Immigration Punjab: ਪੰਜਾਬ ਦੇ ਸਰਦਾਰ ਵਿਦੇਸ਼ੀਂ ਜਾਣ ਲਈ 'ਗ਼ੁਲਾਮ' ਬਣਨ ਲਈ ਵੀ ਕਿਉਂ ਤਿਆਰ ਹੋ ਜਾਂਦੇ ਹਨ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
ਗ਼ੈਰ-ਕਾਨੂੰਨੀ ਪਰਵਾਸ

ਤਸਵੀਰ ਸਰੋਤ, Getty Images

ਬਠਿੰਡਾ ਦੇ ਇੱਕ ਪਿੰਡ ਦੇ ਰਹਿਣ ਵਾਲੇ 24 ਸਾਲਾ ਜਬਰਜੰਗ ਸਿੰਘ ਉਨ੍ਹਾਂ ਕਰੀਬ 150 ਭਾਰਤੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਅਮਰੀਕਾ ਨੇ ਕੁਝ ਸਮਾਂ ਪਹਿਲਾਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਕਰ ਕੇ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਸੀ।

ਜਬਰਜੰਗ ਸਿੰਘ ਦੇ ਪਿਤਾ ਬਲਕਰਨ ਸਿੰਘ, ਪਿੰਡ ਦਾਨ ਸਿੰਘ ਵਾਲਾ ਵਿੱਚ ਖੇਤੀ ਕਰਦੇ ਹਨ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਡਿਪੋਰਟ ਹੋਣ ਤੋਂ ਬਾਅਦ ਜਬਰਜੰਗ ਵਾਪਸ ਪਿੰਡ ਨਹੀਂ ਪਰਤਿਆ।" ਕਦੇ-ਕਦੇ ਫ਼ੋਨ ਕਰ ਦਿੰਦਾ ਹੈ ਕਿ ਉਹ ਦੋਸਤਾਂ ਨਾਲ ਹੈ।"

...................................................................................................................................

ਜਦੋਂ ਵੀ ਕਿਧਰੇ ਕੋਈ ਪਰਵਾਸ ਨਾਲ ਸਬੰਧਤ ਹਾਦਸਾ ਵਾਪਰੇ, ਕਿਸੇ ਮੁਲਕ ਦੇ ਹਾਲਾਤ ਖ਼ਰਾਬ ਹੋਣ ਤਾਂ ਪੰਜਾਬੀ ਚਿੰਤਾ ਵਿਚ ਡੁੱਬ ਜਾਂਦੇ ਹਨ। ਮਾਲਟਾ ਕਾਂਡ , ਡੌਂਕੀ ਰੂਟ ਉੱਤੇ ਮਿਲਦੀਆਂ ਲਾਸ਼ਾਂ ਅਤੇ ਡਿਟੈਸ਼ਨ ਸੈਂਟਰਾਂ ਵਿਚ ਪੰਜਾਬੀਆਂ ਦੀ ਮੌਜੂਦਗੀ ਸਣੇ ਕਈ ਹੋਰ ਅਨੇਕਾਂ ਘਟਨਾਵਾਂ ਪਰਵਾਸੀ ਪੰਜਾਬੀ ਸੰਕਟ ਦੀ ਗਵਾਹੀ ਭਰਦੀਆਂ ਹਨ। ਪੰਜਾਬ ਤੋਂ ਹੋਣ ਵਾਲੇ ਪਰਵਾਸ ਦੇ ਸੰਕਟ ਤੇ ਪੰਜਾਬੀ ਜਵਾਨੀ ਦੇ ਦੁਨੀਆਂ ਵਿਚ ਰੋਜ਼ੀ-ਰੋਟੀ ਲਈ ਰੁਲ਼ਣ ਦੇ ਵੱਖ ਵੱਖ ਪੱਖ਼ਾਂ ਨੂੰ ਉਜਾਗਰ ਕਰਦੀ ਹੈ, ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਲੜੀ Immigration Punjab . ਇਹ ਰਿਪੋਰਟਾਂ ਪਹਿਲੀ ਵਾਰ 22ਜਨਵਰੀ 2020 ਵੀ ਪ੍ਰਕਾਸ਼ਿਤ ਕੀਤੀਗਈ ਸੀ, ਇਸ ਨੂੰ ਤੁਹਾਡੀ ਰੂਚੀ ਲਈ ਦੁਬਾਰਾ ਛਾਪਿਆ ਜਾ ਰਿਹਾ ਹੈ।

......................................................................................................................................

ਉਨ੍ਹਾਂ ਦੱਸਿਆ ਕਿ ਲਗਭਗ 25 ਲੱਖ ਰੁਪਏ ਖ਼ਰਚ ਕਰਕੇ ਉਨ੍ਹਾਂ ਨੇ ਜਬਰਜੰਗ ਨੂੰ ਅਮਰੀਕਾ ਭੇਜਿਆ ਸੀ "ਪਰ ਸਾਰਾ ਪੈਸਾ ਖੇਹ ਹੋ ਗਿਆ ਹੈ।"

ਪੈਸੇ ਦੇ ਇੰਤਜ਼ਾਮ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਦੱਸਿਆ, "ਸਾਡੇ ਜ਼ਿਮੀਂਦਾਰਾਂ ਕੋਲ ਬੱਸ ਇਹੀ ਹੁੰਦਾ ਹੈ ਕਿ ਜਦੋਂ ਵੀ ਸਾਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਅਸੀਂ ਬੈਂਕ ਦੀਆਂ ਲਿਮਟਾਂ ਵਧਾ ਲੈਂਦੇ ਹਾਂ।"

ਕਿਵੇਂ ਪੈਂਦਾ ਹੈ ਦੂਜਿਆਂ ਦਾ ਅਸਰ?

ਕਰੀਬ 15 ਏਕੜ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਬਲਕਰਨ ਸਿੰਘ ਦੱਸਦੇ ਹਨ ਕਿ ਬਾਹਰ ਜਾਣ ਪਿੱਛੇ ਪੰਜਾਬੀਆਂ ਦੀ ਇੱਕੋ-ਇੱਕ ਮਜਬੂਰੀ ਹੈ—"ਚੰਗੀ ਨੌਕਰੀ ਦਾ ਨਾ ਮਿਲਣਾ। ਦੋ ਨੰਬਰ (ਗ਼ੈਰ-ਕਾਨੂੰਨੀ ਤਰੀਕੇ) 'ਚ ਵਿਦੇਸ਼ ਜਾਣਾ ਫਾਹਾ (ਫਾਂਸੀ) ਲੈਣ ਤੋਂ ਘੱਟ ਨਹੀਂ ਹੈ ਪਰ ਇਹ ਫਾਹਾ ਤਾਂ ਇਨਸਾਨ ਮਜਬੂਰੀ ਵਿੱਚ ਹੀ ਲਾ ਰਹੇ ਹਨ।"

ਉਨ੍ਹਾਂ ਨੇ ਦੱਸਿਆ ਕਿ ਜਬਰਜੰਗ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਅਤੇ ਪੜ੍ਹ-ਲਿਖ ਕੇ "ਕਿਹੜਾ ਨੌਜਵਾਨ ਮਿੱਟੀ ਨਾਲ ਮਿੱਟੀ ਹੋਣਾ ਚਾਹੁੰਦਾ ਹੈ? ਜਬਰਜੰਗ ਦਾ ਵੀ ਇਹੀ ਹਾਲ ਸੀ।"

