ਦਿੱਲੀ ਦੇ ਕੁਝ ਖ਼ਾਸ ਇਲਾਕਿਆਂ ’ਚ ਹੀ ਦੰਗੇ ਕਿਉਂ ਵਾਪਰੇ ਤੇ ਸਭ ਤੋਂ ਵੱਧ ਨੁਕਸਾਨ ਸਮਾਜ ਦੇ ਕਿਸ ਵਰਗ ਦਾ ਹੋਇਆ

  • ਸਰੋਜ ਸਿੰਘ
  • ਬੀਬੀਸੀ ਪੱਤਰਕਾਰ
ਦਿੱਲੀ ਦੇ ਦੰਗੇ

ਤਸਵੀਰ ਸਰੋਤ, EPA

"ਮੰਮਾਂ ਮੇਰਾ ਸ਼ਾਪਨਰ ਗੁਆਚ ਗਿਆ ਹੈ ਅਤੇ ਪੈਨਸਿਲ ਵੀ ਟੁੱਟ ਗਿਆ ਹੈ। ਕੱਲ ਸਕੂਲ ਲਈ ਇੱਕ ਪ੍ਰਾਜੈਕਟ ਬਣਾਉਣਾ ਹੈ। ਮੈਂ ਸਮੀਰ (ਬਦਲਿਆ ਨਾਂਅ) ਦੇ ਘਰੋਂ ਹੁਣੇ ਲੈ ਕੇ ਆ ਰਹੀ ਹਾਂ।"

ਇਹ ਕਹਿੰਦੇ ਹੋਏ 12 ਸਾਲ ਦੀ ਆਨੀਆ (ਬਦਲਿਆ ਨਾਂਅ ) ਬਿਨ੍ਹਾਂ ਆਪਣੀ ਮਾਂ ਦਾ ਜਵਾਬ ਸੁਣਿਆ, ਤੁਰੰਤ ਹੀ ਨਾਲ ਦੇ ਘਰ ਵਿੱਚ ਰਹਿੰਦੇ ਸਮੀਰ ਭਾਈਜਾਨ ਦੇ ਘਰ ਚਲੀ ਗਈ। ਸਮੀਰ ਦੇ ਘਰ ਦਾ ਦਰਵਾਜ਼ਾ ਹਮੇਸ਼ਾ ਵਾਂਗ ਖੁੱਲਾ ਸੀ। ਬਾਹਰ ਕੋਈ ਘੰਟੀ ਵੀ ਨਹੀਂ ਸੀ।

ਆਨੀਆ ਅਤੇ ਸਮੀਰ ਦਾ ਇਹ ਰਿਸ਼ਤਾ ਪਿਛਲੇ 12 ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ। ਨਾ ਉਨ੍ਹਾਂ ਦੇ ਘਰਾਂ ਵਿੱਚ ਕੋਈ ਦੀਵਾਰ ਅਤੇ ਨਾਂ ਹੀ ਦਿਲਾਂ ਵਿੱਚ ਕਿਸੇ ਦੇ ਖ਼ਿਲਾਫ਼ ਨਫ਼ਰਤ ਦੀ ਭਾਵਨਾ ਸੀ।

ਪਰ ਫਰਵਰੀ ਦੇ ਆਖ਼ਰੀ ਹਫ਼ਤੇ ਵਿੱਚ ਦੰਗਿਆਂ ਨੇ ਪੂਰੇ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ, ਰਿਸ਼ਤਿਆਂ ਵਿੱਚ ਉਹ ਨਿੱਘ ਨਾ ਰਿਹਾ।

ਦਿੱਲੀ ਵਿੱਚ ਹੋਏ ਦੰਗਿਆਂ ਨੇ ਦਿਲਾਂ ਵਿੱਚ ਵੀ ਦੂਰੀਆਂ ਪੈਦਾ ਕਰ ਦਿੱਤੀਆਂ ਹਨ। ਉੱਤਰ-ਪੂਰਬੀ ਦਿੱਲੀ ਵਿੱਚ ਵਾਪਰੇ ਦੰਗਿਆਂ ਨੇ ਆਨੀਆ ਅਤੇ ਸਮੀਰ ਦੇ ਰਿਸ਼ਤੇ ਨੂੰ ਵੀ ਨਜ਼ਰ ਲਗਾ ਦਿੱਤੀ। ਜਿੰਨਾਂ ਘਰਾਂ ਦੇ ਦਰਵਾਜ਼ੇ ਹਮੇਸ਼ਾ ਹੀ ਇੱਕ ਦੂਜੇ ਲਈ ਖੁੱਲ੍ਹੇ ਰਹਿੰਦੇ ਸਨ, ਹੁਣ ਉਹ ਖਾਮੋਸ਼ੀ ਦੇ ਆਲਮ ਵਿੱਚ ਹਨ।

ਇਹ ਵੀ ਪੜ੍ਹੋ-

ਹੁਣ ਹਾਲਾਤ ਇਹ ਹਨ ਕਿ ਆਨੀਆ ਚਾਹੁੰਦਿਆਂ ਹੋਇਆਂ ਵੀ ਸਮੀਰ ਦੇ ਘਰ ਨਹੀਂ ਜਾ ਸਕਦੀ, ਕਿਉਂਕਿ ਹੁਣ ਉਸ ਘਰ ਵਿੱਚ ਕੋਈ ਵੀ ਨਹੀਂ ਹੈ। ਸਮੀਰ ਦੇ ਘਰ ਦੇ ਦਰਵਾਜ਼ੇ 'ਤੇ ਤਾਲਾ ਲਗਿਆ ਹੋਇਆ ਹੈ। ਘਰ ਦੇ ਬਾਹਰ ਪਈ ਸਮੀਰ ਦੀ ਸਾਈਕਲ ਅੱਗ ਦੀ ਲਪੇਟ ਵਿੱਚ ਆ ਕੇ ਹੁਣ ਸੁਆਹ ਦਾ ਢੇਰ ਬਣ ਗਈ ਹੈ।

ਇਸ ਸਾਈਕਲ ਨਾਲ ਆਨੀਆ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ, ਜੋ ਕਿ ਹੁਣ ਉਸ ਦੇ ਦਿਲ ਵਿੱਚ ਹੀ ਦਫ਼ਨ ਹੋ ਜਾਣਗੀਆਂ।

ਪਿਛਲੇ ਤਿੰਨ ਦਹਾਕਿਆਂ ਵਿੱਚ ਦਿੱਲੀ ਨੇ ਅਜਿਹੇ ਭਿਆਨਕ ਦੰਗਿਆਂ ਨੂੰ ਨਹੀਂ ਝੇਲਿਆ ਹੈ ਪਰ ਫਰਵਰੀ ਦੇ ਆਖਰੀ ਹਫ਼ਤੇ ਜੋ ਖੂਨ ਦੀ ਹੋਲੀ ਖੇਡੀ ਗਈ ਉਸ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ।

