ਦਿੱਲੀ ਹਿੰਸਾ: ਪੁਲਿਸ 'ਤੇ ਪੱਥਰਬਾਜ਼ੀ ਦੇ ਵਾਇਰਲ ਵੀਡੀਓ ਦਾ ਸੱਚ

ਵਾਇਰਲ ਵੀਡੀਓ ਦਾ ਸਕਰੀਨ ਸ਼ੌਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਵਾਇਰਲ ਵੀਡੀਓ ਦਾ ਸਕਰੀਨ ਸ਼ੌਟ

ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ 'ਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹਨ।

ਜਿਹੜੇ ਲੋਕ ਮਾਰੇ ਗਏ ਉਨ੍ਹਾਂ 'ਚ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਵੀ ਸਨ। ਰਤਨ ਲਾਲ ਦੀ ਮੌਤ ਕਿਵੇਂ ਹੋਈ ਸੀ? ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ।

ਪਰਿਵਾਰ ਅਤੇ ਪੁਲਿਸ ਨੇ ਜ਼ਰੂਰ ਕਿਹਾ ਸੀ ਕਿ ਦੰਗੇ 'ਚ ਉਨ੍ਹਾਂ ਦੀ ਜਾਨ ਗਈ। ਪਰ ਕਦੋਂ ਅਤੇ ਕਿਵੇਂ ਇਸ ਦਾ ਪਤਾ ਅਜੇ ਤੱਕ ਕਿਸੇ ਨੂੰ ਨਹੀਂ ਸੀ।

ਪਰ ਬੁੱਧਵਾਰ (4 ਮਾਰਚ) ਦੇਰ ਸ਼ਾਮ ਤੋਂ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਦੰਗਾ ਕਰਨ ਵਾਲੇ ਪੁਲਿਸ ਵਾਲਿਆਂ 'ਤੇ ਹਮਲਾ ਕਰਦੇ ਸਾਫ਼ ਦੇਖੇ ਜਾ ਸਕਦੇ ਹਨ।

ਖ਼ਬਰ ਏਜੰਸੀ ਏਐੱਨਆਈ ਨੇ ਵੀ ਉਹੀ ਵੀਡੀਓ ਵੀਰਵਾਰ (5 ਮਾਰਚ) ਨੂੰ ਜਾਰੀ ਕੀਤਾ। ਹਾਲਾਂਕਿ ਬੀਬੀਸੀ ਅਜਿਹੇ ਵੀਡੀਓਜ਼ ਦੀ ਪ੍ਰਮਾਣਿਕਤਾ ਬਾਰੇ ਪੁਸ਼ਟੀ ਨਹੀਂ ਕਰਦਾ।

ਹੁਣ ਦਿੱਲੀ ਦੇ ਗੋਕੁਲਪੁਰੀ ਦੇ ਏਸੀਪੀ ਅਨੁਜ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ ਕਿ ਇਸ ਥਾਂ 'ਤੇ ਰਤਨ ਲਾਲ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ:

ਵੀਡੀਓ: ਦਿੱਲੀ ਹਿੰਸਾ ਵਿੱਚ ਬੀਬੀਸੀ ਪੱਤਰਕਾਰ ਦੇ 5 ਖ਼ੌਫਨਾਕ ਘੰਟੇ

ਵੀਡੀਓ 'ਚ ਹੈ ਕੀ?

1.31 ਸਕਿੰਟ ਦੇ ਇਸ ਵੀਡੀਓ ਨੂੰ ਕਿਸੇ ਛੱਤ ਤੋਂ ਫ਼ਿਲਮਾਇਆ ਗਿਆ ਹੈ। ਵੀਡੀਓ ਦੀ ਸ਼ੁਰੂਆਤ 'ਚ ਲੋਕ ਦੌੜਦੇ ਹੋਏ ਨਜ਼ਰ ਆ ਰਹੇ ਹਨ। ਮੌਕੇ 'ਤੇ ਕੁਝ ਵਰਦੀ ਧਾਰੀ ਵੀ ਦਿਖ ਰਹੇ ਹਨ।

ਹਫ਼ੜਾ-ਦਫ਼ੜੀ ਦੇ ਮਾਹੌਲ 'ਚ ਲੋਕ ਪੁਲਿਸ 'ਤੇ ਡਾਂਗਾਂ ਅਤੇ ਪੱਥਰ ਸੁੱਟਦੇ ਦਿਖ ਰਹੇ ਹਨ। ਮੌਕੇ 'ਤੇ ਮੌਜੂਦ ਤਮਾਮ ਪੁਲਿਸ ਵਾਲੇ ਸੜਕ ਵਿਚਾਲੇ ਬਣੇ ਡਿਵਾਈਡਰ 'ਤੇ ਇੱਕ ਥਾਂ ਬਚਣ ਦੇ ਲਈ ਇਕੱਠੇ ਹੋ ਗਏ।

