ਦਿੱਲੀ ਦੰਗੇ: 'ਜ਼ਿੰਦਗੀ ਭਰ ਦੀ ਕਮਾਈ ਨਾਲ ਮੈਂ ਇੱਕ ਘਰ ਬਣਾਇਆ ਸੀ ਉਹ ਵੀ ਸਾੜ ਦਿੱਤਾ'

  • ਸੌਤਿਕ ਵਿਸਵਾਸ
  • ਬੀਬੀਸੀ ਪੱਤਰਕਾਰ
ਮੁਹੰਮਦ ਮੁਨਾਜ਼ਿਰ

ਤਸਵੀਰ ਸਰੋਤ, MANSI THAPLIYAL

ਗਰੀਬੀ ਦੇ ਮਾਰੇ ਮੁਹੰਮਦ ਮੁਨਾਜ਼ਿਰ ਕਈ ਦਹਾਕੇ ਪਹਿਲਾਂ ਆਪਣੇ ਜੱਦੀ ਸੂਬੇ ਬਿਹਾਰ ਤੋਂ ਦਿੱਲੀ ਆਏ ਸਨ। ਉਨ੍ਹਾਂ ਦੇ ਪਿਤਾ ਬਹੁਤ ਹੀ ਮਾਮੂਲੀ ਮਿਹਨਤਾਨੇ 'ਤੇ ਮਜ਼ਦੂਰੀ ਕਰਦੇ ਸਨ।

ਸ਼ੁਰੂਆਤ ਵਿੱਚ ਲੱਖਾਂ ਹੋਰ ਗਰੀਬ ਪਰਵਾਸੀਆਂ ਵਾਂਗ ਹੀ ਉਹ ਵੀ ਵਿਸ਼ਾਲ ਰਾਜਧਾਨੀ ਦੇ ਬਾਹਰਵਾਰ ਟੁੱਟੀ ਫੁੱਟੀ ਝੌਂਪੜੀ ਵਿੱਚ ਰਹਿੰਦੇ ਸਨ।

ਜਿਲਦਸਾਜ਼ੀ ਦੀ ਇੱਕ ਦੁਕਾਨ 'ਤੇ ਕੰਮ ਕੀਤਾ। ਬਾਅਦ ਵਿੱਚ ਉਹ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਵਿੱਚ ਵਸ ਗਏ।

ਖਜੂਰੀਖ਼ਾਸ ਦੀ ਸਾਖਰਤਾ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ। ਸਫ਼ਾਈ ਦਾ ਹਾਲ ਬੁਰਾ ਹੈ।

ਜਦੋਂ ਜਿਲਦਸਾਜ਼ੀ ਦੀ ਦੁਕਾਨ ਬੰਦ ਹੋ ਗਈ ਤਾਂ ਮੁਨਾਜ਼ਿਰ ਨੇ ਆਪਣਾ ਕੋਈ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਸਨੇ ਇੱਕ ਰੇਹੜੀ 'ਤੇ ਘਰੇ ਬਣਾਈ ਹੋਈ ਬਿਰਿਆਨੀ ਵੇਚਣੀ ਸ਼ੁਰੂ ਕੀਤੀ। ਕਾਰੋਬਾਰ ਵਧਣ ਲੱਗਿਆ।

ਇਹ ਵੀ ਪੜ੍ਹੋ:

ਉਹ ਦੱਸਦੇ ਹਨ, "ਮੈਂ ਮਸ਼ਹੂਰ ਹੋ ਗਿਆ ਸੀ, ਇੱਥੇ ਹਰ ਕੋਈ ਮੇਰੇ ਬਣਾਏ ਭੋਜਨ ਨੂੰ ਪਸੰਦ ਕਰਦਾ ਸੀ।" ਉਹ 15 ਕਿਲੋ ਬਿਰਿਆਨੀ ਬਣਾ ਕੇ 900 ਰੁਪਏ ਤੱਕ ਕਮਾ ਲੈਂਦੇ ਸਨ। ਸਭ ਕੁਝ ਠੀਕ ਚੱਲ ਰਿਹਾ ਸੀ।"