ਇਸ ਹਿੰਸਾ ਵਿੱਚ ਹੁਣ ਤੱਕ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸੈਂਕੜੇ ਹੀ ਲੋਕ ਜ਼ਖਮੀ ਵੀ ਹੋਏ ਹਨ। ਇੰਨ੍ਹਾਂ ਦੰਗਿਆਂ ਵਿੱਚ ਧਰਮ, ਜਾਤੀ, ਉਮਰ, ਪੇਸ਼ਾ ਕਿਸੇ ਵੀ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ। ਹਿੰਦੂ, ਮੁਸਲਮਾਨ, ਬੱਚਾ-ਬੁੱਢਾ, ਨੌਜਵਾਨ, ਔਰਤ ਹੋਵੇ ਜਾਂ ਫਿਰ ਮਰਦ ਹਰ ਕੋਈ ਇੰਨ੍ਹਾਂ ਦੰਗਿਆਂ ਦਾ ਸ਼ਿਕਾਰ ਹੋਇਆ।

ਇਲਜ਼ਾਮਾਂ ਦਾ ਦੌਰ

ਇਹ ਬਹੁਤ ਹੀ ਦੁੱਖਦਾਈ ਗੱਲ ਹੈ ਕਿ ਬਿਨ੍ਹਾਂ ਕਿਸੇ ਕਾਰਨ ਦੇ, ਜੋ ਸਾਹਮਣੇ ਵਿਖਾਈ ਪਿਆ ਉਸ ਨੂੰ ਹਿੰਸਕ ਭੀੜ ਨੇ ਆਪਣਾ ਸ਼ਿਕਾਰ ਬਣਾ ਲਿਆ।

ਇਹ ਦੰਗਾਈ ਤਾਂ ਭੁੱਖੇ ਕੁੱਤਿਆਂ ਨਾਲੋਂ ਵੀ ਵੱਧ ਖੂੰਖਾਰ ਨਿਕਲੇ ਜਿੰਨਾਂ ਨੂੰ ਮਨੁੱਖੀ ਜਾਨ ਦੀ ਕੀਮਤ ਅਤੇ ਮਾਲੀ ਨੁਕਸਾਨ ਦੀ ਕੋਈ ਚਿੰਤਾ ਹੀ ਨਹੀਂ ਰਹੀ।

ਕਈ ਲੋਕ ਇਸ ਹਿੰਸਾ ਨੂੰ ਸੀਏਏ ਦੇ ਵਿਰੋਧ ਪ੍ਰਦਰਸ਼ਨ ਨਾਲ ਜੋੜ ਰਹੇ ਹਨ ਤੇ ਕਈ ਜਾਫ਼ਰਾਬਾਦ ਵਿੱਚ ਸੀਏਏ ਖ਼ਿਲਾਫ਼ ਰੋਸ ਪ੍ਰਦਰਸ਼ਨ 'ਤੇ ਬੈਠੀਆਂ ਮਹਿਲਾਵਾਂ ਨੂੰ ਇੰਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਦੱਸ ਰਹੇ ਹਨ।

ਤਸਵੀਰ ਸਰੋਤ, Getty Images

ਕਈ ਕਪਿਲ ਮਿਸ਼ਰਾ ਦੇ ਵਿਵਾਦਿਤ ਅਤੇ ਭੜਕਾਊ ਬਿਆਨਾਂ ਨੂੰ ਇਸ ਹਿੰਸਾ ਲਈ ਜ਼ਿੰਮੇਵਾਰ ਦੱਸ ਰਹੇ ਹਨ। ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਇਸ ਦਾ ਦੋਸ਼ੀ ਠਹਿਰਾਇਆ।

ਕਈਆਂ ਨੇ ਤਾਂ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ 'ਤੇ ਵੀ ਦੋਸ਼ ਲਗਾਇਆ ਹੈ। ਮੁਕਦੀ ਗੱਲ ਇਹ ਹੈ ਕਿ ਹਰ ਕੋਈ ਦੂਜੇ 'ਤੇ ਇਲਜ਼ਾਮ ਲਗਾ ਕੇ ਆਪਣਾ ਪੱਲਾ ਝਾੜ ਰਿਹਾ ਹੈ।

ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਨੂੰ ਵਧਾਵਾ ਕਿਵੇਂ ਮਿਲਿਆ?

ਕੀ ਇਹ ਸਿਰਫ਼ ਇਤਫ਼ਾਕ ਸੀ ਜਾਂ ਫਿਰ ਸੋਚੀ ਸਮਝੀ ਸਾਜਿਸ਼ ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਸਾਨੂੰ ਸਭ ਤੋਂ ਪਹਿਲਾਂ ਇਸ ਖੇਤਰ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਭੂਗੋਲਿਕ ਤਾਣੇ-ਬਾਣੇ ਨੂੰ ਸਮਝਣ ਦੀ ਲੋੜ ਹੈ।

ਇਸ ਸਮੇਂ ਜ਼ਰੂਰਤ ਹੈ ਆਨੀਆ ਅਤੇ ਸਮੀਰ ਦੇ ਪਰਿਵਾਰਾਂ ਦੀ ਤਰ੍ਹਾਂ ਉੱਥੇ ਰਹਿੰਦੇ ਦੂਜੇ ਪਰਿਵਾਰਾਂ ਦੀ ਸਥਿਤੀ ਨੂੰ ਸਮਝਿਆ ਜਾਵੇ।

ਉਨ੍ਹਾਂ ਦੇ ਰਹਿਣ-ਸਹਿਣ ਦੇ ਢੰਗ, ਪੜ੍ਹਾਈ-ਲਿਖਾਈ, ਕੰਮ-ਕਾਜ ਕਹਿ ਸਕਦੇ ਹਾਂ ਕਿ ਹਰ ਪਹਿਲੂ 'ਤੇ ਝਾਤ ਮਾਰਨ ਦੀ ਲੋੜ ਹੈ।

ਅਜਿਹਾ ਇਸ ਲਈ ਤਾਂ ਕਿ ਦੰਗਿਆਂ ਅਤੇ ਇੰਨ੍ਹਾਂ ਪਹਿਲੂਆਂ ਨੂੰ ਆਪਸ ਵਿੱਚ ਜੋੜਣਾ ਕਿੰਨਾ ਕੁ ਸਹੀ ਹੈ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕੇ।

ਉੱਤਰ-ਪੂਰਬੀ ਦਿੱਲੀ ਬਾਕੀ ਦਿੱਲੀ ਤੋਂ ਵੱਖ ਕਿਵੇਂ?