"ਖੇਤੀ 'ਚ ਕਾਫ਼ੀ ਹੱਥ ਵਟਾਉਂਦਾ ਰਿਹਾ ਹੈ ਪਰ ਉਸ ਦੀਆਂ ਮਾਸੀਆਂ, ਮਾਮੇ ਸਾਰੇ ਅਮਰੀਕਾ ਵਿੱਚ ਸੈਟਲ ਹਨ। ਉਨ੍ਹਾਂ ਦੇ ਬੱਚੇ ਜਦੋਂ ਇੱਥੇ ਆਉਂਦੇ ਸਨ ਤਾਂ ਜਬਰਜੰਗ 'ਤੇ ਇਸ ਦਾ ਕਾਫ਼ੀ ਅਸਰ ਪੈਂਦਾ ਸੀ।"

"ਕਦੇ ਗੱਡੀ ਲੈ ਕੇ ਕਿਧਰ ਜਾਂਦੇ ਅਤੇ ਕਦੇ ਕਿਧਰ, ਇੰਜ ਲੱਗਦਾ ਸੀ ਕਿ ਬੱਸ ਜ਼ਿੰਦਗੀ ਵਿੱਚ ਮੌਜਾਂ ਹੀ ਮੌਜਾਂ ਹਨ। ਬੱਸ ਇਸੀ ਦਿਖਾਵੇ ਨੂੰ ਦੇਖ ਜਬਰਜੰਗ ਨੇ ਵੀ ਜ਼ਿੱਦ ਫੜ ਲਈ ਕਿ ਉਹ ਵੀ ਅਮਰੀਕਾ ਜਾਵੇਗਾ।"

ਵੀਡੀਓ ਕੈਪਸ਼ਨ,

'ਸਾਨੂੰ ਇਰਾਕ ਜਾ ਕੇ ਪਤਾ ਲੱਗਾ ਕਿ ਇਹ ਦੇਸ ਬੈਨ ਕੀਤਾ ਹੋਇਆ ਹੈ'

"ਕੈਨੇਡਾ ਤਾਂ ਸਾਡੇ ਪਿੰਡ ਤੋਂ ਬਹੁਤ ਸਾਰੇ ਲੋਕ ਗਏ ਹੋਏ ਹਨ ਪਰ ਅਮਰੀਕਾ ਕੋਈ ਨਹੀਂ। ਮੇਰੀ ਵੱਡੀ ਲੜਕੀ ਵੀ ਆਈਲੈਟਸ ਕਰ ਕੇ ਬਾਹਰ ਜਾਣ ਦੀ ਤਿਆਰੀ ਕਰ ਰਹੀ ਹੈ।"

ਲਗਭਗ 150 ਕਿਲੋਮੀਟਰ ਦੂਰ ਪੰਜਾਬ ਦੇ ਫਿਲੌਰ ਸ਼ਹਿਰ ਦੇ ਇਸ ਤੰਗ ਗਲੀਆਂ ਵਾਲੇ ਮੁਹੱਲੇ ਵਿੱਚ ਲਗਭਗ 50 ਮਕਾਨ ਹਨ ਜਿੰਨ੍ਹਾਂ ਵਿੱਚੋਂ 10 ਕੁ ਮਕਾਨ ਵਿਕਾਊ ਹਨ।

ਕਾਰਨ ਹੈ ਕਿ ਇੱਥੋਂ ਦੇ ਪਰਿਵਾਰ ਵਿਦੇਸ਼ੀਂ ਵਸੇ ਹੋਏ ਹਨ ਤੇ ਇਨ੍ਹਾਂ ਮਕਾਨਾਂ ਦੀ ਦੇਖ-ਰੇਖ ਕਰਨ ਵਾਲਾ ਕੋਈ ਨਹੀਂ ਹੈ।

ਮੁਹੱਲੇ ਦੇ ਬਾਕੀ ਘਰਾਂ ਦੇ ਲੋਕਾਂ ਵਿੱਚ ਵੀ ਵਿਦੇਸ਼ ਜਾਣ ਦੀ ਧੁਨ ਸਵਾਰ ਹੈ। ਹਾਲਾਂਕਿ, ਜਿੰਨ੍ਹਾਂ ਨੂੰ 31 ਸਾਲਾ ਸੁਰੇਸ਼ ਤਿਵਾੜੀ ਬਾਰੇ ਪਤਾ ਹੈ ਉਹ ਬਾਹਰ ਜਾਣ ਦੇ ਨਾਂ ਤੋਂ ਵੀ ਘਬਰਾਉਂਦੇ ਹਨ।

ਕੁਝ ਹੀ ਦਿਨ ਪਹਿਲਾਂ ਤੱਕ ਸੁਰੇਸ਼ ਤਿੰਨ ਸਾਲ ਤੋਂ ਸਾਉਦੀ ਅਰਬ ਵਿੱਚ ਰਹਿ ਕੇ "ਗ਼ੁਲਾਮਾਂ ਵਰਗੀ ਜ਼ਿੰਦਗੀ" ਬਤੀਤ ਕਰ ਰਿਹਾ ਸੀ।

ਸੁਰੇਸ਼ ਦੱਸਦੇ ਹਨ, "ਪਤਾ ਨਹੀਂ ਤੁਸੀਂ ਉਸ ਨੂੰ ਰਾਤ ਕਹੋਗੇ ਜਾਂ ਤੜਕੇ, ਪਰ ਸਾਨੂੰ ਤਿੰਨ ਵਜੇ ਉੱਠਾ ਦਿੱਤਾ ਜਾਂਦਾ ਸੀ ਤੇ ਰਾਤ ਨੌਂ ਵਜੇ ਤੱਕ ਮਜ਼ਦੂਰਾਂ ਵਾਂਗ ਕੰਮ ਕਰਨਾ ਪੈਂਦਾ ਸੀ।"

ਤਸਵੀਰ ਕੈਪਸ਼ਨ,

ਸੁਰੇਸ਼ ਤਿਵਾੜੀ ਨੇ ਵਿਦੇਸ਼ ਵਿੱਚ ਕਾਫੀ ਖ਼ਰਾਬ ਹਾਲਾਤ ਵਿੱਚ ਸਮਾਂ ਗੁਜ਼ਾਰਿਆ ਹੈ

"ਕਈ ਦਿਨਾਂ ਜਾਂ ਹਫ਼ਤਿਆਂ ਬਾਅਦ ਸਾਨੂੰ ਸਾਡਾ ਮਾਲਕ ਜੋ ਕਿ ਇੱਕ ਸ਼ੇਖ਼ ਸੀ, ਇੱਕ ਵੱਡੇ ਬਰਤਨ ਵਿੱਚ ਸਬਜ਼ੀ ਤੇ ਬਹੁਤ ਸਾਰੀਆਂ ਰੋਟੀਆਂ ਦੇ ਜਾਂਦਾ ਸੀ। ਇੱਕ ਜਾਂ ਦੋ ਦਿਨ ਉਹ ਰੋਟੀਆਂ ਖਾਣ ਲਾਇਕ ਹੁੰਦੀਆਂ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਤੋੜਨ ਲਈ ਪੱਥਰ ਜਾਂ ਹਥੌੜੇ ਦਾ ਇਸਤੇਮਾਲ ਕਰਨਾ ਪੈਂਦਾ ਸੀ।"

ਸੁਰੇਸ਼ ਨੇ ਬੀ.ਏ. ਪਾਸ ਕੀਤੀ ਹੋਈ ਹੈ। ਉਨ੍ਹਾਂ ਅੱਗੇ ਦੱਸਿਆ, "ਵਿਦੇਸ਼ ਪੁੱਜਣ ਦੇ ਇੱਕ ਮਹੀਨੇ ਵਿੱਚ ਹੀ ਸਾਰੇ ਸੁਪਨੇ ਚਕਨਾਚੂਰ ਹੋ ਗਏ ਸਨ। ਏਜੰਟ ਨੇ ਵਾਅਦਾ ਕੀਤਾ ਸੀ ਲੱਖ ਸਵਾ ਲੱਖ ਤਨਖ਼ਾਹ ਮਿਲੇਗੀ ਤੇ ਮਾਣ ਸਮਾਨ ਵੀ।"