ਤਿੰਨ ਕੁ ਸਾਲ ਪਹਿਲਾਂ ਮੁਨਾਜ਼ਿਰ ਅਤੇ ਉਨ੍ਹਾਂ ਦੇ ਭਰਾ ਨੇ ਆਪਣੀ ਬਚਤ ਨਾਲ 25 ਕੁ ਲੱਖ ਰੁਪਏ ਜੋੜੇ ਅਤੇ ਇੱਕ ਤੰਗ ਜਿਹੀ ਗਲੀ ਵਿੱਚ ਦੋ ਮੰਜ਼ਿਲਾ ਘਰ ਖਰੀਦ ਲਿਆ। ਉਨ੍ਹਾਂ ਦਾ ਭਰਾ ਵੀ ਦਿੱਲੀ ਵਿੱਚ ਡਰਾਈਵਰ ਹੈ।

ਵੀਡੀਓ: ਦਿੱਲੀ ਹਿੰਸਾ ਵਿੱਚ ਬੀਬੀਸੀ ਪੱਤਰਕਾਰ ਦੇ 5 ਖ਼ੌਫਨਾਕ ਘੰਟੇ

ਹਰੇਕ ਮੰਜ਼ਿਲ 'ਤੇ ਦੋ ਛੋਟੇ, ਬਿਨਾਂ ਖਿੜਕੀਆਂ ਵਾਲੇ ਕਮਰੇ ਅਤੇ ਇੱਕ ਛੋਟਾ ਜਿਹਾ ਰਸੋਈ ਘਰ ਅਤੇ ਗੁਸਲਖ਼ਾਨਾ ਸੀ। ਇਹ ਦੋ ਪਰਿਵਾਰਾਂ ਲਈ ਬਹੁਤ ਛੋਟਾ ਜਰੂਰ ਸੀ ਪਰ ਇਹ ਇੱਕ ਘਰ ਸੀ।

ਉਨ੍ਹਾਂ ਨੇ ਦਿੱਲੀ ਦੀ ਹੁੰਮਸ ਭਰੀ ਗਰਮੀ ਵਿੱਚ ਆਪਣੇ ਪਰਿਵਾਰਾਂ ਨੂੰ ਆਰਾਮ ਦੇਣ ਲਈ ਇੱਕ ਏਅਰ-ਕੰਡੀਸ਼ਨਰ ਵੀ ਲਾ ਲਿਆ ਸੀ।

ਮੁਨਾਜ਼ਿਰ ਦੱਸਦੇ ਹਨ, "ਇਹ ਇੱਕ ਆਲ੍ਹਣਾ ਸੀ ਜੋ ਮੈਂ ਆਪਣੀ ਪਤਨੀ ਅਤੇ ਆਪਣੇ ਛੇ ਬੱਚਿਆਂ ਲਈ ਜ਼ਿੰਦਗੀ ਭਰ ਕੀਤੇ ਸੰਘਰਸ਼ ਤੋਂ ਬਾਅਦ ਬਣਾਇਆ ਸੀ।"

"ਇਹ ਇਕਲੌਤੀ ਚੀਜ਼ ਸੀ ਜੋ ਮੈਂ ਜ਼ਿੰਦਗੀ ਵਿੱਚ ਚਾਹੁੰਦਾ ਸੀ। ਇਹ ਮੇਰਾ ਇੱਕੋ ਇੱਕ ਸੁਪਨਾ ਸੀ। ਜੋ ਪੂਰਾ ਹੋਇਆ ਸੀ।"

ਮੁਨਾਜ਼ਿਰ ਦੇ ਘਰ ਨਕਾਬਪੋਸ਼ ਅਤੇ ਹੈਲਮਟ ਪਾ ਕੇ ਆਏ ਗੁੰਡਿਆਂ ਨੇ ਲੁੱਟ ਮਾਰ ਕੀਤੀ ਅਤੇ ਅੱਗ ਲਗਾ ਦਿੱਤੀ।