ਸਾਲ 2011 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਕ ਉੱਤਰ-ਪੂਰਬੀ ਦਿੱਲੀ ਵਿੱਚ ਲਗਭਗ 22 ਲੱਖ ਲੋਕਾਂ ਦੀ ਵਸੋਂ ਸੀ।

10 ਸਾਲ ਪੁਰਾਣੇ ਇਸ ਅੰਕੜੇ ਦੇ ਅਧਾਰ 'ਤੇ ਕਹਿ ਸਕਦੇ ਹਾਂ ਕਿ ਮੌਜੂਦਾ ਸਮੇਂ ਇਸ ਖੇਤਰ ਦੀ ਆਬਾਦੀ ਹੋਰ ਵੱਧ ਗਈ ਹੋਵੇਗੀ।

ਜੇਕਰ ਇਸ ਦੇ ਖੇਤਰਫਲ ਦੀ ਗੱਲ ਕੀਤੀ ਜਾਵੇ ਤਾਂ ਇਹ 62 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਪ੍ਰਤੀ ਵਰਗ ਕਿਲੋਮੀਟਰ 36, 155 ਲੋਕ ਇੱਥੇ ਰਹਿੰਦੇ ਹਨ।

ਇਹ ਦਿੱਲੀ ਦੀ ਔਸਤਨ ਵਸੋਂ ਦੀ ਤੁਲਨਾ ਵਿੱਚ ਤਿੰਨ ਗੁਣਾ ਵੱਧ ਹੈ ਅਤੇ ਮੁੰਬਈ ਦੇ ਮੁਕਾਬਲੇ ਦੁੱਗਣੀ ਹੈ।

ਜੇਕਰ ਉੱਤਰ-ਪੂਰਬੀ ਦਿੱਲੀ ਦੇ ਭੂਗੋਲ ਨੂੰ ਵੇਖਿਆ ਜਾਵੇ ਤਾਂ ਇਹ ਇੱਕ ਪਾਸੇ ਗਾਜ਼ੀਆਬਾਦ ਅਤੇ ਦੂਜੇ ਪਾਸੇ ਪੂਰਬੀ ਦਿੱਲੀ ਨਾਲ ਆਪਣੀ ਸੀਮਾ ਸਾਂਝੀ ਕਰਦੀ ਹੈ।

ਇਸ ਜ਼ਿਲ੍ਹੇ ਨੂੰ ਤਿੰਨ ਉਪ-ਮੰਡਲਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਕਿ ਹੁਣ ਵਿਧਾਨ ਸਭਾ ਖੇਤਰ ਵੱਜੋਂ ਵੀ ਮਾਨਤਾ ਹਾਸਲ ਹੋ ਗਈ ਹੈ। ਇਹ ਤਿੰਨ ਖੇਤਰ ਹਨ-ਸੀਲਮਪੁਰ, ਸ਼ਾਹਦਰਾ ਅਤੇ ਸੀਮਾਪੁਰੀ।

ਸ਼ਾਹਦਰਾ ਵਿੱਚ ਜ਼ਿਆਦਾਤਰ ਉਦਯੋਗਿਕ ਖੇਤਰ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੇ ਅਤੇ ਦਰਮਿਆਨੇ ਪੱਧਰ ਦੀਆਂ ਫੈਕਟਰੀਆਂ ਮੌਜੂਦ ਹਨ। ਸੀਮਾਪੁਰੀ ਅਤੇ ਸੀਲਮਪੁਰ ਵਿੱਚ ਵੱਡੀ ਗਿਣਤੀ ਵਿੱਚ ਪੇਂਡੂ ਖੇਤਰ ਦੇ ਲੋਕ ਰਹਿੰਦੇ ਹਨ।

ਸੀਲਮਪੁਰ ਵਿੱਚ ਰਹਿੰਦੇ ਪਰਿਵਾਰ ਆਪਣੇ ਕੰਮ-ਧੰਦੇ ਲਈ ਸ਼ਾਹਦਰਾ ਦੀਆਂ ਫੈਕਟਰੀਆਂ ਵਿੱਚ ਜਾਂਦੇ ਹਨ।

ਵੀਡੀਓ ਕੈਪਸ਼ਨ,

ਦਿੱਲੀ ਹਿੰਸਾ: '11 ਦਿਨ ਪਹਿਲਾਂ ਹੋਇਆ ਸੀ ਵਿਆਹ, ਛਾਤੀ 'ਚ 5 ਗੋਲੀਆਂ ਮਾਰੀਆਂ'

ਮੁਸਲਿਮ ਬਹੁਗਿਣਤੀ ਇਲਾਕਾ

ਘੱਟ ਗਿਣਤੀ ਕੇਂਦਰਿਤ ਜ਼ਿਲ੍ਹਾ ਪ੍ਰਾਜੈਕਟ (Minority Concentrated Districts Project ) ਵਿੱਚ ਉੱਤਰ-ਪੂਰਬੀ ਦਿੱਲੀ 'ਤੇ ਅਧਾਰਤ ਇੱਕ ਪ੍ਰਾਜੈਕਟ ਜਾਮੀਆ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੱਚਰ ਕਮੇਟੀ ਦੀ ਰਿਪੋਰਟ ਤੋਂ ਬਾਅਦ, ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਸਾਲ 2007 ਵਿੱਚ ਇਹ ਰਿਪੋਰਟ ਤਿਆਰ ਕਰਵਾਈ ਸੀ। ਜਾਮੀਆ ਯੂਨੀਵਪਸਿਟੀ ਦੇ ਸਾਬਕਾ ਕੁਲਪਤੀ ਮੁਸ਼ੀਰੂਲ ਹਸਨ ਦੀ ਅਗਵਾਈ ਵਿੱਚ ਇਸ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਸਨ।

ਦਿੱਲੀ ਦੇ ਮੁਸਲਿਮ ਬਹੁਗਿਣਤੀ ਇਲਾਕਿਆਂ 'ਤੇ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਇੰਨ੍ਹਾਂ ਇਲਾਕਿਆਂ ਵਿੱਚ ਫਿਲਹਾਲ ਤਕਰੀਬਨ 30% ਹੀ ਮੁਸਲਿਮ ਵਸੋਂ ਹੈ।

ਇਹ ਵੀ ਪੜ੍ਹੋ-

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇੰਨ੍ਹਾਂ ਖੇਤਰਾਂ ਵਿੱਚ ਹਿੰਦੂ-ਮੁਸਲਮਾਨ ਦੋਵੇਂ ਹੀ ਮਜ਼ਹਬ ਦੇ ਲੋਕ ਰਹਿੰਦੇ ਹਨ। ਆਨੀਆ ਅਤੇ ਸਮੀਰ ਦੇ ਪਰਿਵਾਰ ਵੀ ਪਿਛਲੇ ਕਈ ਦਹਾਕਿਆਂ ਤੋਂ ਇਕੱਠੇ ਰਹਿ ਰਹੇ ਸਨ।

ਪਰ ਅੱਜ ਦੋਵਾਂ ਪਰਿਵਾਰਾਂ ਵਿਚਾਲੇ ਜੋ ਇੱਕ ਦੀਵਾਰ ਬਣ ਗਈ ਹੈ ਉਹ ਕਿਸ ਤਰ੍ਹਾਂ ਟੁੱਟੇਗੀ?