ਭੀੜ ਨੂੰ ਹਮਲਾਵਰ ਹੁੰਦੇ ਦੇਖ ਕੁਝ ਪੁਲਿਸ ਵਾਲੇ ਸੜਕ ਪਾਰ ਕਰ ਕੇ ਦੂਜੇ ਪਾਸੇ ਜਾਂਦੇ ਹੋਏ ਵੀਡੀਓ 'ਚ ਦੇਖੇ ਜਾ ਸਕਦੇ ਹਨ।

ਵੀਡੀਓ 'ਚ ਬੁਰਕੇ 'ਚ ਔਰਤਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਇਹ ਵੀਡੀਓ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕੀਤਾ। ਟਵੀਟ ਦੇ ਨਾਲ ਉਨ੍ਹਾਂ ਲਿਖਿਆ -

''ਨਾ ਸੰਸਦ 'ਚ...ਨਾ ਸੁਪਰੀਮ ਕੋਰਟ 'ਚ...ਸਗੋਂ ਸੜਕ 'ਤੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਦੇ ਸੋਨੀਆ ਜੀ ਅਤੇ ਹਰਸ਼ ਮੰਦਰ ਦੇ ਸ਼ਾਂਤਮਈ ਸਾਥੀਆਂ। ਇਹ ਆਪਣੇ ਘਰਾਂ ਤੋਂ ਨਿਕਲ ਕੇ ਸੋਨੀਆ ਜੀ ਦੇ ਕਹਿਣ 'ਤੇ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਮਿੱਤਰੋ ਇਹ ਉਹੀ ਥਾਂ ਹੈ ਜਿੱਥੇ ਹੈੱਡ ਕਾਂਸਟੇਬਲ ਰਤਲ ਲਾਲ ਜੀ ਦਾ ਕਤਲ ਹੋਇਆ ਸੀ।''

ਇਸੇ ਘਟਨਾ ਨਾਲ ਜੁੜਿਆ ਦੂਜਾ ਵੀਡੀਓ ਵੀ ਹੈ, ਜੋ ਦੂਜੇ ਐਂਗਲ ਤੋਂ ਫ਼ਿਲਮਾਇਆ ਹੋਇਆ ਲਗਦਾ ਹੈ। ਇਸ ਵੀਡੀਓ 'ਚ ਜਦੋਂ ਪੁਲਿਸ ਵਾਲੇ ਡੀਸੀਪੀ ਨੂੰ ਬਚਾ ਕੇ ਗ੍ਰੀਨ ਬੈਲਟ ਵੱਲ ਲਿਜਾ ਰਹੇ ਹਨ, ਤਾਂ ਵੀ ਦੰਗਾਈ ਝਾੜੀਆਂ ਵੱਲ ਜਾ ਕੇ ਪੱਥਰ ਸੁੱਟਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਵਿਚਾਲੇ ਜਿਹੇ ਫਾਇਰਿੰਗ ਦੀ ਆਵਾਜ਼ ਵੀ ਸਾਫ਼ ਸੁਣੀ ਜਾ ਸਕਦੀ ਹੈ।

5-6 ਪੁਲਿਸ ਵਾਲੇ ਸਾਫ਼ ਤੌਰ 'ਤੇ ਇੱਕ ਪੁਲਿਸ ਵਾਲੇ ਨੂੰ ਲੈ ਕੇ ਜਾਂਦੇ ਹੋਏ ਦੇਖੇ ਜਾ ਸਕਦੇ ਹਨ।

ਭਾਜਪਾ ਆਗੂ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਨੇ ਇਹ ਦੂਜਾ ਟਵੀਟ ਕੀਤਾ ਹੈ। ਕਪਿਲ ਮਿਸ਼ਰਾ ਖ਼ੁਦ ਆਪਣੀ ਹੇਟ ਸਪੀਚ ਰਾਹੀਂ ਦੰਗਾ ਫ਼ੈਲਾਉਣ ਦੇ ਇਲਜ਼ਾਮਾਂ ਨਾਲ ਘਿਰੇ ਹਨ।

