ 70 ਦੇਸਾਂ ਵਿਚ 220 ਵਿਦੇਸ਼ੀ ਬਰਾਂਚਾਂ ਦਾ ਪ੍ਰਬੰਧ ਸੰਭਾਲ ਰਹੇ ਸਨ।

ਪਰ 15 ਜੁਲਾਈ 2018 ਨੂੰ ਸਵਿੰਦਰ ਹਰਦੇਵ ਨੇ ਨਰਿੰਕਾਰੀ ਮਿਸ਼ਨ ਦੇ ਮੁਖੀ ਦੀ ਜਿੰਮੇਵਾਰੀ ਸੁਦੀਕਸ਼ਾ ਨੂੰ ਸੌਂਪ ਦਿੱਤੀ

2018 ਵਿਚ ਨਿਰੰਕਾਰੀ ਮਿਸ਼ਨ ਦੇ ਰਾਜਾਸਾਂਸੀ ਨੇੜੇ ਅਦਲੀਵਾਲ ਭਵਨ ਉੱਤੇ ਸਮਾਗਮ ਦੌਰਾਨ ਹਮਲਾ ਹੋ ਗਿਆ। ਇਸੇ ਦੌਰਾਨ ਕਰੀਬ 73 ਸਾਲ ਬਾਅਦ ਆਪਣਾ ਕੌਮੀ ਸਮਾਗਮ ਦਿੱਲੀ ਤੋਂ ਬਾਹਰ ਹਰਿਆਣਾ ਵਿਚ ਕਰਨ ਦਾ ਰਿਹਾ ਸੀ।

ਭਾਵੇ ਕਿ ਨਿਰੰਕਾਰੀ ਮਿਸ਼ਨ ਦਾ ਕੌਮੀ ਸਮਾਗਮ ਤਾਂ ਦਿੱਲੀ ਹਰਿਆਣਾ ਸਰਹੱਦ ਉੱਤੇ ਹੀ ਹੁੰਦਾ ਹੈ, ਪਰ ਪੰਜਾਬ ਵਿਚ ਕੋਈ ਵੱਡਾ ਸਮਾਗਮ ਨਹੀਂ ਹੋਇਆ ਸੀ।

2018 ਦੇ ਬੰਬ ਹਮਲੇ ਤੋਂ ਬਾਅਦ ਇਹ ਪਹਿਲਾ ਸੂਬਾ ਪੱਧਰੀ ਸਮਾਗਮ ਹੈ, ਜਿਸ ਵਿਚ ਨਿਰੰਕਾਰੀ ਮਿਸ਼ਨ ਦੀ ਮੁਖੀ ਸੁਦੀਕਸ਼ਾ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ

ਕੌਣ ਹਨ ਨਿਰੰਕਾਰੀ

ਨਿਰੰਕਾਰੀ ਲਹਿਰ ਦੀ ਸ਼ੁਰੂਆਤ ਬਾਬਾ ਦਿਆਲ ਸਿੰਘ ਨੇ 19ਵੀਂ ਸਦੀ ਵਿਚ ਰਾਵਲਪਿੰਡੀ ਦੇ ਇੱਕ ਗੁਰਦੁਆਰੇ ਤੋਂ ਕੀਤੀ ਸੀ। ਬਾਬਾ ਦਿਆਲ ਸਿੰਘ ਸਹਿਜਧਾਰੀ ਸਿੱਖ ਸਨ ਅਤੇ ਉਨ੍ਹਾਂ ਦੇ ਪ੍ਰਚਾਰ ਦੇ ਕੇਂਦਰ ਆਦਿ ਗ੍ਰੰਥ ਸੀ।

ਇਸ ਨੂੰ ਸਿੱਖ ਧਰਮ ਦੀ ਇਕ ਸਮਾਜਕ ਸੁਧਾਰ ਲਹਿਰ ਕਿਹਾ ਜਾ ਸਕਦਾ ਹੈ। ਇਹ ਸਿੰਘ ਸਭਾ ਲਹਿਰ ਨਾਲ ਵੀ ਜੁੜੇ ਰਹੇ ਅਤੇ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੀ ਪਾਲਣਾ ਕਰਦੇ ਸਨ।

ਇਸੇ ਵਿੱਚੋਂ 1929 ਵਿੱਚ ਇੱਕ ਵੱਖਰੀ ਸੰਪਰਦਾ ਨਿਕਲੀ। ਬਾਬਾ ਬੂਟਾ ਸਿੰਘ ਦੀ ਅਗਵਾਈ ਵਿੱਚ ਇਸ ਨੂੰ ਸੰਤ ਨਿਰੰਕਾਰੀ ਮਿਸ਼ਨ ਕਿਹਾ ਗਿਆ, ਜਿਸ ਦਾ ਹੈੱਡ ਕੁਆਟਰ ਅੱਜ-ਕੱਲ ਦਿੱਲੀ ਵਿੱਚ ਹੈ।

ਨਿਰੰਕਾਰੀ ਮਿਸ਼ਨ ਦੀ ਦੇਹਧਾਰੀ ਗੁਰੂ ਦੀ ਪਰੰਪਰਾ ਅਤੇ ਸਿੱਖ ਫਲਸਫੇ ਦੀ ਆਪਣੇ ਤਰੀਕੇ ਦੀ ਵਿਆਖਿਆ ਕਾਰਨ ਇਨ੍ਹਾਂ ਦੇ ਸਿੱਖ ਕੌਮ ਨਾਲ ਤਿੱਖੇ ਮਤਭੇਦ ਪੈਦਾ ਹੋ ਗਏ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)