ਸੈਂਟਰ ਫ਼ਾਰ ਸਟੱਡੀ ਆਫ਼ ਡਿਵਲਪਿੰਗ ਸੁਸਾਇਟੀ (ਸੀਐਸਡੀਐਸ) ਦੇ ਸੰਜੇ ਕੁਮਾਰ ਅਨੁਸਾਰ ਉੱਤਰ-ਪੂਰਬੀ ਦਿੱਲੀ ਵਿੱਚ ਮੁਸਲਮਾਨਾਂ ਦੀ ਸੰਘਣੀ ਆਬਾਦੀ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਹਰ ਥਾਂ ਮੁਸਲਮਾਨਾਂ ਦੀ ਗਿਣਤੀ ਹਿੰਦੂਆਂ ਨਾਲੋਂ ਵੱਧ ਹੈ।

ਇੱਥੇ ਕਈ ਅਜਿਹੇ ਇਲਾਕੇ ਵੀ ਹਨ, ਜਿੱਥੇ ਪੂਰਵਾਂਚਲ ਤੋਂ ਆਈ ਹਿੰਦੂ ਆਬਾਦੀ ਵੀ ਵੱਡੀ ਗਿਣਤੀ ਵਿੱਚ ਹੈ।

2011 ਦੀ ਮਰਦਮਸ਼ੁਮਾਰੀ ਦੇ ਅੰਕੜੇ

2011 ਦੀ ਜਨਗਣਨਾ ਦੇ ਅੰਕੜਿਆਂ ਤੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਮਰਦਮਸ਼ੁਮਾਰੀ ਵਿੱਚ ਜਿਸ 22 ਲੱਖ ਆਬਾਦੀ ਦੀ ਗੱਲ ਕਹੀ ਗਈ ਹੈ, ਉਨ੍ਹਾਂ 'ਚੋਂ ਲਗਭਗ 8 ਲੱਖ ਅਜਿਹੇ ਲੋਕ ਹਨ ਜੋ ਕਿ ਦੂਜੇ ਰਾਜਾਂ ਤੋਂ ਇੱਥੇ ਕੰਮ-ਧੰਦੇ ਦੀ ਭਾਲ ਵਿੱਚ ਆਏ ਹਨ।

ਆਨੀਆ ਦਾ ਪਰਿਵਾਰ ਵੀ ਕੰਮ ਦੀ ਭਾਲ ਵਿੱਚ ਇੱਥੇ ਆਇਆ ਸੀ ਅਤੇ ਬਾਅਦ ਵਿੱਚ ਉਸ ਦੇ ਪਿਤਾ ਨੇ ਆਪਣੇ ਪਿੰਡ ਦੇ ਹੋਰ ਕਈ ਸੱਜਣਾਂ ਨੂੰ ਵੀ ਇੱਥੇ ਬੁਲਾ ਲਿਆ ਸੀ ਅਤੇ ਉਨ੍ਹਾਂ ਨੂੰ ਫੈਕਟਰੀਆਂ ਵਿੱਚ ਕੰਮ 'ਤੇ ਲਗਵਾਇਆ ਸੀ।

ਸੰਜੇ ਕੁਮਾਰ ਮੁਤਾਬਕ ਉੱਤਰ-ਪੂਰਬੀ ਦਿੱਲੀ ਵਿੱਚ ਲੋਕ ਅਤੇ ਘਰ ਦੋਵੇਂ ਹੀ ਇੱਕ ਦੂਜੇ ਨਾਲ ਬਹੁਤ ਜੁੜੇ ਹੋਏ ਹਨ।

ਇੱਕ ਘਰ ਦੀ ਹਦੂਦ ਕਿੱਥੇ ਖ਼ਤਮ ਹੁੰਦੀ ਹੈ ਅਤੇ ਦੂਜੇ ਘਰ ਦੀ ਸੀਮਾ ਕਿੱਥੋਂ ਸ਼ੁਰੂ ਹੁੰਦੀ ਹੈ ਕੋਈ ਵੀ ਸਹਿਜੇ ਇਸ ਦਾ ਪਤਾ ਨਹੀਂ ਲਗਾ ਸਕਦਾ ਹੈ।

ਇਹ ਖਾਸੀਅਤ ਕੁਝ ਦਿਨ ਪਹਿਲਾਂ ਤੱਕ ਇੰਨਾਂ ਮੁਹੱਲਿਆਂ ਦੀ ਖੂਬਸੂਰਤੀ ਸੀ ਪਰ ਪਿਛਲੇ ਹਫ਼ਤੇ ਹੋਏ ਦੰਗਿਆਂ ਦੌਰਾਨ ਇਹ ਖਾਸੀਅਤ ਲੋਕਾਂ ਲਈ ਤਬਾਹੀ ਦਾ ਆਲਮ ਬਣੀ।

ਇਹ ਮੁਹੱਲੇ ਇੰਨੇ ਤੰਗ ਹਨ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ। ਤੰਗ ਗਲੀਆਂ ਵਿੱਚ ਪੁਲਿਸ ਜਾਂ ਫਿਰ ਹੋਰ ਮਦਦ ਸਮੱਗਰੀ ਦੀ ਪਹੁੰਚ ਬਹੁਤ ਮੁਸ਼ਕਲ ਹੈ।

ਦੂਜਾ ਇੱਥੇ ਕੰਮ ਦੀ ਭਾਲ ਵਿੱਚ ਆਏ ਹੋਰਨਾਂ ਸੂਬਿਆਂ ਦੇ ਲੋਕ ਵੀ ਰਹਿੰਦੇ ਹਨ, ਜਿੰਨਾਂ ਦੀ ਆਰਥਿਕ ਹਾਲਤ ਵਧੇਰੇ ਵਧੀਆ ਨਹੀਂ ਹੈ।

ਪਹਿਲਾਂ ਉਹ ਪ੍ਰਵਾਸ ਕਰਦੇ ਹਨ ਅਤੇ ਫਿਰ ਕੰਮ-ਧੰਦੇ ਦੀ ਤਲਾਸ਼ ਜਾਰੀ ਹੁੰਦੀ ਹੈ। ਰੁਜ਼ਗਾਰ ਮਿਲਣ 'ਤੇ ਉਹ ਆਪਣੇ ਘਰ ਦੀਆਂ ਜ਼ਰੂਰੀ ਵਸਤਾਂ ਇੱਕ-ਇੱਕ ਕਰਕੇ ਬਣਾਉਂਦੇ ਹਨ।

ਸੰਜੇ ਮੁਤਾਬਕ ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਵਿੱਚ ਮਿਲਜੁਲ ਕੇ ਰਹਿਣ, ਭਾਵਨਾਵਾਂ ਨੂੰ ਮਹੱਤਵ ਦੇਣ ਅਤੇ ਸਮੂਹ ਵਿੱਚ ਵਿਚਰਨ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਇਸ ਲਈ ਇਹ ਲੋਕ ਕਿਸੇ ਵੀ ਤੱਥ ਦੀ ਜ਼ਿਆਦਾ ਪੜਤਾਲ ਨਹੀਂ ਕਰਦੇ ਅਤੇ ਅਸਾਨੀ ਨਾਲ ਹੀ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਜਾਂਦੇ ਹਨ।

ਆਨੀਆ ਦੇ ਮਾਪਿਆਂ ਨਾਲ ਕੀਤੀ ਗੱਲਬਾਤ ਤੋਂ ਵੀ "ਸਮੂਹਿਕ ਮਾਨਸਿਕਤਾ" ਦੀ ਝਲਕ ਨਜ਼ਰ ਆਈ। ਆਨੀਆ ਦੇ ਪਿਤਾ ਵਿਆਹ ਤੋਂ ਪਹਿਲਾਂ ਹੀ ਇਸ ਇਲਾਕੇ ਦੇ ਵਾਸੀ ਸਨ।

ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਵੀ ਇੱਥੇ ਲੈ ਆਏ ਅਤੇ ਨਾਲ ਹੀ ਆਪਣੇ ਪਿੰਡ ਦੇ ਕੁਝ ਹੋਰ ਲੋਕਾਂ ਨੂੰ ਵੀ ਆਪਣੀ ਫੈਕਟਰੀ ਵਿੱਚ ਕੰਮ 'ਤੇ ਲਗਵਾ ਲਿਆ।

ਇਸੇ ਤਰ੍ਹਾਂ ਸਮੀਰ ਦੇ ਪਿਤਾ ਪੱਛਮੀ ਉੱਤਰ ਪ੍ਰਦੇਸ਼ ਤੋਂ ਇੱਥੇ ਆ ਕੇ ਵਸੇ ਸਨ। ਉਨ੍ਹਾਂ ਨੇ ਵੀ ਆਪਣੇ ਇਲਾਕੇ ਦੇ ਕਈ ਲੋਕਾਂ ਨੂੰ ਛੋਟੀਆਂ ਫੈਕਟਰੀਆਂ ਵਿੱਚ ਕੰਮ 'ਤੇ ਲਗਵਾਇਆ ਸੀ।

ਇਹ ਲੋਕ ਆਪਣਾ ਘਰ-ਬਾਰ ਛੱਡ ਇੱਥੇ ਕੰਮ-ਕਾਜ਼ ਲਈ ਆਏ ਸਨ, ਇਸ ਲਈ ਇਹ ਆਪਣੇ ਇਲਾਕੇ ਦੇ ਲੋਕਾਂ ਨਾਲ ਰਹਿਣ ਨੂੰ ਹੀ ਤਰਜੀਹ ਦਿੰਦੇ ਸਨ।

ਇਸ ਲਈ ਹੀ ਇਹ ਲੋਕ ਆਪਣੇ ਤੋਂ ਬਾਅਦ ਆਪਣੇ ਖੇਤਰ ਦੇ ਦੂਜੇ ਲੋਕਾਂ ਨੂੰ ਵੀ ਲੈ ਆਉਂਦੇ ਤਾਂ ਜੋ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਹਾਸਲ ਹੋਵੇ। ਇਸ ਦਾ ਹੀ ਨਤੀਜਾ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਇਲਾਕੇ ਵਿੱਚ ਸਮੂਹਿਕ ਮਾਨਸਿਕਤਾ ਦੀ ਧਾਰਨਾ ਬਹੁਤ ਮਜ਼ਬੂਤ ਹੈ ਅਤੇ ਹਿੰਦੂ-ਮੁਸਲਿਮ ਆਬਾਦੀ ਮਿਲਜੁੱਲ ਕੇ ਰਹਿੰਦੀ ਹੈ।

ਕੰਮ-ਧੰਦੇ ਦੇ ਅੰਕੜੇ

ਆਨੀਆ ਅਤੇ ਸਮੀਰ ਭਾਵੇਂ ਦੋਵੇਂ ਹੀ ਵੱਖੋ-ਵੱਖ ਕਿਰਦਾਰ ਹਨ, ਪਰ ਉੱਤਰ ਪੂਰਬੀ ਦਿੱਲੀ ਦੀ ਹਰ ਗਲੀ ਵਿੱਚ ਅਜਿਹੇ ਪਰਿਵਾਰ ਮਿਲਣਗੇ। ਇਹ ਪਰਿਵਾਰ ਆਪਸੀ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਖਾਣਾ-ਪੀਣਾ ਸਭਨਾਂ ਦਾ ਸਾਂਝਾ ਹੁੰਦਾ ਸੀ।

ਦੋਵਾਂ ਪਰਿਵਾਰਾਂ ਦੀ ਆਮਦਨੀ ਸਾਲਾਨਾ ਤਕਰੀਬਨ ਦੋ ਲੱਖ ਰੁਪਏ ਹੋਵੇਗੀ। ਦਿੱਲੀ ਦੇ 2015 ਵਿੱਚ ਜਾਰੀ ਹੋਏ ਬਿਜ਼ਨਸ ਰਜਿਸਟਰ ਅਨੁਸਾਰ ਇਹ ਉਨ੍ਹਾਂ ਕੁਝ ਪਰਿਵਾਰਾਂ 'ਚੋਂ ਹਨ, ਜਿੰਨ੍ਹਾਂ ਕੋਲ ਰੁਜ਼ਗਾਰ ਹੈ।

ਵੈਸੇ ਉੱਤਰ ਪੂਰਬੀ ਦਿੱਲੀ ਦਾ ਖੇਤਰ ਦਿੱਲੀ ਵਿੱਚ ਰੁਜ਼ਗਾਰ ਦੇ ਮਾਮਲੇ ਵਿੱਚ ਸਭ ਤੋਂ ਪਛੜਿਆ ਹੋਇਆ ਇਲਾਕਾ ਹੈ। ਬਿਜ਼ਨਸ ਰਜਿਸਟਰ ਅਨੁਸਾਰ ਦਿੱਲੀ ਵਿੱਚ ਸਿਰਫ 6891 ਉਦਮ ਹਨ ਅਤੇ 27703 ਲੋਕਾਂ ਕੋਲ ਰੁਜ਼ਗਾਰ ਹੈ।

ਇਹ ਅੰਕੜੇ ਪੂਰੀ ਦਿੱਲੀ ਵਿੱਚ ਉੱਤਰ ਪੂਰਬੀ ਦਿੱਲੀ ਲਈ ਸਭ ਤੋਂ ਘੱਟ ਹਨ। ਕੇਂਦਰੀ ਦਿੱਲੀ ਇੰਨ੍ਹਾਂ ਦੋਵਾਂ ਮਾਮਲਿਆਂ ਵਿੱਚ ਸਭ ਤੋਂ ਅੱਗੇ ਹੈ। (ਪੰਨਾ 8/22)

ਉੱਤਰ ਪੂਰਬੀ ਦਿੱਲੀ ਵਿੱਚ ਰੁਜ਼ਗਾਰ ਅਤੇ ਕਮਾਈ ਨੂੰ ਲੈ ਕੇ ਇਹੀ ਸਥਿਤੀ ਹੈ।

ਵੀਡੀਓ ਕੈਪਸ਼ਨ,

ਦਿੱਲੀ ਹਿੰਸਾ: ਬੇਘਰ ਹੋਏ ਲੋਕਾਂ ਲਈ DSGMC ਵੱਲੋਂ ਲੰਗਰ

ਕੀ ਆਨੀਆ ਅਤੇ ਸਮੀਰ ਵਰਗੇ ਪਰਿਵਾਰਾਂ ਦੀ ਘੱਟ ਕਮਾਈ ਅਤੇ ਬੇਰੁਜ਼ਗਾਰੀ ਇਲਾਕੇ ਵਿੱਚ ਹੋਏ ਦੰਗਿਆਂ 'ਤੇ ਭਾਰੀ ਨਾ ਪੈ ਸਕੀ।

ਲੋਕਾਂ ਦੀ ਆਮਦਨੀ ਅਤੇ ਦੰਗਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਹੈ?