ਬਾਅਦ ਵਿੱਚ ਉਹ ਗੁਆਂਢੀ ਵੀ ਹਜੂਮ ਵਿੱਚ ਹੀ ਗਾਇਬ ਹੋ ਗਏ। ਮੁਨਾਜ਼ਿਰ ਦਾ ਸੁਪਨਾ ਪਿਛਲੇ ਹਫ਼ਤੇ ਮੰਗਲਵਾਰ ਨੂੰ ਦਿਨ ਦਿਹਾੜੇ ਅੱਗ ਦੀਆਂ ਲਪਟਾਂ ਵਿੱਚ ਖਤਮ ਹੋ ਗਿਆ।

ਮੁਨਾਜ਼ਿਰ ਮੁਤਾਬਕ, ''ਉਹ ਲਾਠੀਆਂ, ਹਾਕੀਆਂ, ਪੱਥਰਾਂ ਅਤੇ ਪੈਟਰੋਲ ਨਾਲ ਭਰੀਆਂ ਹੋਈਆਂ ਬੋਤਲਾਂ ਨਾਲ ਲੈਸ ਹੋ ਕੇ ਆਏ ਸਨ। 'ਜੈ ਸ਼੍ਰੀ ਰਾਮ' ਅਤੇ 'ਭਗਵਾਨ ਰਾਮ ਦੀ ਵਿਜੈ' ਦੇ ਨਾਅਰੇ ਲਾ ਰਹੇ ਸਨ।''

ਤਸਵੀਰ ਸਰੋਤ, MANSI THAPLIYAL

ਤਸਵੀਰ ਕੈਪਸ਼ਨ,

ਮੁਹੰਮਦ ਮੁਨਾਜ਼ਿਰ ਆਪਣੇ ਸੜ ਚੁੱਕੇ ਘਰ ਵਿੱਚ ਆਪਣੇ ਪੁੱਤਰ ਨਾਲ

ਹਿੰਸਾ ਨੂੰ ਵਿਵਾਦਿਤ ਸੀਏਏ ਕਾਰਨ ਹੋਈਆਂ ਝੜਪਾਂ ਵਿੱਚ ਉਕਸਾਇਆ ਗਿਆ। ਇੱਥੇ ਕੋਈ ਮੌਤ ਨਹੀਂ ਹੋਈ। ਪਰ ਉੱਤਰ-ਪੂਰਬੀ ਦਿੱਲੀ ਵਿੱਚ ਲੱਗੀ ਇਸ ਤਿੰਨ ਦਿਨਾਂ ਦੀ ਅੱਗ ਅਤੇ ਕਹਿਰ ਦੇ ਨਤੀਜੇ ਵਜੋਂ 40 ਤੋਂ ਵੱਧ ਜਾਨਾਂ ਚਲੀਆਂ ਗਈਆਂ, ਸੈਂਕੜੇ ਜ਼ਖ਼ਮੀ ਹੋ ਗਏ ਅਤੇ ਬਹੁਤ ਸਾਰੇ ਲਾਪਤਾ ਹਨ।

ਕਰੋੜਾਂ ਰੁਪਏ ਦੀ ਜਾਇਦਾਦ ਸੁਆਹ ਹੋ ਚੁੱਕੀ ਹੈ। ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਯੋਜਨਾਬੱਧ ਤਰੀਕੇ ਨਾਲ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਬਹੁਤ ਸਾਰੀਆਂ ਉਦਾਹਰਨਾਂ ਅਤੇ ਇਲਜ਼ਾਮ ਹਨ ਜਿਨ੍ਹਾਂ ਮੁਤਾਬਕ ਪੁਲਿਸ ਵਾਲੇ ਦੰਗਾ ਕਰਨ ਵਾਲਿਆਂ ਦੀ ਮਦਦ ਕਰ ਰਹੇ ਸਨ।