"ਜਦਕਿ ਜਿਸ ਥਾਂ 'ਤੇ ਮੈਂ ਕੰਮ ਕਰਦਾ ਸੀ ਉੱਥੋਂ ਵਾਪਸ ਆਉਣਾ ਤਾਂ ਦੂਰ ਇਮਾਰਤ ਤੋਂ ਬਾਹਰ ਨਿਕਲਣਾ ਵੀ ਸੰਭਵ ਨਹੀਂ ਸੀ। ਉੱਥੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਤੇ ਮੈਨੂੰ ਪਤਾ ਲਗਿਆ ਕਿ ਉਨ੍ਹਾਂ ਨੇ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ।"

"ਮੇਰੀ ਹਾਲਤ ਵੀ ਦਿਨ-ਬ-ਦਿਨ ਵਿਗੜਦੀ ਗਈ ਤੇ ਮੈਂ ਵੀ ਖ਼ੁਦਕੁਸ਼ੀ ਕਰਨ ਬਾਰੇ ਸੋਚਣ ਲਗਿਆ। ਕਿਸੇ ਪਾਸੇ ਤੋਂ ਮਦਦ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ। ਮੈਂ ਤਾਂ ਘਰੇ ਆਪਣੀ ਮਾਂ ਨੂੰ ਫ਼ੋਨ ’ਤੇ ਕਹਿ ਦਿੱਤਾ ਸੀ ਸਮਝ ਲਓ ਕਿ ਤੁਹਾਡੇ ਦੋ ਪੁੱਤਰ ਹਨ ਤੀਜਾ ਨਹੀਂ ਹੈ।"

"ਫੇਰ ਮੇਰੇ ਭਰਾ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਇੱਕ ਵੀਡੀਓ ਬਣਾ ਤੇ ਸਾਨੂੰ ਭੇਜ ਦੇ। ਇੱਕ ਦਿਨ ਮੈਂ ਉੱਥੇ ਕਿਸੇ ਤੋਂ ਥੋੜ੍ਹੀ ਦੇਰ ਵਾਸਤੇ ਫ਼ੋਨ ਲਿਆ ਤੇ ਆਪਣੀ ਹੱਡ ਬੀਤੀ ਵਾਲਾ ਵੀਡੀਓ ਬਣਾ ਕੇ ਮਦਦ ਦੀ ਅਪੀਲ ਕੀਤੀ।"

"ਮੇਰੇ ਭਰਾਵਾਂ ਤੇ ਦੋਸਤਾਂ ਨੇ ਵੀਡੀਓ ਸਾਰਿਆਂ ਨਾਲ ਸਾਂਝਾ ਕਰ ਦਿੱਤਾ ਤੇ ਉਹ ਵਾਇਰਲ ਹੋ ਗਿਆ। ਉੱਥੇ ਰਹਿਣ ਵਾਲੇ ਕੁਝ ਪੰਜਾਬੀਆਂ ਨੇ ਮੈਨੂੰ ਵਾਪਸ ਦੇਸ਼ ਭੇਜਣ ਵਿੱਚ ਮਦਦ ਕੀਤੀ ਤੇ 30 ਨਵੰਬਰ ਨੂੰ ਮੈਂ ਵਾਪਸ ਘਰ ਪਰਤ ਆਇਆ।"

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੁਰੇਸ਼ ਨੇ ਵਿਦੇਸ਼ ਜਾਣ ਤੋਂ ਤੌਬਾ ਕੀਤੀ ਅਤੇ ਆਖਿਆ ਕਿ ਉਹ "ਇੱਥੇ ਹੀ 10-12 ਹਜ਼ਾਰ ਕਮਾ ਕੇ ਗੁਜ਼ਾਰਾ ਕਰ ਲਵਾਂਗਾ"।

ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਦੇ ਘਰ-ਘਰ ਵਿੱਚ ਹੈ। ਉਹ ਭਾਵੇਂ ਕਾਨੂੰਨੀ ਰਸਤਾ ਹੋਵੇ ਜਾਂ ਫਿਰ ਗ਼ੈਰ-ਕਾਨੂੰਨੀ, ਬੱਸ ਵਿਦੇਸ਼ ਜਾਣਾ ਹੈ।

ਵਿਦੇਸ਼ ਜਾਣ ਵਾਲੇ ਨੌਜਵਾਨ (ਖਾਸ ਤੌਰ 'ਤੇ ਗ਼਼ੈਰ-ਕਾਨੂੰਨੀ ਤਰੀਕੇ ਨਾਲ) ਅਤੇ ਉਹਨਾਂ ਦੇ ਮਾਪੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ ਕਿ ਵਿਦੇਸ਼ ਜਾਣ ਦਾ ਰਸਤਾ ਸੌਖਾ ਨਹੀਂ ਹੈ, ਜ਼ਿੰਦਗੀ ਨੂੰ ਵੀ ਖ਼ਤਰਾ ਹੋ ਸਕਦਾ ਹੈ ਪਰ ਤਮਾਮ ਖ਼ਤਰਿਆਂ ਦੇ ਬਾਵਜੂਦ ਉਹ ਵਿਦੇਸ਼ ਜਾਣ ਲਈ ਤਿਆਰ ਹੋ ਜਾਂਦੇ ਹਨ।

ਪਰਵਾਸ ਦਾ ਪੱਧਰ

ਆਖਰ ਇਸ ਦੇ ਕੀ ਕਾਰਨ ਹਨ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਜਾਣ ਲਈ ਵੀ ਤਿਆਰ ਰਹਿੰਦੇ ਹਨ? ਇਸ ਦੀ ਵੀ ਗੱਲ ਕਰਾਂਗੇ ਪਰ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕਿੰਨੇ ਲੋਕ ਅਜਿਹਾ ਕਰਦੇ ਹਨ।

ਇਸ ਦੇ ਸਹੀ ਅੰਕੜੇ ਕਿਸੇ ਕੋਲ ਮੌਜੂਦ ਨਹੀਂ ਹਨ। ਭਾਰਤੀ ਵਿਦੇਸ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਡਿਪੋਰਟ ਹੋਣ ਵਾਲੇ ਤਾਂ ਵਾਪਸ ਆ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਮੈਕਸੀਕੋ ਜਾਂ ਹੋਰ ਰਸਤਿਆਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਮਾਰੇ ਵੀ ਜਾਂਦੇ ਹਨ ਜਿੰਨਾਂ ਬਾਰੇ ਕੋਈ ਵੀ ਖ਼ਬਰ ਇੱਥੇ ਨਹੀਂ ਪੁੱਜਦੀ।

ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਅਤੇ ਪੰਜਾਬ ਪੁਲਿਸ ਕੋਲ ਵਿਦੇਸ਼ਾਂ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਕੋਈ ਸੂਚੀ ਮੌਜੂਦ ਨਹੀਂ ਹੈ।

ਪੰਜਾਬ ਦੇ ਇੰਟੈਲੀਜੈਂਸ ਵਿਭਾਗ ਦੇ ਦੋ ਅਧਿਕਾਰੀਆਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸੂਬੇ ਕੋਲ ਅਜਿਹਾ ਕੋਈ ਵੀ ਅੰਕੜਾ ਨਹੀਂ ਹੈ। ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਫ਼ਸਰ ਸਿਭਾਸ਼ ਕਬੀਰਾਜ ਨੇ ਵੀ ਅਜਿਹੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।

