ਕੀ ਮੁਸਲਮਾਨਾਂ ਨੂੰ ਹਿੰਸਾ ਭੜਕਾਉਣ ਲਈ ਪੈਸੇ ਵੰਡੇ ਗਏ? - ਫ਼ੈਕਟ ਚੈੱਕ

  • ਕੀਰਤੀ ਦੂਬੇ
  • ਫ਼ੈਕਟ ਚੈੱਕ ਟੀਮ, ਬੀਬੀਸੀ
ਦਿੱਲੀ ਹਿੰਸਾ

ਤਸਵੀਰ ਸਰੋਤ, Social media

ਤਸਵੀਰ ਕੈਪਸ਼ਨ,

ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਨੂੰ ਦੰਗੇ ਫੈਲਾਉਣ ਲਈ ਪੈਸੇ ਵੰਡੇ ਗਏ ਸਨ

ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਰੁਕਣ ਤੋਂ ਬਾਅਦ ਹੁਣ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਨੂੰ ਦੰਗੇ ਫੈਲਾਉਣ ਲਈ ਪੈਸੇ ਵੰਡੇ ਗਏ ਸਨ।

ਇਸ 30 ਸੈਕਿੰਡ ਦੀ ਵੀਡੀਓ ਨੂੰ ਇੱਕ ਘਰ ਦੀ ਛੱਤ ਤੋਂ ਸ਼ੂਟ ਕੀਤਾ ਗਿਆ ਹੈ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਕ ਕ਼ਤਾਰ ਵਿੱਚ ਔਰਤਾਂ ਵੀ ਹਨ, ਜਿਨ੍ਹਾਂ ਨੂੰ ਨੋਟ ਵਰਗਾ ਕੁਝ ਦਿੱਤਾ ਜਾ ਰਿਹਾ ਹੈ।

ਇਸ ਕ਼ਤਾਰ ਵਿੱਚ ਬੱਚੇ ਵੀ ਹਨ, ਉਨ੍ਹਾਂ ਨੂੰ ਵੀ ਇੱਕ-ਇੱਕ ਨੋਟ ਵੀ ਦਿੱਤਾ ਜਾ ਰਿਹਾ ਹੈ।

ਮਨਦੀਪ ਟੋਕਸ ਨਾਮ ਦੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਤੋਂ ਪਹਿਲਾਂ ਦੀ ਵੀਡੀਓ ਹੈ ਅਤੇ ਮੁਸਲਮਾਨਾਂ ਨੂੰ ਹਿੰਸਾ ਭੜਕਾਉਣ ਲਈ ਪੈਸੇ ਵੰਡੇ ਗਏ ਸਨ।

ਇਸ ਨੂੰ ਹੁਣ ਤੱਕ 32 ਹਜ਼ਾਰ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਪੰਜ ਲੱਖ ਲੋਕਾਂ ਨੇ ਇਸ ਨੂੰ ਵੇਖਿਆ ਹੈ।

ਇਹ ਵੀ ਪੜ੍ਹੋ

ਇਸ ਤੋਂ ਇਲਾਵਾ ਕਈ ਹੋਰ ਯੂਜ਼ਰਜ਼ ਨੇ ਵੀ ਇਸ ਨੂੰ ਫੇਸਬੁੱਕ 'ਤੇ ਇਸ ਤਰ੍ਹਾਂ ਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ, ਜਿਸ ਨੂੰ ਚਾਰ ਹਜ਼ਾਰ ਲੋਕਾਂ ਨੇ ਅੱਗੇ ਸ਼ੇਅਰ ਕੀਤਾ ਹੈ।

ਵੀਡਿਓ ਦੀ ਜਾਂਚ ’ਚ ਕੀ ਆਇਆ ਸਾਹਮਣੇ?

ਬੀਬੀਸੀ ਨੇ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਹਿੰਸਾ ਭੜਕਾਉਣ ਲਈ ਪੈਸੇ ਵੰਡੇ ਗਏ ਸਨ?