ਖਜੂਰੀ ਖਾਸ ਦੀਆਂ ਇਨ੍ਹਾਂ ਦੰਗਾ ਪੀੜਤ ਗਲੀਆਂ ਵਿੱਚ ਲਗਭਗ 200 ਘਰ ਅਤੇ ਦੁਕਾਨਾਂ ਹਨ। ਇੱਥੇ ਹਰ ਪੰਜਵੇ ਘਰ ਦਾ ਮਾਲਕ ਕੋਈ ਮੁਸਲਮਾਨ ਹੈ।

ਵੀਡੀਓ: ਦਿੱਲੀ ਪੁਲਿਸ ਦੀ ਭੂਮਿਕਾ ’ਤੇ ਸਵਾਲ

ਹਾਲਾਂਕਿ ਇਨ੍ਹਾਂ ਤੰਗ ਗ਼ਲੀਆਂ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਘਰਾਂ ਦੀ ਸਟੀਕ ਨਿਸ਼ਾਨਦੇਹੀ ਕਰਨਾ ਲਗਭਗ ਅਸੰਭਵ ਹੈ। ਕਈ ਘਰਾਂ ਦੀਆਂ ਕੰਧਾਂ ਸਾਂਝੀਆਂ ਹਨ। ਛੱਤਾਂ ਜੁੜਵੀਆਂ ਹਨ।

ਫਿਰ ਵੀ ਪਿਛਲੇ ਹਫ਼ਤੇ ਭੀੜ ਨੇ ਆਸਾਨੀ ਨਾਲ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇੱਕ ਪਾਸੇ ਮੁਸਲਮਾਨਾਂ ਦੇ ਘਰਾਂ ਦੇ ਟੁੱਟੇ ਦਰਵਾਜ਼ੇ, ਪਿਘਲੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਅਤੇ ਨਸ਼ਟ ਹੋਏ ਸੀਸੀਟੀਵੀ ਕੈਮਰੇ ਪਏ ਹਨ। ਜਦ ਕਿ ਨਾਲ ਹੀ ਹਿੰਦੂਆਂ ਦੇ ਘਰ ਚੰਗੀ ਤਰ੍ਹਾਂ ਪੇਂਟ ਕੀਤੇ ਹੋਏ ਸਹੀ ਸਲਾਮਤ ਖੜੇ ਹਨ।

ਮੁਸਲਮਾਨਾਂ ਦੀ ਮਾਲਕੀ ਵਾਲੀਆਂ ਮੀਟ, ਕਰਿਆਨਾ, ਮੋਬਾਈਲ ਫ਼ੋਨ ਅਤੇ ਮਨੀ ਟਰਾਂਸਫਰ ਦੀਆਂ ਦੁਕਾਨਾਂ, ਕੋਚਿੰਗ ਸੈਂਟਰ ਅਤੇ ਇੱਕ ਸੋਡਾ ਫੈਕਟਰੀ ਸੜ ਚੁੱਕੀ ਹੈ। ਜਦਕਿ ਹਿੰਦੂਆਂ ਦੀ ਮਾਲਕੀ ਵਾਲੀਆਂ ਦੁਕਾਨਾਂ ਦੇ ਸ਼ਟਰ ਖੋਲ੍ਹੇ ਜਾ ਰਹੇ ਹਨ।

ਤਸਵੀਰ ਸਰੋਤ, MANSI THAPLIYAL

ਤਸਵੀਰ ਕੈਪਸ਼ਨ,

ਖਜੂਰੀ ਖਾਸ

ਹੁਣ ਸਿਰਫ਼ ਇੱਕ ਚੀਜ਼ ਹੈ ਜੋ ਇਹ ਦੋਵੇਂ ਭਾਈਚਾਰੇ ਸਾਂਝਾ ਕਰ ਰਹੇ ਹਨ। ਉਹ ਹੈ ਹਿੰਸਾ ਦੇ ਮਲਬੇ ਨਾਲ ਭਰੀਆਂ ਨਿਰਾਸ਼ ਗਲੀਆਂ। ਟੁੱਟੇ ਹੋਏ ਸ਼ੀਸ਼ੇ। ਸੜੇ ਹੋਏ ਵਾਹਨ। ਸੜੀਆਂ ਹੋਈਆਂ ਸਕੂਲ ਦੀਆਂ ਕਿਤਾਬਾਂ ਅਤੇ ਸੜੀ ਹੋਈ ਰੋਜ਼ੀ-ਰੋਟੀ।