ਮੈਕਸੀਕੋ ਤੋਂ ਡਿਪੋਰਟ ਹੋਣ ਵਾਲਿਆਂ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਸਾਂਸਦ ਸਯਾਦ ਅਹਿਮਦ ਦੇ ਲੋਕ ਸਭਾ ਵਿੱਚ ਸਵਾਲ ਕੀਤਾ ਸੀ।

ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਆਖਿਆ ਕਿ ਦੂਜੇ ਦੇਸ਼ਾਂ ਵਿਚ ਕਿੰਨੇ ਲੋਕ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਇਸ ਬਾਰ ਅੰਕੜੇ ਜੁਟਾਉਣਾ ਸੰਭਵ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਪ੍ਰਾਇਵੇਸੀ ਦੇ ਕਾਰਨ ਅਜਿਹੇ ਆਂਕੜੇ ਸਾਂਝੇ ਨਹੀ ਕਰਦੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਬਾਰੇ ਉਦੋਂ ਹੀ ਪਤਾ ਲਗਦਾ ਹੈ, ਜਦੋਂ ਉਨ੍ਹਾਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਆਉਂਦੀ ਹੈ ਜਾਂ ਫੇਰ ਉੱਥੇ ਉਹ ਕਿਸੇ ਮੁਸ਼ਕਲ ਵਿੱਚ ਹੋਣ।

ਕਈ ਹਾਦਸੇ

ਪਰਵਾਸੀ ਪੰਜਾਬੀਆਂ ਅਤੇ ਗ਼ੈਰ-ਕਾਨੂੰਨੀ ਤਰੀਕੇ ਪਰਵਾਸ ਕਰਨ ਵਾਲੇ ਪੰਜਾਬੀਆਂ ਦੀਆਂ ਸਮੇਂ-ਸਮੇਂ 'ਤੇ ਵਾਪਰੇ ਕੁਝ ਵੱਡੇ ਹਾਦਸਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਪਿਛਲੇ ਸਾਲ 18 ਅਕਤੂਬਰ ਨੂੰ 311 ਭਾਰਤੀਆਂ ਨੂੰ ਮੈਕਸੀਕੋ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ। ਇਹ ਸਾਰੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੀ ਫ਼ਿਰਾਕ 'ਚ ਸਨ।

ਨਵੰਬਰ ਦੇ ਮਹੀਨੇ ਫੇਰ 150 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਪਿਛਲੇ ਦੋ ਮਹੀਨਿਆਂ ਦੌਰਾਨ ਪਹਿਲਾਂ ਕਦੇ ਲੋਕ ਡਿਪੋਰਟ ਨਹੀਂ ਹੋਏ ਸਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਅਮਰੀਕਾ ਵਿੱਚ ਇੱਕ ਕੰਧ ਤੋਂ ਸਰਹੱਦ ਪਾਰ ਕਰਕੇ ਬੱਚੇ (ਸੰਕੇਤਕ ਤਸਵੀਰ)

ਇਸ ਦਾ ਕਾਰਨ ਅਮਰੀਕਾ ਤੇ ਮੈਕਸੀਕੋ ਵੱਲੋਂ ਕੀਤੀ ਸਖ਼ਤੀ ਨੂੰ ਦੱਸਿਆ ਜਾਂਦਾ ਹੈ ਪਰ ਪੰਜਾਬ ਵਿੱਚ ਆਏ ਦਿਨ ਲੋਕ ਡਿਪੋਰਟ ਹੁੰਦੇ ਰਹਿੰਦੇ ਹਨ।

ਜੂਨ ਵਿੱਚ 6 ਸਾਲਾ ਪਰਵਾਸੀ ਬੱਚੀ ਗੁਰਪ੍ਰੀਤ ਕੌਰ ਦੀ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦਿਆਂ ਐਰੀਜ਼ੋਨਾ ਵਿੱਚ ਗਰਮੀ ਕਾਰਨ ਮੌਤ ਹੋ ਗਈ ਸੀ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਿਕ ਉਸ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਹ ਅਮਰੀਕਾ ਵਿੱਚ ਸ਼ਰਨ ਲੈਣ ਜਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਇਸ ਦੀ 'ਤਾਂਘ' ਸੀ।

ਮਰਹੂਮ ਦੀ 27 ਸਾਲਾ ਮਾਂ ਤੇ 33 ਸਾਲਾ ਪਿਤਾ ਨੇ 'ਯੂ.ਐੱਸ. ਸਿੱਖ ਕੋਲੀਸ਼ਨ ਸੰਸਥਾ' ਵੱਲੋਂ ਇੱਕ ਸਾਂਝਾ ਬਿਆਨ ਵਿੱਚ ਕਿਹਾ ਸੀ, "ਅਸੀਂ ਆਪਣੀ ਧੀ ਲਈ ਸੁਰੱਖਿਅਤ ਤੇ ਚੰਗੀ ਜ਼ਿੰਦਗੀ ਚਾਹੁੰਦੇ ਸੀ ਇਸ ਲਈ ਅਸੀਂ ਅਮਰੀਕਾ ਵਿੱਚ ਸ਼ਰਨ ਮੰਗਣ ਦਾ ਬੇਹੱਦ ਔਖਾ ਫ਼ੈਸਲਾ ਲਿਆ ਸੀ।"

ਸਾਲ 1996 ਵਿੱਚ ਅਫ਼ਰੀਕਾ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹੋਏ ਮੁੰਡਿਆਂ ਦੀ ਕਿਸ਼ਤੀ ਮਾਲਟਾ ਨੇੜੇ ਸਮੁੰਦਰ ਵਿੱਚ ਡੁੱਬ ਗਈ ਸੀ।

ਇਸ ਕਾਂਡ ਵਿੱਚ ਮਰਨ ਵਾਲਿਆਂ ਵਿੱਚੋਂ 170 ਮੁੰਡੇ ਚੜ੍ਹਦੇ ਪੰਜਾਬ ਤੋਂ ਸਨ। ਮਾਲਟਾ ਕਾਂਡ ਦੇ ਨਾਂ ਨਾਲ ਜਾਣੀ ਜਾਂਦੀ ਇਸ ਤ੍ਰਾਸਦੀ ਦੌਰਾਨ ਕਰੀਬ 270 ਜਣਿਆਂ ਦੀ ਮੌਤ ਹੋ ਗਈ ਸੀ।

ਮਾਲਟਾ ਕਾਂਡ ਬਾਰੇ ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੰਜਾਬੀਆਂ ਦੀ ਯਾਦਾਂ ਵਿੱਚ ਮਾਲਟਾ ਬੋਟ ਤ੍ਰਾਸਦੀ ਤੇ ਪਨਾਮਾ ਤ੍ਰਾਸਦੀ ਦੀਆਂ ਪਰਵਾਸ ਨਾਲ ਜੁੜੀਆਂ ਮਾੜੀਆਂ ਯਾਦਾਂ ਹਨ

ਜਨਵਰੀ 2016 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਕਿਸ਼ਤੀ ਡੁੱਬਣ ਕਰ ਕੇ ਮੌਤ ਹੋ ਗਈ ਸੀ। ਇਹ ਹਾਦਸਾ ਦੱਖਣੀ ਅਮਰੀਕੀ ਦੇਸ ਪਨਾਮਾ ਨੇੜੇ ਵਾਪਰਿਆ ਸੀ। ਇਸ ਹਾਦਸੇ ਵਿੱਚ 20 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ।