Minority Concentrated Districts Project 'ਤੇ ਮੁਸ਼ਰੀਲ ਹਸਨ ਦੇ ਨਾਲ ਜਾਮੀਆ ਦੀ ਮੀਡੀਆ ਸਟੱਡੀ ਵਿਭਾਗ ਦੀ ਪ੍ਰੋਫੈਸਰ ਸਾਇਮਾ ਸਾਈਦ ਨੇ ਵੀ ਕੰਮ ਕੀਤਾ ਸੀ।

ਜਦੋਂ ਅਸੀਂ ਇਹ ਸਵਾਲ ਉਨ੍ਹਾਂ ਅੱਗੇ ਰੱਖਿਆ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਸੀ ਕਿ ਦੰਗਿਆਂ ਨੂੰ ਸਿੱਧੇ ਤੌਰ 'ਤੇ ਇੱਥੇ ਰਹਿ ਰਹੇ ਲੋਕਾਂ ਨਾਲ ਜੋੜਿਆ ਨਹੀਂ ਜਾ ਸਕਦਾ।

ਪਰ ਇਹ ਜ਼ਰੂਰ ਹੈ ਕਿ ਘੱਟ ਆਮਦਨੀ ਅਤੇ ਬੇਰੁਜ਼ਗਾਰੀ ਦੇ ਕਾਰਨ ਅਜਿਹੇ ਲੋਕਾਂ ਦੀ ਦੰਗਿਆਂ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ।

ਇੰਨ੍ਹਾਂ ਇਲਾਕਿਆਂ ਵਿੱਚ ਮੁਸਲਮਾਨ ਬਸਤੀਆਂ (Ghetto) ਵਿੱਚ ਰਹਿੰਦੇ ਹਨ ਅਤੇ ਇਸੇ ਕਰਕੇ ਉਨ੍ਹਾਂ ਦੇ ਦੰਗਿਆਂ ਵਿੱਚ ਫਸਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਗੈਟੋ ਇਟਲੀ ਭਾਸ਼ਾ ਦਾ ਸ਼ਬਦ ਹੈ। ਵੇਨਿਸ ਵਿੱਚ ਲੋਹਾ ਢਾਲਣ ਦੇ ਇੱਕ ਕਾਰਖਾਨੇ ਨਜ਼ਦੀਕ ਯਹੂਦੀਆਂ ਦੀ ਇੱਕ ਬਸਤੀ ਵੱਸ ਗਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਗੈਟੋ ਕਿਹਾ ਜਾਣ ਲੱਗ ਪਿਆ। ਫਿਰ 16ਵੀਂ ਅਤੇ 17ਵੀਂ ਸਦੀ ਵਿੱਚ ਯੂਰੋਪ ਦੀਆਂ ਯਹੂਦੀ ਬਸਤੀਆਂ ਲਈ ਇਹ ਸ਼ਬਦ ਵਰਤਿਆ ਜਾਣ ਲੱਗਾ।

ਵੀਡੀਓ ਕੈਪਸ਼ਨ,

Delhi violence: ਚੰਦਰਪੁਰੀ ਇਲਾਕੇ ਦੇ ਹਿੰਦੂ ਪਰਿਵਾਰਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ

ਅਜੋਕੇ ਸਮੇਂ ਵਿੱਚ ਗੈਟੋ ਤੋਂ ਭਾਵ ਕਿਸੇ ਖ਼ਾਸ ਸਥਾਨ 'ਤੇ ਕਿਸੇ ਇੱਕ ਧਰਮ ਦੇ ਲੋਕਾਂ ਦੀ ਸੰਘਣੀ ਆਬਾਦੀ ਤੋਂ ਹੈ, ਜਿੱਥੇ ਬੁਨਿਆਦੀ ਸਹੂਲਤਾਂ ਦੀ ਕਮੀ ਹੋਵੇ।

ਲੋਕਾਂ ਦੀ ਆਮਦਨੀ

ਮਾਇਨੋਰਿਟੀ ਕੌਨਸੈਨਟ੍ਰੇਟਡ ਡਿਸਟ੍ਰਿਕਟਸ ਪ੍ਰੋਜੈਕਟ, ਦੀ 2008 ਦੀ ਰਿਪੋਰਟ ਮੁਤਾਬਕ ਉੱਤਰ ਪੂਰਬੀ ਦਿੱਲੀ ਦੀ 37% ਆਬਾਦੀ ਪ੍ਰਤੀ ਸਾਲ 50 ਹਜ਼ਾਰ ਰੁਪਏ ਤੋਂ ਵੀ ਘੱਟ ਆਮਦਨੀ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ।

ਇਸ 37% ਆਬਾਦੀ 'ਚੋਂ 29% ਆਬਾਦੀ ਅਜਿਹੀ ਹੈ ਜੋ ਕਿ 25 ਹਜ਼ਾਰ ਤੋਂ ਵੀ ਘੱਟ ਆਮਦਨੀ ਨਾਲ ਆਪਣਾ ਖਰਚਾ ਚਲਾਉਂਦੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਖੇਤਰ ਦੇ ਲੋਕਾਂ ਦੀ ਆਰਥਿਕ ਸਥਿਤੀ ਕਿਸ ਪੱਧਰ ਦੀ ਹੈ।

ਜੇਕਰ ਇਸ ਰਿਪੋਰਟ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਇੱਥੇ ਦੀ ਆਬਾਦੀ ਔਸਤਨ ਪ੍ਰਤੀ ਮਹੀਨਾ 4200 ਰੁਪਏ ਕਮਾਉਂਦੀ ਹੈ।

ਇੰਨ੍ਹਾਂ ਦੰਗਿਆਂ ਨੂੰ ਉੱਤਰ ਪੂਰਬੀ ਦਿੱਲੀ ਦੀ ਜਨਸੰਖਿਆ ਨਾਲ ਜੋੜਨਾ ਕਿੰਨ੍ਹਾਂ ਕੁ ਵਾਜ਼ਬ ਹੈ- ਅਸੀਂ ਇਸ ਸਬੰਧੀ ਸਵਾਲ ਪ੍ਰਸਿੱਧ ਸਮਾਜਸ਼ਾਸਤਰੀ ਪ੍ਰੋਫੈਸਰ ਆਸ਼ੀਸ਼ ਨੰਦੀ ਨੂੰ ਪੁੱਛਿਆ।

ਉਨ੍ਹਾਂ ਨੇ ਜਵਾਬ ਦਿੱਤਾ ਕਿ ਕਿਸੇ ਵੀ ਇਲਾਕੇ ਦੀ ਆਮਦਨੀ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਦੰਗੇ ਹੋ ਸਕਦੇ ਹਨ ਜਾਂ ਫਿਰ ਨਹੀਂ। ਜਿੰਨ੍ਹਾਂ ਇਲਾਕਿਆਂ ਵਿੱਚ ਦੰਗੇ ਹੋਏ ਹਨ ਉੱਥੇ ਕੁਝ ਮੱਧਮ ਵਰਗ ਦੇ ਪਰਿਵਾਰ ਵੀ ਰਹਿ ਰਹੇ ਹਨ।