ਇਸ ਤਬਾਹੀ ਦੇ ਮਲਬੇ ਵਿੱਚ ਮਿਣ-ਮਿਣ ਕਰਦੀਆਂ ਬੱਕਰੀਆਂ ਜ਼ਿੰਦਗੀ ਦੇ ਸੰਕੇਤ ਦਿੰਦੀਆਂ ਹਨ।

ਇਹ ਵੀ ਪੜ੍ਹੋ:

ਮੁਨਾਜ਼ਿਰ ਪੁੱਛਦੇ ਹਨ, "ਮੈਨੂੰ ਨਹੀਂ ਪਤਾ ਦੰਗਾਈ ਅੰਦਰੋਂ ਹੀ ਸਨ ਜਾਂ ਬਾਹਰੋਂ। ਅਸੀਂ ਉਨ੍ਹਾਂ ਦੇ ਚਿਹਰਿਆਂ ਨੂੰ ਨਹੀਂ ਦੇਖ ਸਕਦੇ ਸੀ। ਬਿਨਾਂ ਕਿਸੇ ਸਥਾਨਕ ਮਦਦ ਦੇ ਉਹ ਸਾਡੇ ਬੰਦ ਘਰਾਂ ਨੂੰ ਕਿਵੇਂ ਪਛਾਣ ਸਕਦੇ ਹਨ?"

ਰਾਤੋ ਰਾਤ ਦੋ ਭਾਈਚਾਰਿਆਂ ਵਿਚਕਾਰ ਡੂੰਘਾ ਅਵਿਸ਼ਵਾਸ ਪੈਦਾ ਹੋ ਗਿਆ। ਮੁਨਾਜ਼ਿਰ ਦੇ ਸੜੇ ਹੋਏ ਘਰ ਦੇ ਸਾਹਮਣੇ ਇੱਕ ਦੋ ਮੰਜ਼ਿਲਾ ਇਮਾਰਤ ਹੈ ਜਿਸਦਾ ਮਾਲਕ ਇੱਕ ਹਿੰਦੂ ਹੈ। ਉਹ ਸੁਪਾਰੀ ਦਾ ਕਾਰੋਬਾਰੀ ਹੈ ਅਤੇ ਆਪਣੇ ਦੋ ਬੇਟਿਆਂ ਨਾਲ ਰਹਿੰਦਾ ਹੈ। ਉਸਦੇ ਬੇਟੇ ਪਬਲਿਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੇ ਹਨ।

ਮੁਨਾਜ਼ਿਰ ਕਹਿੰਦੇ ਹਨ, "ਸਾਲਾਂ ਤੋਂ ਅਸੀਂ ਗੁਆਂਢੀਆਂ ਨਾਲ ਸ਼ਾਂਤੀਪੂਰਵਕ ਰਹਿੰਦੇ ਸੀ। ਮੈਂ ਉਨ੍ਹਾਂ ਦੇ ਘਰ ਇੱਕ ਕਿਰਾਏਦਾਰ ਵਜੋਂ ਵੀ ਰਹਿ ਚੁੱਕਾ ਹਾਂ। ਉਹ ਬਾਹਰ ਆ ਕੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦਾ ਸੀ। ਸ਼ਾਇਦ ਮੇਰਾ ਘਰ ਬਚ ਗਿਆ ਹੁੰਦਾ।"

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਹਿੰਸਾ ਦੌਰਾਨ ਕਈ ਇਲਾਕਿਆਂ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ

ਉਸ ਅਭਾਗੀ ਸਵੇਰ ਨੂੰ ਜਦੋਂ ਭੀੜ ਉਸਦੇ ਗੁਆਂਢ ਵਿੱਚ ਵੜ ਆਈ ਤਾਂ ਮੁਨਾਜ਼ਿਰ ਬੇਹਿਸਾਬ ਡਰ ਗਿਆ। ਉਸਨੇ ਪੁਲਿਸ ਅਤੇ ਫਾਇਰ ਸਰਵਿਸ ਵਾਲਿਆਂ ਨੂੰ ਫ਼ੋਨ ਕੀਤਾ। ਇੱਕ ਸਥਾਨਕ ਹਿੰਦੂ ਸਕੂਲ ਅਧਿਆਪਕ ਹਥਿਆਰਾਂ ਨਾਲ ਲੈਸ ਲੋਕਾਂ ਨੂੰ ਉੱਥੋਂ ਹਟਾਉਣ ਅਤੇ ਉਨ੍ਹਾਂ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਅਧਿਆਪਕ ਨੇ ਘਬਰਾਏ ਹੋਏ ਮੁਸਲਮਾਨਾਂ ਨੂੰ ਕਿਹਾ, "ਚਿੰਤਾ ਨਾ ਕਰੋ, ਕੁਝ ਨਹੀਂ ਹੋਵੇਗਾ। ਤੁਸੀਂ ਘਰ ਜਾਓ।" ਇੱਕ ਹਿੰਦੂ ਨੌਜਵਾਨ ਭੀੜ ਨੂੰ ਦੂਜੀ ਗਲੀ ਵਿੱਚ ਜਾਣੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।

ਦੰਗਾਈਆਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਜਲਦੀ ਹੀ ਉਹ ਗਲੀ ਵਿੱਚ ਚਲੇ ਗਏ। ਮੁਨਾਜ਼ਿਰ ਆਪਣੇ ਘਰ ਵਾਪਸ ਭੱਜ ਆਇਆ ਅਤੇ ਘਰ ਦੇ ਅਗਲੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ।

ਵੀਡੀਓ: ‘ਸਰਦਾਰ ਜੀ ਨਾ ਹੁੰਦੇ ਤਾਂ ਅਸੀਂ ਇਸ ਦੁਨੀਆਂ ਚ ਨਾ ਹੁੰਦੇ”

ਭੀੜ ਨੇ ਉਸਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਦਾ ਧਿਆਨ ਕੁਝ ਹੀ ਦੂਰੀ 'ਤੇ ਸਥਿਤ ਇੱਕ ਮਸਜਿਦ 'ਤੇ ਗਿਆ। ਉਨ੍ਹਾਂ ਨੇ ਮਸਜਿਦ 'ਤੇ ਪੈਟਰੋਲ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ।

ਮੁਨਾਜ਼ਿਰ ਨੇ ਕਿਹਾ ਕਿ ਪੁਲਿਸ ਛੇ ਘੰਟੇ ਬਾਅਦ ਆਈ ਅਤੇ ਉਹ ਮੁਸਲਮਾਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਗਈ। ਦੰਗਾਈ ਉਨ੍ਹਾਂ ਨੂੰ ਜਾਂਦਿਆਂ ਵੇਖ ਰਹੇ ਸਨ। ਉਨ੍ਹਾਂ ਨੂੰ ਥੱਪੜ ਮਾਰ ਰਹੇ ਸਨ ਅਤੇ ਉਨ੍ਹਾਂ 'ਤੇ ਪੱਥਰ ਸੁੱਟ ਰਹੇ ਸਨ।

ਭਾਰਤ ਦੇ ਫ਼ਿਰਕੂ ਦੰਗਿਆਂ ਦੇ ਇਨ੍ਹਾਂ ਨਵੇਂ ਸ਼ਰਣਾਰਥੀਆਂ ਨੇ ਪੁਲਿਸ ਨਾਲ ਆਪਣੀ ਗਲੀ ਛੱਡ ਦਿੱਤੀ। ਉਸ ਮਗਰੋਂ ਭੀੜ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋਈ ਅਤੇ ਆਪਣੀ ਮਨ ਮਰਜ਼ੀ ਨਾਲ ਉੁਨ੍ਹਾਂ ਨੂੰ ਅੱਗ ਲਾਈ ਅਤੇ ਲੁੱਟਮਾਰ ਕੀਤੀ।