ਸਾਲ 2014 ਦੇ ਜੂਨ ਮਹੀਨੇ ਵਿੱਚ ਇਰਾਕ ਵਿੱਚ 39 ਭਾਰਤੀਆਂ ਨੂੰ ਆਈਐੱਸਆਈਐੱਸ ਵੱਲੋਂ ਬੰਦੀ ਬਣਾਉਣ ਦੀ ਖ਼ਬਰ ਆਈ ਸੀ।

ਪੂਰੀ ਪੜਤਾਲ ਦੌਰਾਨ ਇੱਕ ਸਮੂਹਿਕ ਕਬਰ ਮਿਲੀ ਜਿਸ ਵਿੱਚ ਪਈਆਂ ਲਾਸ਼ਾਂ ਦੀ ਡੀਐੱਨਏ ਜ਼ਰੀਏ ਸ਼ਨਾਖ਼ਤ ਕੀਤੀ ਗਈ। ਉਹ ਲਾਸ਼ਾਂ ਉਨ੍ਹਾਂ 39 ਭਾਰਤੀਆਂ ਦੀਆਂ ਹੀ ਸਨ ਜਿੰਨਾ ਨੂੰ ਕੱਟੜਪੰਥੀਆਂ ਨੇ ਅਗਵਾ ਕੀਤਾ ਸੀ।

ਵਿਦੇਸ਼ਾਂ ਵਿਚ ਜਾਣ ਦੇ ਕਾਰਨ

ਬੀਬੀਸੀ ਪੰਜਾਬੀ ਨੇ ਕਈ ਜਾਣਕਾਰਾਂ ਨਾਲ ਗੱਲਬਾਤ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਕੀ ਕਾਰਨ ਹੈ ਕਿ ਜਾਨ 'ਤੇ ਖੇਡ ਕੇ ਵੀ ਪੰਜਾਬ ਤੇ ਕੁਝ ਹੱਦ ਤੱਕ ਹਰਿਆਣਾ ਦੇ ਲੋਕ ਬਾਹਰ ਜਾਣ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਦਿਲਚਸਪ ਗੱਲ ਹੈ ਕਿ ਜਾਣਕਾਰਾਂ ਦੀ ਇਸ ਬਾਰੇ ਵੱਖ-ਵੱਖ ਰਾਇ ਸੀ।

ਰਿਸਰਚ ਸੈਂਟਰ ਕਰਿਡ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਬੜੀ ਵੱਡੀ ਸਮੱਸਿਆ ਬਣ ਚੁੱਕੀ ਹੈ।

ਉਹਨਾਂ ਕਿਹਾ ਕਿ ਦੁਆਬੇ ਖੇਤਰ ਵਿੱਚ ਇਹ ਖ਼ਾਸ ਤੌਰ 'ਤੇ ਵੇਖਣ ਨੂੰ ਮਿਲਦਾ ਰਿਹਾ ਹੈ ਤੇ ਲਗਭਗ 25 ਫ਼ੀਸਦੀ ਘਰਾਂ ਵਿੱਚ ਘਟੋਂ- ਘੱਟ ਇੱਕ ਬੰਦਾ ਵਿਦੇਸ਼ ਵਿੱਚ ਹੈ ਤੇ ਇਸੇ ਤਰੀਕੇ ਨਾਲ ਮਾਲਵੇ ਵਿੱਚ 5 ਫ਼ੀਸਦੀ ਤੇ ਮਾਝੇ ਵਿਚ 8 ਫ਼ੀਸਦੀ ਰੁਝਾਨ ਹੈ। ਮਾਹਿਰਾਂ ਮੁਤਾਬਿਕ ਪ੍ਰਮੁੱਖ ਕਾਰਨ ਇਸ ਪ੍ਰਕਾਰ ਹਨ:

ਰੁਜ਼ਗਾਰ ਦੀ ਘਾਟ

ਸੈਂਟਰ ਫਾਰ ਮੌਨੀਟਰਿੰਗ ਆਫ ਇੰਡੀਅਨ ਇਕੋਨੌਮੀ (CMIE) ਦੇ ਮੁਤਾਬਿਕ ਦਸੰਬਰ 2019 ਤੱਕ ਪੰਜਾਬ ਦੀ ਬੇਰੁਜ਼ਗਾਰੀ ਦੀ ਦਰ 8.2 ਫ਼ੀਸਦੀ ਸੀ ਜੋ ਕਿ ਦੇਸ਼ ਦੀ 7.6 ਦੀ ਦਰ ਤੋਂ ਵਧ ਸੀ।

ਰਿਸਰਚ ਸੈਂਟਰ ਕਰਿਡ ਦੇ ਪ੍ਰੋਫੇਸਰ ਸੁੱਚਾ ਸਿੰਘ ਗਿੱਲ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਤੋਂ ਇਲਾਵਾ ਚੰਗੀ ਨੌਕਰੀ ਨਾ ਮਿਲਣਾ ਇੱਕ ਵੱਡਾ ਕਾਰਨ ਹੈ।

ਉਨ੍ਹਾਂ ਕਿਹਾ, "ਤੁਸੀਂ ਵੇਖ ਰਹੇ ਹੋਵੋਗੇ ਕਿ ਅਧਿਆਪਕਾਂ ਨੂੰ 42,000 ਦੀ ਥਾਂ 15,000 ਹਜ਼ਾਰ ਰੁਪਏ ਦੀ ਤਨਖ਼ਾਹ ਦਿੱਤੀ ਜਾ ਰਹੀ ਹੈ। ਕਾਲਜਾਂ ਵਿੱਚ 1996 ਤੋਂ ਬਾਅਦ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਤੇ ਦੋ ਤਿਹਾਈ ਪੋਸਟਾਂ ਖ਼ਾਲੀ ਹਨ।"

"ਟੈਕਨਾਲੌਜੀ ਤੇ ਬੀ ਐਡ ਕਾਲਜ ਬੰਦ ਹੋ ਰਹੇ ਹਨ। ਰੋਜ਼ਗਾਰ ਦਾ ਪੱਧਰ ਵੀ ਖ਼ਤਮ ਹੋ ਗਿਆ ਹੈ। ਠੇਕੇ ਉੱਤੇ ਨੌਕਰੀਆਂ ਮਿਲਦੀਆਂ ਹਨ। ਛੋਟੀ ਕਿਸਾਨੀ ਦਾ ਗੁਜ਼ਾਰਾ ਔਖਾ ਹੈ। ਇਸ ਕਰ ਕੇ ਬੱਸ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਭਾਵੇਂ ਫਿਰ ਉਹ ਤਰੀਕਾ ਕਾਨੂੰਨੀ ਹੋਵੇ ਭਾਵੇਂ ਗੈਰ-ਕਾਨੂੰਨੀ।"

ਫਿਲੌਰ ਦੇ ਨੌਜਵਾਨ ਸੁਰੇਸ਼ ਤਿਵਾੜੀ ਨੇ ਦੱਸਿਆ ਕਿ ਉਹ ਬੀਏ ਪਾਸ ਹਨ ਪਰ ਨੌਕਰੀ ਉਨ੍ਹਾਂ ਨੂੰ 10 ਤੋਂ 12,000 ਤੋਂ ਵੱਧ ਨਹੀਂ ਮਿਲਦੀ। ਇਸੇ ਕਰ ਕੇ ਉਨ੍ਹਾਂ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ।