ਜਦੋਂ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਤਾਂ ਇੱਕ ਅਵਾਜ਼ ਸੁਣਾਈ ਦਿੱਤੀ, "ਅੱਲ੍ਹਾ ਉਨ੍ਹਾਂ ਨੂੰ ਖ਼ੂਬ ਦੇਵੇਗਾ... ਅਜਿਹੇ ਇਨਸਾਨਾਂ ਨੂੰ, ਜੋ ਦੂਜਿਆਂ ਦੀ ਮਦਦ ਕਰ ਰਹੇ ਹਨ। ''

ਵੇਖਣ 'ਚ ਇਹ ਜਗ੍ਹਾ ਸਾਨੂੰ ਉੱਤਰ ਪੂਰਬੀ ਦਿੱਲੀ ਲੱਗੀ, ਇਸ ਲਈ ਬੀਬੀਸੀ ਹਿੰਸਾ ਪ੍ਰਭਾਵਿਤ ਖ਼ੇਤਰ ਵਿਚ ਪਹੁੰਚ ਗਿਆ।

ਬਹੁਤ ਸਾਰੀਆਂ ਥਾਵਾਂ ਤੋਂ ਹੁੰਦੇ ਹੋਏ, ਅਖ਼ੀਰ ਵਿਚ ਅਸੀਂ ਨਿਉ ਮੁਸਤਫ਼ਾਬਾਦ ਦੇ ਬਾਬੂਨਗਰ ਇਲਾਕੇ ਵਿੱਚ ਪਹੁੰਚੇ। ਜਦੋਂ ਅਸੀਂ ਇਸ ਵੀਡੀਓ ਨੂੰ ਬਾਬੂਨਗਰ ਦੀ ਨੰਬਰ ਚਾਰ ਦੀ ਗਲੀ ਵਿੱਚ ਦਿਖਾਇਆ, ਲੋਕਾਂ ਨੇ ਦੱਸਿਆ ਕਿ ਇਹ ਵੀਡੀਓ ਉਸੇ ਗਲੀ ਦੀ ਹੈ।

ਸ਼ਿਵ ਵਿਹਾਰ ਦੇ ਬਹੁਤ ਸਾਰੇ ਮੁਸਲਮਾਨ ਪਰਿਵਾਰ ਬਾਬੂਨਗਰ ਵਿੱਚ ਪਨਾਹ ਲੈ ਰਹੇ ਹਨ। ਕੁਝ ਈਦਗਾਹ ਅਤੇ ਘਰਾਂ ਨੂੰ ਪਨਾਹਘਰਾਂ ਵਿਚ ਬਦਲ ਦਿੱਤਾ ਗਿਆ ਹੈ।

ਤਸਵੀਰ ਸਰੋਤ, BBC/kirtidubey

ਤਸਵੀਰ ਕੈਪਸ਼ਨ,

ਸ਼ਿਵ ਵਿਹਾਰ ਦੇ ਬਹੁਤ ਸਾਰੇ ਮੁਸਲਮਾਨ ਪਰਿਵਾਰ ਬਾਬੂਨਗਰ ਵਿੱਚ ਪਨਾਹ ਲੈ ਰਹੇ ਹਨ। ਕੁਝ ਈਦਗਾਹ ਅਤੇ ਘਰਾਂ ਨੂੰ ਪਨਾਹਘਰਾਂ ਵਿਚ ਬਦਲ ਦਿੱਤਾ ਗਿਆ ਹੈ

ਲੋਕਾਂ ਦੀ ਕੀਤੀ ਜਾ ਰਹੀ ਸੀ ਮਦਦ

ਇੱਥੇ ਰਹਿਣ ਵਾਲੇ ਹਾਸ਼ਿਮ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਇਹ ਪਤਾ ਹੈ ਕਿ ਮਦਦ ਲਈ 100 ਰੁਪਏ 50 ਰੁਪਏ ਦਿੱਤੇ ਗਏ ਸਨ। ਇਸ ਗਲੀ ਦੇ ਨਾਲ ਨਾਲ, ਆਸ ਪਾਸ ਦੀਆਂ ਬਾਕੀ ਗਲੀਆਂ ਵਿੱਚ ਵੀ ਭੋਜਨ ਅਤੇ ਪੈਸੇ ਲੋੜਵੰਦਾਂ ਨੂੰ ਦਿੱਤੇ ਗਏ ਸਨ। ਕੁਝ ਲੋਕ ਬਾਹਰੋਂ ਆ ਕੇ ਅਜਿਹਾ ਕਰ ਰਹੇ ਹਨ। ਸਰਦਾਰ ਲੋਕ ਵੀ ਆਏ ਸਨ। ਐਤਵਾਰ ਨੂੰ ਵੰਡਿਆ ਗਿਆ, ਸ਼ਨੀਵਾਰ ਨੂੰ ਵੰਡਿਆ ਗਿਆ ਅਤੇ ਲਗਾਤਾਰ ਤਿੰਨ-ਚਾਰ ਦਿਨਾਂ ਤੋਂ ਵੰਡਿਆ ਜਾ ਰਿਹਾ ਹੈ। ਸਵੇਰ ਤੋਂ ਸ਼ਾਮ ਤੱਕ ਕੋਈ ਨਿਰਧਾਰਤ ਸਮਾਂ ਨਹੀਂ ਹੈ... ਜਦੋਂ ਅਜਿਹੇ ਲੋਕ ਮਦਦ ਲਈ ਆਉਂਦੇ ਹਨ, ਔਰਤਾਂ ਬੱਚਿਆਂ ਨੂੰ ਲਾਈਨ 'ਚ ਲਗਾ ਲੈਂਦੀਆਂ ਹਨ। ਲੋਕ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਵੀ ਵੰਡ ਰਹੇ ਹਨ। ਜ਼ਿਆਦਾਤਰ ਪੈਸਾ ਅਤੇ ਮਦਦ ਔਰਤਾਂ ਅਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ।''