ਤਸਵੀਰ ਸਰੋਤ, MANSI THAPLIYAL

ਤਸਵੀਰ ਕੈਪਸ਼ਨ,

ਇੱਕ ਛੋਟੇ ਘਰ ਵਿੱਚ 70 ਤੋਂ ਵੀ ਜ਼ਿਆਦਾ ਸ਼ਰਣਾਰਥੀ

ਇੱਕ ਪੁਲਿਸ ਮੁਲਾਜ਼ਮ ਨੇ ਮੁਨਾਜ਼ਿਰ ਨੂੰ ਕਿਹਾ, "ਤੁਸੀਂ ਖੁਸ਼ਕਿਸਮਤ ਹੋ ਕਿ ਜ਼ਿੰਦਾ ਹੋ। ਜਿੱਥੇ ਤੁਸੀਂ ਚਾਹੁੰਦੇ ਹੋ, ਅਸੀਂ ਤੁਹਾਨੂੰ ਉੱਥੇ ਲੈ ਜਾਵਾਂਗੇ।"

ਉਸਨੇ ਸੜਕ ਪਾਰ ਮੁਸਲਿਮ ਬਹੁਗਿਣਤੀ ਵਾਲੀ ਗਲੀ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਜਾਣ ਨੂੰ ਕਿਹਾ। ਜਦੋਂ ਉਹ ਆਪਣੇ ਪਰਿਵਾਰ ਨਾਲ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਤਿੰਨ ਛੋਟੇ ਕਮਰਿਆਂ ਵਿੱਚ 11 ਸਥਾਨਕ ਪਰਿਵਾਰਾਂ ਦੇ 70 ਵਿਅਕਤੀ ਸ਼ਰਨ ਲੈ ਚੁੱਕੇ ਹਨ ਜਿਨ੍ਹਾਂ ਵਿਚ ਮਰਦ, ਔਰਤਾਂ ਤੇ ਬੱਚੇ ਸ਼ਾਮਲ ਸਨ।

ਇਨ੍ਹਾਂ ਵਿੱਚ ਉਹ ਔਰਤ ਵੀ ਸ਼ਾਮਲ ਸੀ ਜਿਸਨੇ ਆਪਣੇ ਛੇ ਦਿਨ ਦੇ ਬੱਚੇ ਨੂੰ ਆਪਣੀ ਕਮਰ ਨਾਲ ਬੰਨ੍ਹਿਆ ਅਤੇ ਸੁਰੱਖਿਆ ਲਈ ਤਿੰਨ ਮੰਜ਼ਿਲਾਂ ਤੋਂ ਹੇਠ ਛਾਲ ਮਾਰੀ ਸੀ। ਉਨ੍ਹਾਂ ਦੇ ਸਭ ਘਰ ਤਬਾਹ ਹੋ ਗਏ ਸਨ।

ਇਹ ਵੀ ਪੜ੍ਹੋ:

ਪੁਲਿਸ ਨੇ ਕਈ ਹੋਰਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਵਿੱਚ ਮਦਦ ਕੀਤੀ ਅਤੇ ਸਾਹਸ ਦਿਖਾਉਂਦਿਆਂ ਘੱਟ ਤੋਂ ਘੱਟ 40 ਹੋਰ ਲੋਕਾਂ ਨੂੰ ਮੁਸਲਮਾਨਾਂ ਦੀ ਇਸ ਇਮਾਰਤ ਵਿੱਚੋਂ ਕੱਢ ਕੇ ਬਚਾਇਆ।