ਵੀਡੀਓ ਟਵੀਟ ਕਰਨ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ, ''ਜ਼ਖ਼ਮੀ DCP ਅਮਿਤ ਸ਼ਰਮਾ ਜੀ ਨੂੰ ਪੁਲਿਸ ਵਾਲੇ ਕਿਸੇ ਤਰ੍ਹਾਂ ਚੁੱਕ ਕੇ ਲਿਜਾ ਰਹੇ ਹਨ। ਵਹਿਸ਼ੀ ਦਰਿੰਦਿਆਂ ਦੀ ਭੀੜ ਪਾਗਲਾਂ ਵਾਂਗ ਪੱਥਰ ਮਾਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਭੀੜ ਕਾਂਸਟੇਬਲ ਰਤਨ ਲਾਲ ਜੀ ਦੀ ਕਤਲ ਕਰ ਚੁੱਕੀ ਹੈ।''

ਵੀਡੀਆ 'ਤੇ ਦਿੱਲੀ ਪੁਲਿਸ ਦਾ ਬਿਆਨ

ਖ਼ਬਰ ਏਜੰਸੀ ANI ਨੇ ਇਹੀ ਵੀਡੀਓ ਦਿੱਲੀ ਪੁਲਿਸ ਦੇ ਜ਼ਖ਼ਮੀ ਏਸੀਪੀ ਅਨੁਜ ਕੁਮਾਰ ਨੂੰ ਦਿਖਾਇਆ। ਏਐੱਨਆਈ ਨਾਲ ਗੱਲ-ਬਾਤ 'ਚ ਅਨੁਜ ਕੁਮਾਰ ਨੇ ਦੱਸਿਆ - ਉਹ ਵੀਡੀਓ 24 ਫ਼ਰਵਰੀ ਦਾ ਹੈ।

ਉਸ ਦਿਨ ਵਜ਼ੀਰਾਬਾਦ ਰੋਡ 'ਤੇ ਭੀੜ ਵੀ ਆ ਗਈ ਸੀ। ਦੰਗਾਈ ਆ ਗਏ ਸਨ। ਅਸੀਂ ਬੜੀ ਮੁਸ਼ਕਿਲ ਨਾਲ ਸਰ ਨੂੰ ਯਮੁਨਾ ਵਿਹਾਰ ਵੱਲ ਲੈ ਗਏ ਸੀ। ਇਹ ਉਸੇ ਸਮੇਂ ਦਾ ਵਾਕਿਆ ਹੈ।

ਰਤਨ ਲਾਲ ਬਾਰੇ ਏਸੀਪੀ ਅਨੁਜ ਨੇ ਕਿਹਾ, ''ਉਹ ਇਸੇ ਥਾਂ 'ਤੇ ਪਹਿਲਾਂ ਜ਼ਖ਼ਮੀ ਹੋ ਗਏ ਸਨ। ਉਸ ਨੂੰ ਸਟਾਫ਼ ਨੇ ਪਹਿਲਾਂ ਹੀ ਮੋਹਨ ਨਰਸਿੰਗ ਹੋਮ 'ਚ ਸ਼ਿਫ਼ਟ ਕਰਵਾ ਦਿੱਤਾ ਸੀ। ਡੀਸੀਪੀ ਸਰ ਲਈ ਮੈਂ ਅਤੇ ਦੋ ਲੋਕ ਦੁਬਾਰਾ ਗਏ ਸੀ। ਅਸੀਂ ਦੇਖ ਸਕਦੇ ਸੀ ਕਿ ਲੋਕ ਡੀਸੀਪੀ ਸਰ ਨੂੰ ਮਾਰਣ ਨੂੰ ਆ ਰਹੇ ਸਨ।''

ਤਸਵੀਰ ਸਰੋਤ, EPA

ਡੀਸੀਪੀ ਕਿਵੇਂ ਜ਼ਖ਼ਮੀ ਹੋਏ ਇਸ ਸਵਾਲ ਦੇ ਜਵਾਬ 'ਚ ਏਸੀਪੀ ਅਨੁਜ ਕਹਿੰਦੇ ਹਨ, ''ਉਹ ਡਿਵਾਈਡਰ ਦੇ ਕੋਲ ਸਨ, ਉਨ੍ਹਾਂ ਦੇ ਮੂੰਹ ਤੋਂ ਖ਼ੂਨ ਆ ਰਿਹਾ ਸੀ। ਭੀੜ ਕਾਫ਼ੀ ਗੁੱਸੇ 'ਚ ਸੀ। ਯਮੁਨਾ ਵਿਹਾਰ ਦਾ ਇਲਾਕਾ ਹੀ ਸਾਨੂੰ ਉਸ ਸਮੇਂ ਸਭ ਤੋਂ ਸੇਫ਼ ਲੱਗਿਆ। ਸਾਡੇ ਕੋਲ ਇੱਕ ਹੀ ਔਪਸ਼ਨ ਸੀ ਕਿ ਸਰ ਨੂੰ ਪਹਿਲਾਂ ਰੈਸਕਿਊ ਕਰ ਕੇ ਸੁਰੱਖਿਅਤ ਥਾਂ 'ਤੇ ਲੈ ਕੇ ਜਾਣਾ ਹੈ ਅਤੇ ਅਸੀਂ ਉਹ ਹੀ ਕੀਤਾ।''