ਜਦੋਂ ਅਸੀਂ ਇਸ ਗਲੀ 'ਚ ਅੱਗੇ ਵਧੇ, ਅਸੀਂ ਵੇਖਿਆ ਕਿ ਭੋਜਨ ਵੱਡੇ ਭਾਂਡਿਆਂ ਵਿੱਚ ਪਕਾਇਆ ਜਾ ਰਿਹਾ ਹੈ। ਮੁਹੰਮਦ ਰਫ਼ੀਕ ਮਨਸੂਰੀ ਪਨਾਹ ਲੈਣ ਵਾਲੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕਰਦੇ ਹਨ।

ਤਸਵੀਰ ਸਰੋਤ, BBC/kirtidubey

ਤਸਵੀਰ ਕੈਪਸ਼ਨ,

ਜਦੋਂ ਅਸੀਂ ਇਸ ਗਲੀ 'ਚ ਅੱਗੇ ਵਧੇ, ਅਸੀਂ ਵੇਖਿਆ ਕਿ ਭੋਜਨ ਵੱਡੇ ਭਾਂਡਿਆਂ ਵਿੱਚ ਪਕਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਲੋਕ ਮਦਦ ਵਿੱਚ ਅਨਾਜ ਦੇ ਰਹੇ ਹਨ। ਬਹੁਤ ਸਾਰੇ ਲੋਕ ਤੁਗ਼ਲਕ਼ਾਬਾਦ ਤੋਂ ਆ ਰਹੇ ਹਨ ਅਤੇ ਭੋਜਨ ਦੇ ਰਹੇ ਹਨ। ਦਿੱਲੀ ਵਿੱਚ ਵੀ ਕਈ ਥਾਵਾਂ ਤੋਂ 10-20 ਕਿਲੋ ਅਨਾਜ ਦੀ ਸਹਾਇਤਾ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਇੱਥੇ ਆਪਣੇ ਘਰ ਛੱਡ ਕੇ ਆਏ ਹਨ ਉਨ੍ਹਾਂ ਨੂੰ ਖਾਣਾ ਮਿਲੇ। ਕਈਆਂ ਦੇ ਛੋਟੇ-ਛੋਟੇ ਬੱਚੇ ਹਨ।

ਤਸਵੀਰ ਸਰੋਤ, BBC/kirtidubey

ਤਸਵੀਰ ਕੈਪਸ਼ਨ,

ਮੁਹੰਮਦ ਰਫ਼ੀਕ ਮਨਸੂਰੀ ਪਨਾਹ ਲੈਣ ਵਾਲੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕਰਦੇ ਹਨ

ਬੀਬੀਸੀ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਵੀਡੀਓ ਵਿਚਲੇ ਦਾਅਵੇ ਅਨੁਸਾਰ ਦਿੱਲੀ ਵਿਚ ਹਿੰਸਾ ਭੜਕਾਉਣ ਲਈ ਪੈਸੇ ਨਹੀਂ ਵੰਡੇ ਗਏ ਸਨ। ਬਲਕਿ ਇਹ ਪੈਸਾ ਹਿੰਸਾ ਵਿੱਚ ਪੀੜਤ ਲੋਕਾਂ ਦੀ ਮਦਦ ਲਈ ਵੰਡਿਆ ਜਾ ਰਿਹਾ ਸੀ, ਨਾਲ ਹੀ ਇਹ ਵੀਡੀਓ ਸ਼ਿਵਪੁਰੀ ਤੋਂ ਫਰਾਰ ਹੋਣ ਤੋਂ ਬਾਅਦ ਬਾਬੂਗਰ ਵਿੱਚ ਪਨਾਹ ਲੈ ਰਹੇ ਪਰਿਵਾਰਾਂ ਦੀ ਹੈ। ਜਿਸ ਨੂੰ ਭੋਜਨ, ਦੁੱਧ ਅਤੇ ਕੱਪੜੇ ਵੀ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)