ਦਿੱਲੀ ਵਿੱਚ ਨੌਕਰੀ ਦੀ ਤਲਾਸ਼ ਵਿੱਚ ਆਏ ਨੌਜਵਾਨ ਇੰਜਨੀਅਰ ਫਿਆਜ਼ ਆਲਮ ਨੇ ਕਿਹਾ, "ਅਸੀਂ ਹੁਣ ਵੀ ਹੈਰਾਨ ਹਾਂ ਕਿ ਪੁਲਿਸ ਗੁਆਂਢ ਵਿੱਚ ਵਾਪਸ ਕਿਉਂ ਨਹੀਂ ਗਈ? ਸਾਡੇ ਘਰਾਂ ਦੀ ਰਾਖੀ ਕਿਉਂ ਨਹੀਂ ਕੀਤੀ? ਉਨ੍ਹਾਂ ਨੇ ਵਾਧੂ ਬਲ ਕਿਉਂ ਨਹੀਂ ਮੰਗਾਇਆ? ਕੀ ਇਹ ਸੋਚਿਆ-ਸਮਝਿਆ ਸੀ ਜਾਂ ਉਨ੍ਹਾਂ ਕੋਲ ਵਾਕਈ ਲੋੜੀਂਦਾ ਬਲ ਨਹੀਂ ਸੀ?"

ਤਸਵੀਰ ਸਰੋਤ, MANSI THAPLIYAL

ਤਸਵੀਰ ਕੈਪਸ਼ਨ,

ਇਕੱਲੀ ਖਾਤੂਨ ਨੇ ਪੁਲਿਸ ਨਾਲੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਬਚਾਈਆਂ।

ਖਜੂਰੀ ਖਾਸ ਦੇ ਬਚਾਏ 70 ਵਿਅਕਤੀ ਨਿਤਾਣੀ ਔਰਤ ਮੁਸ਼ਤਾਰੀ ਖਾਤੂਨ ਦੇ ਰਿਣੀ ਹਨ। ਜਿਸ ਨੇ ਸਵੇਰ ਤੋਂ ਹੀ ਮੁੱਖ ਸੜਕ ਪਾਰ ਕਰਨ, ਦੰਗਾਈ ਗਲੀਆਂ ਵਿੱਚੋਂ ਲੰਘ ਕੇ ਮੁਸਲਮਾਨ ਔਰਤਾਂ ਅਤੇ ਬੱਚਿਆਂ ਨੂੰ ਇੱਥੋਂ ਕੱਢਣ ਵਿੱਚ ਅਗਵਾਈ ਕਰਨ ਦੀ ਹਿੰਮਤ ਦਿਖਾਈ ਸੀ।

ਉਹ ਖੌਲਦੀ ਹੋਈ ਭੀੜ ਵਿੱਚੋਂ ਲੰਘੀ ਅਤੇ 'ਚਾਰ ਤੋਂ ਪੰਜ ਵਾਰ' ਇਸ ਗਲੀ ਨੂੰ ਪਾਰ ਕਰਕੇ ਉਨ੍ਹਾਂ ਨੂੰ ਆਪਣੇ ਘਰ ਤੋਂ ਕਿਲੋਮੀਟਰ ਦੂਰ ਪਹੁੰਚਾਇਆ।

ਔਰਤਾਂ ਅਤੇ ਬੱਚੇ ਇੱਕ ਛੱਤ ਤੋਂ ਦੂਜੀ ਛੱਤ ਤੱਕ ਉਦੋਂ ਤੱਕ ਦੌੜਦੇ ਰਹੇ। ਜਦੋਂ ਤੱਕ ਕਿ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਸੁਰੱਖਿਅਤ ਰਸਤਾ ਨਹੀਂ ਮਿਲ ਗਿਆ।

ਇਕੱਲੀ ਖਾਤੂਨ ਨੇ ਪੁਲਿਸ ਨਾਲੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਬਚਾਈਆਂ।

ਉਹ ਕਹਿੰਦੀ ਹੈ,"ਸਾਨੂੰ ਹੁਣ ਤੋਂ ਆਪਣੀ ਸੁਰੱਖਿਆ ਆਪ ਕਰਨੀ ਹੋਵੇਗੀ। ਦਿੱਲੀ ਸਾਨੂੰ ਹੋਰ ਨਹੀਂ ਬਚਾਵੇਗੀ।" ਉਸਦੀ ਆਵਾਜ਼ ਵਿੱਚ ਵਿਦਰੋਹ ਹੈ। ਤਿਆਗ ਨਹੀਂ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)