ਇੰਨ੍ਹਾਂ ਦੰਗਿਆਂ ਨੂੰ ਸਿਰਫ਼ ਗਰੀਬੀ ਨਾਲ ਜੋੜਨਾ ਉਨ੍ਹਾਂ ਸਹੀ ਨਹੀਂ ਹੈ ਜਿੰਨ੍ਹਾਂ ਕਿ ਉਨ੍ਹਾਂ ਦੀ ਲਾਚਾਰੀ ਨਾਲ ਜੋੜਨਾ। ਉੱਤਰ ਪੂਰਬੀ ਦਿੱਲੀ ਦੇ ਲੋਕ ਬਹੁਤ ਲਾਚਾਰ ਹਨ। ਇਸ ਲਈ ਉਹ ਅਸਾਨੀ ਨਾਲ ਦੰਗਿਆਂ ਦਾ ਸ਼ਿਕਾਰ ਹੋ ਗਏ।

ਪ੍ਰੋਫੈਸਰ ਨੰਦੀ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਫਿਰਕੂ ਦੰਗੇ ਝੁੱਗੀ ਝੌਪੜੀਆਂ ਵਾਲੇ ਖੇਤਰ ਵਿੱਚ ਹੀ ਵੱਧਦੇ ਫੁੱਲਦੇ ਹਨ। ਇਹ ਵੀ ਇੱਕ ਸੱਚਾਈ ਹੈ ਜਿਸ ਨੂੰ ਕਿ ਅਣਗੌਲਿਆ ਨਹੀਂ ਕੀਤਾ ਜਾ ਸਕਦਾ।

ਉਹ ਅੱਗੇ ਕਹਿੰਦੇ ਹਨ, "ਮੁਸਲਿਮ ਇਲਾਕਿਆਂ ਵਿੱਚ ਦੰਗਾਂ ਸ਼ੁਰੂ ਕਰਨਾ ਅਸਾਨ ਜ਼ਰੂਰ ਸੀ। ਇੰਨ੍ਹਾਂ ਦੰਗਿਆਂ ਦਾ ਮਕਸਦ ਹਿੰਦੂ-ਮੁਸਲਿਮ ਪਾੜ ਨੂੰ ਵਧਾਉਣਾ ਸੀ, ਜਿਸ ਵਿੱਚ ਕਿਸੇ ਹੱਦ ਤੱਕ ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ।"

ਪ੍ਰੋਫੈਸਰ ਨੰਦੀ ਨੇ ਕਿਹਾ ਕਿ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਦੰਗਿਆਂ ਤੋਂ ਬਾਅਦ ਸੀਏਏ 'ਤੇ ਹੋ ਰਹੀ ਬਹਿਸ ਠੰਢੀ ਪੈ ਗਈ ਅਤੇ ਸਾਰਾ ਧਿਆਨ ਹਿੰਦੂ-ਮੁਸਲਮਾਨ ਮੁੱਦੇ 'ਤੇ ਕੇਂਦਰਿਤ ਹੋ ਗਿਆ।

ਆਨੀਆ ਅਤੇ ਸਮੀਰ ਦੀ ਕਹਾਣੀ ਵੀ ਇਸ ਤੱਥ ਦੀ ਹੀ ਪੁਸ਼ਟੀ ਕਰਦੀ ਹੈ। ਇਸ ਇਲਾਕੇ ਵਿੱਚ ਹੋਰ ਵੀ ਅਜਿਹੇ ਕਈ ਪਰਿਵਾਰ ਹਨ ਜੋ ਕਿ ਦੰਗਿਆਂ ਤੋਂ ਬਾਅਦ ਇੱਕ ਦੂਜੇ ਖ਼ਿਲਾਫ਼ ਖੜ੍ਹੇ ਹਨ।

ਸਿੱਖਿਆ ਦਾ ਪੱਧਰ

ਆਨੀਆ ਅਤੇ ਸਮੀਰ ਦੋਵੇਂ ਹੀ ਸਰਕਾਰੀ ਸਕੂਲ ਇਕੱਠੇ ਜਾਂਦੇ ਸਨ। ਸਮੀਰ ਦਾ ਪਰਿਵਾਰ ਉਸ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ ਅਤੇ ਆਨੀਆ ਅੱਜ ਵੀ ਪੁਲਿਸ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੀ ਹੈ।

ਵੀਡੀਓ ਕੈਪਸ਼ਨ,

ਦਿੱਲੀ ਹਿੰਸਾ ਵਿੱਚ ਪੁਲਿਸ ਦੀ ਭੂਮਿਕਾ ਉੱਤੇ ਉੱਠੇ ਸਵਾਲ

ਦੋਵਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਇਆ ਸੀ। ਇਹ ਵੀ ਇੱਕ ਸੱਚਾਈ ਹੈ ਕਿ ਉਨ੍ਹਾਂ ਕੋਲ ਨਿੱਜੀ ਸਕੂਲ ਵਿੱਚ ਪੜ੍ਹਾਈ ਕਰਵਾਉਣ ਲਈ ਪੈਸੇ ਵੀ ਨਹੀਂ ਸਨ।

ਮਾਇਨੋਰਿਟੀ ਕੌਨਸੈਨਟ੍ਰੇਟਡ ਡਿਸਟ੍ਰਿਕਟਸ ਪ੍ਰੋਜੈਕਟ ਦੀ ਰਿਪੋਰਟ ਵਿੱਚ ਉੱਤਰ ਪੂਰਬੀ ਦਿੱਲੀ ਦੇ ਲੋਕਾਂ ਦੇ ਸਿੱਖਿਆ ਦੇ ਪੱਧਰ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਸਾਖਰਤਾ ਦਾ ਪੱਧਰ ਦਿੱਲੀ ਦੇ ਹੋਰ ਇਲਾਕਿਆਂ ਦੇ ਮੁਕਾਬਲੇ ਬਹੁਤ ਘੱਟ ਹੈ। ਅੰਕੜਿਆਂ ਮੁਤਾਬਕ 73% ਲੋਕ ਹੀ ਸਾਖਰ ਹਨ। ਜੋ ਲੋਕ ਪੜ੍ਹੇ ਲਿਖੇ ਨਹੀਂ ਹਨ , ਉਨ੍ਹਾਂ ਵਿੱਚ ਮੁਸਲਮਾਨਾਂ ਦੀ ਗਿਣਤੀ ਵਧੇਰੇ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਨ੍ਹਾਂ ਇਲਾਕਿਆਂ ਵਿੱਚ ਪ੍ਰਾਇਮਰੀ ਸਿੱਖਿਆ ਵਧੇਰੇ ਚਿੰਤਾ ਦਾ ਵਿਸ਼ਾ ਹੈ। ਇੱਥੋਂ ਦੀ ਮੁਸਲਮਾਨ ਆਬਾਦੀ ਮਦਰੱਸਿਆਂ ਦੀ ਬਜਾਇ ਸਰਕਾਰੀ ਸਕੂਲਾਂ 'ਤੇ ਵਧੇਰੇ ਨਿਰਭਰ ਹੈ।