ਅਨੁਜ ਅੱਗੇ ਕਹਿੰਦੇ ਹਨ, ਬਾਅਦ ਵਿੱਚ ਭੀੜ ਨੇ ਹਸਪਤਾਨ ਨੂੰ ਘੇਰ ਲਿਆ ਸੀ। ਬੜੀ ਮੁਸ਼ਕਿਲ ਨਾਲ ਅਸੀਂ ਐਗਜ਼ਿਟ ਗੇਟ ਤੋਂ ਨਿਕਲ ਸਕੇ ਸੀ।

ਵੀਡੀਓ: ‘ਸਰਦਾਰ ਜੀ ਨਾ ਹੁੰਦੇ ਤਾਂ ਅਸੀਂ ਇਸ ਦੁਨੀਆਂ ਚ ਨਾ ਹੁੰਦੇ”

ਬੀਬੀਸੀ ਨੂੰ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ?

ਇਸ ਵੀਡੀਓ ਨੂੰ ਦਿਖਾ ਕੇ ਬੀਬੀਸੀ ਨੇ ਇੱਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ। ਨਾਮ ਨਾ ਦੱਸਣ ਦੀ ਸ਼ਰਤ 'ਤੇ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ - ਇਹ ਵੀਡੀਓ ਚਾਂਦ ਬਾਗ਼ ਮੇਨ ਰੋਡ ਦਾ ਹੈ। ਇਸੇ ਥਾਂ ਗੋਕੁਲਪੁਰੀ ਥਾਣੇ ਨਾਲ ਜੁੜੇ ਪੁਲਿਸ ਮੁਲਾਜ਼ਮ ਰਤਨ ਲਾਲ 'ਤੇ ਹਮਲਾ ਕੀਤਾ ਗਿਆ ਸੀ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਹ DCP, ਸ਼ਾਹਦਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਗੋਕੁਲਪੁਰੀ ਦੇ ACP ਵੀ ਇੱਥੇ ਜ਼ਖ਼ਮੀ ਹੋਏ ਸਨ। ਇਸੇ ਥਾਂ ਦੇ ਕੁੱਲ 5 ਵੀਡੀਓ ਮਿਲੇ ਹਨ। ਇਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਤਫ਼ਤੀਸ਼ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਹੈ।

ਉੱਤਰ-ਪੂਰਬੀ ਦਿੱਲੀ 'ਚ ਹਿੰਸਾ - ਕਦੋਂ-ਕਦੋਂ ਕੀ ਹੋਇਆ?

ਉੱਤਰ-ਪੂਰਬੀ ਦਿੱਲੀ 'ਚ CAA ਦੇ ਵਿਰੋਧ 'ਚ ਮੁਜ਼ਾਹਰੇ ਚੱਲ ਰਹੇ ਸਨ। 23-24 ਫ਼ਰਵਰੀ ਦੀ ਰਾਤ ਤੋਂ CAA ਦੇ ਹੱਕ 'ਚ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਉਨ੍ਹਾਂ ਦੇ ਵਿਰੋਧ ਨੇ ਹਿੰਸਕ ਰੂਪ ਧਾਰ ਲਿਆ ਸੀ। 24 ਫ਼ਰਵਰੀ ਤੋਂ ਹਾਲਾਤ ਜ਼ਿਆਦਾ ਵਿਗੜੇ।

ਤਸਵੀਰ ਸਰੋਤ, AFP

ਉੱਤਰ-ਪੂਰਬੀ ਦਿੱਲੀ 'ਚ ਤਿੰਨ ਦਿਨ ਚੱਲੀ ਇਸ ਹਿੰਸਾ 'ਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ 'ਚ ਹੁਣ ਤੱਕ ਕਈ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਚੁੱਕੀ ਹੈ, ਕਈ ਹੋਰ ਪੁਲਿਸ ਵਾਲਿਆਂ ਦਾ ਇਲਾਜ ਜਾਰੀ ਹੈ।

ਦੰਗਿਆਂ 'ਚ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਅਜਿਹੇ ਵੀ ਦਿਖੇ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ। ਖ਼ੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪੁਲਿਸ ਹਿੰਸਾ ਦੇ ਦਿਨਾਂ 'ਚ ਸੜਕਾਂ 'ਤੇ ਘੱਟ ਨਜ਼ਰ ਆਈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)