ਹਾਲਾਂਕਿ ਪੰਜਾਬ ਸਰਕਾਰ ਨਹੀਂ ਮੰਨਦੀ ਕਿ ਬੇਰੁਜ਼ਗਾਰੀ ਕਰ ਕੇ ਲੋਕ ਵਿਦੇਸ਼ ਜਾ ਰਹੇ ਹਨ। ਸਵਾਲ ਦੇ ਜਵਾਬ ਵਿੱਚ ਕੈਬਿਨਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਆਖਿਆ ਕਿ ਸਰਕਾਰ ਨੇ ਦਸ ਲੱਖ ਤੋਂ ਵਧ ਨੌਕਰੀਆਂ ਦਿੱਤੀਆਂ ਹਨ ਤੇ ਹੋਰ 20,000 ਨੌਕਰੀਆਂ ਜਲਦੀ ਹੀ ਦਿੱਤੀਆਂ ਜਾਣਗੀਆਂ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਵਿੱਚ ਟਾਈਮ ਜ਼ਰੂਰ ਲੱਗ ਰਿਹਾ ਹੈ ਕਿਉਂਕਿ ਰਾਤੋਂ ਰਾਤ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤੇ ਚੀਜ਼ਾਂ ਬਦਲਣ ਨੂੰ ਵਕਤ ਤਾਂ ਲਗਦਾ ਹੀ ਹੈ।"

ਖੇਤੀ ਲਈ ਜ਼ਮੀਨ ਘਟਦੀ ਹੋਈ

ਖੇਤੀਯੋਗ ਜ਼ਮੀਨ ਦਾ ਲਗਾਤਾਰ ਘਟਣਾ ਵੀ ਲੋਕਾਂ ਦੇ ਵਿਦੇਸ਼ ਜਾਣ ਪਿੱਛੇ ਇੱਕ ਕਾਰਨ ਹੈ। ਇਸ ਦੀ ਤਸਦੀਕ ਕੈਬਿਨੇਟ ਮੰਤਰੀ ਰਾਣਾ ਬਲਬੀਰ ਸਿੰਘ ਸੋਢੀ ਹੀ ਕਰਦੇ ਹਨ।

ਉਹ ਕਹਿੰਦੇ ਹਨ, "ਜੇ ਮੇਰੇ ਕੋਲ 10 ਏਕੜ ਜ਼ਮੀਨ ਸੀ ਤੇ ਮੇਰੇ ਦੋ ਮੁੰਡੇ ਤੇ ਇੱਕ ਕੁੜੀ ਹੈ। ਨਵੇਂ ਕਾਨੂੰਨ ਕਰ ਕੇ ਮੇਰੀ ਜ਼ਮੀਨ ਮੇਰੇ ਤਿੰਨੇ ਬਚਿਆਂ ਵਿੱਚ ਵੰਡੀ ਜਾਵੇਗੀ। ਆਮਦਨ ਤੇ ਜ਼ਮੀਨ ਵੰਡੀ ਜਾਣ ਕਰ ਕੇ ਘੱਟ ਰਹੀ ਹੈ ਤੇ ਖ਼ਰਚੇ ਵੱਧ ਰਹੇ ਹਨ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਟਰੰਪ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਹੈ

"ਜ਼ਮੀਨ ਦੇ ਘਟਣ ਦੀ ਤਸਦੀਕ ਅੰਕੜੇ ਵੀ ਕਰਦੇ ਹਨ। ਇਸ ਸਾਲ ਜਾਰੀ ਕੀਤੇ ਗਏ ਸਾਲ 2015-16 ਦੇ ਖੇਤੀ ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਇੱਕ ਹੈਕਟੇਅਰ ਤੋਂ ਥੱਲੇ ਵਾਲਿਆਂ ਦੀ ਜ਼ਮੀਨ (operational holdings of the marginal group below one hectare) ਵਿੱਚ ਛੇ ਫ਼ੀਸਦੀ ਦਾ ਘਾਟਾ ਵੇਖਣ ਨੂੰ ਮਿਲਿਆ ਹੈ।

2010-11 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਮਾਰਜਿਨਲ ਗਰੁੱਪ ਕੋਲ ਜ਼ਮੀਨਾਂ ਦੀ ਗਿਣਤੀ 1,64,000 ਹੈਕਟੇਅਰ ਸੀ ਜੋ ਹੁਣ ਘੱਟ ਕੇ 1,54,000 ਹੈਕਟੇਅਰ ਰਹਿ ਗਈ ਹੈ।

ਵੇਖਾ-ਵੇਖੀ ਬਾਹਰ ਜਾਣ ਦਾ ਰੁਝਾਨ

ਚੰਡੀਗੜ੍ਹ ਦੇ ਕਰਿਡ ਦੇ ਪ੍ਰੋਫੇਸਰ ਅਸ਼ਵਨੀ ਕੁਮਾਰ ਨੰਦਾ ਨੇ ਪੰਜਾਬੀਆਂ ਦੇ ਵਿਦੇਸ਼ ਜਾਣ ਬਾਰੇ ਕਾਫ਼ੀ ਖੋਜ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਪੰਜਾਬ ਵਿੱਚੋਂ ਵਿਦੇਸ਼ ਜਾਣਾ ਇੱਕ ਸੱਭਿਆਚਾਰ ਹੈ। ਜੋ ਕਾਨੂੰਨੀ ਤੌਰ ਉੱਤੇ ਵਿਦੇਸ਼ ਨਹੀਂ ਜਾ ਸਕਦੇ, ਉਹ ਗ਼ੈਰ-ਕਾਨੂੰਨੀ ਤੌਰ ਉੱਤੇ ਜਾਣ ਲਈ ਤਿਆਰ ਹੋ ਜਾਂਦੇ ਹਨ। ਪੰਜਾਬ ਵਿੱਚ ਪੜ੍ਹਾਈ ਲੋਕ ਇਹ ਸੋਚ ਕੇ ਕਰਦੇ ਹਨ ਕਿ ਇਸ ਦਾ ਕੈਨੇਡਾ ਵਿਖੇ ਕਿੰਨਾ ਭਵਿੱਖ ਹੈ।"

"ਪਹਿਲਾਂ ਲੋਕ ਬੀ ਏ ਪਾਸ ਜਾਂ ਗਰੈਜੂਏਟ ਹੋ ਕੇ ਜਾਂਦੇ ਸੀ ਹੁਣ ਦਸਵੀਂ ਜਾਂ ਪਲੱਸ-ਟੂ ਕਰ ਕੇ ਹੀ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੈਨੇਡਾ ਲਈ ਵੀਜ਼ਾ ਲੱਗਣ ਵਾਲਿਆਂ 'ਚੋਂ 60 ਫ਼ੀਸਦੀ ਪੰਜਾਬੀ ਹੁੰਦੇ ਹਨ।"

ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਕਈ ਪੰਜਾਬੀਆਂ ਨੂੰ ਸਵਾਲ ਕੀਤੇ ਕਿ ਉਹ ਵਿਦੇਸ਼ ਕਿਉਂ ਜਾਣਾ ਚਾਹੁੰਦੇ ਹਨ ਤਾਂ ਅੱਗੋਂ ਜਵਾਬ ਦੀ ਥਾਂ ਸਵਾਲ ਹੁੰਦਾ ਹੈ ਕਿ "ਪੰਜਾਬ ਵਿੱਚ ਰਹਿ ਕੇ ਅਸੀਂ ਕੀ ਕਰ ਲਵਾਂਗੇ।"

ਤਸਵੀਰ ਸਰੋਤ, PUNEET BARNALA/BBC

ਉਨ੍ਹਾਂ ਨੇ ਵੇਖਿਆ ਹੁੰਦਾ ਹੈ ਕਿ ਉਨ੍ਹਾਂ ਦੇ ਆਲ਼ੇ ਦੁਆਲੇ ਬਹੁਤ ਸਾਰੇ ਲੋਕਾਂ ਨੇ ਕਾਫ਼ੀ ਪੈਸਾ ਕਮਾਇਆ ਹੈ ਅਤੇ ਉਹ ਵੀ ਇਹੀ ਸਭ ਕਰਨਾ ਚਾਹੁੰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋ ਜਾਂਦੇ ਹਨ ਕਿਉਂਕਿ ਉੱਥੇ ਜ਼ਿੰਦਗੀ ਇੰਨੀ ਸੌਖੀ ਨਹੀਂ ਹੈ, ਜਿੰਨੀ ਦਿਖਾਈ ਦਿੰਦੀ ਹੈ।"