ਸਿਰਫ 4.35% ਬੱਚੇ ਹੀ ਮਦਰੱਸਿਆਂ ਵਿੱਚ ਪੜ੍ਹਦੇ ਹਨ। ਗ੍ਰੈਜੁਏਸ਼ਨ ਤੱਕ ਦੀ ਪੜ੍ਹਾਈ ਕਰਨ ਲਈ ਇੱਥੇ ਤਿੰਨ ਕਾਲਜ ਹਨ। ਇਸ ਤੋਂ ਉਪਰ ਦੀ ਪੜ੍ਹਾਈ ਲਈ ਕੋਈ ਕਾਲਜ ਜਾਂ ਦੂਜਾ ਸਰੋਤ ਮੌਜੂਦ ਨਹੀਂ ਹੈ।

ਇਸ ਰਿਪੋਰਟ 'ਤੇ ਕੰਮ ਕਰਨ ਵਾਲੀ ਸਾਇਦ ਨੇ ਬੀਬੀਸੀ ਨੂੰ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਦੀ ਮੁਸਲਮਾਨ ਆਬਾਦੀ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਮਦਰੱਸਿਆਂ ਦੀ ਬਜਾਇ ਸਰਕਾਰੀ ਸਕੂਲਾਂ ਨੂੰ ਤਰਜੀਹ ਦਿੰਦੇ ਹਨ।

1992 ਦੇ ਦੰਗੇ

ਆਨੀਆ ਅਤੇ ਸਮੀਰ ਦੋਵਾਂ ਦੇ ਪਰਿਵਾਰ 1992 ਵਿੱਚ ਇਸ ਇਲਾਕੇ ਵਿੱਚ ਨਹੀਂ ਸਨ, ਪਰ ਇਲਾਕੇ ਦੇ ਬਜ਼ੁਰਗ ਲੋਕਾਂ ਤੋਂ ਉਨ੍ਹਾਂ ਨੇ ਸੁਣ ਰੱਖਿਆ ਸੀ ਕਿ ਉਸ ਸਮੇਂ ਵੀ ਇੰਨ੍ਹਾਂ ਇਲਾਕਿਆਂ ਦੇ ਹਾਲਾਤ ਖਰਾਬ ਹੀ ਸਨ।

ਵੀਡੀਓ ਕੈਪਸ਼ਨ,

ਦਿੱਲੀ ਹਿੰਸਾ : ਉਹ ਮੌਕੇ ਜਦੋਂ ਲੋਕਾਂ ਨੇ ਦਿੱਤੀ ਇਨਸਾਨੀਅਤ ਦੀ ਮਿਸਾਲ

ਮਾਇਨੋਰਿਟੀ ਕੌਨਸੈਨਟ੍ਰੇਟਡ ਡਿਸਟ੍ਰਿਕਟਸ ਪ੍ਰੋਜੈਕਟ ਦੀ ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਇੱਥੇ 1992 ਵਿੱਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਵੀ ਦੰਗੇ ਹੋਏ ਸਨ। ਇਸ ਖੇਤਰ ਨੇ ਉਸ ਸਮੇਂ ਵੀ ਹਿੰਸਕ ਦੰਗਿਆਂ ਦੀ ਅੱਗ ਦਾ ਸੇਕ ਝੱਲਿਆ ਸੀ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਦਿੱਲੀ ਦੇ ਮੁਸਲਮਾਨ ਮੁਹੱਲਿਆਂ 'ਤੇ ਇੱਕ ਕਿਤਾਬ ਲਿਖਣ ਵਾਲੀ ਗ਼ਜ਼ਾਲਾ ਜਮੀਲ ਨਾਲ ਬੀਬੀਸੀ ਨੇ ਪਹਿਲਾਂ ਗੱਲਬਾਤ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੁਸਲਮਾਨ ਮੁਹੱਲਿਆਂ ਦੇ ਵਸਣ ਅਤੇ ਵਧਣ ਦਾ ਇੱਕ ਕਾਰਨ ਅਸੁਰੱਖਿਆ ਵੀ ਸੀ। ਇਸ ਤੋਂ ਇਲਾਵਾ ਇੱਕ ਹੀ ਧੰਦੇ ਨਾਲ ਸਬੰਧ ਰੱਖਦੇ ਲੋਕ ਇੱਕ ਹੀ ਇਲਾਕੇ ਵਿੱਚ ਰਹਿਣਾ ਪਸੰਦ ਕਰਦੇ ਹਨ।

ਮਿਸਾਲ ਵਜੋਂ ਭਾਂਡੇ ਬਣਾਉਣ ਵਾਲੇ ਦੇ ਨਜ਼ਦੀਕ ਪਾਲਿਸ਼ ਕਰਨ ਵਾਲਾ ਹੋਵੇਗਾ, ਕਿਉਂਕਿ ਉਹ ਦੋਵੇਂ ਹੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਇੱਕ ਦੂਜੇ ਦੇ ਕੰਮ ਨੂੰ ਪ੍ਰਭਾਵਿਤ ਕਰਦੇ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਦੰਗਿਆਂ ਤੋਂ ਬਾਅਦ ਮੁਸਲਮਾਨ ਮੁਹੱਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਵਧੇਰੇ ਚੌਕਸ ਹੋ ਜਾਣਗੇ।

ਜੇਕਰ ਇੰਨ੍ਹਾਂ ਦੰਗਿਆਂ ਤੋਂ ਬਾਅਦ ਹਿੰਦੂ ਪਰਿਵਾਰ ਹਿੰਦੂ ਬਹੁਗਿਣਤੀ ਖੇਤਰ ਅਤੇ ਮੁਸਲਮਾਨ ਪਰਿਵਾਰ ਮੁਸਲਮਾਨ ਬਹੁਗਿਣਤੀ ਇਲਾਕੇ ਵਿੱਚ ਰਹਿਣਗੇ ਤਾਂ ਇਸ ਨਾਲ ਦੋਵਾਂ ਮਜ਼ਹਬਾਂ ਦੇ ਲੋਕਾਂ ਵਿਚਾਲੇ ਪਾੜਾ ਹੋਰ ਵੱਧ ਜਾਵੇਗਾ।

ਫਿਰ ਪਤਾ ਨਹੀਂ ਕਿੰਨੇ ਆਨੀਆ ਅਤੇ ਸਮੀਰ ਦੇ ਨਾ ਸਿਰਫ਼ ਘਰ ਦੂਰ ਹੋ ਜਾਣਗੇ ਬਲਕਿ ਉਨ੍ਹਾਂ ਦੇ ਦਿਲਾਂ ਵਿੱਚ ਵੀ ਇੱਕ ਦੂਜੇ ਲਈ ਆਪਣੇਪਨ ਦਾ ਅਹਿਸਾਸ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)