ਜਲੰਧਰ ਜ਼ਿਲ੍ਹੇ ਦੇ ਛੋਕਰਾਂ ਪਿੰਡ ਦੇ ਸੰਦੀਪ ਕੁਮਾਰ ਸਮੇਤ ਚਾਰ ਨੌਜਵਾਨ ਜੁਲਾਈ ਦੇ ਮਹੀਨੇ ਭਾਰਤ ਸਰਕਾਰ ਦੀ ਮਦਦ ਨਾਲ ਇਰਾਕ ਤੋਂ ਦੇਸ਼ ਪਰਤੇ ਸਨ।

ਇੱਥੇ ਪਲੰਬਰ ਵਜੋਂ ਕੰਮ ਕਰਨ ਵਾਲੇ ਸੰਦੀਪ ਅਤੇ ਉਸ ਦੇ ਸਾਥੀਆਂ ਨੇ ਰੋਜ਼ੀ-ਰੋਟੀ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ। ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਇਰਾਕ ਦੇ ਕਈ ਹਿੱਸਿਆਂ ਵਿੱਚ ਲੜਾਈ ਲੱਗੀ ਸੀ ਤੇ ਭਾਰਤ ਸਰਕਾਰ ਨੇ ਵੀ ਉੱਥੋਂ ਦੇ ਕੁਝ ਹਿੱਸਿਆਂ ਵਿੱਚ ਜਾਣ ਦੇ ਖ਼ਿਲਾਫ਼ ਐਡਵਾਈਜ਼ਰੀ ਜਾਰੀ ਕੀਤੀ ਸੀ, ਫੇਰ ਉਹ ਕਿਉਂ ਉੱਥੇ ਗਏ।

ਸੰਦੀਪ ਕੁਮਾਰ ਦਾ ਜਵਾਬ ਇਹ ਸੀ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕਈ ਲੋਕ ਇਰਾਕ ਤੇ ਹੋਰਨਾਂ ਦੇਸ਼ਾਂ ਵਿੱਚ ਗਏ ਸਨ ਤੇ ਪੈਸੇ ਵੀ ਕਮਾ ਰਹੇ ਸਨ।

"ਉਨ੍ਹਾਂ ਦੀ ਦੇਖਾ ਦੇਖੀ ਅਸੀਂ ਵੀ ਜਾਣ ਜੋਖ਼ਮ ਵਿੱਚ ਪਾ ਕੇ ਉੱਥੇ ਜਾਣ ਦਾ ਫ਼ੈਸਲਾ ਕਰ ਲਿਆ"

ਫ਼ਰਜ਼ੀ ਏਜੰਟਾਂ ਦਾ ਹੱਥ

ਜਲੰਧਰ ਦੇ ਛੋਕਰਾਂ ਪਿੰਡ ਦੇ ਰਣਦੀਪ ਕੁਮਾਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਕਈ ਮਹੀਨੇ ਇਰਾਕ ਵਿੱਚ ਫਸੇ ਰਹੇ ਸੀ ਤੇ ਵਾਪਸ ਇੱਥੇ ਆ ਕੇ ਪਲੰਬਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਆਪਣੀ ਹਾਲਤ ਲਈ ਟਰੈਵਲ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ।

ਉਸ ਨੇ ਦੱਸਿਆ, "ਇਰਾਕ ਜਾਣ ਤੋਂ ਪਹਿਲਾਂ ਏਜੰਟ ਨੇ ਸਾਨੂੰ ਦੱਸਿਆ ਕਿ ਉੱਥੇ ਜ਼ਿੰਦਗੀ ਬਹੁਤ ਸੁਖਾਲੀ ਹੈ ਅਤੇ ਮਿਹਨਤ ਦਾ ਪੂਰਾ ਮੁੱਲ ਮਿਲੇਗਾ। ਇਰਾਕ ਪਹੁੰਚਣ ਉੱਤੇ ਸਾਡੇ ਸਾਰੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ ਜਦੋਂ ਉੱਥੇ ਸਾਨੂੰ ਵਰਕ ਪਰਮਿਟ ਨਹੀਂ ਮਿਲਿਆ।"

"ਵਰਕ ਪਰਮਿਟ ਦਾ ਇੰਤਜ਼ਾਰ ਕਰਦੇ ਕਰਦੇ ਅਸੀਂ ਉੱਥੇ 9 ਮਹੀਨੇ ਗੁਜ਼ਾਰ ਦਿੱਤੇ। ਦਿਨ ਪ੍ਰਤੀ ਦਿਨ ਸਾਡੀ ਹਾਲਤ ਖ਼ਰਾਬ ਹੁੰਦੀ ਗਈ ਅਤੇ ਖਾਣ ਪੀਣ ਦੇ ਲਾਲੇ ਪੈ ਗਏ। ਆਖ਼ਰਕਾਰ ਅਸੀਂ ਭਾਰਤ ਸਰਕਾਰ ਦੀ ਮਦਦ ਨਾਲ ਵਾਪਸ ਦੇਸ਼ ਪਰਤੇ ਹਾਂ।"

ਕੇਂਦਰੀ ਵਿਦੇਸ਼ ਮੰਤਰਾਲੇ ਨੇ ਇਸ ਸਾਲ ਨਾਜਾਇਜ਼ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਪੰਜਾਬ ਤੀਜੇ ਨੰਬਰ 'ਤੇ ਸੀ। ਇੱਥੇ ਕੁੱਲ 76 ਗ਼ੈਰ-ਕਾਨੂੰਨੀ ਟਰੈਵਲ ਏਜੰਟ ਹਨ ਜੋ ਕਿ ਸਾਰੇ ਸੂਬਿਆਂ ਨਾਲੋਂ ਬੱਸ ਮਹਾਰਾਸ਼ਟਰ (86) ਅਤੇ ਦਿੱਲੀ (85) ਤੋਂ ਹੀ ਪਿੱਛੇ ਹੈ।

ਇਹ ਵੀ ਪੜ੍ਹੋ:

ਕਾਨੂੰਨ ਅਨੁਸਾਰ ਹਰੇਕ ਟਰੈਵਲ ਏਜੰਟ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਪੈਂਦਾ ਹੈ।

ਬੀਬੀਸੀ ਦੁਆਰਾ ਪ੍ਰਾਪਤ ਕੀਤੇ ਡਾਟੇ ਮੁਤਾਬਿਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਟਰੈਵਲ ਏਜੰਟ ਬੈਠੇ ਹਨ। ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਇਨ੍ਹਾਂ ਦੀ ਗਿਣਤੀ 343 ਹੈ ਪਰ ਦੋਆਬਾ ਖੇਤਰ ਵਿਚ ਇਨ੍ਹਾਂ ਟਰੈਵਲ ਏਜੰਟਾਂ ਦੀ ਗਿਣਤੀ ਜ਼ਿਆਦਾ ਹੈ। ਜਿਵੇਂ ਜਲੰਧਰ ਦੇ ਡਿਪਟੀ ਕਮਿਸ਼ਨਰ ਕੋਲ 998 ਟਰੈਵਲ ਏਜੰਟ ਦਰਜ ਹਨ।

ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, "ਸਮੱਸਿਆ ਅਣਅਧਿਕਾਰਤ ਟਰੈਵਲ ਏਜੰਟਾਂ ਦੀ ਹੈ, ਜੋ ਕਿ ਹਰ ਪਾਸੇ ਫੈਲੇ ਹੋਏ ਹਨ ਅਤੇ ਇਹਨਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਇਹ ਧੋਖਾਧੜੀ ਕਰਨ ਤੋਂ ਬਾਅਦ ਅਲੋਪ ਵੀ ਬੜੀ ਆਸਾਨੀ ਨਾਲ ਹੋ ਜਾਂਦੇ ਹਨ।

ਏਜੰਟਾਂ ਦਾ ਪੱਖ

ਜਿੱਥੇ ਬਾਹਰ ਜਾਕੇ ਬਹੁਤ ਲੋਕ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਉੱਥੇ ਕਈ ਲੋਕ ਅਜਿਹੇ ਵੀ ਹਨ ਜਿਹੜੇ ਮੰਨਦੇ ਹਨ ਕਿ ਉਨ੍ਹਾਂ ਨੂੰ ਨਾਜਾਇਜ਼ ਹੀ 'ਵਿਲੇਨ' ਬਣਾਇਆ ਜਾਂਦਾ ਹੈ।

ਤਸਵੀਰ ਕੈਪਸ਼ਨ,

ਟ੍ਰੈਵਲ ਏਜੰਟ ਜੇਪੀ ਸਿੰਘ ਮੁਤਾਬਿਕ ਸਿਰਫ਼ ਟ੍ਰੈਵਲ ਏਜੰਟ ਹੀ ਗ਼ੈਰ-ਕਾਨੂੰਨੀ ਪਰਵਾਸ ਲਈ ਜ਼ਿੰਮੇਵਾਰ ਨਹੀਂ ਹਨ

ਬੀਬੀਸੀ ਨੇ ਕੁੱਝ ਏਜੰਟਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਗੈਰ-ਕਾਨੂੰਨੀ ਪਰਵਾਸ ਵਾਸਤੇ ਉਹ ਜ਼ਿੰਮੇਵਾਰ ਹਨ ਤਾਂ ਉਹ ਲੋਕ ਵੀ ਹਨ ਜਿਹੜੇ ਇਸ ਤਰੀਕੇ ਨਾਲ ਬਾਹਰ ਜਾਂਦੇ ਹਨ।

ਮੋਹਾਲੀ ਦੇ ਇੱਕ ਰਜਿਸਟਰਡ ਏਜੰਟ ਨੇ ਕਿਹਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਤੁਹਾਡੇ ਸਾਹਮਣੇ 30-35 ਲੱਖ ਰੱਖ ਦਿੰਦੇ ਹਨ ਤੇ ਕਹਿੰਦੇ ਹਨ ਕਿ ਪੈਸੇ ਤੇ ਕਾਨੂੰਨ ਦੀ ਸਾਨੂੰ ਪਰਵਾਹ ਨਹੀਂ ਹੈ ਬੱਸ ਮੁੰਡਾ ਬਾਹਰ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਹੁਣ ਮੈਂ ਮਨਾ ਕਰ ਦੇਵਾਂਗਾ ਪਰ ਮੇਰੇ ਨਾਲ ਦਾ ਜਾਂ ਫੇਰ ਕੋਈ ਹੋਰ ਏਜੰਟ ਸ਼ਾਇਦ ਇਸ ਲਾਲਚ ਵਿੱਚ ਆ ਸਕਦਾ ਹੈ।"

ਆਨੰਦਪੁਰ ਸਾਹਿਬ ਦੇ ਇੱਕ ਏਜੰਟ ਨੇ ਕਿਹਾ, "ਜੇਕਰ ਸਰਕਾਰ ਉਨ੍ਹਾਂ ਲੋਕਾਂ 'ਤੇ ਵੀ ਕਾਰਵਾਈ ਕਰੇ ਜੋ ਨਾਜਾਇਜ਼ ਤਰੀਕੇ ਨਾਲ ਬਾਹਰ ਜਾਂਦੇ ਹਨ ਤਾਂ ਇਹ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ।"

ਤਸਵੀਰ ਸਰੋਤ, Getty Images

ਪੰਜਾਬ ਦੇ ਸੂਬੇ ਦੇ ਨੌਜਵਾਨਾਂ ਦੇ ਮਾਮਲਿਆਂ ਦੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਏਜੰਟ ਅਜਿਹੇ ਹੁੰਦੇ ਹਨ ਜੋ ਲਾਲਚ ਦੇ ਕੇ ਨੌਜਵਾਨਾਂ ਨੂੰ ਵਰਗਲਾ ਕੇ ਵਿਦੇਸ਼ ਭੇਜ ਦਿੰਦੇ ਹਨ ਤੇ ਸਰਕਾਰ ਅਜਿਹੇ ਏਜੰਟਾਂ ਉੱਤੇ ਨਕੇਲ ਪਾ ਰਹੀ ਹੈ।

ਕਪੂਰਥਲਾ ਜ਼ਿਲ੍ਹੇ ਦੇ ਮਨਦੀਪ ਸਿੰਘ ਉਨ੍ਹਾਂ ਗਿਣਿਆਂ ਚੁਣਿਆਂ ਲੋਕਾਂ ਵਿੱਚੋਂ ਹਨ ਜੇ ਮਾਲਟਾ ਤਰਾਸਦੀ ਵਿੱਚ ਬਚ ਗਏ ਸਨ। ਅੱਜ ਉਹ ਇਟਲੀ ਵਿੱਚ ਹਨ।

ਉਨ੍ਹਾਂ ਦੀ ਮਾਂ ਪਰਮਜੀਤ ਕੌਰ ਕਹਿੰਦੀ ਹੈ ਕਿ ਕਿਸਮਤ ਚੰਗੀ ਸੀ ਕਿ ਉਸ ਦਾ ਇਕਲੌਤਾ ਮੁੰਡਾ ਬਚ ਗਿਆ ਸੀ, ਪਰ ਉਹ ਮੁੜ ਵਿਦੇਸ਼ ਚੱਲਿਆ ਗਿਆ।

ਉਹ ਕਹਿੰਦੀ ਹੈ, "ਮੁਸ਼ਕਿਲ ਇਹ ਹੈ ਕਿ ਜੇ ਪੈਸਾ ਕਮਾਉਣੇ ਹਨ ਤਾਂ ਬਾਹਰ ਦਾ ਰਸਤਾ ਹੀ ਨਜ਼ਰ ਆਉਂਦਾ ਹੈ। ਇੱਥੇ ਰਹਿ ਕੇ ਤਾਂ ਤੁਸੀਂ ਇੱਕ ਬਾਥਰੂਮ ਵੀ ਨਹੀਂ ਬਣਾ ਸਕਦੇ।"

ਜੇ ਇੰਨੇ ਖ਼ਤਰੇ ਤੇ ਫੜੇ ਜਾਣ ਤੋਂ ਬਾਅਦ ਨੌਜਵਾਨ ਵਿਦੇਸਾਂ ਨੂੰ ਜਾ ਰਹੇ ਹਨ ਤਾਂ ਸਪਸ਼ਟ ਹੈ ਕਿ ਇਸ ਨੂੰ ਘਟਾਉਣ ਦਾ ਇੱਕੋ ਤਰੀਕਾ ਹੈ ਉਹ ਹੈ ਚੰਗੀ ਨੌਕਰੀ ਜਾਂ ਬਿਜਨਸ ਸਥਾਪਤ ਕਰਨ ਵਿੱਚ ਸਰਕਾਰ ਅੱਗੇ ਆਵੇ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)